ਪੰਜਾਬ ਦੇ ਇਸ ਪੜ੍ਹੇ-ਲਿਖੇ ਨੌਜਵਾਨ ਨੇ ਕਿਉਂ ਚੁਣਿਆ ਮਧੂ ਮੱਖੀ ਪਾਲਣ ਦਾ ਕਿੱਤਾ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਪੰਜਾਬ ਦਾ ਇਹ ਪੜ੍ਹਿਆ-ਲਿਖਿਆ ਨੌਜਵਾਨ ਉਨ੍ਹਾਂ ਕਿਸਾਨਾਂ ਲਈ ਉਮੀਦ ਦੀ ਕਿਰਨ ਬਣ ਸਕਦਾ ਹੈ ਜਿਹੜੇ ਕਣਕ ਅਤੇ ਝੋਨੇ ਦੀ ਮਾਰੂ ਘੁੰਮਣਘੇਰੀ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹਨ।

ਮਧੂ ਮੱਖੀ ਪਾਲਣ ਦੇ ਆਰਥਿਕ ਫਾਇਦੇ ਨੂੰ ਜਾਣਨ ਦੇ ਬਾਵਜੂਦ ਜ਼ਿਆਦਾਤਰ ਕਿਸਾਨ ਮਧੂ ਮੱਖੀ ਪਾਲਣ ਦੀ ਇੱਛਾ ਨਹੀਂ ਰੱਖਦੇ ਕਿਉਂਕਿ ਕਿਸੇ ਵੀ ਤਰ੍ਹਾਂ ਦੇ ਨੁਕਾਸਨ ਵਿੱਚ ਸਰਕਾਰ ਵੱਲੋਂ ਕੋਈ ਬੀਮਾ ਯੋਜਨਾ ਨਹੀਂ ਬਣਾਈ ਗਈ ਅਤੇ ਨਾ ਹੀ ਇਸਦਾ ਕੋਈ ਤੈਅ ਮੁੱਲ ਹੈ। ਇਸ ਸਬੰਧੀ ਮਧੂ ਮੱਖੀ ਪਾਲਕ ਸਰਕਾਰ 'ਤੇ ਦਬਾਅ ਵੀ ਨਹੀਂ ਬਣਾ ਪਾ ਰਹੇ ਹਨ।

ਪੰਜਾਬੀ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦੇ 29 ਸਾਲਾ ਵਸਨੀਕ ਪਵਨਦੀਪ ਸਿੰਘ ਨੇ ਆਪਣੀ ਐਜੂਕੇਸ਼ਨਲ ਅਕੈਡਮੀ ਸ਼ੁਰੂ ਕੀਤੀ, ਪੁਲਿਸ ਵਿੱਚ ਨੌਕਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।

ਇੱਥੋਂ ਤੱਕ ਕਿ ਵਿਦੇਸ਼ ਜਾਣ ਦੀ ਚਾਹ ਵਿੱਚ ਵੀ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਸਦੀ ਕਿਸਮਤ ਨੇ ਸਾਥ ਨਾ ਦਿੱਤਾ।

ਮਧੂ ਮੱਖੀ ਪਾਲਣ ਦਾ ਕਿੱਤਾ ਚੁਣਿਆ

ਆਖਰਕਾਰ ਪਵਨਦੀਪ ਨੇ ਆਪਣੇ ਪਿਤਾ ਦਾ ਮਧੂ ਮੱਖੀ ਪਾਲਣ ਦਾ ਪੇਸ਼ਾ ਚੁਣਿਆ। ਪਰੰਪਰਿਕ ਖੇਤੀ ਦੇ ਮੁਕਾਬਲੇ ਮਧੂ ਮੱਖੀ ਪਾਲਣ ਇੱਕ ਬਹੁਤ ਹੀ ਵੱਖਰਾ ਅਤੇ ਚੁਣੌਤੀ ਭਰਿਆ ਕਿੱਤਾ ਹੈ।

ਉਸਦਾ ਕਹਿਣਾ ਕਿ ਉਸਦੇ ਆਪਣੇ 220 ਮਧੂ ਮੱਖੀਆਂ ਦੇ ਬਕਸੇ ਹਨ ਅਤੇ ਉਹ ਉਨ੍ਹਾਂ ਨੂੰ ਲੈ ਕੇ ਪੂਰਾ ਸਾਲ ਵੱਖ ਵੱਖ ਸੂਬਿਆਂ ਵਿੱਚ ਜਾਂਦਾ ਹੈ ਜਿੱਥੇ ਉਨ੍ਹਾਂ ਨੂੰ ਫੁੱਲਾਂ ਦਾ ਰਸ ਮਿਲਦਾ ਹੈ। ਮਧੂ ਮੱਖੀਆਂ ਨੂੰ ਫੁੱਲਾਂ ਦਾ ਰਸ ਦਿਵਾਉਣ ਲਈ ਉਹ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੱਕ ਜਾਂਦਾ ਹੈ।

ਵੀਡੀਓ ਦੇਖਣ ਲਈ ਹੇਠਾਂ ਕਲਿੱਕ ਕਰੋ

ਪਵਨਦੀਪ ਦੱਸਦੇ ਹਨ, ''ਜਨਵਰੀ ਮਹੀਨੇ ਮੈਂ ਹਰਿਆਣਾ ਦੇ ਰੇਵਾੜੀ ਵਿੱਚ ਹਾਂ ਜਿੱਥੇ ਇਸ ਵੇਲੇ ਸਰੋਂ ਦਾ ਸੀਜ਼ਨ ਹੈ ਅਤੇ ਫਰਵਰੀ ਮਹੀਨੇ ਮੈਂ ਅੰਮ੍ਰਿਤਸਰ ਵਾਪਿਸ ਆ ਜਾਵਾਂਗਾ ਜਦੋਂ ਨੀਲਗੀਰੀ ਦੇ ਫੁੱਲਾਂ ਦਾ ਮੌਸਮ ਹੋਵੇਗਾ।''

''ਮਾਰਚ ਵਿੱਚ ਮੈਂ ਮਧੂ ਮੱਖੀਆਂ ਦੇ ਬਕਸਿਆਂ ਨੂੰ ਪਠਾਨਕੋਟ ਨੇੜੇ ਲੈ ਕੇ ਜਾਵਾਂਗਾ, 10 ਅਪ੍ਰੈਲ ਤੋਂ ਬਾਅਦ ਮੈਂ ਜੰਮੂ ਵਿੱਚ ਰਹਾਂਗਾ, ਮਈ ਮਹੀਨੇ ਮੈਂ ਕਸ਼ਮੀਰ ਵਿੱਚ ਵੱਖ-ਵੱਖ ਫੁੱਲਾਂ ਤੋਂ ਮੱਖੀਆਂ ਨੂੰ ਰਸ ਦੁਆਵਾਂਗਾ। ਇੱਥੇ ਸੇਬ ਅਤੇ ਬਬੂਲ ਦੇ ਦਰਖਤਾਂ ਤੋਂ ਵੀ ਮਧੂ ਮੱਖੀਆਂ ਨੂੰ ਰਸ ਮਿਲੇਗਾ।''

ਪਵਨਦੀਪ ਕਹਿੰਦੇ ਹਨ, "ਜੂਨ ਮਹੀਨੇ ਮੈਂ ਹਰਿਆਣਾ ਦੇ ਸਿਰਸਾ ਵਿੱਚ ਕਪਾਹ ਦੇ ਫੁੱਲਾਂ ਤੋਂ ਮੱਖੀਆਂ ਨੂੰ ਰਸ ਦੁਆਵਾਂਗਾ ਅਤੇ ਫਿਰ ਮੈਂ ਰਾਜਸਥਾਨ ਦੇ ਨੋਹਰ ਬਾਹਦਰਾ ਜਾਵਾਂਗਾ ਜਿੱਥੇ ਬੇਰੀ ਦੇ ਫੁੱਲ ਹੁੰਦੇ ਹਨ।"

"ਅਕਤੂਬਰ ਮਹੀਨੇ ਮੈਂ ਮਧੂ ਮੱਖੀਆਂ ਦੇ ਬਕਸਿਆਂ ਨੂੰ ਗਵਾਲੀਅਰ ਦੇ ਸ਼ਿਵਪੁਰ ਵਿੱਚ ਲਿਜਾਵਾਂਗਾ ਜਿੱਥੇ ਅਜਵਾਇਨ ਦੇ ਫੁੱਲ ਹੁੰਦੇ ਹਨ ਅਤੇ ਮੁੜ ਸਰੋਂ ਦੇ ਸੀਜ਼ਨ ਵਿੱਚ ਹਰਿਆਣਾ ਦੇ ਰੇਵਾੜੀ ਵਿੱਚ ਵਾਪਿਸ ਪਰਤ ਆਵਾਂਗਾ।"

ਇਹ ਵੀ ਪੜ੍ਹੋ:

ਕਿੰਨਾ ਔਖਾ ਹੈ ਮਧੂ ਮੱਖੀ ਪਾਲਣ ਦਾ ਕਿੱਤਾ

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਧੂ ਮੱਖੀ ਪਾਲਣ ਫਾਇਦੇ ਵਾਲਾ ਕਿੱਤਾ ਹੈ ਪਰ ਇਸਦੇ ਲਈ ਬਹੁਤ ਜ਼ਿਆਦਾ ਕਾਮਿਆਂ ਦੀ ਲੋੜ ਹੁੰਦੀ ਹੈ, ਪਹਿਲਾਂ ਤੋਂ ਹੀ ਯੋਜਨਾ ਬਣਾਉਣੀ ਪੈਂਦੀ ਹੈ ਅਤੇ ਖਤਰਾ ਵੀ ਮੋਲ ਲੈਣਾ ਪੈਂਦਾ ਹੈ।

''ਜਦੋਂ ਮੈਂ ਦੂਜਿਆਂ ਸੂਬਿਆਂ ਵਿੱਚ ਸਫ਼ਰ ਕਰਦਾ ਹਾਂ ਜਿਵੇਂ ਮੱਧ ਪ੍ਰਦੇਸ਼ ਤਾਂ ਉੱਥੇ ਮਧੂ ਮੱਖੀਆਂ ਦੇ ਬਕਸਿਆਂ ਨੂੰ ਨੁਕਸਾਨ ਪੁੱਜਣ ਅਤੇ ਉਨ੍ਹਾਂ ਦੇ ਨਸ਼ਟ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਸਬੰਧੀ ਸਰਕਾਰ ਦਾ ਕੋਈ ਬੀਮਾ ਯੋਜਨਾ ਹੋਣੀ ਚਾਹੀਦੀ ਹੈ।''

''ਇਸ ਵਪਾਰ ਵਿੱਚ ਫਾਇਦੇ ਲਈ, ਕਿਸਾਨਾਂ ਨੂੰ ਵੱਖ-ਵੱਖ ਮੌਸਮਾਂ ਵਿੱਚ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਹਿਦ ਇਕੱਠਾ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਮਧੂ ਮੱਖੀਆਂ ਵੱਖ-ਵੱਖ ਫੁੱਲਾਂ ਤੋਂ ਜਾਂ ਇੱਕੋ ਪ੍ਰਕਾਰ ਦੇ ਫੁੱਲਾਂ ਤੋਂ ਰਸ ਇਕੱਠਾ ਕਰ ਸਕਣ।''

ਉਨ੍ਹਾਂ ਕਿਹਾ ਸ਼ਹਿਦ ਦਾ ਰੰਗ, ਸਵਾਦ ਅਤੇ ਬਨਾਵਟ ਫੁੱਲਾਂ ਦੇ ਸਰੋਤਾਂ ਦੇ ਹਿਸਾਬ ਨਾਲ ਹੁੰਦਾ ਹੈ। ਸ਼੍ਰੀਨਗਰ ਤੋਂ ਇਕੱਠਾ ਕੀਤਾ ਗਿਆ ਸ਼ਹਿਦ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਇਕੱਠੇ ਕੀਤੇ ਗਏ ਸ਼ਹਿਦ ਦੇ ਮੁਕਾਬਲੇ ਹਲਕਾ ਸੀ।

ਦਵਾਈਆਂ ਵਿੱਚ ਸ਼ੁੱਧ ਸ਼ਹਿਦ ਦੀ ਵਰਤੋਂ ਲਈ ਵੀ ਕਈ ਲੋਕ ਉਨ੍ਹਾਂ ਕੋਲੋਂ ਸ਼ਹਿਦ ਲਿਜਾਉਂਦੇ ਹਨ। ਉਦਾਹਰਣ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਨੀਲਗੀਰੀ ਦਾ ਸ਼ਹਿਦ ਸਾਹ ਦੀ ਬਿਮਾਰੀ ਲਈ ਚੰਗਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਛੋਟੇ ਕਿਸਾਨ ਦੇ ਤੌਰ 'ਤੇ ਸ਼ਹਿਦ ਨੂੰ ਕੱਢਣ ਲਈ ਮਸ਼ੀਨਰੀ ਨਹੀਂ ਖਰੀਦ ਸਕਦਾ ਪਰ ਜਿਹੜਾ ਤਰੀਕਾ ਅਪਣਾ ਕੇ ਉਹ ਸ਼ਹਿਦ ਕੱਢ ਰਿਹਾ ਹੈ ਉਹ ਉਸ ਨੂੰ ਖਮੀਰ ਅਤੇ ਰਵਾਕਰਣ ਤੋਂ ਬਚਾਉਂਦਾ ਹੈ।

ਪਵਨਦੀਪ ਨੇ ਤਿੰਨ ਹੋਰ ਬੰਦਿਆਂ ਨੂੰ ਵੀ ਰੁਜ਼ਗਾਰ ਦਿੱਤਾ ਹੈ। ਉਹ ਇੱਕ ਸਾਲ ਵਿੱਚ ਸ਼ਹਿਦ ਵੇਚ ਕੇ 4 ਲੱਖ ਰੁਪਏ ਤੱਕ ਦੀ ਕਮਾਈ ਕਰ ਰਿਹਾ ਹੈ। ਉਹ 250 ਰੁਪਏ ਤੋਂ ਲੈ ਕੇ 450 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸ਼ਹਿਦ ਵੇਚ ਰਿਹਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)