You’re viewing a text-only version of this website that uses less data. View the main version of the website including all images and videos.
ਲੋਕ ਸਭਾ ਚੋਣਾਂ 2019: 5ਵੇਂ ਗੇੜ 'ਚ ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਰਾਜਨਾਥ ਸਿੰਘ ਦੀ ਕਿਸਮਤ ਦਾ ਫੈਸਲਾ
ਲੋਕ ਸਭਾ ਚੋਣਾਂ 2019 ਲਈ 5ਵੇਂ ਗੇੜ ਦੀ ਵੋਟਿੰਗ ਦੌਰਾਨ 7 ਸੂਬਿਆਂ ਦੇ 51 ਹਲਕਿਆਂ ਵਿੱਚ ਵੋਟਿੰਗ ਸ਼ੁਰੂ ਹੋ ਗਈ ਹੈ।
ਬਿਹਾਰ ਦੀਆਂ 5, ਜੰਮੂ-ਕਸ਼ਮੀਰ ਦੀਆਂ ਦੋ, ਝਾਰਖੰਡ ਦੀਆਂ 4, ਮੱਧ ਪ੍ਰਦੇਸ਼ ਦੀਆਂ 7, ਰਾਜਸਥਾਨ ਦੀਆਂ 12, ਉੱਤਰ ਪ੍ਰਦੇਸ਼ ਦੀਆਂ 14 ਅਤੇ ਪੱਛਮ ਬੰਗਾਲ ਦੀਆਂ 7 ਸੀਟਾਂ ਉੱਤੇ ਵੋਟਿੰਗ ਹੋ ਰਹੀ ਹੈ।
ਸ਼ਾਮ 7 ਵਜੇ ਤੱਕ ਹੋਵੇਗੀ ਵੋਟਿੰਗ। ਅੱਠ ਕਰੋੜ 75 ਲੱਖ ਤੋਂ ਵੱਧ ਵੋਟਰ 674 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਗ੍ਰਹਿ ਮੰਤਰੀ ਅਤੇ ਲਖਨਊ ਤੋਂ ਭਾਜਪਾ ਉਮੀਦਵਾਰ ਰਾਜਨਾਥ ਸਿੰਘ ਨੇ ਵੀ ਪਾਈ ਵੋਟ।
ਬਸਪਾ ਸੁਪਰੀਮੋ ਮਾਇਆਵਤੀ ਨੇ ਲਖਨਊ ਵਿੱਚ ਪਾਈ ਵੋਟ।
ਹੁਣ ਤੱਕ ਕਿੱਥੇ ਕਿੰਨੇ ਹੋਈ ਵੋਟਿੰਗ
ਦੁਪਹਿਰ 12 ਵਜੇ ਤੱਕ ਝਾਰਖੰਡ ਵਿੱਚ 29.49 ਵੋਟਿੰਗ। ਰਾਂਚੀ ਵਿੱਚ 30.05, ਕੋਡਰਮਾ- 30.80, ਖੂੰਟੀ- 27.21 ਅਤੇ ਹਜ਼ਾਰੀਬਾਗ ਵਿੱਚ 29.05 ਫ਼ੀਸਦ ਵੋਟਿੰਗ।
ਅਮੇਠੀ ਵਿੱਚ 11 ਵਜੇ ਤੱਕ 21.83 ਫ਼ੀਸਦ ਵੋਟਿੰਗ, ਹੁਣ ਤੱਕ ਅਮੇਠੀ ਲੋਕ ਸਭਾ ਖੇਤਰ ਦੀਆਂ ਪੰਜ ਵਿਧਾਨ ਸਭਾ ਵਿੱਚ ਵੋਟਿੰਗ ਫ਼ੀਸਦ- ਗੋਰੀਗੰਜ- 23% ਤਿਲੋਈ- 20% ਅਮੇਠੀ- 22% ਜਗਦੀਸ਼ਪੁਰ- 22% ਸਲੋਨ - 22.17%
11 ਵਜੇ ਤੱਕ ਮੱਧ ਪ੍ਰਦੇਸ਼ ਦੀਆਂ 7 ਸੀਟਾਂ 'ਤੇ 25.68 ਫ਼ੀਸਦ ਵੋਟਿੰਗ। ਬੈਤੂਲ- 28.38 ਫ਼ੀਸਦ, ਹੋਸ਼ੰਗਾਬਾਦ- 30.58 ਫ਼ੀਸਦ, ਸਤਨਾ- 17.83 ਫ਼ੀਸਦ, ਦਮੋਹ- 25.93 ਫ਼ੀਸਦ, ਖਜੁਰਾਹੋ- 29.73 ਫ਼ੀਸਦ, ਰੀਵਾ- 25 ਫ਼ੀਸਦ, ਟੀਮਕਗੜ੍ਹ- 18.76 ਫ਼ੀਸਦ।
ਬਿਹਾਰ ਵਿੱਚ 11 ਵਜੇ ਤੱਕ 20.95 ਫ਼ੀਸਦ ਵੋਟਿੰਗ। ਸਾਰਣ, ਸੀਤਾਮੜੀ ਅਤੇ ਹਾਜੀਪੁਰ (ਸੁਰੱਖਿਅਤ) ਵਿੱਚ 21 ਫ਼ੀਸਦ ਵੋਟਿੰਗ।
ਮੁਜ਼ੱਫਰਪੁਰ ਵਿੱਚ 23.58 ਫ਼ੀਸਦ ਅਤੇ ਮਧੁਬਨੀ ਵਿੱਚ 18.25 ਫ਼ੀਸਦ ਵੋਟਿੰਗ।
ਕੁੱਲ ਉਮੀਦਵਾਰ
- ਬਿਹਾਰ ਦੀਆਂ 5 ਸੀਟਾਂ ਉੱਤੇ 82 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
- ਝਾਰਖੰਡ ਦੀਆਂ 4 ਸੀਟਾਂ ਉੱਤੇ 61 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
- ਮੱਧ ਪ੍ਰਦੇਸ਼ ਵਿੱਚ 7 ਸੀਟਾਂ ਉੱਤੇ 110 ਉਮੀਦਵਾਰ ਚੋਣ ਲੜ ਰਹੇ ਹਨ।
- ਰਾਜਸਥਾਨ ਵਿੱਚ 12 ਸੀਟਾਂ ਉੱਤੇ 134 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
- ਉੱਤਰ ਪ੍ਰਦੇਸ਼ ਵਿੱਚ 14 ਲੋਕ ਸਭਾ ਹਲਕਿਆਂ ਵਿੱਚ 182 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ।
- ਪੱਛਮ ਬੰਗਾਲ ਵਿੱਚ 7 ਸੀਟਾਂ ਉੱਤੇ 83 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਜੰਮੂ-ਕਸ਼ਮੀਰ ਵਿੱਚ ਅਨੰਤਨਾਗ ਅਤੇ ਲੱਦਾਖ ਵਿੱਚ ਵੋਟਿੰਗ ਹੈ। ਅਨੰਤਨਾਗ ਵਿੱਚ ਤਿੰਨ, ਚਾਰ ਅਤੇ ਪੰਜਵੇਂ ਗੇੜ ਵਿੱਚ ਵੋਟਿੰਗ ਹੋ ਰਹੀ ਹੈ। ਦੇਸ ਦਾ ਇਕੱਲਾ ਅਜਿਹਾ ਲੋਕ ਸਭਾ ਖੇਤਰ ਹੈ ਜਿੱਥੇ ਤਿੰਨ ਗੇੜਾਂ ਵਿੱਚ ਵੋਟਿੰਗ ਹੋ ਰਹੀ ਹੈ।
ਪੰਜਵੇਂ ਗੇੜ ਵਿੱਚ ਅਨੰਤਨਾਗ ਦੇ ਚਾਰ ਜ਼ਿਲ੍ਹਿਆਂ ਅਨੰਤਨਾਗ, ਕੁਲਗਾਮ, ਸ਼ੋਪੀਆਂ ਅਤੇ ਪੁਲਵਾਮਾ ਵਿੱਚ ਵੋਟਿੰਗ ਹੋ ਰਹੀ ਹੈ। ਪੰਜਵੇਂ ਗੇੜ ਵਿੱਚ 18 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਏਗਾ।
ਮੁੱਖ ਉਮੀਦਵਾਰ
ਪੰਜਵੇਂ ਗੇੜ ਦੀ ਵੋਟਿੰਗ ਦੌਰਾਨ ਕਈ ਵੱਡੇ ਆਗੂਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਆਗੂ ਅਤੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਸਣੇ ਭਾਜਪਾ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਭਾਜਪਾ ਆਗੂ ਸਮ੍ਰਿਤੀ ਇਰਾਨੀ, ਸ਼ਤਰੂਘਨ ਸਿਨਹਾ ਦੀ ਪਤਨੀ ਅਤੇ ਐਸਪੀ ਉਮੀਦਵਾਰ ਪੂਨਮ ਸਿਨਹਾ ਮੁੱਖ ਉਮੀਦਵਾਰ ਹਨ ਜਿਨ੍ਹਾਂ ਦੇ ਹਲਕੇ ਵਿੱਚ ਵੋਟਿੰਗ ਹੋ ਰਹੀ ਹੈ।
ਇਹ ਵੀ ਪੜ੍ਹੋ:
ਜੰਮੂ-ਕਸ਼ਮੀਰ ਤੋਂ ਪੀਡੀਪੀ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਕਿਸਮਤ ਦਾ ਫੈਸਲਾ ਵੀ ਅੱਜ ਈਵੀਐਮ ਵਿੱਚ ਬੰਦ ਹੋ ਜਾਵੇਗਾ।
ਉੱਤਰ-ਪ੍ਰਦੇਸ਼ ਵਿੱਚ ਮੁਕਾਬਲਾ
ਸਾਲ 2014 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਉੱਤਰ-ਪੱਦੇਸ਼ ਵਿੱਚ ਸੋਨੀਆ ਗਾਂਧੀ ਦੇ ਹਲਕੇ ਰਾਇ ਬਰੇਲੀ ਅਤੇ ਰਾਹੁਲ ਗਾਂਧੀ ਦੇ ਹਲਕੇ ਅਮੇਠੀ ਨੂੰ ਛੱਡ ਕੇ ਬਾਕੀ 12 ਸੀਟਾਂ ਉੱਤੇ ਭਾਜਪਾ ਨੇ ਜਿੱਤ ਦਰਜ ਕੀਤੀ ਸੀ।
ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ਵਿੱਚੋਂ ਇਹੀ ਸਿਰਫ਼ ਦੋ ਸੀਟਾਂ ਸਨ ਜਿਹੜੀਆਂ ਕਾਂਗਰਸ ਨੇ ਜਿੱਤੀਆਂ ਸਨ।
ਅਮੇਠੀ ਅਤੇ ਰਾਇ ਬਰੇਲੀ ਵਿੱਚ ਐਸਪੀ-ਬੀਐਸਪੀ ਗਠਜੋੜ ਨੇ ਉਮੀਦਵਾਰ ਖੜ੍ਹਾ ਨਹੀਂ ਕੀਤਾ ਹੈ।
ਸਮ੍ਰਿਤੀ ਇਰਾਨੀ ਇੱਕ ਵਾਰੀ ਮੁੜ ਤੋਂ ਅਮੇਠੀ ਤੋਂ ਰਾਹੁਲ ਗਾਂਧੀ ਨੂੰ ਚੁਣੌਤੀ ਦੇ ਰਹੇ ਹਨ ਅਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਲਖਨਊ ਤੋਂ ਮੁੜ ਚੋਣ ਮੈਦਾਨ ਵਿੱਚ ਹਨ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅਮੇਠੀ ਵਿੱਚ ਸਮ੍ਰਿਤੀ ਇਰਾਨੀ ਦੇ ਸਮਰਥਨ ਵਿੱਚ ਸ਼ੁਕਰਵਾਰ ਨੂੰ ਰੋਡ ਸ਼ੋਅ ਕੀਤਾ ਸੀ।
ਲਖਨਊ ਵਿੱਚ ਪੂਨਮ ਸਿਨਹਾ ਸਮਾਜਵਾਦੀ ਪਾਰਟੀ ਦੀ ਟਿਕਟ 'ਤੇ ਰਾਜਨਾਥ ਸਿੰਘ ਨੂੰ ਚੁਣੌਤੀ ਦੇ ਰਹੀ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਧੀ ਸੋਨਾਕਸ਼ੀ ਸਿਨਹਾ ਨੇ ਸਮਰਥਨ ਵਿੱਚ ਰੋਡ ਸ਼ੋਅ ਕੀਤਾ।
ਮੱਧ ਪ੍ਰਦੇਸ਼
ਮੱਧ ਪ੍ਰਦੇਸ਼ ਵਿੱਚ ਅੱਜ 7 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। 110 ਉਮੀਦਵਾਰਾਂ ਵਿੱਚੋਂ ਕੇਂਦਰੀ ਮੰਤਰੀ ਵੀਰੇਂਦਰ ਸਿੰਘ ਖਾਤਿਕ ਅਤੇ ਭਾਜਪਾ ਐਮਪੀ ਪ੍ਰਹਲਾਦ ਪਟੇਲ ਦੀ ਕਿਸਮਤ ਦਾ ਫੈਸਲਾ ਵੀ ਈਵੀਐਮ ਵਿੱਚ ਬੰਦ ਹੋ ਜਾਵੇਗਾ।
ਸਿੱਧੀ ਲੋਕ ਸਭਾ ਹਲਕੇ ਦੇ ਦੇਮਾਹਾ ਪਿੰਡ ਵਿੱਚ ਮੁੜ ਤੋਂ ਵੋਟਿੰਗ ਹੈ। 29 ਅਪ੍ਰੈਲ ਨੂੰ ਹੋਈ ਵੋਟਿੰਗ ਦੌਰਾਨ ਬੇਨਿਯਮੀਆਂ ਦੀਆਂ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਮੁੜ ਤੋਂ ਵੋਟਿੰਗ ਹੋ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਸ਼ਾਂਗਾਬਾਦ ਵਿੱਚ ਭਾਜਪਾ ਉਮੀਦਵਾਰ ਅਤੇ ਮੌਜੂਦਾ ਐਮਪੀ ਉਦੇ ਪ੍ਰਤਾਪ ਸਿੰਘ ਦੇ ਸਮਰਥਨ ਵਿੱਚ ਰੈਲੀ ਕੀਤੀ ਸੀ ਜਦੋਂਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਉਮੀਦਵਾਰ ਸ਼ੈਲੇਂਦਰ ਸਿੰਘ ਦੇ ਹੱਕ ਵਿਚ ਰੈਲੀ ਕੀਤੀ।
ਸਾਲ 2014 ਵਿੱਚ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ 27 ਸੀਟਾਂ ਉੱਤੇ ਜਿੱਤ ਦਰਜ ਕੀਤੀ ਸੀ ਜਦਕਿ ਕਾਂਗਰਸ ਦੀ ਝੋਲੀ ਵਿੱਚ ਸਿਰਫ਼ 2 ਸੀਟਾਂ ਹੀ ਆਈਆਂ ਸਨ।
ਇਹ ਵੀ ਪੜ੍ਹੋ:
ਬਾਅਦ ਵਿੱਚ ਜ਼ਿਮਨੀ ਚੋਣ ਦੌਰਾਨ ਰਤਲਾਮ ਸਿੰਘ ਦੇ ਜਿੱਤਣ ਨਾਲ ਕਾਂਗਰਸ ਕੋਲ ਤਿੰਨ ਸੀਟਾਂ ਹੋ ਗਈਆਂ ਸਨ।
ਕਾਂਗਰਸ ਜੋ ਕਿ 15 ਸਾਲਾਂ ਬਾਅਦ ਮੱਧ ਪ੍ਰਦੇਸ਼ ਵਿੱਚ ਸੱਤਾ ਵਿੱਚ ਆਈ ਹੈ, ਲੋਕ ਸਭਾ ਵਿੱਚ ਵੀ ਜਿੱਤ ਦੀ ਉਮੀਦ ਕਰ ਰਹੀ ਹੈ ਜਦਕਿ ਭਾਜਪਾ 2014 ਦੀ ਜਿੱਤ ਨੂੰ ਦੁਹਰਾਉਣ ਦੀ ਉਮੀਦ ਕਰ ਰਹੀ ਹੈ।
ਪੱਛਮ ਬੰਗਾਲ
ਪੱਛਮ ਬੰਗਾਲ ਵਿੱਚ 7 ਲੋਕ ਸਭਾ ਹਲਕਿਆਂ ਵਿੱਚ ਮੁੱਖ ਮੁਕਾਬਲਾ ਤ੍ਰਿਣਮੂਲ ਕਾਂਗਰਸ, ਭਾਜਪਾ, ਕਾਂਗਰਸ ਅਤੇ ਸੀਪੀਆਈ (ਐਮ) ਵਿਚਾਲੇ ਹੈ। ਪੰਜਵੇਂ ਗੇੜ ਦੀ ਵੋਟਿੰਗ ਦੌਰਾਨ 83 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਏਗਾ।
ਬੋਂਗਾਓਂ, ਬੈਰਕਪੁਰ, ਹਾਵੜਾ, ਊਲੂਬੇਰੀਆ, ਸੇਰਾਮਪੋਰ, ਹੂਗਲੀ ਅਤੇ ਆਰਾਮਬਾਗ ਸੀਟਾਂ ਉੱਤੇ ਚੋਣ ਕਮਿਸ਼ਨ ਨੇ ਕੇਂਦਰੀ ਬਲ ਦੀਆਂ 578 ਟੁਕੜੀਆਂ ਤਾਇਨਾਤ ਕੀਤੀਆਂ ਹਨ। ਇਨ੍ਹਾਂ ਹਲਕਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ, ਭਾਜਪਾ ਮੁਖੀ ਅਮਿਤ ਸ਼ਾਹ ਅਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਪ੍ਰਚਾਰ ਕਰ ਚੁੱਕੇ ਹਨ।
ਮਤੂਆ ਵਿੱਚ ਭਾਜਪਾ ਉਮੀਦਵਾਰ ਸ਼ਾਨਤਨੂ ਠਾਕੁਰ ਦੇ ਮੁਕਾਬਲੇ ਵਿੱਚ ਟੀਐਮਸੀ ਨੇ ਮਮਤਾ ਠਾਕੁਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸੀਪੀਆਈ (ਐਮ) ਨੇ ਅਲਕੇਸ਼ ਦਾਸ ਨੂੰ ਜਦੋਂਕਿ ਕਾਂਗਰਸ ਵੱਲੋਂ ਸੌਰਵ ਪ੍ਰੋਸਾਦ ਚੋਣ ਮੈਦਾਨ ਵਿੱਚ ਹਨ। ਸ਼ਾਂਤਨੂ ਠਾਕੁਰ ਸ਼ਨੀਵਾਰ ਨੂੰ ਇੱਕ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ।
ਤ੍ਰਿਣਮੂਲ ਕਾਂਗਰਸ ਦੀ ਜਿੱਤ ਵਿੱਚ ਮਤੂਆ ਅਹਿਮ ਲੋਕ ਸਭਾ ਖੇਤਰ ਹੈ। ਇੱਥੇ ਸਾਲ 2011 ਅਤੇ 2016 ਵਿਧਾਨ ਸਭਾ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਜਿੱਤਦੀ ਰਹੀ ਹੈ।
30 ਲੱਖ ਵੋਟਰਾਂ ਵਾਲੇ ਸੂਬੇ ਪੱਛਮ ਬੰਗਾਲ ਵਿੱਚ ਮਤੂਆ ਉੱਤਰ ਵਿੱਚ 5 ਲੋਕ ਸਭਾ ਹਲਕਿਆਂ ਵਿੱਚ ਨਤੀਜੇ ਪ੍ਰਭਾਵਿਤ ਕਰ ਸਕਦਾ ਹੈ।
ਹਾਵੜਾ ਵਿੱਚ ਫੁੱਟਬਾਲ ਖਿਡਾਰੀ ਤੋਂ ਸਿਆਸਤਦਾਨ ਬਣੇ ਪ੍ਰਸੂਨ ਬੈਨਰਜੀ ਟੀਐਮਸੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਦਾ ਮੁਕਾਬਲਾ ਭਾਜਪਾ ਉਮੀਦਵਾਰ ਰੰਤੀਦੇਵ ਸੇਨਗੁਤਾ, ਕਾਂਗਰਸ ਉਮੀਦਵਾਰ ਸੁਵਰਾ ਘੋਸ਼ ਅਤੇ ਸੀਪੀਆਈ (ਐਮ) ਉਮੀਦਵਾਰ ਸੁਮਿਤਰੋ ਅਧਿਕਾਰੀ ਨਾਲ ਹੈ।
ਜੰਮੂ-ਕਸ਼ਮੀਰ
ਜੰਮੂ-ਕਸ਼ਮੀਰ ਦੀਆਂ ਲੋਕ ਸਭਾ ਸੀਟਾਂ ਲੱਦਾਖ ਅਤੇ ਅਨੰਤਨਾਗ ਵਿੱਚ ਵੋਟਿੰਗ ਹੋ ਰਹੀ ਹੈ। ਚੋਣ ਕਮਿਸ਼ਨ ਨੇ 1253 ਪੋਲਿੰਗ ਸਟੇਸ਼ਨ ਬਣਾਏ ਹਨ। ਸੁਰੱਖਿਆ ਕਾਰਨਾਂ ਕਰਕੇ ਅਨੰਤਨਾਗ ਵਿੱਚ ਤਿੰਨ ਗੇੜਾਂ ਵਿੱਚ ਵੋਟਿੰਗ ਹੋ ਰਹੀ ਹੈ। ਅਨੰਤਨਾਗ ਵਿੱਚ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਤੈਅ ਕੀਤਾ ਹੈ।
ਲੱਦਾਖ ਵਿੱਚ ਲੇਹ ਅਤੇ ਕਰਗਿਲ ਜ਼ਿਲ੍ਹਿਆਂ ਵਿੱਚ ਵੋਟਿੰਗ ਜਾਰੀ ਹੈ। ਚੋਣ ਅਧਿਕਾਰੀਆਂ ਮੁਤਾਬਕ ਸਭ ਤੋਂ ਉੱਚਾ ਪੋਲਿੰਗ ਸਟੇਸ਼ਨ ਲੇਹ ਦੇ ਅਨਲੇ ਫੋ ਵਿੱਚ ਬਣਾਇਆ ਗਿਆ ਹੈ ਜੋ ਕਿ 15, 000 ਫੁੱਟ ਉੱਚਾ ਹੈ।
ਇਹ ਬੂਥ ਲਾਈਨ ਆਫ਼ ਐਕਚੁਅਲ ਕੰਟਰੋਲ ਤੋਂ 50 ਮੀਟਰ ਦੀ ਦੂਰੀ ਤੇ ਹੀ ਸਥਿਤ ਹੈ।
ਅਨੰਤਨਾਗ ਤੋਂ 18 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਅਹਿਮ ਹਨ ਪੀਡੀਪੀ ਉਮੀਦਵਾਰ ਮਹਿਬੂਬਾ ਮੁਫ਼ਤੀ, ਨੈਸ਼ਨਲ ਕਾਨਫਰੰਸ ਦੇ ਹਸਨੈਨ ਮਸੂਦੀ, ਭਾਜਪਾ ਉਮੀਦਵਾਰ ਸੋਫ਼ੀ ਯੂਸੁਫ਼, ਕਾਂਗਰਸ ਉਮੀਦਵਾਰ ਗੁਲਾਮ ਅਹਿਮਦ ਮੀਰ, ਜੰਮੂ-ਕਸ਼ਮੀਰ ਨੈਸ਼ਨਲ ਪੈਂਥਰਸ ਪਾਰਟੀ ਦੇ ਅਹਿਮਦ ਵਾਨੀ ਅਤੇ ਜੰਮੂ-ਕਸ਼ਮੀਰ ਪੀਪਲਜ਼ ਕਾਨਫਰੰਸ ਦੇ ਚੌਧਰੀ ਜ਼ਾਫ਼ਰ ਅਲੀ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: