You’re viewing a text-only version of this website that uses less data. View the main version of the website including all images and videos.
ਅਸਹਿਮਤੀ ਰੱਖਣ ਵਾਲਿਆਂ ਨੂੰ ਕਦੇ ਰਾਸ਼ਟਰ ਵਿਰੋਧੀ ਨਹੀਂ ਕਿਹਾ - ਅਡਵਾਨੀ
ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਆਖਿਰਕਾਰ ਚੋਣਾਂ ਦੇ ਪਹਿਲੇ ਗੇੜ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਆਪਣੀ ਚੁੱਪੀ ਤੋੜੀ ਹੈ।
ਪਾਰਟੀ ਦੇ ਸਥਾਪਨਾ ਦਿਹਾੜੇ ਤੋਂ ਦੋ ਦਿਨ ਪਹਿਲਾਂ ਚੁੱਪੀ ਤੋੜਨ ਲਈ ਉਨ੍ਹਾਂ ਨੇ ਆਪਣੇ ਜਾਣੇ ਪਛਾਣੇ ਅੰਦਾਜ਼ ਵਿੱਚ ਕੋਈ ਭਾਸ਼ਣ ਤਾਂ ਨਹੀਂ ਦਿੱਤਾ, ਪਰ ਆਪਣੀ ਗੱਲ ਕਹਿਣ ਲਈ ਬਲਾਗ ਦਾ ਸਹਾਰਾ ਜ਼ਰੂਰ ਲਿਆ।
500 ਤੋਂ ਵੱਧ ਸ਼ਬਦਾਂ ਵਿੱਚ ਅੰਗਰੇਜ਼ੀ ਵਿੱਚ ਲਿਖੇ ਇਸ ਬਲਾਗ ਦੀ ਹੈੱਡਲਾਈਨ ਹੈ 'ਨੇਸ਼ਨ ਫਰਸਟ, ਪਾਰਟੀ ਨੈਕਸਟ, ਸੈਲਫ਼ ਲਾਸਟ' (ਮਤਲਬ ਪਹਿਲਾਂ ਮੁਲਕ, ਫਿਰ ਪਾਰਟੀ, ਅਖੀਰ ਵਿੱਚ ਖ਼ੁਦ)।
ਅਡਵਾਨੀ ਦੀ ਰਵਾਇਤੀ ਸੰਸਦੀ ਸੀਟ ਗਾਂਧੀਨਗਰ ਤੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਅਡਵਾਨੀ ਨੇ ਜਨਤਕ ਤੌਰ 'ਤੇ ਪਹਿਲੀ ਵਾਰ ਕੋਈ ਟਿੱਪਣੀ ਕੀਤੀ ਹੈ।
ਇਹ ਬਲਾਗ ਪਾਰਟੀ ਕਾਰਕੁਨਾਂ ਨੂੰ ਸੰਬੋਧਿਤ ਹੈ ਅਤੇ 6 ਅਪਰੈਲ ਨੂੰ ਪਾਰਟੀ ਦੇ ਸਥਾਪਨਾ ਦਿਹਾੜੇ ਤੋਂ ਦੋ ਦਿਨ ਪਹਿਲਾਂ ਲਿਖਿਆ ਗਿਆ।
ਇਹ ਵੀ ਪੜ੍ਹੋ
ਅਡਵਾਨੀ ਨੇ ਲਿਖਿਆ ਹੈ:-
ਭਾਜਪਾ ਵਿੱਚ ਇਹ ਸਾਡੇ ਸਾਰਿਆਂ ਲਈ ਇੱਕ ਅਹਿਮ ਮੌਕਾ ਹੈ, ਆਪਣੇ ਪਿੱਛੇ ਦੇਖਣ ਦਾ, ਅੱਗੇ ਦੇਖਣ ਦਾ ਅਤੇ ਅੰਦਰ ਝਾਤੀ ਮਾਰਨ ਦਾ। ਭਾਜਪਾ ਦੇ ਸੰਸਥਾਪਕਾਂ ਵਿੱਚੋਂ ਇੱਕ ਦੇ ਰੂਪ ਵਿੱਚ ਮੈਂ ਮੰਨਦਾ ਹਾਂ ਕਿ ਇਹ ਮੇਰਾ ਫਰਜ਼ ਹੈ ਕਿ ਮੈਂ ਭਾਰਤ ਦੇ ਲੋਕਾਂ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਾਂ ਅਤੇ ਖਾਸਕਰ ਆਪਣੀ ਪਾਰਟੀ ਦੇ ਲੱਖਾਂ ਕਾਰਕੁਨਾਂ ਦੇ ਨਾਲ। ਇਨ੍ਹਾਂ ਦੋਵਾਂ ਦੇ ਸਤਿਕਾਰ ਅਤੇ ਪਿਆਰ ਦਾ ਮੈਂ ਕਰਜ਼ਈ ਹਾਂ।
ਆਪਣੇ ਵਿਚਾਰਾਂ ਨੂੰ ਸਾਂਝਾ ਕਰਨ ਤੋਂ ਪਹਿਲਾਂ ਮੈਂ ਗਾਂਧੀਨਗਰ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ 1991 ਤੋਂ ਬਾਅਦ ਮੈਨੂੰ 6 ਵਾਰ ਲੋਕ ਸਭਾ ਲਈ ਚੁਣਿਆ। ਉਨ੍ਹਾਂ ਦੇ ਪਿਆਰ ਅਤੇ ਸਮਰਥਨ ਨੇ ਮੈਨੂੰ ਹਮੇਸ਼ਾ ਖੁਸ਼ੀ ਪ੍ਰਦਾਨ ਕੀਤੀ।
ਦੇਸ ਦੀ ਸੇਵਾ ਕਰਨਾ ਮੇਰਾ ਜਨੂੰਨ ਉਸ ਵੇਲੇ ਤੋਂ ਰਿਹਾ ਹੈ ਜਦੋਂ ਮੈਂ 14 ਸਾਲ ਦੀ ਉਮਰ ਵਿੱਚ ਰਾਸ਼ਟਰੀ ਸਵੈਂ ਸੇਵਕ ਸੰਘ ਨਾਲ ਜੁੜਿਆ ਸੀ। ਮੇਰਾ ਸਿਆਸੀ ਜੀਵਨ ਤਕਰੀਬਨ ਸੱਤ ਦਹਾਕਿਆਂ ਤੋਂ ਮੇਰੀ ਪਾਰਟੀ ਨਾਲ ਮਜ਼ਬੂਤੀ ਨਾਲ ਜੁੜਿਆ ਰਿਹਾ ਹੈ- ਪਹਿਲਾਂ ਭਾਰਤੀ ਜਨਸੰਘ ਨਾਲ ਅਤੇ ਬਾਅਦ ਵਿੱਚ ਭਾਜਪਾ ਨਾਲ।
ਮੈਂ ਦੋਹਾਂ ਪਾਰਟੀਆਂ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਸੀ। ਪੰਡਿਤ ਦੀਨ ਦਯਾਲ ਉਪਾਧਿਆਇ, ਅਟਲ ਬਿਹਾਰੀ ਵਾਜਪਾਈ ਅਤੇ ਕਈ ਹੋਰ ਮਹਾਨ ਅਤੇ ਪ੍ਰੇਰਣਾਦਾਈ ਆਗੂਆਂ ਨਾਲ ਜੁੜਨ ਦਾ ਮੈਨੂੰ ਮੌਕਾ ਮਿਲਿਆ।
ਇਹ ਵੀ ਪੜ੍ਹੋ
ਮੇਰੀ ਜ਼ਿੰਦਗੀ ਦਾ ਮਾਰਗਦਰਸ਼ਕ ਸਿਧਾਂਤ 'ਪਹਿਲਾਂ ਦੇਸ, ਫਿਰ ਪਾਰਟੀ ਅਤੇ ਅਖੀਰ ਵਿੱਚ ਖ਼ੁਦ' ਰਿਹਾ ਹੈ। ਹਾਲਾਤ ਜਿਵੇਂ ਦੇ ਮਰਜ਼ੀ ਹੋਣ ਮੈਂ ਇਸ ਸਿਧਾਂਤ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਗੇ ਵੀ ਕਰਦਾ ਰਹਾਂਗਾ।
ਭਾਰਤੀ ਲੋਕਤੰਤਰ ਦਾ ਸਾਰ, ਵਿਚਾਰਾਂ ਦੇ ਪ੍ਰਗਟਾਵੇ ਦਾ ਸਨਮਾਨ ਅਤੇ ਅਤੇ ਇਸਦੀ ਵਿਭਿੰਨਤਾ ਹੈ। ਆਪਣੀ ਸਥਾਪਨਾ ਦੇ ਬਾਅਦ ਤੋਂ ਹੀ ਭਾਜਪਾ ਨੇ ਕਦੇ ਵੀ ਉਨ੍ਹਾਂ ਨੂੰ ਆਪਣਾ 'ਦੁਸ਼ਮਨ' ਨਹੀਂ ਮੰਨਿਆ ਜੋ ਸਿਆਸੀ ਰੂਪ ਤੋਂ ਸਾਡੇ ਵਿਚਾਰਾਂ ਤੋਂ ਅਸਹਿਮਤ ਹੋਣ ਬਲਕਿ ਅਸੀਂ ਉਨ੍ਹਾਂ ਨੂੰ ਆਪਣਾ ਸਲਾਹਕਾਰ ਮੰਨਿਆ ਹੈ। ਇਸ ਤਰ੍ਹਾਂ ਭਾਰਤੀ ਰਾਸ਼ਟਰਵਾਦ ਦੀ ਸਾਡੀ ਧਾਰਨਾ ਵਿੱਚ ਅਸੀਂ ਕਦੇ ਵੀ ਉਨ੍ਹਾਂ ਨੂੰ 'ਰਾਸ਼ਟਰ ਵਿਰੋਧੀ' ਨਹੀਂ ਕਿਹਾ ਜੋ ਸਿਆਸੀ ਰੂਪ ਵਿੱਚ ਸਾਡੇ ਤੋਂ ਅਸਹਿਮਤ ਸਨ।
ਪਾਰਟੀ ਨਿੱਜੀ ਅਤੇ ਸਿਆਸੀ ਪੱਧਰ 'ਤੇ ਹਰ ਨਾਗਰਿਕ ਦੀ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨੂੰ ਲੈ ਕੇ ਦ੍ਰਿੜ ਹੈ।
ਦੇਸ ਵਿੱਚ ਅਤੇ ਪਾਰਟੀ ਦੇ ਅੰਦਰ ਲੋਕਤੰਤਰ ਅਤੇ ਲੋਕਤੰਤਰਿਕ ਪਰੰਪਰਾਵਾਂ ਦੀ ਰੱਖਿਆ ਭਾਰਤ ਲਈ ਮਾਣ ਵਾਲੀ ਗੱਲ ਰਹੀ ਹੈ। ਇਸ ਲਈ ਭਾਜਪਾ ਹਮੇਸ਼ਾ ਮੀਡੀਆ ਸਣੇ ਸਾਡੇ ਸਾਰੇ ਲੋਕਤੰਤਰਿਕ ਸੰਸਥਾਨਾਂ ਦੀ ਆਜ਼ਾਦੀ ਅਖੰਡਤਾ, ਨਿਰਪੱਖਤਾ ਅਤੇ ਮਜ਼ਬੂਤੀ ਦੀ ਮੰਗ ਕਰਨ ਵਿੱਚ ਸਭ ਤੋਂ ਅੱਗੇ ਰਹੀ ਹੈ। ਭ੍ਰਿਸ਼ਟਾਚਾਰ ਮੁਕਤ ਸਿਆਸਤ ਲਈ ਚੋਣ ਸੁਧਾਰ, ਸਿਆਸੀ ਅਤੇ ਚੋਣਾਂ ਵਿੱਚ ਫੰਡਿੰਗ ਦੀ ਪਾਰਦਸ਼ਤਾ 'ਤੇ ਵਿਸ਼ੇਸ਼ ਧਿਆਨ ਦੇਣਾ ਪਾਰਟੀ ਦੀ ਪਹਿਲ ਰਹੀ ਹੈ।
ਇਹ ਵੀ ਪੜ੍ਹੋ
ਸੰਖੇਪ ਵਿੱਚ, ਸੱਚ, ਰਾਸ਼ਟਰ ਨਿਸ਼ਠਾ ਅਤੇ ਲੋਕਤੰਤਰ ਨੇ ਮੇਰੀ ਪਾਰਟੀ ਦੇ ਸੰਘਰਸ ਦੇ ਵਿਕਾਸ ਨੂੰ ਨਿਰਦੇਸ਼ਿਤ ਕੀਤਾ ਹੈ। ਇਨ੍ਹਾਂ ਸਾਰੀਆਂ ਕਦਰਾਂ ਕੀਮਤਾਂ ਨੂੰ ਮਿਲਾਕੇ ਸੱਭਿਆਚਾਰਕ ਰਾਸ਼ਟਰਵਾਦ ਅਤੇ ਸਵਰਾਜ ਬਣਦਾ ਹੈ। ਜਿਸ 'ਤੇ ਮੇਰੀ ਪਾਰਟੀ ਹਮੇਸ਼ਾ ਡਟੀ ਰਹੀ ਹੈ। ਐਮਰਜੈਂਸੀ ਖ਼ਿਲਾਫ਼ ਇਤਿਹਾਸਿਕ ਸੰਘਰਸ਼ ਵੀ ਇਨ੍ਹਾਂ ਕਦਰਾਂ ਕੀਮਤਾਂ ਨੂੰ ਬਣਾਈ ਰੱਖਣ ਲਈ ਸੀ।
ਮੇਰੀ ਇਮਾਨਦਾਰੀ ਨਾਲ ਇੱਛਾ ਹੈ ਕਿ ਸਾਨੂੰ ਸਾਰਿਆਂ ਨੂੰ ਭਾਰਤ ਦੀ ਲੋਕਤੰਤਰਿਕ ਸਿੱਖਿਆ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਸੱਚ ਹੈ ਕਿ ਚੋਣਾਂ ਲੋਕਤੰਤਰ ਦਾ ਤਿਉਹਾਰ ਹਨ। ਪਰ ਉਹ ਭਾਰਤੀ ਲੋਕਤੰਤਰ ਦੇ ਸਾਰੇ ਹਿੱਤਧਾਰਕਾਂ- ਸਿਆਸੀ ਪਾਰਟੀਆਂ, ਮੀਡੀਆ, ਚੋਣ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ ਅਤੇ ਸਭ ਤੋਂ ਵਧ ਕੇ ਵੋਟਰਾਂ ਲਈ ਇਮਾਨਦਾਰੀ ਨਾਲ ਸਵੈ ਪੜਚੋਲ ਦਾ ਇੱਕ ਮੌਕਾ ਹੈ।
ਪੀਐੱਮ ਮੋਦੀ ਨੇ ਕੀਤਾ ਟਵੀਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਡਵਾਨੀ ਦੇ ਬਲਾਗ ਨੂੰ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਬਲਾਗ ਰਾਹੀਂ ਭਾਜਪਾ ਦਾ ਸਾਰ ਦੱਸਿਆ ਹੈ।
ਖ਼ਾਸਕਰ ਉਨ੍ਹਾਂ ਦਾ ਮਾਰਗਦਰਸ਼ਨ ਮੰਤਰ 'ਪਹਿਲਾਂ ਦੇਸ, ਫਿਰ ਪਾਰਟੀ ਅਤੇ ਅਖੀਰ ਵਿੱਚ ਖ਼ੁਦ'।
ਮੋਦੀ ਨੇ ਟਵੀਟ ਕੀਤਾ, ''ਭਾਜਪਾ ਕਾਰਕੁਨ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ ਅਤੇ ਮਾਣ ਇਸ ਗੱਲ 'ਤੇ ਵੀ ਹੈ ਕਿ ਐਲਕੇ ਅਡਵਾਨੀ ਵਰਗੀਆਂ ਮਹਾਨ ਸ਼ਖਸੀਅਤਾਂ ਨੇ ਇਸ ਨੂੰ ਮਜ਼ਬੂਤੀ ਦਿੱਤੀ।''