ਗਣਤੰਤਰ ਦਿਵਸ ਮੌਕੇ ਪਰੇਡ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਅਫ਼ਸਰ ਭਾਵਨਾ ਕਸਤੂਰੀ

    • ਲੇਖਕ, ਮੀਨਾ ਕੋਟਵਾਲ
    • ਰੋਲ, ਬੀਬੀਸੀ ਪੱਤਰਕਾਰ

ਲੈਫਟੀਨੈਂਟ ਭਾਵਨਾ ਕਸਤੂਰੀ ਗਣਤੰਤਰ ਦਿਵਸ ਮੌਕੇ ਫੌਜੀ ਪਰੇਡ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਅਫ਼ਸਰ ਬਣ ਗਏ ਹਨ।

ਉਹ ਇਸ ਮੌਕੇ 144 ਪੁਰਸ਼ ਫੌਜੀਆਂ ਦੇ ਦਸਤੇ ਦੀ ਅਗਵਾਈ ਕਰਨਗੇ।

ਭਾਵਨਾ ਦੀ ਉਮਰ 26 ਸਾਲ ਹੈ ਅਤੇ ਉਹ ਹੈਦਰਾਬਾਦ ਤੋਂ ਹਨ। ਉਨ੍ਹਾਂ ਨੇ ਉਸਮਾਨੀਆ ਯੂਨੀਵਰਸਿਟੀ ਤੋਂ ਮਾਸਟਰਜ਼ ਦੀ ਪੜ੍ਹਾਈ ਕੀਤੀ ਹੈ। ਪੜ੍ਹਾਈ ਵਿੱਚ ਤੇਜ਼ ਭਾਵਨਾ ਨੇ ਕਲਾਸੀਕਲ ਡਾਂਸ ਵਿੱਚ ਵੀ ਡਿਪਲੋਮਾ ਕੀਤਾ ਹੋਇਆ।

23 ਸਾਲਾਂ ਦੀ ਉਮਰ ਤੱਕ ਭਾਵਨਾ ਨੂੰ ਪਤਾ ਵੀ ਨਹੀਂ ਸੀ ਕਿ ਉਹ ਇਤਿਹਾਸ ਸਿਰਜਣਗੇ।

ਆਜ਼ਾਦੀ ਦੇ 71 ਸਾਲ ਬਾਅਦ ਗਣਤੰਤਰ ਦਿਹਾੜੇ ਮੌਕੇ ਪਹਿਲੀ ਵਾਰ ਕਿਸੇ ਮਹਿਲਾ ਅਫ਼ਸਰ ਨੂੰ ਇਹ ਮਾਣ ਮਿਲ ਰਿਹਾ ਹੈ।

ਇੰਡੀਅਨ ਆਰਮੀ ਸਰਵਿਸ ਕਾਰਪਸ ਦੀ ਲੈਫਟੀਨੈਂਟ ਭਾਵਨਾ ਕਸਤੂਰੀ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਇਸ ਸਮੇਂ ਬਹੁਤ ਖ਼ੁਸ਼ ਹਨ।

ਭਵਾਨਾ ਨੇ ਦੱਸਿਆ, "23 ਸਾਲ ਬਾਅਦ ਆਰਮੀ ਕੋਰ ਦੇ ਦਸਤੇ ਨੂੰ ਪਰੇਡ ਦਾ ਮੌਕਾ ਮਿਲ ਰਿਹਾ ਹੈ ਅਤੇ ਮੈਂ ਉਸ ਨੂੰ ਲੀਡ ਕਰਨਾ ਹੈ। ਇਸ ਲਈ ਇਹ ਮੇਰੇ ਲਈ ਬਹੁਤ ਮਾਣ ਵਾਲਾ ਪਲ ਹੈ।"

ਇਹ ਵੀ ਪੜ੍ਹੋ:

ਘਰ ਵਾਲਿਆਂ ਦੇ ਸਾਥ ਕਾਰਨ ਭਾਵਨਾ ਨੂੰ ਇੱਥੇ ਤੱਕ ਪਹੁੰਚਣਾ ਮੁਸ਼ਕਿਲ ਨਹੀਂ ਲੱਗਿਆ। ਹਾਲਾਂਕਿ ਉਨ੍ਹਾਂ ਦੱਸਿਆ ਕਿ ਇੱਕ ਲੜਕੀ ਹੋਣ ਬਾਰੇ ਕੁਝ ਲੋਕਾਂ ਨੇ ਜ਼ਰੂਰ ਸਮੇਂ ਸਮੇ ਤੇ ਯਾਦ ਦਿਵਾਇਆ।

"ਲੜਕੀ ਹਾਂ ਯਾਦ ਦਿਵਾਇਆ ਗਿਆ"

ਕਈ ਰਿਸ਼ਤੇਦਾਰ ਘਰ ਵਿੱਚ ਕਹਿੰਦੇ ਸਨ, ਲੜਕੀ ਹੈ ਘਰੇ ਬਿਠਾਓ ਅਤੇ ਵਿਆਹ ਕਰਵਾ ਦੋ। ਇਸ ਦੇ ਬਾਵਜੂਦ ਮੇਰੇ ਪਾਪਾ-ਮੰਮੀ ਨੇ ਕਦੇ ਕਿਸੇ ਦੀ ਨਹੀਂ ਸੁਣੀ ਅਤੇ ਮੈਨੂੰ ਅਸਮਾਨ ਵਿੱਚ ਉਡਾਣ ਭਰਨ ਲਈ ਖੁੱਲ੍ਹਾ ਛੱਡ ਦਿੱਤਾ।"

"ਅੱਜ ਇੱਥੇ ਪਹੁੰਚਣ ਦੀ ਮੇਰੇ ਨਾਲੋਂ ਜ਼ਿਆਦਾ ਖ਼ੁਸ਼ੀ ਮੇਰੇ ਪਰਿਵਾਰ ਨੂੰ ਹੈ। ਕਈ ਦਿਨ ਘਰ ਵਾਲਿਆਂ ਨਾਲ ਗੱਲ ਨਹੀਂ ਹੁੰਦੀ ਪਰ ਜੋ ਕਰ ਰਹੀ ਹਾਂ ਉਸ 'ਤੇ ਮੈਨੂੰ ਮਾਣ ਹੈ।"

ਇਹ ਵੀ ਪੜ੍ਹੋ:

ਭਾਵਨਾ ਨੇ ਦੱਸਿਆ ਕਿ ਇਸ ਸਫ਼ਰ ਵਿੱਚ ਉਨ੍ਹਾਂ ਦੇ ਪਤੀ ਦਾ ਵੀ ਪੂਰਾ ਸਾਥ ਸੀ ਜੋ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਹ ਵੀ ਫੌਜ ਵਿੱਚ ਅਫ਼ਸਰ ਹਨ।

ਭਾਵਨਾ ਪੜ੍ਹਾਈ ਵਿੱਚ ਹਮੇਸ਼ਾ ਵਧੀਆ ਰਹੀ ਪਰ ਕਦੇ ਵੀ ਅਜਿਹਾ ਲੀਡ ਕਰਨ ਵਰਗਾ ਮੌਕਾ ਨਹੀਂ ਮਿਲਿਆ। ਕਾਲਜ ਵਿੱਚ ਐਨਸੀਸੀ ਵਿੱਚ ਜਾਣ ਦਾ ਮਨ ਕੀਤਾ।

ਉਨ੍ਹਾਂ ਦੱਸਿਆ, "ਮੈਂ ਐਨਸੀਸੀ ਜੁਆਇਨ ਕਰਕੇ ਜਾਣਿਆ ਕਿ ਫੌਜ ਵਿੱਚ ਔਰਤਾਂ ਲਈ ਕਾਫੀ ਮੌਕੇ ਹਨ। ਜਦੋਂ ਹਰ ਥਾਂ ਔਰਤਾਂ ਆਪਣਾ ਝੰਡਾ ਬੁਲੰਦ ਕਰ ਰਹੀਆਂ ਹਨ ਤਾਂ ਆਰਮੀ ਵਿੱਚ ਵੀ ਕਰ ਸਕਦੀਆਂ ਹਨ।"

"....ਹੁਣ ਬਸ ਹੋਰ ਨਹੀਂ"

ਆਫਿਸਰ ਟਰੇਨਿੰਗ ਅਕੈਡਮੀ ਚੇਨਈ ਵਿੱਚ ਹੈ। ਜਿੱਥੇ ਬਹੁਤ ਸਖ਼ਤ ਸਿਖਲਾਈ ਹੁੰਦੀ ਹੈ। ਜਿਸ ਵਿੱਚ ਸਰੀਰਕ ਮਿਹਨਤ ਦੇ ਨਾਲ-ਨਾਲ ਦਿਮਾਗੀ ਕਸਰਤ ਵੀ ਕਰਵਾਈ ਜਾਂਦੀ ਹੈ।

ਉਨ੍ਹਾਂ ਆਪਣੀ ਟਰੇਨਿੰਗ ਯਾਦ ਕਰਦਿਆਂ ਦੱਸਿਆ, ਇੱਕ ਮਿੱਥੀ ਗਈ ਹੱਦ ਤੱਕ 18 ਕਿਲੋ ਦਾ ਪਿੱਠੂ ਅਤੇ ਹੱਥ ਵਿੱਚ ਰਾਈਫਲ ਲੈ ਕੇ 40 ਕਿਲੋਮੀਟਰ ਤੱਕ ਦੌੜਨਾ ਹੁੰਦਾ ਹੈ, ਉਸ ਸਮੇਂ ਤਾਂ ਮਨ ਕੀਤਾ ਕਿ ਸਭ ਛੱਡ ਦਿਆਂ...ਪਰ ਦਿਮਾਗ ਵਿੱਚ ਇੱਕ ਹੀ ਗੱਲ ਚਲਦੀ ਸੀ ਕਿ ਕਦੇ ਹਾਰ ਨਹੀਂ ਮੰਨਣੀ ਅਤੇ ਅੱਗੇ ਵਧਦੀ ਰਹੀ।"

"ਜਦੋਂ 11 ਮਹੀਨਿਆਂ ਬਾਅਦ ਅਕੈਡਮੀ ਵਾਲੇ ਅਫ਼ਸਰ ਬਣਾ ਕੇ ਬਾਹਰ ਕੱਢਦੇ ਹਨ ਤਾਂ ਸਾਰੀ ਥਕਾਨ ਅਤੇ ਦਰਦ ਕੁਝ ਯਾਦ ਨਹੀਂ ਰਹਿੰਦਾ।"

ਮਾਹਵਾਰੀ ਲਈ ਛੁੱਟੀ

ਔਰਤਾਂ ਨੂੰ ਮਾਹਵਾਰੀ ਦੇ ਦਿਨਾਂ ਵਿੱਚ ਛੁੱਟੀ ਦੀ ਮੰਗ ਨਾਲ ਭਾਵਨਾ ਸਹਿਮਤ ਨਹੀਂ ਹਨ।

ਉਨ੍ਹਾਂ ਮੁਤਾਬਕ ਮਾਹਵਾਰੀ ਜ਼ਿੰਦਗੀ ਦੀ ਇੱਕ ਸੱਚਾਈ ਹੈ ਅਤੇ ਇੱਕ ਫੌਜੀ ਲਈ ਇਹ ਸਭ ਮਾਮੂਲੀ ਮੁਸ਼ਕਿਲਾਂ ਹਨ। ਫੌਜ ਵਿੱਚ ਔਰਤਾਂ ਇੱਕ ਦੂਸਰੇ ਦੀ ਮਦਦ ਕਰਦੀਆਂ ਹਨ।

"ਜ਼ਿੰਦਗੀ ਇੱਕ ਜੰਗ ਹੈ ਜਿਸ ਨੂੰ ਹਰ ਕੋਈ ਲੜਦਾ ਹੈ ਪਰ ਇਨ੍ਹਾਂ ਸਾਰੀਆਂ ਦਿੱਕਤਾਂ ਕਾਰਨ ਤੁਸੀਂ ਆਪਣੀ ਡਿਊਟੀ ਤੋਂ ਨਹੀਂ ਬਚ ਸਕਦੇ।"

ਤਿੰਨ ਸਾਲਾਂ ਵਿੱਚ ਬਦਲੀ ਜ਼ਿੰਦਗੀ

ਭਾਵਨਾ ਨੇ ਪੁਰਾਣੇ ਦਿਨ ਯਾਦ ਕਰਕੇ ਦੱਸਿਆ ਕਿ ਉਹ 23 ਸਾਲ ਤੱਕ ਇੱਕ ਆਮ ਕੁੜੀ ਸੀ, ਜਿਸ ਨੂੰ ਨੱਚਣ-ਗਾਉਣ ਵਿੱਚ ਸਮਾਂ ਲੰਘਾਉਣਾ ਵਧੀਆ ਲਗਦਾ ਸੀ।

"ਪਿਛਲੇ ਮਹੀਨੇ ਤੋਂ ਰੋਜ਼ਾਨਾ ਦੀ ਜ਼ਿੰਦਗੀ ਬਹੁਤ ਸਖ਼ਤ ਹੈ ਪਰ ਇਸ ਵਿੱਚੋਂ ਵੀ ਜੋ ਸਮਾ ਮਿਲਦਾ ਹੈ ਨੱਚਣ ਅਤੇ ਗਾਉਣ ਦਾ ਅਭਿਆਸ ਕਰਦੀ ਹਾਂ। ਇਹ ਮੇਰਾ ਜਨੂੰਨ ਹੈ।"

ਆਪਣੇ ਫੌਜੀ ਤਜਰਬੇ ਬਾਰੇ ਉਨ੍ਹਾਂ ਦੱਸਿਆ, "ਮੇਰੀ ਸੋਚ ਦੇ ਪਿੱਛੇ ਹੁਣ ਸਿਰਫ਼ ਮੈਂ ਨਹੀਂ ਸਗੋਂ ਮੇਰੇ ਮਗਰ ਤੁਰਨ ਵਾਲੇ ਮੇਰੇ ਜਵਾਨ, ਉਨ੍ਹਾਂ ਦੇ ਪਰਿਵਾਰ, ਪੂਰਾ ਦੇਸ ਅਤੇ ਉਨ੍ਹਾਂ ਸਾਰਿਆਂ ਦੀ ਜਿੰਮੇਵਾਰੀ ਹੁੰਦੀ ਹੈ।"

ਇਹ ਗੱਲਾਂ ਕਰਦਿਆਂ ਭਾਵਨਾ ਭਾਵੁਕ ਹੋ ਗਏ, "ਅੱਜ ਮੈਂ ਜੋ ਵੀ ਹਾਂ ਇਹ ਵਰਦੀ ਹੈ। ਫੌਜ ਵਿੱਚ ਆ ਕੇ ਮੈਂ ਦੱਸ ਨਹੀਂ ਸਕਦੀ ਕਿ ਮੈਂ ਕਿਵੇਂ ਮਹਿਸੂਸ ਕਰ ਰਹੀ ਹਾਂ ਬਸ ਮੇਰੇ ਕੋਲ ਸ਼ਬਦ ਨਹੀਂ ਹਨ।"

ਕੀ ਫੌਜ ਸਿਰਫ਼ ਮਰਦਾਂ ਲਈ ਹੈ ਔਰਤਾਂ ਲਈ? ਭਾਵਨਾ ਨੇ ਕਿਹਾ, ''ਲੋਕਾਂ ਨੂੰ ਇੱਕ ਗਲਤਫ਼ਹਿਮੀ ਹੈ ਕਿ ਫੌਜ ਵਿੱਚ ਮਰਦਾਂ ਅਤੇ ਔਰਤਾਂ ਵਿੱਚ ਫਰਕ ਹੁੰਦਾ ਹੈ ਪਰ ਉੱਥੇ ਹਰ ਕੋਈ ਇੱਕ ਅਫ਼ਸਰ ਹੀ ਹੁੰਦਾ ਹੈ। ਮੈਂ ਵੀ ਉੱਥੇ ਓਨੀ ਹੀ ਮਿਹਨਤ ਕਰਦੀ ਹਾਂ ਜਿੰਨੀ ਕਿ ਸਾਰੇ ਕਰਦੇ ਹਨ। ਮੈਂ ਫਿਲਹਾਲ ਕਾਰਗਿਲ ਵਿੱਚ ਹਾਂ ਜਿੱਥੇ ਡਿਊਟੀ ਕਰਨਾ ਸੌਖਾ ਨਹੀਂ ਹੈ।"

"ਮੇਰੇ ਮਗਰ ਤੁਰਨ ਵਾਲੇ 144 ਜਵਾਨ ਮੇਰੀ ਤਾਕਤ ਹਨ ਅਤੇ ਮੇਰਾ ਹੌਂਸਲਾ ਵਧਾਉਂਦੇ ਹਨ। ਸਗੋਂ ਉਨ੍ਹਾਂ ਦਾ ਹੌਂਸਲਾ ਦੇਖ ਕੇ ਮੇਰਾ ਵੀ ਹੌਂਸਲਾ ਵੱਧ ਜਾਂਦਾ ਹੈ ਅਤੇ ਕਦਮ ਆਪਣੇ-ਆਪ ਅੱਗੇ ਵਧਦੇ ਜਾਂਦੇ ਹਨ।"

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)