You’re viewing a text-only version of this website that uses less data. View the main version of the website including all images and videos.
ਜੈੱਟ ਏਅਰਵੇਜ਼ ਦੇ ਮੁਲਾਜ਼ਮਾਂ ਦਾ ਪ੍ਰਧਾਨ ਮੰਤਰੀ ਨੂੰ ਸਵਾਲ, ‘ਕੀ ਕਰੀਏ, ਕੀ ਖਾਈਏ? ਭੀਖ ਮੰਗੀਏ?’
ਬੁੱਧਵਾਰ ਨੂੰ ਜੈੱਟ ਏਅਰਵੇਜ਼ ਨੇ ਅੰਮ੍ਰਿਤਸਰ ਤੋਂ ਮੁੰਬਈ ਤੱਕ ਆਖਰੀ ਉਡਾਨ ਭਰੀ। ਏਅਰਲਾਈਂਜ਼ 'ਤੇ ਤਕਰੀਬਨ 7000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ ਹੈ। ਸਟੇਟ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਦੇਨਦਾਰਾਂ ਨੇ ਕੰਪਨੀ ਨੂੰ ਐਮਰਜੈਂਸੀ ਕਰਜ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਇੱਕ ਵਕਤ ਸੀ ਜਦੋਂ ਜੈੱਟ ਏਅਰਵੇਜ਼ 100 ਤੋਂ ਵੱਧ ਪਲੇਨ ਉਡਾਉਂਦੀ ਸੀ ਅਤੇ ਇਸ ਨੂੰ ਭਾਰਤ ਦੀ ਨੰਬਰ ਵਨ ਏਅਰਲਾਈਂਜ਼ ਕਿਹਾ ਜਾਂਦਾ ਸੀ।
ਪਰ ਪਿਛਲੇ ਕੁਝ ਮਹੀਨੇ ਤੋਂ ਜੈੱਟ ਵਿੱਚ ਮਾਲੀ ਪ੍ਰੇਸ਼ਾਨੀਆਂ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਲੋਕਾਂ ਦੀਆਂ ਤਨਖ਼ਾਹਾਂ ਵਿੱਚ ਦੇਰੀ ਹੋਣ ਲਗੀ।
ਕਰਜ਼ ਵਾਪਸ ਨਾ ਕਰ ਸਕਨ ਕਾਰਨ ਕੌਮੀ ਤੇ ਕੌਮਾਂਤਰੀ ਉਡਾਣਾਂ ਰੋਕਣੀਆਂ ਪਈਆਂ।
ਇਹ ਵੀ ਪੜ੍ਹੋ
ਜੈੱਟ ਦੀਆਂ ਆਰਥਿਕ ਚੁਣੌਤੀਆਂ ਲਈ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਕਮਜ਼ੋਰੀ, ਸਸਤੇ ਕਿਰਾਏ ਵਾਲੀਆਂ ਏਅਰਲਾਈਂਜ਼ ਨਾਲ ਮੁਕਾਬਲਾ, ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਵਰਗੇ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।
ਇਸ ਦੇ ਇਲਾਵਾ ਜਾਣਕਾਰ ‘ਏਅਰ ਸਹਾਰਾ’ ਨੂੰ ਖਰੀਦਣ ਦੇ ਫੈਸਲੇ ਅਤੇ ਮੈਨੇਜਮੈਂਟ ਦੇ ਕੰਮ ਕਰਨ ਦੇ ਅੰਦਾਜ਼ ਨੂੰ ਵੀ ਜੈੱਟ ਦੀ ਖਰਾਬ ਆਰਥਿਕ ਹਾਲਾਤ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ।
ਜੈੱਟ ਏਅਰਵੇਜ਼ ਦੇ ਪੇਅ-ਰੋਲ ’ਤੇ 16,000 ਮੁਲਾਜ਼ਮ ਹਨ। ਇਸ ਦੇ ਇਲਾਵਾ ਕਰੀਬ 6,000 ਮੁਲਾਜ਼ਮ ਠੇਕੇ 'ਤੇ ਹਨ। ਵੀਰਵਾਰ ਨੂੰ ਜੈੱਟ ਏਅਰਵੇਜ਼ ਦੇ ਸੈਂਕੜੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕੀਤਾ।
ਬੀਬੀਸੀ ਪੱਤਰਕਾਰ ਵਿਨੀਤ ਖਰੇ ਨੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ।
ਸੰਗੀਤਾ ਮੁਖਰਜੀ
ਮੇਰੇ ਪਤੀ ਪਿਛਲੇ 22 ਸਾਲਾਂ ਤੋਂ ਜੈੱਟ ਏਅਰਵੇਜ਼ ਵਿੱਚ ਕੰਮ ਕਰ ਰਹੇ ਹਨ। ਮੇਰੀ ਮਾਂ ਕੈਂਸਰ ਨਾਲ ਪੀੜਤ ਹੈ। ਮੇਰਾ ਪੁੱਤਰ ਨੌਂਵੀ ਜਮਾਤ ਵਿੱਚ ਹੈ।
ਉਸ ਦੀ ਫੀਸ ਜਮਾ ਨਹੀਂ ਹੋਈ ਹੈ। ਮੰਮੀ ਦਾ ਇਲਾਜ ਬੰਦ ਹੋ ਗਿਆ ਹੈ। ਸਰਕਾਰ ਨੂੰ ਕੋਈ ਕਦਮ ਚੁੱਕਣਾ ਚਾਹੀਦਾ ਹੈ। ਅਜਿਹਾ ਨਹੀਂ ਚੱਲ ਸਕਦਾ ਹੈ, ਕਿ ਕੋਈ ਕੁਝ ਵੀ ਕਰੇ ਅਤੇ ਲੰਦਨ ਵਿੱਚ ਵਸ ਜਾਵੇ।
ਜੈੱਟ ਦਾ ਸਟਾਫ ਟੈਂਸ਼ਨ ਅਤੇ ਡਿਪਰੈਸ਼ਨ ਵਿੱਚ ਹੈ। ਉਹ ਲੋਕ ਸ਼ਾਇਦ ਠੰਢੇ ਦਿਮਾਗ ਤੋਂ ਪ੍ਰਦਰਸ਼ਨ ਕਰ ਰਹੇ ਹਨ ਪਰ ਅਸੀਂ ਘਰਵਾਲੇ ਅਜਿਹਾ ਨਹੀਂ ਕਰ ਪਾ ਰਹੇ ਹਾਂ।
ਮੋਦੀ ਜੀ ਪਲੀਜ਼ ਕੁਝ ਕਰੋ। ਇਹ ਜੋ ਅਸੀਂ ਵੇਖ ਰਹੇ ਹਾਂ ਉਹ ਕੀ ਅੱਛੇ ਦਿਨ ਹਨ? ਨਰੇਸ਼ ਗੋਇਲ ਕਿੱਥੇ ਹਨ? ਉਨ੍ਹਾਂ ਨੂੰ ਬੁਲਾਓ, ਇਹ ਸਭ ਮੀਡੀਆ ਦੇ ਸਹਾਰੇ ਚੱਲ ਰਿਹਾ ਹੈ। ਕਿਉਂ ਕੋਈ ਸਾਹਮਣੇ ਨਹੀਂ ਆ ਰਿਹਾ ਹੈ?
ਕਿੰਗਫਿਸ਼ਰ ਤੋਂ ਬਾਅਦ ਜੈੱਟ ਬੰਦ ਹੋਣ ਵਾਲਾ ਹੈ... ਕੀ ਇਹ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ? ਕੁਝ ਦਿਨ ਬਾਅਦ ਸਪਾਈਸ ਜੈੱਟ ਤੇ ਇੰਡੀਗੋ ਵੀ ਜਾਣਗੇ।
ਕੀ ਕਰੀਏ? ਕੀ ਖਾਈਏ? ਰੋਡ 'ਤੇ ਭੀਖ ਮੰਗੀਏ? (ਜੈੱਟ ਨੂੰ ਬਚਾਉਣ ਲਈ) ਸਾਰੇ ਮੁਲਾਜ਼ਮ ਮਦਦ ਕਰਨ ਲਈ ਤਿਆਰ ਹਨ?
ਅਨੀ ਝਾਅ
ਮੇਰੇ ਪਤੀ ਨੇ 22 ਸਾਲ ਜੈੱਟ ਨੂੰ ਦਿੱਤੇ ਹਨ। ਮੋਦੀ ਸਰਕਾਰ ਕੋਈ ਕਦਮ ਕਿਉਂ ਨਹੀਂ ਚੁੱਕ ਰਹੀ ਹੈ?
ਜੈੱਟ ਏਅਰਵੇਜ਼ ਨੂੰ ਕਿਉਂ ਬੰਦ ਕੀਤਾ ਜਾ ਰਿਹਾ ਹੈ? ਮੇਰੇ ਬੱਚਿਆਂ ਦੀ ਫੀਸ ਨਹੀਂ ਜਾ ਰਹੀ ਹੈ। ਮੇਰੀ ਧੀ ਇਸ ਵਾਰ 10ਵੀਂ ਦਾ ਇਮਤਿਹਾਨ ਦੇਵੇਗੀ। ਉਸ ਦੇ ਭਵਿੱਖ ਦਾ ਕੀ ਹੋਵੇਗਾ?
ਦੋ ਮਹੀਨੇ ਫੀਸ ਨਹੀਂ ਦੇਵਾਂਗੇ ਤਾਂ ਉਸ ਨੂੰ ਸਕੂਲ ਤੋਂ ਕੱਢ ਦਿੱਤਾ ਜਾਵੇਗਾ।
ਮੋਦੀ ਸਰਕਾਰ ਨੂੰ, ਨਰੇਸ਼ ਗੋਇਲ ਨੂੰ ਸਾਹਮਣੇ ਬੁਲਾਓ। ਸਾਨੂੰ ਸਾਰੀਆਂ ਖ਼ਬਰਾਂ ਮੀਡੀਆ ਰਾਹੀਂ ਕਿਉਂ ਮਿਲ ਰਹੀਆਂ ਹਨ।
ਜੇ ਸਾਡਾ ਕੋਈ ਫੈਸਲਾ ਨਹੀਂ ਹੋਇਆ ਤਾਂ ਅਸੀਂ ਅਤੇ ਸਾਡੇ ਪਰਿਵਾਰ ਵਿੱਚੋਂ ਕੋਈ ਵੋਟ ਦੇਣ ਨਹੀਂ ਜਾਵੇਗਾ।
ਅਸੀਂ ਲੋਕ ਦੂਜਿਆਂ ਤੋਂ ਪੈਸੇ ਲੈ ਕੇ ਘਰ ਚਲਾ ਰਹੇ ਹਾਂ। ਇਸ ਉਮਰ ਵਿੱਚ ਸਾਨੂੰ ਮਾਪਿਆਂ ਦਾ ਸਹਾਰਾ ਹੋਣਾ ਚਾਹੀਦਾ ਹੈ ਪਰ ਮਾਪਿਆਂ ਤੋਂ ਪੈਸੇ ਲੈ ਕੇ ਹੀ ਅਸੀਂ ਘਰ ਚਲਾ ਰਹੇ ਹਾਂ। ਅਸੀਂ ਕਿਰਾਏ 'ਤੇ ਰਹਿ ਰਹੇ ਹਾਂ।
ਇਸ ਦਿਨ ਲਈ ਅਸੀਂ 22 ਸਾਲ ਜੈੱਟ ਏਅਰਵੇਜ਼ ਨੂੰ ਦਿੱਤੇ? ਅਸੀਂ ਸੜਕ 'ਤੇ ਆ ਗਏ ਹਾਂ।
ਸਿਰਾਜ ਅਹਿਮਦ
ਇਸ ਕੰਪਨੀ ਵਿੱਚ ਮੈਨੂੰ 14 ਸਾਲ ਹੋ ਗਏ ਹਨ। ਮੈਂ ਇੰਜੀਨੀਅਰਿੰਗ ਡਿਪਾਰਟਮੈਂਟ ਵਿੱਚ ਹਾਂ। ਪਿਛਲੇ ਤਿੰਨ-ਚਾਰ ਮਹੀਨੇ ਤੋਂ ਸਾਨੂੰ ਤਨਖ਼ਾਹ ਨਹੀਂ ਮਿਲੀ ਹੈ।
ਇਹ ਵਕਤ ਬੱਚਿਆਂ ਦੇ ਦਾਖਲਿਆਂ ਦਾ ਹੈ। ਮੇਰਾ 6 ਸਾਲ ਦਾ ਪੁੱਤਰ ਹੈ। ਮੈਂ 60 ਹਜ਼ਾਰ ਰੁਪਏ ਫੀਸ ਜਮਾ ਕਰਨੀ ਹੈ। ਮੇਰੇ ਕੋਲ ਇੰਨਾ ਪੈਸਾ ਨਹੀਂ ਹੈ।
ਮੈਂ ਕਦੇ ਸੋਚਿਆ ਨਹੀਂ ਸੀ ਕਿ ਜੈੱਟ ਏਅਰਵੇਜ਼ ਨਾਲ ਅਜਿਹਾ ਹੋਵੇਗਾ। ਸਾਨੂੰ ਪਤਾ ਨਹੀਂ ਕਿ ਕੰਪਨੀ ਵਿੱਚ ਕੀ ਹੋ ਰਿਹਾ ਹੈ।
ਜਦੋਂ ਮੈਂ 2004 ਵਿੱਚ ਜੈੱਟ ਏਅਰਵੇਜ਼ ਵਿੱਚ ਨੌਕਰੀ ਸ਼ੁਰੂ ਕੀਤੀ ਸੀ ਤਾਂ ਹਰ ਕੋਈ ਇੱਥੇ ਹੀ ਨੌਕਰੀ ਕਰਨਾ ਚਾਹੁੰਦਾ ਸੀ।
ਇਸ ਦੌਰਾਨ ਅਸੀਂ ਨੌਕਰੀ ਲਈ ਕਿਤੇ ਅਪਲਾਈ ਵੀ ਨਹੀਂ ਕੀਤਾ।
ਪਿਛਲੇ 14 ਸਾਲਾਂ ਵਿੱਚ ਅਸੀਂ ਆਪਣਾ ਘਰ ਖਰੀਦਿਆ। ਹੁਣ ਘਰ ਦੀ ਕਿਸ਼ਤ ਦੇਣਾ ਵੀ ਮੁਸ਼ਕਿਲ ਹੋ ਰਿਹਾ ਹੈ। ਬੈਂਕ ਵਾਲਿਆਂ ਨੇ ਕਿਸ਼ਤ ਲਈ ਫੋਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਜਿਨ੍ਹਾਂ ਦੋਸਤਾਂ ਤੋਂ ਪੈਸੇ ਉਧਾਰ ਲਏ ਸਨ, ਉਹ ਵੀ ਹੁਣ ਪੈਸੇ ਮੰਗ ਰਹੇ ਹਨ।
ਕਈ ਥਾਵਾਂ 'ਤੇ ਨੌਕਰੀ ਲਈ ਅਪਲਾਈ ਕੀਤਾ ਪਰ ਕਿਤੇ ਵੀ ਇੰਨੀ ਵੱਡੀ ਤਦਾਦ ਵਿੱਚ ਨੌਕਰੀਆਂ ਨਹੀਂ ਹਨ।
ਸਾਨੂੰ 6-8 ਮਹੀਨੇ ਰੁਕਣਾ ਪਵੇਗਾ, ਫਿਰ ਨੌਕਰੀ ਮਿਲੇਗੀ।
ਰੇਨੂੰ ਰਜੌਰਾ
ਮੈਂ ਪਿਛਲੇ ਪੰਜ ਸਾਲ ਤੋਂ ਜੈੱਟ ਏਅਰਵੇਜ਼ ਦੀ ਕੈਬਿਨ ਕਰੂ ਦੀ ਮੈਂਬਰ ਹਾਂ। ਅੱਜ ਸਾਡੀ ਏਅਰਲਾਈਂਜ਼ ਖ਼ਤਰੇ ਵਿੱਚ ਹੈ। ਮੁੱਦਾ ਤਨਖ਼ਾਹ ਦਾ ਵੀ ਨਹੀਂ ਹੈ। ਸਾਡੀ ਏਅਰਲਾਈਂਜ਼ ਬਚਣੀ ਚਾਹੀਦੀ ਹੈ।
ਅਸੀਂ ਨਾ ਸਰਕਾਰ ਦੇ ਖਿਲਾਫ਼ ਹਾਂ ਅਤੇ ਨਾ ਹੀ ਆਪਣੀ ਮੈਨੇਜਮੈਂਟ ਖਿਲਾਫ਼।
ਅਸੀਂ ਸਾਰੇ ਆਪਣੀ ਕੰਪਨੀ ਨੂੰ ਬਚਾਉਣ ਵਾਸਤੇ ਇਕੱਠਾ ਹੋਏ ਹਾਂ। ਮੇਰੀ ਸਰਕਾਰ ਤੋਂ ਗੁਜ਼ਾਰਿਸ਼ ਹੈ ਕਿ ਸਾਡੀ ਏਅਰਲਾਈਂਜ਼ ਨੂੰ ਬਚਾਇਆ ਜਾਵੇ।
ਇਹ ਵੀ ਪੜ੍ਹੋ:
ਜਦੋਂ ਤੁਸੀਂ ਏਅਰ ਇੰਡੀਆ ਦੀ ਮਦਦ ਕਰ ਸਕਦੇ ਹੋ ਤਾਂ ਤੁਸੀਂ ਸਾਡੀ ਵੀ ਮਦਦ ਕਰ ਸਕਦੇ ਹੋ। ਇਹ 25 ਸਾਲ ਪੁਰਾਣੀ ਕੰਪਨੀ ਹੈ। ਦੇਸ-ਵਿਦੇਸ਼ ਵਿੱਚ ਹਰ ਕੋਈ ਜੈੱਟ ਏਅਰਵੇਜ਼ ਨੂੰ ਜਾਣਦਾ ਹੈ।
ਮੋਦੀ ਜੀ ਨੂੰ ਬੇਨਤੀ ਹੈ ਕਿ ਸਾਡੀ ਕੰਪਨੀ ਨੂੰ ਬਚਾ ਲਓ। ਇੱਥੇ ਲੋਕਾਂ ਦੇ ਪਰਿਵਾਰਾਂ ਦਾ ਸਵਾਲ ਹੈ। ਸਾਰੇ ਨੌਕਰੀ ਤੋਂ ਬਿਨਾ ਬੇਘਰ ਹੋ ਜਾਣਗੇ, ਬਿਨਾਂ ਤਨਖ਼ਾਹ ਦੇ ਅਸੀਂ ਕਿੱਥੇ ਜਾਵਾਂਗੇ, ਕੀ ਕਰਾਂਗੇ?
ਕੈਪਟਨ ਸੁਧਾ ਬੇਂਗਾਨੀ
2001 ਵਿੱਚ ਮੈਂ ਅਤੇ ਮੇਰੇ ਪਤੀ ਨੇ ਜੈੱਟ ਏਅਰਵੇਜ਼ ਨੂੰ ਜੁਆਇਨ ਕੀਤਾ। ਅਸੀਂ ਅੱਜ ਜੋ ਹਾਂ ਉਹ ਇਸ ਏਅਰਲਾਈਂਜ਼ ਕਰਕੇ ਹੈ।
ਮੈਂ ਜੈਨ ਮਾਰਵਾੜੀ ਪਰਿਵਾਰ ਤੋਂ ਹਾਂ। ਉਹ ਆਪਣੀਆਂ ਬੱਚੀਆਂ ਨੂੰ ਦੇਰ ਰਾਤ ਨੌਕਰੀ 'ਤੇ ਜਾਣ ਦੇ ਮਾਮਲੇ ਵਿੱਚ ਕਾਫੀ ਰੂੜ੍ਹੀਵਾਦੀ ਹੁੰਦੇ ਸਨ। ਮੇਰੇ ਦਾਦਾ ਅਤੇ ਮੇਰੇ ਮਾਪਿਆਂ ਦਾ ਮੈਨੂੰ ਬਹੁਤ ਸਪੋਰਟ ਰਿਹਾ ਹੈ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਜ਼ਿੰਦਗੀ ਵਿੱਚ ਜੋ ਕੁਝ ਵੀ ਕਰਨਾ ਚਾਹੁੰਦੀ ਹਾਂ, ਉਹ ਜ਼ਰੂਰ ਕਰਾਂ।
ਮੇਰੇ ਪਿਤਾ ਨਾਈਜੀਰੀਆ ਵਿੱਚ ਕੰਮ ਕਰਦੇ ਸਨ। ਬਚਪਨ ਵਿੱਚ ਜਦੋਂ ਉਨ੍ਹਾਂ ਨੇ ਮੈਨੂੰ ਬੌਂਬੇ (ਮੁੰਬਈ) ਤੋਂ ਲਾਗੋਸ ਦੀ ਫਲਾਈਟ 'ਤੇ ਬਿਠਾਇਆ, ਉਸ ਵਕਤ ਵਿੱਚ ਮੈਂ ਚੌਥੀ ਕਲਾਸ ਵਿੱਚ ਸੀ।
ਉਸੇ ਦਿਨ ਮੈਂ ਪਾਇਲਟ ਬਣਨ ਦਾ ਫੈਸਲਾ ਲਿਆ।
ਮੈਨੂੰ ਲਗਿਆ ਕਿ ਘੁੰਮਣ ਦੇ ਲਿਹਾਜ਼ ਨਾਲ ਇਹ ਬਹੁਚ ਚੰਗੀ ਨੌਕਰੀ ਹੈ ਜਿੱਥੇ ਮੁਫ਼ਤ ਵਿੱਚ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਸਫ਼ਰ ਕਰਦੇ ਹੋ।
ਅੱਠਵੀਂ ਕਲਾਸ ਵਿੱਚ ਆਉਂਦੇ-ਆਉਂਦੇ ਦਿਮਾਗ ਵਿੱਚ ਤਸਵੀਰ ਸਾਫ਼ ਹੋਈ ਕਿ ਮੈਂ ਇਹ ਕੰਮ ਕਰ ਸਕਦੀ ਹਾਂ।
ਮੈਂ ਇੰਦੌਰ ਦੇ ਇੰਸਟੀਚਿਊਟ ਤੋਂ ਫਲਾਈਂਗ ਸ਼ੁਰੂ ਕੀਤੀ ਅਤੇ 1995 ਵਿੱਚ ਮੈਨੂੰ ਲਾਈਸੈਂਸ ਮਿਲ ਗਿਆ ਹੈ। ਜਦੋਂ ਜੈੱਟ ਏਅਰਵੇਜ਼ ਵਿੱਚ ਨੌਕਰੀ ਮਿਲੀ ਤਾਂ ਮੈਨੂੰ ਵਿਸ਼ਵਾਸ ਨਹੀਂ ਹੋਇਆ।
ਉਸ ਵੇਲੇ ਮੇਰੀ ਉਮਰ ਕੇਵਲ 26 ਸਾਲ ਦੀ ਸੀ। ਉਸ ਵਕਤ ਫਲਾਈਟਸ 'ਤੇ ਬਹੁਤ ਘੱਟ ਮਹਿਲਾ ਪਾਇਲਟ ਅਤੇ ਕੋ-ਪਾਇਲਟਸ ਹੁੰਦੀਆਂ ਸਨ।
ਜਦੋਂ ਅਸੀਂ ਜਾਂਦੇ ਸੀ ਤਾਂ ਲੋਕ ਕਹਿੰਦੇ ਸੀ ਕਿ, ਕੀ ਇਹ ਛੋਟੀ ਜਿਹੀ ਕੁੜੀ ਪਲੇਨ ਉਡਾ ਲਵੇਗੀ? ਲੋਕ ਕਹਿੰਦੇ ਸਨ ਕਿ ਉਹ ਮਹਿਲਾ ਪਾਇਲਟਸ ਵੇਖ ਕੇ ਬਹੁਤ ਖੁਸ਼ ਹਨ।
ਅਸੀਂ ਚਾਹੁੰਦੇ ਹਾਂ ਕਿ ਸਾਨੂੰ ਮੌਕਾ ਦਿੱਤਾ ਜਾਵੇ। ਇੱਕ ਨਵੀਂ ਮੈਨੇਜਮੈਂਟ ਆਏ, ਅਸੀਂ ਵਾਪਸ ਮਿਹਨਤ ਕਰੀਏ ਅਤੇ ਜਹਾਜ਼ਾਂ ਨੂੰ ਉਡਾਈਏ।
ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ