ਬਹਿਬਲ ਕਲਾਂ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਅਕਾਲੀ ਦਲ ਨੇ ਕਿਉਂ ਕੀਤੀ ਰੱਦ

ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਬਰਗਾੜੀ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ।

ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਦਲਜੀਤ ਸਿੰਘ ਚੀਮਾ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਵਿਸ਼ੇਸ਼ ਜਾਂਚ ਟੀਮ ਦੇ ਬਾਈਕਾਟ ਦਾ ਐਲਾਨ ਕੀਤਾ।

ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਸੀ ਕਿ ਜਾਂਚ ਟੀਮ ਦੇ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਸਿਆਸੀ ਦਬਾਅ ਹੇਠ ਕੰਮ ਆਉਂਦੇ ਹਨ।

ਭਾਵੇਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿ ਚੁੱਕੇ ਹਨ, 'ਅਸੀਂ ਕੇਸਾਂ ਦੀ ਜਾਂਚ ਮੈਰਿਟ ਦੇ ਅਧਾਰ ਉੱਤੇ ਕਰ ਰਹੇ ਹਾਂ ਅਤੇ ਇਹ ਜਾਂਚ ਛੇਤੀ ਹੀ ਮੁਕੰਮਲ ਹੋ ਜਾਵੇਗੀ'।

ਇਹ ਵੀ ਪੜ੍ਹੋ-

ਅਕਾਲੀ ਦਲ ਨੇ ਰੱਦ ਕੀਤੀ 'ਸਿਟ'

ਸੱਤਾਧਾਰੀ ਕਾਂਗਰਸ ਨੂੰ ਬਦਲਾਖੋਰੀ ਦੀ ਸਿਆਸਤ ਕਰਨ ਖ਼ਿਲਾਫ਼ ਚਿਤਾਵਨੀ ਦਿੰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਪੱਖ਼ਪਾਤੀ ਜਾਂਚ ਖ਼ਿਲਾਫ਼ ਅਕਾਲੀ-ਭਾਜਪਾ ਦਾ ਇੱਕ ਵਫ਼ਦ ਪੰਜਾਬ ਦੇ ਰਾਜਪਾਲ ਨਾਲ ਮੁਲਕਾਤ ਕਰੇਗਾ।

ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਮਨਸ਼ਾ ਉਨ੍ਹਾਂ ਦੇ ਬਿਆਨਾਂ ਵਿਚ ਹੀ ਦਿਖ ਜਾਂਦੀ ਹੈ, ਇਸੇ ਲਈ ਅਕਾਲੀ ਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਵਿਰੋਧ ਕੀਤਾ ਸੀ। ਫਿਰ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ।

ਅਕਾਲੀ ਦਲ ਨੂੰ ਆਸ ਸੀ ਕਿ ਅਫ਼ਸਰ ਨਿਰਪੱਖਤਾ ਨਾਲ ਮਾਮਲੇ ਦੀ ਜਾਂਚ ਕਰਨਗੇ। ਇਸੇ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਦਲਜੀਤ ਚੀਮਾ ਜਾਂਚ ਕਮੇਟੀ ਅੱਗੇ ਪੇਸ਼ ਹੋਏ।

ਭੂੰਦੜ ਨੇ ਕਿਹਾ ਕਿ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਬਰਾੜ ਨੂੰ ਬੁਲਾ ਕੇ ਉਨ੍ਹਾਂ ਦੇ ਬੇਇੱਜ਼ਤੀ ਕੀਤੀ ਗਈ। ਹੁਣ ਜਾਂਚ ਟੀਮ ਨੇ ਖੁੱਲ਼੍ਹ ਕੇ ਉਸ ਨੂੰ ਆਪਣਾ ਮੁਲਜ਼ਮ ਦੱਸ ਦਿੱਤਾ ਹੈ। ਇਸ ਲਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਵੇ। ਇਸ ਲਈ ਅਕਾਲੀ ਦਲ ਵਿਸ਼ੇਸ਼ ਜਾਂਚ ਟੀਮ ਨੂੰ ਰੱਦ ਕਰਦਾ ਹੈ।

ਮਹੇਸ਼ਇੰਦਰ ਸਿੰਘ ਨੇ ਕਿਹਾ ਕਿ ਸਿਟ ਦਾ ਮੁਖੀ ਏਡੀਜੀਪੀ ਸੀ ਪਰ ਕੁੰਵਰ ਵਿਜੇ ਪ੍ਰਤਾਪ 'ਵੰਨਮੈਨ' ਜਾਂਚ ਕਰ ਰਿਹਾ ਹੈ।

ਮਨਤਾਰ ਬਰਾੜ ਉੱਤੇ ਕੀ ਦੋਸ਼

ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਮਨਤਾਰ ਬਰਾੜ ਨੇ ਬਲੈਂਕਕੈਟ ਜਮਾਨਤ ਲਈ ਅਰਜ਼ੀ ਅਦਾਲਤ ਵਿਚ ਦਿੱਤੀ ਸੀ। ਜਿਸ ਦਾ ਵਿਰੋਧ ਕਰਦਿਆਂ ਵਿਸ਼ੇਸ਼ ਜਾਂਚ ਟੀਮ ਨੇ ਉਨ੍ਹਾਂ ਖ਼ਿਲਾਫ਼ ਸ਼ੱਕੀ ਸਬੂਤ ਹੋਣ ਦੀ ਰਿਪੋਰਟ ਅਦਾਲਤ ਵਿਚ ਸੌਂਪੀ ਸੀ।

ਮਹੇਸ਼ਇੰਦਰ ਸਿੰਘ ਦੇ ਦਾਅਵੇ ਮੁਤਾਬਕ ਘਟਨਾ ਤੋਂ ਬਾਅਦ ਡੀਜੀਪੀ, ਮੁੱਖ ਮੰਤਰੀ ਦਫ਼ਤਰ ਅਤੇ ਸਥਾਨਕ ਪ੍ਰਸਾਸ਼ਨ ਦੇ ਸੰਪਰਕ ਵਿਚ ਸੀ। ਵਿਸ਼ੇਸ਼ ਜਾਂਚ ਟੀਮ ਨੇ ਬਰਾੜ ਦੀਆਂ ਫੋਨ ਕਾਲਜ਼ ਦੀ ਸੂਚੀ ਅਦਾਲਤ ਨੂੰ ਸੌਂਪੀ ਹੈ।

ਮਹੇਸ਼ਇੰਦਰ ਸਵਾਲ ਕਰਦੇ ਹਨ ਕਿ ਜੇਕਰ ਮਨਤਾਰ ਬਰਾੜ ਦੋਸ਼ੀ ਹੈ ਤਾਂ ਕੀ ਜਿਹੜੇ ਸਰਕਾਰੀ ਅਧਿਕਾਰੀ ਉਨ੍ਹਾਂ ਦੇ ਸੰਪਰਕ ਵਿਚ ਸੀ ਉਨ੍ਹਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ।

ਮਹੇਸ਼ਇੰਦਰ ਸਿੰਘ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਉੱਤੇ ਪੱਖਪਾਤੀ ਜਾਂਚ ਕਰ ਦਾ ਇਲਜ਼ਾਮ ਲਾਇਆ ਅਤੇ ਇਸ ਨੂੰ ਜੁਰਮ ਕਰਾਰ ਦਿੱਤਾ।

ਉਨ੍ਹਾਂ ਕਿਹਾ ਜਦੋਂ ਅਕਾਲੀ ਦਲ ਸੱਤਾ ਵਿਚ ਆਇਆ ਤਾਂ ਇਸ ਮਾਮਲੇ ਦੀ ਜਾਂਚ ਕਰਵਾ ਕੇ ਪੱਖ਼ਪਾਤੀ ਜਾਂਚ ਕਰਨ ਵਾਲੇ ਅਫ਼ਸਰਾਂ ਨੂੰ ਕਾਨੂੰਨੀ ਜਾਂਚ ਵਿਚ ਲਿਜਾਇਆ ਜਾਵੇਗਾ।

ਇਹ ਵੀ ਪੜ੍ਹੋ:

ਮਹੇਸ਼ ਇੰਦਰ ਗਰੇਵਾਲ ਦਾ ਕਹਿਣਾ ਸੀ ਕਿ ਸਿਟ ਬਣਨ ਤੋਂ ਬਾਅਦ ਅਣ-ਪਛਾਤੇ ਬੰਦਿਆਂ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਗਈ। ਜਦੋਂ ਇਸ ਮਾਮਲੇ ਉੱਤੇ ਰੌਲਾ ਪਿਆ ਤਾਂ ਚਾਰ ਪੁਲਿਸ ਅਫ਼ਸਰਾਂ ਦੇ ਨਾਂ ਐੱਫ਼ਆਰਆਈ ਵਿਚ ਸ਼ਾਮਲ ਕੀਤੇ ਗਏ।

ਮਹੇਸ਼ ਇੰਦਰ ਗਰੇਵਾਲ ਦਾ ਕਹਿਣਾ ਹੈ ਕਿ ਬਾਅਦ ਵਿਚ ਉਨ੍ਹਾਂ ਨੂੰ ਅਗਾਊਂ ਜਮਾਨਤ ਲੈਣ ਦਾ ਸਮਾਂ ਦਿੱਤਾ ਗਿਆ ਉਹ ਤਾਂ ਜੇਲ੍ਹ ਤੋਂ ਬਾਹਰ ਹਨ ਪਰ ਕਾਂਗਰਸ ਦੇ ਆਗੂਆਂ ਅਤੇ ਮੁੱਖ ਮੰਤਰੀ ਦੀ ਬਦਲਾਖੋਰੀ ਦੀ ਨੀਤੀ ਮੁਤਾਬਕ ਹੋਰ ਬੰਦਿਆਂ ਨੂੰ ਫਸਾਇਆ ਗਿਆ। ਇਹ ਬਹੁਤ ਖਤਰਨਾਕ ਰੁਝਾਨ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)