ਪੰਜਾਬ 'ਚ 'ਆਪ' ਦੇ ਮਹਾਂਗਠਜੋੜ ’ਚ ਸ਼ਾਮਲ ਹੋਣ ਬਾਰੇ ਭਗਵੰਤ ਮਾਨ ਨੇ ਦਿੱਤਾ ਇਹ ਜਵਾਬ

ਪੰਜਾਬ ਵਿੱਚ ‘ਪੰਜਾਬ ਡੈਮੋਕ੍ਰੇਟਿਕ ਅਲਾਂਇਸ ’ਦੇ ਨਾਂ ’ਤੇ ਮਹਾਂਗਠਜੋੜ ਬਣਾਉਣ ਦੀ ਤਿਆਰੀ ਸ਼ੁਰੂਆਤ ਹੋ ਗਈ ਹੈ। ਇਸ ਬਾਬਤ ਲੁਧਿਆਣਾ ਵਿੱਚ ਇੱਕ ਬੈਠਕ ਹੋਈ।

ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਮੰਚ, ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਪੰਜਾਬ ਫਰੰਟ ਅਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਇਸ ਗਠਜੋੜ ਦਾ ਪਹਿਲਾਂ ਹੀ ਹਿੱਸਾ ਹੈ।

ਹੁਣ ਅਕਾਲੀਆਂ ਦੇ ਬਾਗੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਵੀ ਇਸ ਗਠਜੋੜ ਵਿਚ ਸ਼ਾਮਲ ਹੋਏ।

ਇਹ ਵੀ ਪੜ੍ਹੋ:

ਲੁਧਿਆਣਾ ਦੇ ਸਰਕਟ ਹਾਊਸ ਵਿੱਚ ਹੋਈ ਇਸ ਬੈਠਕ ਦੌਰਾਨ ਘੱਟੋ-ਘੱਟ ਸਾਂਝਾ ਪ੍ਰੋਗਰਾਮ ਤੈਅ ਕਰਨ ਦਾ ਫ਼ੈਸਲਾ ਕੀਤਾ ਗਿਆ।

ਟਿਕਟਾਂ ਦੀ ਵੰਡ ਅਗਲੀ ਬੈਠਕ

ਸੁਖਪਾਲ ਖਹਿਰਾ ਨੇ ਦੱਸਿਆ ਕਿ ਮੰਗਲਵਾਰ ਦੀ ਬੈਠਕ ਦੌਰਾਨ ਘੱਟੋ-ਘੱਟ ਸਾਂਝਾ ਪ੍ਰੋਗਰਾਮ ਉਲੀਕਿਆ ਜਾਵੇਗਾ ਅਤੇ ਟਿਕਟਾਂ ਦੀ ਵੰਡ ਉੱਤੇ ਵਿਚਾਰ ਅਗਲੀ ਬੈਠਕ ਦੌਰਾਨ ਕੀਤਾ ਜਾਵੇਗਾ।

ਇਸ ਬਾਰੇ ਛੇਤੀ ਹੀ ਬੈਠਕ ਕੀਤੀ ਜਾਵੇਗੀ ਅਤੇ ਆਪਸੀ ਸਹਿਮਤੀ ਨਾਲ ਫ਼ੈਸਲੇ ਲੈਣਗੇ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜਦੋਂ ਇਕੱਠੇ ਹੋਕੇ ਬਾਹਵਾਂ ਵਿੱਚ ਬਾਹਵਾਂ ਪਾ ਲਈਆਂ ਤਾਂ ਇਸ ਤੋਂ ਵੱਡਾ ਫੈਸਲਾ ਕੀ ਹੋ ਸਕਦਾ ਹੈ।

ਇਸ ਗਠਜੋੜ ਦੀ ਅਗਵਾਈ ਕੌਣ ਕਰੇਗਾ ਇਸ ਬਾਰੇ ਖਹਿਰਾ ਮੁਤਾਬਕ ਇਸ ਬੈਠਕ ਵਿੱਚ ਕੋਈ ਵਿਚਾਰ ਨਹੀਂ ਕੀਤੀ ਗਈ। ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਗਲੇ ਇੱਕ ਹਫ਼ਤੇ ਵਿੱਚ ਅਗਲੀ ਬੈਠਕ ਕੀਤੀ ਜਾਵੇਗੀ।

ਆਮ ਆਦਮੀ ਪਾਰਟੀ ਨਾ ਰਿਸ਼ਤੇ

ਲੁਧਿਆਣਾ ਦੀ ਬੈਠਕ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰਸਤਾਵ ਰੱਖਿਆ ਕਿ ਇਸ ਗਠਜੋੜ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਸ਼ਾਮਲ ਕੀਤਾ ਜਾਵੇ। ਸੁਖਪਾਲ ਸਿੰਘ ਖਹਿਰਾ ਮੁਤਾਬਕ ਸਾਰੀਆਂ ਹੀ ਧਿਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਉੱਤੇ ਕੋਈ ਇਤਰਾਜ਼ ਨਹੀਂ ਹੈ।

ਇਹ ਵੀ ਪੜ੍ਹੋ:

ਸੁਖਪਾਲ ਖਹਿਰਾ ਦੇ ਦਾਅਵੇ ਮੁਤਾਬਕ ਰਣਜੀਤ ਸਿੰਘ ਬ੍ਰਹਮਪੁਰਾ ਨੇ ਭਗਵੰਤ ਮਾਨ ਨਾਲ ਇਸ ਬਾਰੇ ਫ਼ੋਨ ਉੱਤੇ ਗੱਲਬਾਤ ਕੀਤੀ। ਖਹਿਰਾ ਨੇ ਮੀਡੀਆ ਨੂੰ ਦੱਸਿਆ, 'ਭਗਵੰਤ ਮਾਨ ਨੇ ਬ੍ਰਹਮਪੁਰਾ ਨੂੰ ਕਿਹਾ ਕਿ ਜਿੱਥੇ ਖਹਿਰਾ ਤੇ ਬੈਂਸ ਭਰਾ ਹੋਣਗੇ ਉਹ ਉਸ ਗਠਜੋੜ ਵਿੱਚ ਸ਼ਾਮਲ ਨਹੀਂ ਹੋ ਸਕਦੇ।

ਖਹਿਰਾ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਦੇ ਹਿੱਤਾਂ ਦੀ ਬਜਾਇ ਨਿੱਜੀ ਨਫ਼ਰਤ ਦੇ ਏਜੰਡੇ ’ਤੇ ਕੰਮ ਕਰ ਰਹੇ ਹਨ।'

ਮਾਇਆਵਤੀ ਨੂੰ ਮੰਨਣਗੇ ਪੀਐੱਮ?

ਬੈਠਕ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦਾ ਪ੍ਰਸਤਾਵ ਸੀ ਕਿ ਕੌਮੀ ਪੱਧਰ ਉੱਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਾਇਆਵਤੀ ਦਾ ਸਮਰਥਨ ਕੀਤਾ ਜਾਵੇ। ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਲਈ ਬਸਪਾ ਆਗੂਆਂ ਨੂੰ ਕਿਹਾ ਗਿਆ ਕਿ ਉਹ ਗਠਜੋੜ ਦੇ ਆਗੂਆਂ ਦੀ ਬਸਪਾ ਮੁਖੀ ਨਾਲ ਬੈਠਕ ਕਰਵਾਉਣ।

ਮਾਇਆਵਤੀ ਨਾਲ ਪੰਜਾਬ ਦੇ ਮੁੱਦਿਆਂ ਉੱਤੇ ਉਨ੍ਹਾਂ ਦਾ ਪੱਖ ਲੈਣ ਤੋਂ ਬਾਅਦ ਹੀ ਢੁਕਵੇਂ ਸਮੇਂ ਉੱਤੇ ਸਮਰਥਨ ਦਾ ਐਲਾਨ ਕੀਤਾ ਜਾਵੇਗਾ।

ਕਿਸ ਨੇ ਕੀ ਕਿਹਾ?

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਜਿਹੀਆਂ ਬੈਠਕਾਂ ਹੁੰਦੀਆਂ ਰਹਿੰਦੀਆਂ ਹਨ। ਹਰ ਬੰਦੇ ਨੂੰ ਲੋਕਤੰਤਰ ਵਿੱਚ ਸਿਆਸਤ ਕਰਨ ਦਾ ਹੱਕ ਹੈ ਪਰ ਚੋਣਾਂ ਤੋਂ ਬਾਅਦ ਅਜਿਹੇ ਗਰੁੱਪਾਂ ਦਾ ਭੋਗ ਪੈ ਜਾਂਦਾ ਹੈ। ਇਸ ਤਰ੍ਹਾਂ ਦੇ ਖੁਦਗਰਜ਼ ਲੋਕਾਂ ਨਾਲ ਨਹੀਂ ਚੱਲਿਆ ਜਾ ਸਕਦਾ।

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਜਿਵੇਂ ਕੇਂਦਰ ਵਿਚ ਗਠਜੋੜ ਕਰਨ ਵਾਲਿਆਂ ਦਾ ਕੋਈ ਆਗੂ ਨਹੀਂ ਹੈ ਉਸੇ ਤਰ੍ਹਾਂ ਪੰਜਾਬ ਵਿਚ ਗਠਜੋੜ ਕਰਨ ਵਾਲਿਆਂ ਦਾ ਵੀ ਕੋਈ ਆਗੂ ਨਹੀਂ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)