ਹਰਿਆਣਾ: ਜਾਟ-ਗੈਰ ਜਾਟ ਮੁੱਦੇ ’ਤੇ ਸਿਆਸਤ ਕਰਨ ਵਾਲੇ ਹਾਰੇ - ਬ੍ਰਿਜੇਂਦਰ ਸਿੰਘ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

"ਮੈਂ ਨਾ ਹੀ ਜਾਟ-ਗੈਰ ਜਾਟ ਰਾਜਨੀਤੀ ਕੀਤੀ ਅਤੇ ਨਾ ਹੀ ਇਸ ਵਿੱਚ ਵਿਸ਼ਵਾਸ ਰੱਖਦਾ ਹਾਂ।... ਕੁਝ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਹਨ ਅਤੇ ਜਿੱਤ ਦਾ ਇਹੀ ਟਰੈਂਡ ਰਹੇਗਾ।"

ਹਰਿਆਣਾ ਦੇ ਦਿੱਗਜ ਆਗੂ ਤੇ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਦੇ ਪੁੱਤਰ ਬ੍ਰਿਜੇਂਦਰ ਸਿੰਘ ਨੇ ਭਾਜਪਾ ਦੀ ਟਿਕਟ ਤੋਂ ਹਿਸਾਰ ਵਿੱਚ ਲੋਕ ਸਭਾ ਚੋਣ ਜਿੱਤੀ।

ਉਨ੍ਹਾਂ ਦੀ ਚਰਚਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਉਹ ਸਿਆਸੀ ਪਰਿਵਾਰ ਨਾਲ ਤਾਂ ਸਬੰਧ ਰੱਖਦੇ ਹਨ ਪਰ ਸਿਆਸਤ ਵਿੱਚ ਪਹਿਲੀ ਵਾਰ ਕਦਮ ਰੱਖਿਆ ਹੈ ਇਸ ਲਈ ਉਨ੍ਹਾਂ ਨੇ ਆਈਏਐਸ ਅਫ਼ਸਰ ਦਾ ਅਹੁਦਾ ਤਿਆਗ ਦਿੱਤਾ ਹੈ।

ਉਨ੍ਹਾਂ ਜੇਜੇਪੀ ਉਮੀਦਵਾਰ ਦੁਸ਼ਯੰਤ ਚੌਟਾਲਾ ਨੂੰ ਤਿੰਨ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ।

ਇਹ ਵੀ ਪੜ੍ਹੋ:

ਕੀ ਜਾਟ-ਗ਼ੈਰ-ਜਾਟ ਸਿਆਸਤ ਵਿੱਚ ਬਦਲਾਅ ਆਇਆ ਹੈ?

ਮੈਂ ਅਤੇ ਨਾ ਹੀ ਮੇਰੇ ਪਿਤਾ ਨੇ ਜਾਟ-ਗ਼ੈਰ ਜਾਟ ਜਾਂ ਜਾਤ-ਪਾਤ ਦੇ ਨਾਮ ’ਤੇ ਸਿਆਸਤ ਕੀਤੀ ਅਤੇ ਨਾ ਹੀ ਇਸ ਵਿੱਚ ਵਿਸ਼ਵਾਸ ਰੱਖਦਾ ਹਾਂ। ਭਾਜਪਾ ਦੇ ਦੋ ਜਾਟ ਉਮੀਦਵਾਰ ਜਿੱਤ ਕੇ ਆਏ ਹਨ।

ਜਿਹੜੇ ਲੋਕ ਇਸ ਮੁੱਦੇ 'ਤੇ ਹੀ ਸਿਆਸਤ ਕਰਦੇ ਹਨ, ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਨਾ ਮੈਨੂੰ ਇਸ ਗੱਲ ਵਿੱਚ ਵਿਸ਼ਵਾਸ ਹੈ ਅਤੇ ਨਾ ਹੀ ਇਸ ਵਿੱਚ ਮੈਂ ਜਾਣਾ ਚਾਹੁੰਦਾ ਹਾਂ।

ਹਿਸਾਰ ਲਈ ਕੀ ਕਰੋਗੇ?

ਪ੍ਰੋਜੈਕਟਜ਼ ਦਾ ਜਿੱਥੇ ਤੱਕ ਸਵਾਲ ਹੈ ਉਹ ਕੰਮ ਸਰਕਾਰ ਕਰਦੀ ਹੈ। ਸਾਡਾ ਕੰਮ ਲੋਕਾਂ ਦੇ ਸਹੀ ਥਾਂ 'ਤੇ ਮੁੱਦੇ ਚੁਕਣਾ ਹੁੰਦਾ ਹੈ ਪਰ ਹਿਸਾਰ ਦੇ ਹਵਾਈ ਅੱਡੇ ਦੇ ਪ੍ਰੋਜੈਕਟ ਦਾ ਮੁੱਦਾ ਚੁੱਕਾਂਗਾ।

ਕਿਸਾਨਾਂ ਦਾ ਮੁੱਦਾ, ਪੁਰਾਣੀ ਸਨਅਤ ਮੇਰੀ ਸੂਚੀ ਵਿੱਚ ਹਨ। ਇਸ ਤੋਂ ਇਲਾਵਾ ਨੌਜਵਾਨਾਂ ਲਈ ਰੁਜ਼ਗਾਰ, ਕੌਸ਼ਲ ਵਿਕਾਸ ਦਾ ਪ੍ਰਬੰਧ ਕਰਨਾ ਮੇਰੀ ਤਰਜੀਹ ਰਹਿਣਗੇ। ਹਿਸਾਰ 'ਚ ਕਾਫ਼ੀ ਇਲਾਕਾ ਹੈ ਜਿੱਥੇ ਸਿੰਜਾਈ ਦੇ ਪਾਣੀ ਦੀ ਕਮੀ ਹੈ। ਉਹ ਏਜੰਡੇ ’ਤੇ ਰਹੇਗਾ।

21 ਸਾਲ ਪ੍ਰਸ਼ਾਸਨ ਵਿੱਚ ਰਹਿ ਕੇ ਸਮਾਜਿਕ ਕੰਮ ਦਾ ਮੌਕਾ ਮਿਲਿਆ ਫਿਰ ਸਿਆਸਤ ਵਿੱਚ ਕਿਉਂ ਆਏ?

ਪ੍ਰਸ਼ਾਸਨਿਕ ਸੇਵਾ ਜਾਂ ਸਿਆਸਤ ਦਾ ਮਕਸਦ ਇੱਕ ਹੀ ਹੈ। ਜੋ ਦਾਇਰਾ ਸਿਆਸਤ ਦਾ ਹੈ ਉਹ ਪ੍ਰਸ਼ਾਸਨਿਕ ਸੇਵਾ ਤੋਂ ਕਾਫੀ ਵੱਡਾ ਹੈ। ਪ੍ਰਸ਼ਾਸਨਿਕ ਸੇਵਾ ਦਾ ਦਾਇਰਾ ਕਾਫ਼ੀ ਸੀਮਿਤ ਹੈ। ਸਿਆਸੀ ਪ੍ਰਬੰਧ ਸਾਡੇ ਢਾਂਚੇ ਵਿੱਚ ਸਭ ਤੋਂ ਉੱਪਰ ਹੈ। ਪ੍ਰਸ਼ਾਸਨਿਕ ਸੇਵਾ ਉਸ ਦਾ ਹੀ ਕਾਰਜਕਾਰੀ ਵਿੰਗ ਹੈ।

ਹਰਿਆਣਾ 'ਚ ਕਿਸਾਨਾਂ ਦੇ ਕਈ ਮੁੱਦੇ ਹਨ, ਹੱਲ ਕੀ ਹੈ?

ਮੇਰਾ ਮੰਨਣਾ ਹੈ ਕਿ ਹਰਿਆਣਾ ਵਿੱਚ ਬਹੁਤ ਪਾਰਟੀਆਂ ਨੇ ਕਿਸਾਨਾਂ ਦੇ ਮੁੱਦਿਆਂ 'ਤੇ ਸਿਆਸਤ ਕੀਤੀ ਹੈ। ਪਰ ਸਵਾਲ ਹੈ ਕਿ ਕਿਸਾਨਾਂ ਦਾ ਫਾਇਦਾ ਕਿੰਨਾ ਹੋਇਆ ਹੈ

ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਅਤੇ ਕੇਂਦਰ ਨੇ ਕਈ ਕੰਮ ਕੀਤੇ। ਪਿਛਲੇ ਕੁਝ ਸਮੇਂ ਵਿੱਚ ਉਹ ਵੀ ਫ਼ਸਲਾਂ ਐਮਐਸਪੀ ਤੇ ਸਰਕਾਰ ਨੇ ਖਰੀਦੀਆਂ ਜੋ ਪਹਿਲਾਂ ਕਦੇ ਨਹੀਂ ਖਰੀਦੀਆਂ ਜਾਂਦੀਆਂ ਸਨ।

ਜਿਵੇਂ ਕਿ ਬਾਜਰਾ, ਸਰੋਂ, ਸੂਰਜਮੁਖੀ ਐਮਐਸਪੀ 'ਤੇ ਖਰੀਦੀਆਂ ਹਨ। ਇਹ ਖੇਤੀ ਨੂੰ ਅੱਗੇ ਵਧਾਉਣ ਵਾਲੇ ਕੁਝ ਕਦਮ ਹਨ ਅਤੇ ਇਸਦੇ ਨਾਲ ਕਿਸਾਨ ਸਨਮਾਨ ਨਾਂ ਦੀ ਨੀਤੀ ਵੀ ਫਾਇਦੇਮੰਦ ਰਹੀ ਹੈ।

ਬਾਕੀ ਮੁੱਦੇ ਹਨ ਜਿਨ੍ਹਾਂ ਵਿੱਚ ਸੁਧਾਰ ਦੀ ਉਮੀਦ ਹੈ ਅਤੇ ਪੂਰੀ ਕੋਸ਼ਿਸ਼ ਰਹੇਗੀ ਕਿ ਸਾਰੇ ਕੰਮ ਹੋ ਸਕਣ। ਜਿਵੇਂ ਐੱਮਐੱਸਪੀ, ਪਾਣੀ ਦਾ ਡਿੱਗਦਾ ਪੱਧਰ ਸੁਧਾਰਨਾ, ਮੰਡੀ ਪ੍ਰਬੰਧ ਬਿਹਤਰ ਕਰਨ ਦੀ ਕੋਸ਼ਿਸ਼ ਰਹੇਗੀ। ਐਗਰੋ ਪ੍ਰੋਸੈਸਿੰਗ ਤੇ ਮਾਰਕਟਿੰਗ ਕਮਜ਼ੋਰ ਹਨ, ਉਨ੍ਹਾਂ 'ਤੇ ਕੰਮ ਕਰਾਂਗੇ।

ਇਹ ਵੀ ਪੜ੍ਹੋ:

ਏਡੀਆਰ ਦੀ ਰਿਪੋਰਟ ਮੁਤਾਬਕ 43 ਫੀਸਦੀ ਕ੍ਰਿਮਨਲ ਰਿਕਾਰਡ ਵਾਲੇ ਸੰਸਦ ਮੈਂਬਰ ਜਿੱਤੇ ਹਨ

ਮੈਨੂੰ ਇਸ ਵਿਸ਼ੇ ਦਾ ਵਿਸਥਾਰ ਤਾਂ ਨਹੀਂ ਪਤਾ ਪਰ ਸਿਆਸਤ ਇੱਕ ਅਜਿਹੀ ਚੀਜ਼ ਹੈ ਜਿਸ ਵਿੱਚ ਵਿਰੋਧੀਆਂ ਦੁਆਰਾ ਇਲਜ਼ਾਮ ਲਾਏ ਜਾਂਦੇ ਹਨ। ਪਰ ਫੇਰ ਵੀ ਜੇ ਅਪਰਾਧੀਆਂ ਦੀ ਗੱਲ ਕਰੀਏ ਤਾਂ ਇਹ ਚਿੰਤਾ ਵਾਲੀ ਗੱਲ ਹੈ।

ਪਿਛਲੇ ਕੁਝ ਸਾਲਾਂ ਵਿੱਚ ਕਾਨੂੰਨ ਵਿੱਚ ਵੀ ਬਦਲਾਅ ਕੀਤਾ ਗਿਆ ਹੈ ਤੇ ਕਾਫ਼ੀ ਸੁਧਾਰ ਆਇਆ ਹੈ। ਉਮੀਦ ਹੈ ਕਿ ਅੱਗੇ ਵੀ ਆਵੇਗਾ।

ਹੁਣ ਜੇ ਕਿਸੇ 'ਤੇ ਕੋਈ ਗੰਭੀਰ ਦੋਸ਼ ਵੀ ਲਗਿਆ ਹੋਵੇ ਤਾਂ ਉਸ ਨੂੰ ਸੰਜੀਦਗੀ ਨਾਲ ਲਿਆ ਜਾਂਦਾ ਹੈ ਜੋ ਕਿ ਲੋਕਤੰਤਰ ਲਈ ਚੰਗੀ ਗੱਲ ਹੈ।

ਇਹ ਵੀ ਪੜ੍ਹੋ:

ਨਵੀਂ ਪੀੜ੍ਹੀ ਦੀ ਸਿਆਸਤ ਵਿੱਚ ਕੁਝ ਮਿਠਾਸ ਦੇਖਣ ਨੂੰ ਮਿਲੇਗੀ?

ਮੇਰੇ ਪਿਤਾ ਦੀ ਕੜਵਾਹਟ ਵਾਲੀ ਸਿਆਸਤ ਨਹੀਂ ਰਹੀ, ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਰਹੀ। ਉਨ੍ਹਾਂ ਨੇ ਕਦੇ ਇਹੋ ਜਿਹੀ ਸਿਆਸਤ ਨਹੀਂ ਕੀਤੀ।

ਸ਼ਾਇਦ ਇਹੀ ਕਾਰਨ ਹੈ ਕਿ ਚਾਰ ਵਿੱਚੋਂ ਅਸੀਂ ਤਿੰਨ ਵਾਰ ਜਿੱਤ ਹਾਸਲ ਕੀਤੀ ਹੈ। ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੀ ਸਿਆਸਤ ਵੀ ਸਾਫ਼-ਸੁਥਰੀ ਹੋਵੇਗੀ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)