ਅਡਵਾਨੀ ਯੁੱਗ ਦਾ ਹੁਣ ਅੰਤ ਹੋ ਗਿਆ ਹੈ- ਨਜ਼ਰੀਆ

    • ਲੇਖਕ, ਅਜੇ ਸਿੰਘ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਲਈ

ਭਾਰਤੀ ਜਨਤਾ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ 184 ਉਮੀਦਵਾਰਾਂ ਦੀ ਜਿਹੜੀ ਪਹਿਲੀ ਲਿਸਟ ਜਾਰੀ ਕੀਤੀ ਹੈ, ਉਸ ਵਿੱਚ ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਲਾਲ ਕ੍ਰਿਸ਼ਨ ਅਡਵਾਨੀ ਦੀ ਥਾਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਦਾ ਨਾਮ ਹੈ।

ਅਡਵਾਨੀ 1998 ਤੋਂ ਹੀ ਇੱਥੋਂ ਜਿੱਤਦੇ ਆ ਰਹੇ ਸਨ ਪਰ ਇਸ ਵਾਰ ਪਾਰਟੀ ਨੇ ਉਨ੍ਹਾਂ ਨੂੰ ਮੌਕਾ ਨਹੀਂ ਦਿੱਤਾ ਹੈ।

ਇਹ ਸੁਭਾਵਿਕ ਹੀ ਜਾਪਦਾ ਹੈ ਕਿਉਂਕਿ ਅਡਵਾਨੀ ਹੁਣ ਉਸ ਉਮਰ 'ਚ ਹਨ ਜਿਸ ਵਿੱਚ ਤੁਸੀਂ ਅਗਾਂਹ ਹੋ ਕੇ ਪ੍ਰਚਾਰ ਨਹੀਂ ਕਰ ਸਕਦੇ।

ਚੋਣਾਂ ਵਿੱਚ ਜਿਵੇਂ ਮਿੱਟੀ ਵਿੱਚ ਮਿੱਟੀ ਹੋਣਾ ਪੈਂਦਾ ਹੈ, ਧੱਕੇ ਖਾਣੇ ਪੈਂਦੇ ਹਨ, ਸ਼ਰੀਰ ਨੂੰ ਧੱਕਣਾ ਪੈਂਦਾ ਹੈ, ਉਸ ਲਈ ਅਡਵਾਨੀ ਦੀ ਉਮਰ ਕੁਝ ਜ਼ਿਆਦਾ ਹੈ।

ਉਪ ਪ੍ਰਧਾਨ ਮੰਤਰੀ ਰਹੀ ਚੁੱਕੇ ਅਡਵਾਨੀ ਇਸ ਸਾਲ ਨਵੰਬਰ 'ਚ 92 ਸਾਲ ਦੇ ਹੋ ਜਾਣਗੇ। ਉਨ੍ਹਾਂ ਨੂੰ ਟਿਕਟ ਨਾ ਮਿਲਣ ਦਾ ਸਹਿਜ ਜਿਹਾ ਅਰਥ ਹੈ: ਭਾਜਪਾ ਵਿੱਚ ਪੀੜ੍ਹੀ ਦਾ ਬਦਲਾਅ ਹੁਣ ਪੱਕਾ ਹੁੰਦਾ ਨਜ਼ਰ ਆ ਰਿਹਾ ਹੈ।

ਇਹ ਵੀ ਜ਼ਰੂਰਪੜ੍ਹੋ:

ਤੁਲਨਾ ਠੀਕ?

ਅਡਵਾਨੀ ਦੀ ਸੀਟ ਤੋਂ ਅਮਿਤ ਸ਼ਾਹ ਦੇ ਲੜਨ ਬਾਰੇ ਕੁਝ ਲੋਕ ਕਹਿਣਗੇ ਕਿ ਅਮਿਤ ਸ਼ਾਹ ਦਾ ਕੱਦ ਹੁਣ ਅਡਵਾਨੀ ਦੇ ਬਰਾਬਰ ਹੋ ਗਿਆ ਹੈ।

ਅਸਲ ਵਿੱਚ ਤਾਂ ਕਿਸੇ ਵੀ ਸੀਟ ਤੋਂ ਲੜਨ ਨਾਲ ਕਿਸੇ ਦਾ ਕੱਦ ਲੰਮਾ ਜਾਂ ਛੋਟਾ ਨਹੀਂ ਹੁੰਦਾ।

ਜੇ ਸੀਟ ਨਾਲ ਕੱਦ ਜੁੜਿਆ ਹੁੰਦਾ ਤਾਂ ਵਾਰਾਣਸੀ ਤੋਂ ਮੋਦੀ ਖ਼ਿਲਾਫ਼ ਲੜਨ ਵਾਲੇ ਆਗੂਆਂ ਦਾ ਵੀ ਕੱਦ ਉਨ੍ਹਾਂ ਦੇ ਨੇੜੇ-ਤੇੜੇ ਤਾਂ ਪਹੁੰਚ ਹੀ ਜਾਂਦਾ।

ਇਹ ਵੀ ਕਹਿਣਾ ਪਵੇਗਾ ਕਿ ਮੋਦੀ ਦਾ ਕੱਦ ਵਾਰਾਣਸੀ ਤੋਂ ਲੜਨ ਕਰਕੇ ਨਹੀਂ ਵਧਿਆ, ਸਿਆਸੀ ਕੱਦ ਤਾਂ ਅਸਲ ਵਿੱਚ ਕਿਸੇ ਸਿਆਸਤਦਾਨ ਦੀ ਸ਼ਖ਼ਸੀਅਤ ਉੱਤੇ ਵੀ ਨਿਰਭਰ ਹੈ।

ਇਹ ਵੀ ਜ਼ਰੂਰਪੜ੍ਹੋ:

ਸੀਟ ਦਾ ਕੱਦ ਨਾਲ ਕੋਈ ਰਿਸ਼ਤਾ ਨਹੀਂ।

ਸਿਰਫ਼ ਇਸ ਲਈ ਕਿ ਅਮਿਤ ਸ਼ਾਹ ਹੁਣ ਗਾਂਧੀਨਗਰ ਤੋਂ ਲੜਨਗੇ, ਉਨ੍ਹਾਂ ਦੀ ਅਡਵਾਨੀ ਨਾਲ ਬਰਾਬਰੀ ਕਰਨਾ ਗਲਤ ਹੈ।

ਇਸ ਪਿੱਛੇ ਮੂਲ ਕਾਰਨ ਹੈ ਕਿ ਹੁਣ ਲੀਡਰਸ਼ਿਪ ਸਟਾਈਲ ਬਦਲ ਗਿਆ ਹੈ ਕਿਉਂਕਿ ਜ਼ਮਾਨਾ ਵੀ ਬਦਲ ਗਿਆ ਹੈ।

ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਅਡਵਾਨੀ ਦੇ ਯੁੱਗ ਦਾ ਅੰਤ ਹੋ ਗਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਗਿਆ।

ਜੋ ਚੜ੍ਹਦਾ ਹੈ...

ਸਾਲ 2009 ਦੀਆਂ ਚੋਣਾਂ ਤੋਂ ਬਾਅਦ ਹੀ ਸਮਸ਼ਟ ਸੀ ਕਿ ਉਸ ਜ਼ਮਾਨੇ ਦੇ ਆਗੂਆਂ ਦਾ ਸਮਾਂ ਮੁੱਕ ਗਿਆ ਹੈ।

ਕਿਸੇ ਦੀ ਉਮਰ 90 ਪਾਰ ਕਰ ਜਾਵੇ ਤੇ ਫਿਰ ਵੀ ਉਹ ਸੋਚੇ ਕਿ ਯੁੱਗ ਉਸੇ ਦਾ ਰਹੇਗਾ, ਇਹ ਤਾਂ ਕੁਝ ਠੀਕ ਨਹੀਂ।

ਕ੍ਰਿਕਟ ਵਿੱਚ ਤਾਂ ਖਿਡਾਰੀ ਜ਼ਿਆਦਾਤਰ ਆਪ ਹੀ ਰਿਟਾਇਰ ਹੋਣ ਦਾ ਫ਼ੈਸਲਾ ਕਰ ਲੈਂਦੇ ਹਨ ਪਰ ਨੇਤਾਵਾਂ ਵੱਲ ਵੇਖਿਆ ਜਾਵੇ ਤਾਂ ਅਡਵਾਨੀ ਦੀ ਤਾਂ ਹੁਣ ਗੱਲ ਵੀ ਹੋਣੀ ਬਹੁਤ ਘੱਟ ਗਈ ਸੀ।

ਹਰ ਕਿਸੇ ਦੀ ਜ਼ਿੰਦਗੀ ਵਿੱਚ ਇੱਕ ਢਲਾਣ ਆਉਂਦੀ ਹੈ। ਇੰਝ ਗੱਲ ਕਰਨਾ ਠੀਕ ਨਹੀਂ ਕਿ ਇਸ ਬੰਦੇ ਦੀ ਹੁਣ ਕੋਈ ਪੁੱਛ ਨਹੀਂ ਜਾਂ ਪਹਿਲਾਂ ਬਹੁਤ ਪੁੱਛ ਸੀ।

ਇਹ ਵੀ ਜ਼ਰੂਰ ਪੜ੍ਹੋ:

ਯਾਦ ਕਰੋ, ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਹਰਕਿਸ਼ਨ ਸਿੰਘ ਸੁਰਜੀਤ ਹੁੰਦੇ ਸਨ। ਪੰਜਾਬ ਤੋਂ ਸਾਰੇ ਮੁਲਕ ਤੱਕ ਵੱਡੇ ਮੰਨੇ ਜਾਂਦੇ ਇਸ ਕਾਮਰੇਡ ਦਾ ਵੀ ਜੀਵਨ ਵਿੱਚ ਅਖੀਰਲਾ ਦੌਰ ਫਿੱਕਾ ਹੀ ਸੀ।

ਜੌਰਜ ਫ਼ਰਨਾਂਡਿਸ ਨਾਲ ਵੀ ਇਹੀ ਹੋਇਆ ਸੀ। ਇਹ ਜੀਵਨ ਚੱਕਰ ਹੈ, ਬਦਲਿਆ ਨਹੀਂ ਜਾ ਸਕਦਾ। ਇਹ ਤਾਂ ਨਹੀਂ ਕਹਿ ਸਕਦੇ ਕਿ ਅਸੀਂ ਅਤੀਤ ਵਿੱਚ ਹੀ ਰਹਾਂਗੇ, ਉਸੇ ਮੜ੍ਹਕ ਨਾਲ ਤੁਰਾਂਗੇ ਜਿਸ ਨਾਲ 30 ਸਾਲ ਪਹਿਲਾਂ ਪੁਲਾਂਘਾਂ ਪੁੱਟਦੇ ਸੀ।

ਕੀ ਰਿਹਾ ਅਡਵਾਨੀ ਦਾ ਸਫ਼ਰ

ਅਟਲ ਬਿਹਾਰੀ ਵਾਜਪਾਈ ਅਤੇ ਮੁਰਲੀ ਮਨੋਹਰ ਜੋਸ਼ੀ ਸਮੇਤ ਪਾਰਟੀ ਦੇ ਤਿੰਨ ਮੁੱਖ ਮੋਹਰੀਆਂ ਵਿੱਚ ਅਡਵਾਨੀ ਦੀ ਗਿਣਤੀ ਹੁੰਦੀ ਰਹੀ ਹੈ।

ਅਡਵਾਨੀ ਨੂੰ ਭਾਜਪਾ ਦੇ 1980 ਵਿੱਚ 13 ਲੋਕ ਸਭਾ ਸੀਟਾਂ ਤੋਂ 1999 ਵਿੱਚ 180 ਸੀਟਾਂ 'ਤੇ ਪਹੁੰਚਣ ਪਿੱਛੇ ਵੱਡਾ ਕਾਰਨ ਮੰਨਿਆ ਜਾਂਦਾ ਹੈ।

(ਇਹ ਨਜ਼ਰੀਆ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨਾਲ ਗੱਲਬਾਤ 'ਤੇ ਆਧਾਰਤ ਹੈ।)

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)