You’re viewing a text-only version of this website that uses less data. View the main version of the website including all images and videos.
ਪੰਜਾਬ ਪੰਚਾਇਤੀ ਚੋਣਾਂ : ਸਰਪੰਚੀ ਔਰਤਾਂ ਜਿੱਤੀਆਂ, ਫੋਟੋਆਂ ਛਪਵਾ ਰਹੇ ਮਰਦ
- ਲੇਖਕ, ਗੁਰਦਰਸ਼ਨ ਸਿੰਘ ਸੰਧੂ
- ਰੋਲ, ਬੀਬੀਸੀ ਪੰਜਾਬੀ ਲਈ
ਪੰਜਾਬ ਵਿੱਚ ਸਾਲ 2018 ਦੇ ਅੰਤ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਪੰਚੀ ਅਤੇ ਸਰਪੰਚੀ ਦੀਆਂ ਚੋਣਾਂ ਜਿੱਤੀਆਂ, ਪਰ ਬਹੁਤ ਸਾਰੇ ਪਿੰਡਾਂ ਵਿੱਚ ਔਰਤਾਂ ਸਿਰਫ ਨਾਮ ਦੀਆਂ ਪੰਚ ਜਾਂ ਸਰਪੰਚ ਹਨ।
ਮੀਡੀਆ ਵਿਚ ਛਪੀਆਂ ਤਸਵੀਰਾਂ, ਖ਼ਬਰਾਂ ਅਤੇ ਜੇਤੂ ਜਸ਼ਨਾਂ ਦਾ ਅਧਿਐਨ ਕੀਤਾ ਗਿਆ ਤਾਂ ਔਰਤ ਪੰਚਾਂ ਜਾਂ ਸਰਪੰਚਾਂ ਬਾਰੇ ਨਿਰਾਸ਼ਾਜਨਕ ਪਹਿਲੂ ਦੇਖਣ ਨੂੰ ਮਿਲਿਆ।
ਅਖ਼ਬਾਰਾਂ ਵਿਚ ਛਪੀਆਂ ਤਸਵੀਰਾਂ ਵਿਚ ਬਹੁ-ਗਿਣਤੀ ਜੇਤੂ ਸਰਪੰਚ-ਪੰਚ ਔਰਤਾਂ ਦੀਆਂ ਤਸਵੀਰਾਂ ਹੀ ਨਹੀਂ ਸਨ ਸਗੋਂ ਉਨ੍ਹਾਂ ਦੇ ਪਤੀ, ਪੁੱਤਰ, ਸਹੁਰੇ ਅਤੇ ਜੇਠ ਆਪਣੇ ਗਲਾਂ 'ਚ ਹਾਰ ਪਾ ਕੇ ਸਰਪੰਚੀ ਜਿੱਤਣ ਦੇ ਜਸ਼ਨ ਮਨਾਉਂਦੇ ਦਿਖੇ।
ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਈ ਔਰਤਾ ਸਰਪੰਚ ਜਾਂ ਪੰਚ ਨਾਲ ਤੁਸੀਂ ਸਿੱਧੇ ਫੋਨ 'ਤੇ ਗੱਲ ਤੱਕ ਨਹੀਂ ਕਰ ਸਕਦੇ।
ਜੇ ਤੁਸੀਂ ਕਿਸੇ ਔਰਤ ਸਰਪੰਚ ਤੋਂ ਕੋਈ ਜਾਣਕਾਰੀ ਲੈਣੀ ਹੈ ਤਾਂ ਫੋਨ ਉਸਦਾ ਪਤੀ ,ਪੁੱਤਰ ਜਾਂ ਫਿਰ ਘਰ ਦਾ ਕੋਈ ਹੋਰ ਮਰਦ ਮੈਂਬਰ ਹੀ ਚੁੱਕੇਗਾ। ਫਿਰ ਵੀ ਉਹ ਆਪ ਹੀ ਜਾਣਕਾਰੀ ਦੇਵੇਗਾ ਤੇ ਉਸ ਔਰਤ ਸਰਪੰਚ ਨਾਲ ਗੱਲ ਨਹੀਂ ਕਰਵਾਏਗਾ।
ਇਹ ਵੀ ਪੜ੍ਹੋ:
ਪੰਚਾਬ ਵਿੱਚ ਪੰਚਾਇਤੀ ਚੋਣਾਂ ਦੌਰਾਨ 50 ਫੀਸਦ ਸੀਟਾਂ ਔਰਤਾਂ ਲਈ ਰਾਖਵੀਆਂ ਰਹੀਆਂ ਪਰ ਕੀ ਔਰਤਾਂ ਆਪਣੇ ਇਸ ਕੋਟੇ ਦਾ ਅਧਿਕਾਰ ਮਾਣ ਰਹੀਆਂ ਹਨ।
'ਅਸੀਂ ਔਰਤਾਂ ਦੀ ਕਦਰ ਕਰਦੇ ਹਾਂ'
ਫਿਰੋਜ਼ਪੁਰ ਦੇ ਹਲਕਾ ਦਿਹਾਤੀ ਦੇ ਪਿੰਡ ਠੇਠਰ ਕਲਾਂ ਦੀ ਜੇਤੂ ਸਰਪੰਚ ਹਰਜਿੰਦਰ ਕੌਰ ਨਾਲ ਵਾਰ-ਵਾਰ ਕੋਸ਼ਿਸ਼ ਕਰਨ 'ਤੇ ਵੀ ਗੱਲ ਨਹੀਂ ਹੋ ਸਕੀ।
ਜਦੋਂ ਵੀ ਫੋਨ ਕੀਤਾ ਉਸਦੇ ਪਤੀ ਜਾਂ ਭਤੀਜੇ ਨੇ ਹੀ ਚੁੱਕਿਆ ਤੇ ਸਰਪੰਚ ਨਾਲ ਗੱਲ ਕਰਵਾਉਣ ਨੂੰ ਟਾਲ਼ਦੇ ਰਹੇ ਰਹੇ।
ਫਾਜ਼ਿਲਕਾ ਦੇ ਮੰਡੀ ਅਰਨੀਵਾਲਾ ਨਜ਼ਦੀਕ ਪਿੰਡ ਪਾਕਾ ਵਿਚ ਵੀ ਚੋਣਾਂ ਹੋਈਆਂ।
ਕੁਲ ਪੰਜ ਮੈਂਬਰਾਂ ਚੋਂ ਤਿੰਨ ਔਰਤ ਮੈਂਬਰਾਂ ਕੁਲਵਿੰਦਰ ਕੌਰ, ਸੁਰਜੀਤ ਕੌਰ, ਚਰਨਜੀਤ ਕੌਰ ਪੰਚ ਚੁਣੀਆਂ ਗਈਆਂ ਪਰ ਅਖਬਾਰਾਂ ਵਿੱਚ ਕਿਸੇ ਦੀ ਤਸਵੀਰ ਨਹੀਂ ਛਪੀ।
ਫੋਨ 'ਤੇ ਗੱਲ ਕਰਨ 'ਤੇ ਸਰਪੰਚ ਜਸਵਿੰਦਰ ਸਿੰਘ ਨੇ ਕਿਹਾ, ''ਅਜਿਹਾ ਕੁਝ ਨਹੀਂ ਹੈ, ਅਸੀਂ ਔਰਤਾਂ ਦੀ ਕਦਰ ਕਰਦੇ ਹਾਂ ਪਰ ਤਸਵੀਰਾਂ ਖਿਚਵਾਉਣ ਵੇਲੇ ਪਰਿਵਾਰ ਦੇ ਮੈਂਬਰਾਂ ਦੇ ਗਲੇ 'ਚ ਹਾਰ ਪਾ ਦਿੱਤੇ।''
'ਜਾਣਾ ਤਾਂ ਘਰਵਾਲਿਆਂ ਨੂੰ ਹੀ ਪੈਂਦਾ ਹੈ'
ਫਿਰੋਜ਼ਪੁਰ ਦੇ ਕਸਬਾ ਮਮਦੋਟ ਨਜ਼ਦੀਕ ਸਰਹੱਦ 'ਤੇ ਵਸੇ ਪਿੰਡ ਹਜ਼ਾਰਾ ਸਿੰਘ ਦੇ ਸਰਪੰਚ ਮੁਖ਼ਤਿਆਰ ਸਿੰਘ ਦਾ ਕਹਿਣਾ ਸੀ ਕਿ ਔਰਤਾਂ ਅਨਪੜ੍ਹ ਹਨ, ਇਸ ਲਈ ਸਰਕਾਰੀ ਦਰਬਾਰੇ ਨਹੀਂ ਜਾ ਸਕਦੀਆਂ।
ਉਨ੍ਹਾਂ ਕਿਹਾ, ''ਜਾਣਾ ਤਾਂ ਘਰਵਾਲਿਆਂ ਨੂੰ ਹੀ ਪੈਂਦਾ ਹੈ, ਇਸ ਲਈ ਉਨ੍ਹਾਂ ਦੇ ਗਲੇ 'ਚ ਹੀ ਹਾਰ ਦੀਆਂ ਤਸਵੀਰਾਂ ਹੁੰਦੀਆਂ ਹਨ।''
ਸਰਪੰਚ ਮੁਤਾਬਕ ਉਨ੍ਹਾਂ ਦੀਆਂ ਜ਼ਮੀਨਾਂ ਵੀ ਤਾਰੋਂ ਪਾਰ ਨੇ ਤੇ ਫਿਰ ਬੀਐਸਐਫ ਦੇ ਜਵਾਨਾਂ ਨਾਲ ਔਰਤਾਂ ਤਾਂ ਗੱਲ ਨਹੀਂ ਕਰ ਸਕਦੀਆਂ। ਹਾਲਾਂਕਿ ਸਰਹੱਦ 'ਤੇ ਖੜੀਆਂ ਬੀਐਸਐਫ ਦੀਆਂ ਕੁੜੀਆਂ ਨਾਲ ਗੱਲ ਕਰਨ ਬਾਰੇ ਉਨ੍ਹਾਂ ਕੋਲ੍ਹ ਕੋਈ ਜਵਾਬ ਨਹੀਂ ਸੀ।
ਫਿਰੋਜ਼ਪੁਰ ਦਿਹਾਤੀ ਦੇ ਪਿੰਡ ਕਾਸੂ ਬੇਗੂ ਦੇ ਲਖਬੀਰ ਔਲਖ ਅਤੇ ਪਿੰਡ ਤੂਤ ਦੇ ਸਰਪੰਚ ਰਵਿੰਦਰ ਸਿੰਘ ਨੇ ਕਿਹਾ ਕਿ ਰਾਖਵਾਂਕਰਨ ਤਾਂ ਨਾਮ ਦਾ ਹੀ ਹੈ, ਚੌਧਰ ਤਾਂ ਹਰ ਜੇਤੂ ਔਰਤ ਦਾ ਪਤੀ ,ਪੁੱਤਰ ਜਾਂ ਸਹੁਰਾ ਹੀ ਕਰਦਾ ਹੈ।
ਇਹ ਵੀ ਪੜ੍ਹੋ:
ਗੁਰੂਹਰਸਹਾਏ ਹਲਕੇ ਦੇ ਪਿੰਡ ਅਲਫੂਕੇ ਦੀ ਸਰਪੰਚ ਜਸਵੰਤ ਕੌਰ ਦੀ ਹੈ ਇਸ ਨੇ ਦੱਸਿਆ ਕਿ ਉਹ ਪੰਜ ਜਮਾਤਾਂ ਪਾਸ ਹਨ ਤੇ ਪੰਜਾਬੀ ਚ ਦਸਤਖ਼ਤ ਕਰ ਲੈਂਦੇ ਹਨ।
ਹਾਲਾਂਕਿ ਉਨ੍ਹਾਂ ਅੱਗੇ ਕਿਹਾ ਕਿ ਮੈਂ ਆਪਣੇ ਪਤੀ ਅਤੇ ਪੁੱਤਰ ਦੇ ਸਹਿਯੋਗ ਨਾਲ ਹੀ ਪਿੰਡ ਦਾ ਵਿਕਾਸ ਕਰਵਾਵਾਂਗੀ।
'ਔਰਤਾਂ ਦਾ ਖਿਆਲ ਨਹੀਂ ਆਇਆ'
ਫਾਜ਼ਿਲਕਾ ਦੇ ਮੰਡੀ ਅਰਨੀਵਾਲਾ ਨਜ਼ਦੀਕ ਪਿੰਡ ਬੰਨਾ ਵਾਲਾ ਦੀ ਪੰਚਾਇਤ ਦੀ ਤਸਵੀਰ ਤਾਂ ਹਾਸੋਹੀਣੀ ਸੀ। ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨਾਲ ਬਾਕੀ ਸਾਰੇ ਖੜੇ ਮਰਦਾਂ ਦੇ ਗਲਾਂ ਵਿੱਚ ਹਾਰ ਸਨ ਤੇ ਤਸਵੀਰ ਹੇਠ ਉਨ੍ਹਾਂ ਦੀਆਂ ਪੰਚ ਜੇਤੂ ਪਤਨੀਆਂ ਦੇ ਨਾਮ ਸਨ।
ਮੰਡੀ ਲਾਧੂਕਾ ਦੇ ਮੇਹਰ ਚੰਦ ਵਡੇਰਾ ਦੀ ਪਤਨੀ ਪਰਵੀਨ ਰਾਣੀ ਪਿੰਡ ਦੀ ਸਰਪੰਚ ਬਣੀ ਤੇ ਸਾਰੇ ਮਰਦ ਮੈਂਬਰਾਂ ਨਾਲ ਮੇਹਰ ਚੰਦ ਨੇ ਨੋਟਾਂ ਵਾਲੇ ਹਾਰ ਪਾ ਕੇ ਅਖਬਾਰ 'ਚ ਫੋਟੋ ਛਪਵਾਈ ਜਿਨਾਂ 'ਚੋਂ ਤਿੰਨ ਔਰਤ ਮੈਂਬਰਾਂ ਦੇ ਪਤੀ ਸਨ।
ਮੇਹਰ ਚੰਦ ਨੇ ਕਿਹਾ, ''ਅਸੀਂ ਮੱਥਾ ਟੇਕਣ ਗਏ ਸੀ ਤਾ ਬੰਦੇ-ਬੰਦੇ ਹੀ ਚਲੇ ਗਏ ਜਿੱਥੇ ਅਸੀਂ ਫੋਟੋ ਖਿਚਵਾ ਕੇ ਲਵਾ ਦਿੱਤੀ ਸਾਨੂੰ ਔਰਤਾਂ ਦਾ ਖਿਆਲ ਹੀ ਨਹੀਂ ਆਇਆ।''
ਦੂਜੇ ਪਾਸੇ ਇਸੇ ਪਿੰਡ ਦੀ ਸਰਪੰਚ ਬਣੀ ਪ੍ਰਵੀਨ ਰਾਣੀ ਨਾਲ ਗੱਲ ਕਰਨ 'ਤੇ ਉਨ੍ਹਾਂ ਨੇ ਮੰਨਿਆ ਕਿ ਅੱਜ ਵੀ ਸਮਾਜ ਔਰਤਾਂ ਨੂੰ ਪਰਦੇ ਪਿੱਛੇ ਰੱਖਦਾ ਹੈ ਅਤੇ ਅੱਜ ਵੀ ਖੁੱਲ੍ਹ ਕੇ ਔਰਤਾਂ ਸਾਹਮਣੇ ਨਹੀਂ ਆ ਸਕਦੀਆਂ।
ਅਬੋਹਰ ਦੇ ਪਿੰਡ ਬਾਜੀਦਪੁਰ ਕੱਟਿਆਂ ਵਾਲੀ ਵਿੱਚ ਕ੍ਰਿਸ਼ਨਾ ਦੇਵੀ ਸਰਪੰਚ ਬਣੀ ਅਤੇ ਇਸੇ ਪਿੰਡ ਦੀਆਂ ਪੰਜ ਹੋਰ ਔਰਤਾਂ ਪੰਚ ਬਣੀਆਂ।
ਪਰ ਪਿੰਡ ਦੀ ਨਵੀਂ ਪੰਚਾਇਤ ਦੀ ਫੋਟੋ ਵਿੱਚ ਸਮੇਤ ਸਰਪੰਚ ਦੇ ਪਤੀ ਬਾਕੀ ਪੰਚ ਔਰਤਾਂ ਦੇ ਪਤੀ ਹੀ ਹਾਰ ਪਾ ਕੇ ਖੜੇ ਨੇ ਅਤੇ ਫੋਟੋ 'ਚ ਕੋਈ ਵੀ ਜੇਤੂ ਔਰਤ ਨਹੀਂ ਹੈ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: