ਪਾਣੀ ਬਚਾਉਣਾ ਸਿੱਖਣਾ ਹੈ ਤਾਂ ਮੋਗਾ ਤੇ ਮਾਨਸਾ ਦੇ ਇਨ੍ਹਾਂ ਪਿੰਡਾਂ ਵੱਲ ਦੇਖੋ

    • ਲੇਖਕ, ਮੋਗਾ ਤੋਂ ਸੁਰਿੰਦਰ ਮਾਨ ਅਤੇ ਬਰਨਾਲਾ ਤੋਂ ਸੁਖਚਰਨ ਪ੍ਰੀਤ ਦੀ ਰਿਪੋਰਟ
    • ਰੋਲ, ਬੀਬੀਸੀ ਪੰਜਾਬੀ ਲਈ

"ਪਹਿਲਾਂ ਬੱਚਿਆਂ ਨੂੰ ਪਾਣੀ ਬਚਾਉਣ ਬਾਰੇ ਦੱਸਣਾ ਹੀ ਕਾਫ਼ੀ ਔਖਾ ਸੀ ਪਰ ਹੁਣ ਪਿੰਡ ਵਿੱਚ ਹੁਣ ਥਾਂ-ਥਾਂ ਸੋਕ ਪਿੱਟ ਜ਼ਰੀਏ ਪਾਣੀ ਬਚਾਇਆ ਜਾ ਰਿਹਾ ਹੈ ਇਸ ਲਈ ਬੱਚੇ ਵੀ ਪ੍ਰਤੱਖ ਸਾਹਮਣੇ ਦੇਖ ਕੇ ਇਸ ਬਾਰੇ ਸਮਝ ਸਕਦੇ ਹਨ।"

ਇਹ ਕਹਿਣਾ ਹੈ ਮਾਨਸਾ ਦੇ ਪਿੰਡ ਕੋਠੇ ਅਪਸਾਲ ਵਿੱਚ ਸਥਿਤ ਸਕੂਲ ਦੀ ਅਧਿਆਪਕਾ ਸੋਨੂੰ ਬਾਲਾ ਦਾ।

ਇਸ ਪਿੰਡ ਵਿੱਚ ਪਾਣੀ ਬਚਾਉਣ ਨੂੰ ਲੈ ਕੇ ਇੱਕ ਵੱਡੀ ਪਹਿਲਕਦਮੀ ਕੀਤੀ ਗਈ ਹੈ ਜਿਹੜੀ ਇਸ ਪਿੰਡ ਨੂੰ ਖ਼ਾਸ ਬਣਾਉਂਦੀ ਹੈ।

ਇਸ ਪਿੰਡ ਦੇ ਹਰ ਘਰ ਵਿੱਚ ਸੋਕ ਪਿੱਟ ਬਣਾਏ ਗਏ ਹਨ। ਸੋਕ ਪਿੱਟ ਅਜਿਹੀ ਵਿਧੀ ਹੈ ਜਿਸ ਨਾਲ ਘਰਾਂ ਦਾ ਫ਼ਾਲਤੂ ਪਾਣੀ ਨਾਲੀਆਂ ਵਿੱਚ ਵਹਾਉਣ ਦੀ ਬਜਾਏ ਧਰਤੀ ਵਿੱਚ ਰੀਚਾਰਜ ਕੀਤਾ ਜਾਂਦਾ ਹੈ।

ਕੁੱਲ 65 ਘਰਾਂ ਵਾਲੇ ਇਸ ਪਿੰਡ ਦੀ ਇਹ ਖ਼ਾਸੀਅਤ ਹੋਰ ਵੀ ਅਹਿਮ ਹੋ ਜਾਂਦੀ ਹੈ ਜਦੋਂ ਪੰਜਾਬ ਧਰਤੀ ਹੇਠਲੇ ਪਾਣੀ ਦੇ ਸੰਕਟ ਦੀਆਂ ਬਰੂਹਾਂ ਉੱਤੇ ਖੜ੍ਹਾ ਹੈ।

ਇਹ ਵੀ ਪੜ੍ਹੋ:

ਕੀ ਹਨ ਸਰਕਾਰੀ ਅੰਕੜੇ?

ਸੈਂਟਰਲ ਗਰਾਊਂਡ ਵਾਟਰ ਬੋਰਡ ਵੱਲੋਂ ਪੰਜਾਬ ਦੇ 17 ਜ਼ਿਲਿਆਂ ਦੇ 138 ਬਲਾਕਾਂ ਦੇ ਜਨਤਕ ਕੀਤੇ ਅੰਕੜੇ ਇਸ ਦੀ ਮਹੱਤਤਾ ਸਮਝਣ ਵਿੱਚ ਸਹਾਈ ਹੋ ਸਕਦੇ ਹਨ।

ਬੋਰਡ ਮੁਤਾਬਕ 138 ਬਲਾਕਾਂ ਵਿੱਚੋਂ 103 ਬਲਾਕਾਂ ਵਿੱਚੋਂ ਧਰਤੀ ਹੇਠਲੇ ਪਾਣੀ ਦੀ ਲੋੜ ਨਾਲੋਂ ਵਧੇਰੇ ਵਰਤੋਂ ਹੋਈ ਹੈ, ਜਿਨ੍ਹਾਂ ਵਿੱਚੋਂ ਪੰਜ ਬਲਾਕਾਂ ਦੇ ਪਾਣੀ ਦਾ ਪੱਧਰ ਚਿੰਤਾਜਨਕ ਹੈ ਜਦਕਿ ਚਾਰ ਬਲਾਕਾਂ ਵਿੱਚ ਵੀ ਹਾਲਾਤ ਮਾੜੇ ਹਨ।

ਅਜਿਹੇ 'ਚ ਇਸ ਪਿੰਡ ਵਿੱਚ ਕੀਤਾ ਗਿਆ ਇਹ ਉਪਰਾਲਾ ਯੋਗਦਾਨ ਪੱਖੋਂ ਛੋਟਾ ਹੋ ਸਕਦਾ ਹੈ ਪਰ ਦਰਪੇਸ਼ ਸੰਕਟ ਦੇ ਹਿਸਾਬ ਨਾਲ ਇਸਦੀ ਮਹੱਤਤਾ ਜ਼‌ਿਆਦਾ ਵਧ ਜਾਂਦੀ ਹੈ।

ਬੱਚਿਆਂ ਲਈ ਸਮਝਣਾ ਸੌਖਾ

ਸੋਨੂੰ ਬਾਲਾ ਕੋਠੇ ਅਸਪਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਿਛਲੇ 13 ਸਾਲਾਂ ਤੋਂ ਪੜ੍ਹਾ ਰਹੇ ਹਨ। ਪਿੰਡ ਦੇ ਪਾਣੀ ਦਾ ਜ਼ਮੀਨੀ ਪੱਧਰ ਪਿਛਲੇ ਇੱਕ ਦਹਾਕੇ ਵਿੱਚ ਆਈ ਤਬਦੀਲੀ ਨੂੰ ਉਨ੍ਹਾਂ ਆਪਣੇ ਸਕੂਲ ਰਾਹੀਂ ਸਮਝਿਆ ਹੈ।

ਸੋਨੂੰ ਬਾਲਾ ਨੇ ਦੱਸਿਆ, "ਸਾਲ 2008 ਵਿੱਚ ਸਾਡੇ ਸਕੂਲ ਦਾ ਨਲਕਾ ਖੜ੍ਹ ਗਿਆ। ਸਾਰੇ ਪਿੰਡ ਵਾਂਗ ਸਾਡੇ ਸਕੂਲ ਵਿੱਚ ਵੀ ਸੋਕ ਪਿੱਟ ਲੱਗਿਆ ਹੋਇਆ ਹੈ। ਇਸ ਸਾਲ ਉਸ ਖੜ੍ਹੇ ਨਲਕੇ ਦਾ ਪਾਣੀ ਉੱਪਰ ਆ ਗਿਆ ਹੈ। ਹੁਣ ਅਸੀਂ ਇਸ ਨੂੰ ਦੁਬਾਰਾ ਚਾਲੂ ਕਰਨ ਬਾਰੇ ਸੋਚ ਰਹੇ ਹਾਂ।"

"ਸਾਡੇ ਸਕੂਲ ਦੇ ਪੀਣ ਵਾਲੇ ਪਾਣੀ ਸਮੇਤ ਸਕੂਲ ਦੀ ਰਸੋਈ ਦਾ ਫ਼ਾਲਤੂ ਪਾਣੀ ਸੋਕ ਪਿੱਟ ਵਿੱਚ ਜਾਂਦਾ ਹੈ। ਵਾਤਾਵਰਨ ਸਿੱਖਿਆ ਬਕਾਇਦਾ ਸਾਡੇ ਸਕੂਲ ਪਾਠਕ੍ਰਮ ਦਾ ਹਿੱਸਾ ਹੈ।"

"ਇਸ ਰਾਹੀਂ ਸਾਨੂੰ ਬੱਚਿਆਂ ਨੂੰ ਪੜ੍ਹਾਉਣਾ ਹੋਰ ਸੌਖਾ ਹੋ ਗਿਆ ਹੈ।ਬੱਚੇ ਪਿੰਡ ਵਿੱਚ ਸੋਕ ਪਿੱਟ ਰਾਹੀਂ ਆਈ ਤਬਦੀਲੀ ਅਤੇ ਇਸੇ ਕੰਮ ਕਰਨ ਦੇ ਤਰੀਕੇ ਨੂੰ ਆਪਣੇ ਘਰਾਂ ਵਿੱਚ ਰੋਜ਼ ਦੇਖਦੇ ਹਨ।ਇਹ ਵਿਹਾਰਕ ਸਿੱਖਿਆ ਹੈ ਜੋ ਉਨ੍ਹਾਂ ਨੂੰ ਯਾਦ ਨਹੀਂ ਕਰਵਾਉਣੀ ਪੈਂਦੀ।"

ਕੁਝ ਸਾਵਧਾਨੀਆਂ ਵੀ ਜ਼ਰੂਰੀ

ਪਿੰਡ ਵਾਸੀ ਸੁਖਦੇਵ ਸਿੰਘ ਦਾ ਘਰ ਪਿੰਡ ਦੀ ਫਿਰਨੀ ਉੱਤੇ ਹੀ ਹੈ। ਸੁਖਦੇਵ ਸਿੰਘ ਦੱਸਦੇ ਹਨ, "ਇਸ ਦਾ ਸਾਨੂੰ ਬਹੁਤ ਫ਼ਾਇਦਾ ਹੈ। ਪਹਿਲਾਂ ਸਾਡੇ ਘਰ ਦਾ ਵਾਧੂ ਪਾਣੀ ਸੜਕ ਉੱਤੇ ਜਾਂਦਾ ਸੀ।ਹੁਣ ਉਹ ਇਸ ਵਿੱਚ ਹੀ ਸਮਾ ਜਾਂਦਾ ਹੈ। ਸਾਡੇ ਨਹਾਉਣ ਅਤੇ ਕੱਪੜੇ ਧੋਣ ਦਾ ਪਾਣੀ ਇਸ ਵਿੱਚ ਜਾਂਦਾ ਹੈ। ਮੀਂਹ ਦਾ ਪਾਣੀ ਅਸੀਂ ਇਸ ਵਿੱਚ ਨਹੀਂ ਜਾਣ ਦਿੰਦੇ ਇਸ ਨਾਲ ਇਸ ਵਿੱਚ ਗਾਰ ਜਾਵੇਗੀ।ਗਾਰ ਨਾਲ ਸੋਕ ਪਿੱਟ ਬੰਦ ਹੋ ਜਾਵੇਗਾ।"

ਸਵਰਨ ਸਿੰਘ ਕੋਠੇ ਅਸਪਾਲ ਦੇ ਪੰਚਾਇਤ ਮੈਂਬਰ ਹਨ। ਸਵਰਨ ਸਿੰਘ ਨੇ ਇਸ ਪ੍ਰੋਜੈਕਟ ਦੀ ਕਾਮਯਾਬੀ ਅਤੇ ਸੰਭਾਵਨਾ ਬਾਰੇ ਦੱਸਦੇ ਹੋਏ ਕਿਹਾ, "ਸੋਕ ਪਿੱਟ ਦਾ ਫ਼ਾਇਦਾ ਬਹੁਤ ਹੈ। ਇਹ ਸਹੀ ਕੰਮ ਕਰ ਰਿਹਾ ਹੈ। ਪਰ ਕਈ ਵਾਰ ਜਦੋਂ ਇਸਦੀ ਸਹੀ ਵਰਤੋਂ ਨਹੀਂ ਹੁੰਦੀ ਤਾਂ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ। ਲੋਕ ਇਸ ਵਿੱਚ ਗਾਰ ਵਾਲਾ ਪਾਣੀ ਪਾ ਦਿੰਦੇ ਹਨ ਜਿਸ ਨਾਲ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ।"

"ਬਾਹਰ ਵਾਲੇ ਸੋਕ ਪਿੱਟ ਟਰੱਕ ਆਦਿ ਚੜ੍ਹਨ ਨਾਲ ਟੁੱਟ ਕੇ ਬੰਦ ਹੋ ਜਾਂਦੇ ਹਨ। ਇਨ੍ਹਾਂ ਦੇ ਢੱਕਣ ਵੀ ਮੁਹੱਈਆ ਨਹੀਂ ਕਰਵਾਏ ਗਏ ਜਿਸ ਕਰਕੇ ਇਸ ਵਿੱਚ ਬਾਹਰੋਂ ਫ਼ਾਲਤੂ ਸਮਾਨ ਨਾਲ ਵੀ ਇਹ ਭਰ ਜਾਂਦਾ ਹੈ। ਜੇ ਇਸਦੀ ਸਫ਼ਾਈ ਨਾ ਕੀਤੀ ਜਾਵੇ ਤਾਂ ਵੀ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ।"

ਇਹ ਵੀ ਪੜ੍ਹੋ:

ਸੋਕ ਪਿੱਟ ਦਾ ਇਹ ਪ੍ਰੋਜੈਕਟ ਮਗਨਰੇਗਾ ਸਕੀਮ ਅਧੀਨ ਲਗਾਇਆ ਗਿਆ ਹੈ। ਮਗਨਰੇਗਾ ਦੇ ਮਾਨਸਾ ਦੇ ਜ਼ਿਲ੍ਹਾ ਕੋਆਰਡੀਨੇਟਰ ਮਨਦੀਪ ਸਿੰਘ ਨੇ ਦੱਸਿਆ, "ਸਾਲ 2016 ਵਿੱਚ ਇਹ ਪ੍ਰੋਜੈਕਟ ਮਗਨਰੇਗਾ ਅਧੀਨ ਪੂਰਾ ਕੀਤਾ ਗਿਆ ਸੀ। ਇਸ ਵਿੱਚ ਟੈਂਕ ਆਦਿ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ ਮੁਹੱਈਆ ਕਰਵਾਏ ਗਏ। ਇਸ ਤੋਂ ਇਲਾਵਾ ਸੋਕ ਪਿੱਟ ਦੇ ਢੱਕਣ ਵੀ ਪਿੰਡ ਵਾਸੀਆਂ ਨੂੰ ਦੋ ਵਾਰ ਮੁਹੱਈਆ ਕਰਵਾਏ ਗਏ ਹਨ ਪਰ ਸਾਂਭ ਸੰਭਾਲ ਨਾ ਹੋਣ ਕਰਕੇ ਕਈ ਘਰਾਂ ਦੇ ਟੁੱਟ ਗਏ ਹਨ।"

ਮਨਦੀਪ ਸਿੰਘ ਨੇ ਅੱਗੇ ਕਿਹਾ, "ਘਰਾਂ ਦਾ ਫ਼ਾਲਤੂ ਪਾਣੀ ਦੋ ਤਰਾਂ ਦਾ ਹੁੰਦਾ ਹੈ। ਟੁਆਇਲਟ ਦੇ ਨਿਕਾਸੀ ਪਾਣੀ ਨੂੰ ਬਲੈਕ ਵਾਟਰ ਕਿਹਾ ਜਾਂਦਾ ਹੈ,ਇਹ ਬੈਕਟੀਰੀਅਲ ਪਾਣੀ ਹੁੰਦਾ ਹੈ। ਨਹਾਉਣ ਧੋਣ ਵਾਲੇ ਪਾਣੀ ਨੂੰ ਗਰੇ ਵਾਟਰ ਦੀ ਕੈਟਾਗਰੀ ਵਿੱਚ ਰੱਖਿਆ ਜਾਂਦਾ ਹੈ।"

"ਸਰਕਾਰੀ ਹਦਾਇਤਾਂ ਮੁਤਾਬਿਕ ਗਰੇ ਵਾਟਰ ਸੋਕ ਪਿੱਟ ਵਿੱਚ ਪਾਇਆ ਜਾ ਸਕਦਾ ਹੈ। ਸੋਕ ਪਿੱਟ ਗਰਾਊਂਡ ਵਾਟਰ ਦੇ ਲੈਵਲ ਤੋਂ ਡੇਢ ਮੀਟਰ ਉੱਚੇ ਲਗਾਉਣੇ ਹੁੰਦੇ ਹਨ। ਅਸੀਂ ਭਵਿੱਖ ਵਿੱਚ ਪਾਣੀ ਦੇ ਲੈਵਲ ਦੇ ਵਧਣ ਦੀ ਸੰਭਾਵਨਾ ਕਰਕੇ ਵਾਟਰ ਲੈਵਲ ਤੋਂ 10 ਮੀਟਰ ਉੱਚੇ ਲਗਾਏ ਹਨ।"

ਸੌਇਲ ਐਂਡ ਵਾਟਰ ਕੰਜ਼ਰਵੇਸ਼ਨ ਵਿਭਾਗ ਦੇ ਜ਼ਿਲ੍ਹਾ ਮਾਨਸਾ ਦੇ ਭੂਮੀ ਰੱਖਿਆ ਅਕਸ ਵਿਕਰਮਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ।

ਉਨ੍ਹਾਂ ਦਾ ਕਹਿਣਾ ਸੀ, "ਸਾਡੇ ਵਿਭਾਗ ਵੱਲੋਂ ਪਾਣੀ ਦੀ ਵੇਸਟੇਜ ਬਚਾਉਣ ਲਈ ਨਹਿਰੀ ਮੋਘਿਆਂ ਤੋਂ ਅੰਡਰ ਗਰਾਊਂਡ ਪਾਈਪਾਂ ਪਾਉਣ ਲਈ 90% ਸਬਸਿਡੀ ਦਿੱਤੀ ਜਾਂਦੀ ਹੈ। ਨਿੱਜੀ ਖੇਤ ਵਿੱਚ ਮੋਟਰ ਤੋਂ ਖੇਤ ਵਿੱਚ ਪਾਈਪਾਂ ਪਾਉਣ ਲਈ ਵੀ 50% ਸਬਸਿਡੀ ਦਿੱਤੀ ਜਾਂਦੀ ਹੈ। ਮੀਂਹ ਦੇ ਪਾਣੀ ਦੇ ਰੀਚਾਰਜ ਲਈ ਫ਼ਿਲਹਾਲ ਵਿਭਾਗ ਵੱਲੋਂ ਕੋਈ ਸਕੀਮ ਨਹੀਂ ਚਲਾਈ ਜਾ ਰਹੀ।"

ਇਹ ਵੀ ਪੜ੍ਹੋ

ਮੋਗਾ ਦਾ ਰਣਸੀਂਹ ਕਲਾਂ ਵੀ ਬਣਿਆ ਪ੍ਰੇਰਨਾ ਦਾ ਸਰੋਤ

ਮੋਗਾ ਅਧੀਨ ਪੈਂਦੇ ਪਿੰਡ ਰਣਸੀਂਹ ਕਲਾਂ ਦੇ ਨੌਜਵਾਨਾਂ ਨੇ ਖੁਦ ਸੀਵਰੇਜ ਦੇ ਪਾਣੀ ਨੂੰ ਸੰਭਾਲਣ ਲਈ ਦਿਨ-ਰਾਤ ਇੱਕ ਕੀਤਾ।

ਆਖ਼ਰਕਾਰ ਸਫ਼ਲਤਾ ਮਿਲੀ ਤੇ ਅੱਜ ਪਿੰਡ ਦੇ ਖੇਤਾਂ ਨੂੰ ਵਾਟਰ ਟਰੀਟਮੈਂਟ ਪਲਾਂਟ ਰਾਹੀਂ ਸਾਫ਼ ਕੀਤਾ ਗਿਆ ਪਾਣੀ ਲੱਗ ਰਿਹਾ ਹੈ ਤੇ ਸਬਮਰਸੀਬਲ ਮੋਟਰਾਂ ਬੰਦ ਹਨ।

ਪਿੰਡ ਵਿੱਚ ਪਹਿਲਾਂ 2013 ਵਿੱਚ 51 ਮੈਂਬਰਾਂ ਦੇ ਅਧਾਰਤ ਵਿਕਾਸ ਕਮੇਟੀ ਬਣਾਈ ਗਈ ਤੇ ਪਿੰਡ ਵਿੱਚ ਸੀਵਰੇਜ ਪਾਈਪ ਲਾਈਨ ਵਿਛਾਈ ਗਈ। ਫਿਰ ਸੀਵਰੇਜ ਟਰੀਟਮੈਂਟ ਪਲਾਂਟ ਲਾ ਕੇ ਪਿੰਡ ਦੀ 100 ਏਕੜ ਜ਼ਮੀਨ ਨੂੰ ਖੇਤੀ ਲਈ ਪਾਣੀ ਦੇਣਾ ਸ਼ੁਰੂ ਕੀਤਾ ਗਿਆ।

ਪਿੰਡ ਵਿੱਚ ਇਹ ਰਿਵਾਇਤ ਕਾਇਮ ਹੋ ਚੁੱਕੀ ਹੈ ਕੇ ਵੱਡੇ ਬੰਦੇ ਤੋਂ ਲੈ ਕੇ ਛੋਟੇ ਜਵਾਕ ਤੱਕ ਕੋਈ ਵੀ ਪਾਣੀ ਦੀ ਇੱਕ ਬੂੰਦ ਵੀ ਬਰਬਾਦ ਨਹੀਂ ਕਰਦਾ।

ਪਿੰਡ ਵਿੱਚ ਆਉਣ ਵਾਲਾ ਕੋਈ ਬਾਹਰਲਾ ਵਿਅਕਤੀ ਜਾਂ ਔਰਤ ਜੇਕਰ ਪੀਣ ਲਈ ਦਿੱਤੇ ਗਏ ਪਾਣੀ ਨੂੰ ਗਲਾਸ 'ਚ ਛੱਡ ਦਿੰਦਾ ਹੈ ਤਾਂ ਉਸ ਪਾਣੀ ਨੂੰ ਘਰਾਂ ਵਿੱਚ ਰੱਖੇ ਗਏ ਡਰੰਮਾਂ 'ਚ ਪਾ ਦਿੱਤਾ ਜਾਂਦਾ ਹੈ। ਫਿਰ ਇਹੀ ਪਾਣੀ ਪਿੰਡ 'ਚ ਲੱਗੇ ਪੌਦਿਆਂ ਤੇ ਘਰਾਂ 'ਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਪਾ ਦਿੱਤਾ ਜਾਂਦਾ ਹੈ।

80 ਫੀਸਦ ਖਰਚ ਪਿੰਡ ਵਾਲਿਆਂ ਨੇ ਚੁੱਕਿਆ

ਇੱਥੇ ਹੀ ਬੱਸ ਨਹੀਂ, ਇਨਾਂ ਡਰੰਮਾਂ 'ਚ ਸਟੋਰ ਕਰਕੇ ਰੱਖੇ ਗਏ ਪਾਣੀ ਨੂੰ ਮੋਟਰਸਾਇਕਲ ਤੇ ਕਾਰਾਂ ਧੋਣ ਲਈ ਵਰਤਿਆ ਜਾਂਦਾ ਹੈ।

ਪ੍ਰੀਤਇੰਦਰਪਾਲ ਸਿੰਘ ਮਿੰਟੂ ਕੈਨੇਡਾ ਤੋਂ ਪਰਤੇ ਸਨ ਉਨ੍ਹਾਂ ਨੇ ਉੱਥੋਂ ਪਾਣੀ ਬਚਾਉਣ ਬਾਰੇ ਮਿਲੀ ਜਾਣਕਾਰੀ ਨੂੰ ਆਪਣੇ ਪਿੰਡ ਵਿੱਚ ਲਾਗੂ ਕੀਤਾ।

ਉਨ੍ਹਾਂ ਦੱਸਿਆ, "ਪਿਤਾ ਤਾਂ ਮੇਰੇ ਵਿਆਹ ਦੀ ਤਿਆਰੀ ਕਰ ਰਹੇ ਸਨ ਪਰ ਪਿੰਡ ਵਾਲਿਆਂ ਨੇ ਸਰੰਪਚ ਬਣਾ ਦਿੱਤਾ। ਇਸ ਹਲਾਤ ਨੇ ਮੇਰੀ ਪਾਣੀ ਬਚਾਉਣ ਦੀ ਇੱਛਾ ਨੂੰ ਹੋਰ ਮਜ਼ਬੂਤੀ ਦਿੱਤੀ।”

“ਸਵਾ 2 ਕਰੋੜ ਰੁਪਏ ਸੀਵਰੇਜ ਪਾਈਪ ਲਾਈਨ ਅਤੇ 50 ਲੱਖ ਰੁਪਏ ਸੀਵਰੇਜ ਟਰੀਟਮੈਂਟ ਪਲਾਂਟ 'ਤੇ ਖ਼ਰਚ ਹੋਏ। ਇਹ ਰਕਮ ਦਾ 80 ਫੀਸਦੀ ਹਿੱਸਾ ਪਿੰਡ ਦੇ ਲੋਕਾਂ ਨੇ 'ਗੁਪਤ' ਦਾਨ ਦੇ ਰੁਪ 'ਚ ਦਿੱਤਾ ਤੇ ਬਾਕੀ ਦੀ 20 ਫੀਸਦੀ ਰਾਸ਼ੀ ਮੈਂ ਪੰਚਾਇਤੀ ਗਰਾਂਟ 'ਚੋਂ ਵਰਤੀ।''

ਪਿੰਡ ਦੇ ਵਸਨੀਕ ਰੁਪਿੰਦਰਦੀਪ ਸਿੰਘ ਦਾ ਕਹਿਣਾ ਹੈ, ''ਅਸੀਂ ਆਪਣੇ ਹੱਥੀਂ ਕੰਮ ਕਰਕੇ ਮਜ਼ਦੂਰੀ 'ਤੇ ਖਰਚ ਹੋਣ ਵਾਲੀ 25 ਲੱਖ ਰੁਪਏ ਦੀ ਰਾਸ਼ੀ ਬਚਾਈ ਹੈ। ਸਾਡੀ 50 ਜਣਿਆਂ ਦੀ ਟੀਮ ਸੀ, ਜਿਸ ਨੇ ਦਿਨ-ਰਾਤ ਦੀਆਂ ਸ਼ਿਫਟ ਬਣਾ ਕੇ ਮਜ਼ਦੂਰਾਂ ਦੇ ਰੁਪ 'ਚ ਮੁਫ਼ਤ ਕੰਮ ਕੀਤਾ। ਟੀਚਾ ਬੱਸ ਇਹੀ ਸੀ ਕਿ ਇੱਕ ਦਿਨ ਅਜਿਹਾ ਆਵੇ, ਜਿਸ ਦਿਨ ਪਿੰਡ ਦੇ ਪਾਣੀ ਦਾ ਇੱਕ ਵੀ ਤੁਪਕਾ ਅਜਾਈਂ ਨਾ ਜਾਵੇ।''

ਕਿਸਾਨ ਵੀ ਖੁਸ਼

ਪਿੰਡ ਦੇ ਕਿਸਾਨ ਕਹਿੰਦੇ ਹਨ ਕਿ ਜਦੋਂ ਦੀ ਵਾਟਰ ਟਰੀਟਮੈਂਟ ਪਲਾਂਟ ਲੱਗਿਆ ਹੈ, ਉਸ ਵੇਲੇ ਤੋਂ ਫ਼ਸਲਾਂ ਨੂੰ ਮੁਫ਼ਤ ਪਾਣੀ ਮਿਲ ਰਿਹਾ ਹੈ। ਇਸ ਨਾਲ ਕਿਸਾਨ ਬਾਗੋ ਬਾਗ ਹਨ ਤੇ ਧਰਤੀ ਹੇਠਲਾ ਪਾਣੀ ਵੀ ਬਚ ਰਿਹਾ ਹੈ।

ਕਿਸਾਨ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ, ''ਜਦੋਂ ਤੋਂ ਅਸੀਂ ਇਸ ਪਲਾਂਟ ਤੋਂ ਆਪਣੀਆਂ ਫ਼ਸਲਾਂ ਨੂੰ ਪਾਣੀ ਲਾ ਰਹੇ ਹਾਂ, ਸਾਨੂੰ ਫ਼ਸਲਾਂ 'ਚ ਨਾ-ਮਾਤਰ ਹੀ ਖਾਦ ਦੀ ਵਰਤੋਂ ਕਰਨੀ ਪੈ ਰਹੀ ਹੈ। ਖੇਤਾਂ ਨੂੰ ਨਿਰੰਤਰ ਪਾਣੀ ਮਿਲ ਰਿਹਾ ਹੈ। ਅਸੀਂ ਮੋਟਰਾਂ ਚਲਾਉਣੀਆਂ ਬੰਦ ਕਰ ਦਿੱਤੀਆਂ ਹਨ। ਸਾਨੂੰ ਮਾਣ ਹੈ ਕਿ ਅਸੀਂ ਧਰਤੀ ਹੇਠਲੇ ਪਾਣੀ ਨੂੰ ਬਚਾਅ ਕੇ ਆਉਣ ਵਾਲੀਆਂ ਨਸਲਾਂ ਲਈ ਕੁੱਝ ਤਾਂ ਚੰਗਾ ਕਰ ਹੀ ਰਹੇ ਹਾਂ।''

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)