You’re viewing a text-only version of this website that uses less data. View the main version of the website including all images and videos.
ਜਗਮੀਤ ਬਰਾੜ ਅਕਾਲੀ ਦਲ ’ਚ ਸ਼ਾਮਿਲ, ‘ਹੋਈ ਘਰ ਵਾਪਸੀ’: ਪੁਰਾਣੇ ਵਿਰੋਧੀ ਬਾਦਲਾਂ ਨਾਲ 2019 ਲੋਕ ਸਭਾ ਚੋਣਾਂ ਤੋਂ ਪਹਿਲਾ ਰਲੇ
ਸਾਬਕਾ ਕਾਂਗਰਸ ਆਗੂ ਜਗਮੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ।
ਜਗਮੀਤ ਦੀ ਅਕਾਲੀ ਦਲ ਵਿੱਚ ਸ਼ਮੂਲੀਅਤ ਹੋਣ ਵੇਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹੇ।
ਜਗਮੀਤ ਬਰਾੜ ਦਾ ਸਿਆਸੀ ਕਰੀਅਰ 1980 ਵਿੱਚ ਮੁੱਖ ਤੌਰ ֹ'ਤੇ ਸ਼ੁਰੂ ਹੋਇਆ ਸੀ ਜਦੋਂ ਉਨ੍ਹਾਂ ਨੇ ਆਪਣੀ ਪਹਿਲੀ ਚੋਣ ਪ੍ਰਕਾਸ਼ ਸਿੰਘ ਬਾਦਲ ਖਿਲਾਫ ਕਾਂਗਰਸ ਦੀ ਟਿਕਟ 'ਤੇ ਲੜੀ ਸੀ।
ਸ਼ੁਰੂਆਤ ਭਾਵੇਂ ਹਾਰ ਨਾਲ ਹੋਈ ਪਰ ਕਾਂਗਰਸ ਵਿੱਚ ਉਨ੍ਹਾਂ ਨੇ ਲੰਬਾ ਸਮਾਂ ਗੁਜ਼ਾਰਿਆ। ਜਗਮੀਤ ਨੇ ਕੁੱਲ 10 ਵਾਰ ਚੋਣਾਂ ਲੜੀਆਂ ਹਨ। 1992 ਵਿੱਚ ਜਗਮੀਤ ਬਰਾੜ ਨੇ ਫਰੀਦਕੋਟ ਤੋਂ ਚੋਣ ਜਿੱਤੀ ਸੀ।
ਇਹ ਵੀ ਪੜ੍ਹੋ
ਸਾਲ 1999 ਵਿੱਚ ਤਾਂ ਉਨ੍ਹਾਂ ਨੇ ਵੱਡਾ ਕਮਾਲ ਕਰ ਦਿੱਤਾ ਸੀ। ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਰਹਿੰਦਿਆਂ ਜਗਮੀਤ ਬਰਾੜ ਨੇ ਉਨ੍ਹਾਂ ਦੇ ਪੁੱਤਰ ਸੁਖਬੀਰ ਬਾਦਲ ਨੂੰ ਹੀ ਫਰੀਦਕੋਟ ਸੀਟ ਤੋਂ ਹਰਾ ਦਿੱਤਾ ਸੀ। ਪਰ ਜਗਮੀਤ ਉਸ ਤੋਂ ਬਾਅਦ ਕਦੇ ਜਿੱਤ ਦਾ ਮੂੰਹ ਨਹੀਂ ਵੇਖ ਸਕੇ।
ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ ਯੂਪੀਏ ਹਾਰੀ ਅਤੇ ਕਾਂਗਰਸ 50 ਦਾ ਅੰਕੜਾ ਵੀ ਨਹੀਂ ਪਾਰ ਕਰ ਸਕੀ ਤਾਂ ਜਗਮੀਤ ਬਰਾੜ ਨੇ ਕਾਂਗਰਸ ਦੀ ਕੌਮੀ ਲੀਡਰਸ਼ਿਪ 'ਤੇ ਸਵਾਲ ਚੁੱਕੇ ਸਨ।
ਅਗਲੇ ਸਾਲ 2015 ਵਿੱਚ ਉਨ੍ਹਾਂ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਫਿਰ ਜਗਮੀਤ ਨੇ ਅਰਵਿੰਦ ਕੇਜਰੀਵਾਲ ਨਾਲ ਸਟੇਜ ਵੀ ਸਾਂਝੀ ਕੀਤੀ ਪਰ ਆਮ ਆਦਮੀ ਪਾਰਟੀ ਨਾਲ ਗੱਲ ਅੱਗੇ ਨਹੀਂ ਤੁਰੀ।
ਆਖਿਰ ਜਗਮੀਤ ਨੇ ਰੁਖ ਬੰਗਾਲ ਵੱਲ ਕੀਤਾ — ਬੰਗਾਲ ਤੋਂ ਚੋਣ ਨਹੀਂ ਲੜੀ। ਉਹ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋ ਗਏ।
ਇਹ ਵੀ ਪੜ੍ਹੋ
ਪੰਜਾਬ 'ਚ ਪਾਰਟੀ ਪ੍ਰਧਾਨ ਰਹਿੰਦਿਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦਾ ਇੱਕ ਵੀ ਉਮੀਦਵਾਰ ਨਹੀਂ ਜਿੱਤਿਆ ਸੀ। ਬਾਅਦ ਵਿੱਚ ਜਗਮੀਤ ਬਰਾੜ ਨੇ ਟੀਐੱਮਸੀ ਵੀ ਛੱਡ ਦਿੱਤੀ ਸੀ।
2019 ਦੀਆਂ ਲੋਕ ਸਭਾ ਚੋਣਾਂ ਆ ਗਈਆਂ ਹਨ। ਗੱਲ ਤਾਂ ਚੱਲ ਹੀ ਰਹੀ ਸੀ ਜਗਮੀਤ ਬਰਾੜ ਹੁਣ ਕਿੱਥੇ ਜਾਣਗੇ।
ਜਗਮੀਤ ਜਿਸ ਪਾਰਟੀ ਦੇ ਆਗੂਆਂ ਨੂੰ ਭੰਡਦੇ ਰਹੇ, ਉਸੇ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਅਤੇ ਰਸਮੀ ਤੌਰ ’ਤੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।
ਇਸ ਮੌਕੇ ਕੀ ਕਿਹਾ ਗਿਆ?
ਜਗਮੀਤ ਦੀ ਅਕਾਲੀ ਦਲ 'ਚ ਸ਼ਮੂਲੀਅਤ ਵੇਲੇ ਮੁਕਤਸਰ ਵਿਖੇ ਪਹਿਲਾਂ ਬੋਲਦਿਆਂ ਅਕਾਲੀ ਦਲ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਜਗਮੀਤ ਨੂੰ ਇੱਕ ਉੱਘੇ ਬੁਲਾਰੇ ਅਤੇ ਅਣਥੱਕ ਆਗੂ ਆਖਿਆ।
ਉਨ੍ਹਾਂ ਦੇ ਅਕਾਲੀ ਦਲ 'ਚ ਆਉਣ ਨੂੰ "ਘਰ ਵਾਪਸੀ" ਕਰਾਰ ਦਿੱਤਾ ਕਿਉਂਕਿ ਬਰਾੜ ਦੇ ਪਿਤਾ ਅਕਾਲੀ ਦਲ 'ਚ ਰਹੇ ਸਨ।
ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਗਮੀਤ ਬਰਾੜ ਖਿਲਾਫ ਲੜੀ ਆਪਣੀ ਪਹਿਲੀ ਚੋਣ ਨੂੰ ਆਪਣੇ ਲਈ ਬਹੁਤ ਵੱਡਾ ਤਜਰਬਾ ਦੱਸਿਆ।
ਸੁਖਬੀਰ ਨੇ ਕਿਹਾ ਕਿ ਜਗਮੀਤ ਬਰਾੜ ਉਨ੍ਹਾਂ ਦਾ ਪਰਿਵਾਰ ਹੀ ਹਨ ਅਤੇ ਉਨ੍ਹਾਂ ਦਾ ਨਿਸ਼ਾਨਾ ਇੱਕ ਹੈ ਕਿ ਪੰਜਾਬ ਨੂੰ ਚੰਗੀ ਲੀਡਰਸ਼ਿਪ ਦੇਈਏ।
ਸੁਖਬੀਰ ਬਾਦਲ ਨੇ ਕਿਹਾ, “ਅਸੀਂ ਕਦੇ ਕੋਈ ਅਜਿਹੀ ਗੱਲ ਨਹੀਂ ਕਹਿੰਦੇ ਜਿਹੜੀ ਅਸੀਂ ਕਰ ਨਾ ਸਕੀਏ।”
ਪ੍ਰਕਾਸ਼ ਸਿੰਘ ਬਾਦਲ ਨੇ ਜਗਮੀਤ ਨੂੰ ਮੌਕੇ ਦਾ ਹੀਰੋ ਅਤੇ "ਲਾੜਾ" ਕਹਿ ਕੇ ਸੰਬੋਧਿਤ ਕੀਤਾ ਅਤੇ ਕਿਹਾ ਹੈ ਕਿ ਇਹ ਇੱਕ ਇਤਿਹਾਸਕ ਦਿਨ ਹੈ।
ਬਾਦਲ ਨੇ ਜਗਮੀਤ ਨੂੰ "ਪੰਥਕ ਦਿਲ ਤੇ ਦਿਮਾਗ ਦਾ ਮਾਲਿਕ" ਦੱਸਿਆ।
ਜਗਮੀਤ ਨੇ ਆਪਣੇ ਸੰਬੋਧਨ 'ਚ ਹਰਸਿਮਰਤ ਕੌਰ ਬਾਦਲ ਦੀ ਇਸ ਗੱਲ 'ਤੇ ਸਿਫਤ ਕੀਤੀ ਕਿ ਉਨ੍ਹਾਂ ਦੇ ਸਿਰੋਂ ਕਦੇ ਚੁੰਨੀ ਨਹੀਂ ਲਹਿੰਦੀ। ਸੁਖਬੀਰ ਨੂੰ ਆਪਣਾ ਛੋਟਾ ਭਰਾ ਪਰ ਹੁਣ ਲੀਡਰ ਆਖ ਕੇ ਉਨ੍ਹਾਂ ਹੇਠਾਂ ਕੰਮ ਕਰਨ ਦਾ ਪ੍ਰਣ ਲਿਆ।
ਜਗਮੀਤ ਨੇ ਆਪਣੇ ਪਰਿਵਾਰ ਦੀਆਂ ਬਾਦਲਾਂ ਅਤੇ ਮਜੀਠੀਆ ਨਾਲ ਸਾਂਝ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਭਰਾ ਰਿਪਜੀਤ ਸਿੰਘ ਬਰਾੜ ਕਾਂਗਰਸ ਵਿਧਾਇਕ ਹੁੰਦਿਆਂ ਵੀ ਜਦੋਂ ਉਸ ਵੇਲੇ ਦੇ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਕੰਮ ਆਖਿਆ ਤਾਂ ਨਾਂਹ ਨਹੀਂ ਹੋਈ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ