EVM ਮਸ਼ੀਨਾਂ ਹੈਕ ਨਹੀਂ ਹੋ ਸਕਦੀਆਂ - ਚੋਣ ਕਮਿਸ਼ਨ ਨੇ ਅਮਰੀਕੀ ਹੈਕਰ ਦੇ ਦਾਅਵੇ ਨਕਾਰੇ

ਭਾਰਤੀ ਚੋਣ ਕਮਿਸ਼ਨ ਨੇ ਆਪਣਾ ਦਾਅਵਾ ਦੁਹਰਾਇਆ ਹੈ ਕਿ ਮੁਲਕ ਦੀਆਂ ਚੋਣਾਂ ਵਿੱਚ ਵਰਤੀਆਂ ਜਾਂਦੀਆਂ ਇਲੈਟ੍ਰੋਨਿਕ ਵੋਟਿੰਗ ਮਸ਼ੀਨਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋ ਸਕਦੀ।

ਚੋਣ ਕਮਿਸ਼ਨ ਦੀ ਇਹ ਪ੍ਰਤੀਕਿਰਿਆ ਲੰਡਨ ਵਿੱਚ ਇੰਡੀਅਨ ਜਰਨਲਿਸਟ ਐਸੋਸੀਏਸ਼ਨ (ਆਈਜੇਈ) ਅਤੇ ਫੌਰਨ ਕੌਰਸਪੌਡੈਂਟ ਐਸੋਸੀਏਸ਼ਨ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਜਵਾਬ ਵਿੱਚ ਆਈ ਹੈ।

ਇਸ ਪ੍ਰੈਸ ਕਾਨਫਰੰਸ ਵਿੱਚ ਹੈਦਾਰਾਬਾਦੀ ਮੂਲ ਦੇ ਅਤੇ ਅੱਜ-ਕੱਲ ਅਮਰੀਕਾ ਵਿੱਚ ਰਹਿੰਦੇ ਸਈਦ ਸੂਜਾ ਨੂੰ ਵੀਡੀਓ ਕਾਨਫਰਸਿੰਗ ਰਾਹੀ ਪੇਸ਼ ਕੀਤਾ ਗਿਆ। ਜਿਸ ਨੇ ਭਾਰਤੀ ਵੋਟਿੰਗ ਮਸ਼ੀਨ ਨੂੰ ਹੈਕ ਕਰਨ ਦਾ ਦਾਅਵਾ ਕੀਤਾ।

ਚੋਣ ਕਮਿਸ਼ਨ ਨੇ 22 ਜਨਵਰੀ ਨੂੰ ਦਿੱਲੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਸਾਈਬਰ ਮਾਹਿਰ ਸਈਦ ਸ਼ੁਜਾ ਦੇ ਖਿਲਾਫ਼ ਐਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:

ਸਈਦ ਸੂਜਾ ਨੇ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਉਹ ਸਾਲ 2014 ਵਿੱਚ ਇਨ੍ਹਾਂ ਮਸ਼ੀਨਾਂ ਨੂੰ ਹੈਕ ਕਰਨ ਵਾਲੇ ਹੈਕਰਾਂ ਦੀ ਟੀਮ ਦੇ ਮੈਂਬਰ ਸੀ। ਇਸ ਦੇ ਇਲਾਵਾ ਸੂਜਾ ਨੇ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਦੀ ਅਤੇ ਪੱਤਰਕਾਰ ਗੌਰੀ ਲੰਕੇਸ਼ ਦੀਆਂ ਮੌਤਾਂ ਬਾਰੇ ਵੀ ਕਈ ਦਾਅਵੇ ਕੀਤੇ। ਸੂਜਾ ਦੇ ਦਾਅਵਿਆਂ ਦੀ ਬੀਬੀਸੀ ਕੋਈ ਤਸਦੀਕ ਨਹੀਂ ਕਰਦਾ।

ਸੂਜਾ ਨੇ ਇਹ ਪ੍ਰੈੱਸ ਕਾਨਫਰੰਸ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਖੁਲਾਸਾ ਕਰਨ ਤੋਂ ਰੋਕਣ ਲ਼ਈ ਕੁਝ ਦਿਨ ਪਹਿਲਾਂ ਹਮਲਾ ਹੋ ਚੁੱਕਿਆ ਹੈ।

ਪ੍ਰੈਸ ਕਾਨਫਰੰਸ ਦੌਰਾਨ ਇਹ ਦਾਅਵਾ ਕੀਤਾ ਗਿਆ ਕਿ ਭਾਰਤ ਦੇ ਚੋਣ ਕਮਿਸ਼ਨ ਤੇ ਸਿਆਸੀ ਪਾਰਟੀਆਂ ਨੂੰ ਬੁਲਾਇਆ ਗਿਆ ਸੀ। ਪਰ ਕਾਂਗਰਸ ਦੇ ਨੁੰਮਾਇਦੇ ਕਪਿਲ ਸਿੱਬਲ ਤੋਂ ਬਿਨਾਂ ਹੋਰ ਕੋਈ ਨਹੀਂ ਪਹੁੰਚਿਆ।

ਲੰਡਨ ਵਿੱਚ ਮੌਜੂਦ ਬੀਬੀਸੀ ਪੱਤਰਕਤਾਰ ਗੱਗਨ ਸਭਰਵਾਲ ਈਵੀਐਮ ਹੈਕਿੰਗ ਦਾ ਦਾਅਵਾ ਕਰਨ ਵਾਲੇ ਕਥਿਤ ਹੈਕਰ ਸਈਦ ਸ਼ੁਜਾ ਦੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਨ। ਗੱਗਨ ਸਭਰਵਾਲ ਨੇ ਸਈਦ ਸ਼ੁਜਾ ਨੂੰ ਉਨ੍ਹਾਂ ਦੇ ਦਾਅਵਿਆਂ 'ਤੇ ਕੁਝ ਸਵਾਲ-ਜਵਾਬ ਵੀ ਕੀਤੇ।

ਸਵਾਲ: ਅਮਾਰੀਕਾ ਅਤੇ ਕਾਂਗੋ ਵਰਗੇ ਦੇਸਾਂ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਦੇ ਈਵੀਐਮ ਦਾ ਇਸਤੇਮਾਲ ਕਿਵੇਂ ਕੀਤਾ ਜਾ ਰਿਹਾ ਹੈ?

ਸਈਦ ਸ਼ੁਜਾ: ਮੈਂ ਅਮਰੀਕਾ ਦੀ ਈਵੀਐਮ ਦੀ ਜਾਂਚ ਨਹੀਂ ਕੀਤੀ ਹੈ। ਮੈਨੂੰ ਉਨ੍ਹਾਂ ਨੂੰ ਪਰਖਣ ਦਾ ਮੌਕਾ ਨਹੀਂ ਮਿਲਿਆ ਇਸ ਲਈ ਮੈਂ ਉਸ ਬਾਰੇ ਕੁਝ ਨਹੀਂ ਬੋਲ ਸਕਦਾ ਅਤੇ ਕਾਂਗੋ ਦੇ ਬਾਰੇ ਤਾਂ ਮੈਨੂੰ ਕੁਝ ਨਹੀਂ ਪਤਾ।

ਸਵਾਲ: ਪਿਛਲੇ ਸਾਲ ਜਦੋਂ ਭਾਰਤੀ ਚੋਣ ਕਮਿਸ਼ਨ ਨੇ ਈਵੀਐਮ ਨੂੰ ਹੈਕ ਕਰਨ ਦੀ ਖੁਲ੍ਹੀ ਚੁਣੌਤੀ ਰੱਖੀ ਸੀ ਉਦੋਂ ਤੁਸੀਂ ਉਸ ਵਿੱਚ ਹਿੱਸਾ ਲੈਣ ਬਾਰੇ ਕਿਉਂ ਨਹੀਂ ਸੋਚਿਆ?

ਸਈਦ ਸ਼ੁਜਾ: ਮੈਂ ਇੱਥੇ ਸ਼ਰਨ ਲੈ ਕੇ ਰਹਿ ਰਿਹਾ ਹਾਂ। ਜੇ ਮੈਂ ਭਾਰਤ ਚਲਾ ਜਾਂਦਾ ਤਾਂ ਮੇਰੀ ਸੁਰੱਖਿਆ ਦੀ ਗਰੰਟੀ ਕੌਣ ਲੈਂਦਾ? ਜੋ ਲੋਕ ਉਸ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ ਮੈਂ ਉਨ੍ਹਾਂ ਨੂੰ ਆਪਣਾ ਸਾਥ ਦੇਣ ਦਾ ਬਦਲ ਦਿੱਤਾ ਸੀ ਪਰ ਬਾਅਦ ਵਿੱਚ ਉਹ ਲੋਕ ਪਿੱਛੇ ਹੱਟ ਗਏ।

ਸਵਾਲ: ਤਾਂ ਅੱਜ ਅਜਿਹਾ ਕੀ ਹੋਇਆ ਕਿ ਤੁਸੀਂ ਈਵੀਐਮ ਹੈਕਿੰਗ 'ਤੇ ਗੱਲ ਕਰ ਰਹੇ ਹੋ ਅਤੇ ਇਸ ਪ੍ਰੈਸ ਕਾਨਫਰੰਸ ਤੋਂ ਤੁਸੀਂ ਕੀ ਹਾਸਿਲ ਕਰਨ ਦੀ ਉਮੀਦ ਕਰਦੇ ਹੋ?

ਸਈਦ ਸ਼ੁਜਾ:ਮੈਂ ਕੁਝ ਵੀ ਉਮੀਦ ਨਹੀਂ ਕਰ ਰਿਹਾ। ਮੈਂ ਜਾਣਦਾ ਹਾਂ ਕਿ ਕੁਝ ਵੀ ਬਦਲਣ ਵਾਲਾ ਨਹੀਂ ਹੈ। ਇਸ ਦਾ ਕਾਰਨ ਹੈ ਕਿ ਈਵੀਐਮ ਚੋਣਾਂ ਵਿੱਚ ਇਸਤੇਮਾਲ ਹੁੰਦੀਆਂ ਰਹਿਣਗੀਆਂ ਅਤੇ ਜੋ ਹੋ ਰਿਹਾ ਹੈ ਉਹ ਵੀ ਜਾਰੀ ਰਹੇਗਾ।

ਕੁਝ ਵੀ ਬਲਦਣ ਵਾਲਾ ਨਹੀਂ ਹੈ। ਇੱਥੋਂ ਤੱਕ ਕਿ ਜੇ ਹਰੇਕ ਭਾਰਤੀ ਇਹ ਕਹਿਣ ਲੱਗੇ ਕਿ ਈਵੀਐਮ ਦੀ ਥਾਂ ਬੈਲਟ ਪੇਪਰ ਤੋਂ ਚੋਣ ਹੋਣੀ ਚਾਹੀਦੀ ਹੈ ਤਾਂ ਵੀ ਭਾਜਪਾ ਕੋਲ ਇੰਨੀ ਤਾਕਤ ਹੈ ਕਿ ਉਹ ਪੈਸੇ ਦੇ ਕੇ ਵੋਟ ਖਰੀਦ ਸਕਦੀ ਹੈ। ਲੋਕਾਂ ਨੂੰ ਇਸ ਬਾਰੇ ਸੋਚਣਾ ਹੋਵੇਗਾ ਕਿ ਉਨ੍ਹਾਂ ਨੂੰ ਆਪਣੇ ਲਈ ਕਿਸ ਤਰ੍ਹਾਂ ਦੀ ਸਰਕਾਰ ਚਾਹੀਦੀ ਹੈ।

ਸਵਾਲ: ਜੇ ਈਵੀਐਮ ਦੀ ਵਰਤੋਂ ਨਾ ਕਰੀਏ ਤਾਂ ਫਿਰ ਉਸ ਦੀ ਥਾਂ ਕੀ ਇਸਤੇਮਾਲ ਕੀਤਾ ਜਾਵੇ?

ਸਈਦ ਸ਼ੁਜਾ: ਭਾਰਤ ਕੋਲ ਹੈਕ ਨਾ ਹੋ ਸਕਣ ਵਾਲੀ ਈਵੀਐਮ ਵੀ ਹੈ ਪਰ ਉਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਅਸੀਂ ਉਨ੍ਹਾਂ ਨੂੰ ਜੋ ਡਿਜ਼ਾਈਨ ਦਿੱਤਾ ਹੈ ਉਸ ਨੂੰ ਹੈਕ ਨਹੀਂ ਕੀਤਾ ਜਾ ਸਕਦਾ। ਇਸ ਈਵੀਐਮ ਵਿੱਚ ਕਿਸੇ ਤਰ੍ਹਾਂ ਦੇ ਟਰਾਂਸਮਿਸ਼ਨ ਦੀ ਸੰਭਾਵਨਾ ਨਹੀਂ ਹੈ।

ਬੀਬੀਸੀ ਪੱਤਰਕਾਰ ਨੇ ਉਸ ਪ੍ਰੈਮ ਕਾਨਫਰੰਸ ਵਿੱਚ ਮੌਜੂਦ ਕਾਂਗਰਸ ਆਗੂ ਕਪਿਲ ਸਿੱਬਲ ਨੂੰ ਵੀ ਕੁਝ ਸਵਾਲ ਪੁੱਛਣੇ ਚਾਹੇ ਪਰ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵੱਲੋਂ ਕੋਈ ਬਿਆਨ ਜਾਰੀ ਨਹੀਂ ਕਰਨਾ ਚਾਹੁੰਦੇ। ਇਹ ਪੁੱਛੇ ਜਾਣ ਤੇ ਕਿ ਕੀ ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਕਾਂਗਰਸ ਵੱਲੋਂ ਭੇਜਿਆ ਗਿਆ ਹੈ। ਇਸ 'ਤੇ ਕਪਿਲ ਸਿੱਬਲ ਨੇ ਕਿਹਾ ਕਿ ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਸੀ।

ਚੋਣ ਕਮਿਸ਼ਨ ਦਾ ਜਵਾਬ

ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦਾਅਵਾ ਕੀਤਾ ਗਿਆ ਕਿ ਵੋਟਿੰਗ ਮਸ਼ੀਨਾਂ ਭਾਰਤ ਇਲੈਟ੍ਰੋਨਿਕਸ ਲਿਮਟਿਡ ਅਤੇ ਇਲੈਟ੍ਰੋਨਿਕਸ ਕਾਰਪੋਰੇਸ਼ਨ ਆਫ਼ ਇੰਡੀਆ ਵਿੱਚ ਬਹੁਤ ਦੀ ਸਖ਼ਤ ਸੁਰੱਖਿਆ ਨਿਗਰਾਨੀ ਹੇਠ ਤਿਆਰ ਕੀਤੀਆਂ ਜਾਂਦੀਆਂ ਹਨ।

ਚੋਣ ਕਮਿਸ਼ਨ ਨੇ ਦਾਅਵਾ ਕੀਤਾ ਕਿ ਵੋਟਿੰਗ ਮਸ਼ੀਨਾਂ ਬਣਾਉਣ ਲਈ ਬਹੁਤ ਦੀ ਸਾਵਧਾਨੀ ਵਾਲੀ ਪ੍ਰਕਿਰਿਆ ਹੈ। ਇਹ ਮਸ਼ੀਨਾਂ 2010 ਤੋਂ ਪਹਿਲਾਂ ਬਣੀ ਤਕਨੀਕੀ ਮਾਹਿਰਾਂ ਦੀ ਉੱਚ ਪੱਧਰੀ ਕਮੇਟੀ ਦੀ ਨਿਗਰਾਨੀ ਹੇਠ ਤਿਆਰ ਹੁੰਦੀਆਂ ਹਨ।

ਇਲੈਕਸ਼ਨ ਕਮਿਸ਼ਨ ਨੇ ਇਸ ਮਾਮਲੇ ਵਾਲੀ ਕਾਨੂੰਨੀ ਚਾਰਾਜੋਈ ਬਾਰੇ ਵੀ ਸੋਚ ਰਿਹਾ ਹੈ।

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਲੰਡਨ ਵਿਚ ਹੋਈ ਪ੍ਰੈੱਸ ਕਾਨਫ਼ਰੰਸ ਵਿੱਚ ਪਾਰਟੀ ਨਾ ਬਣਕੇ ਉਸਨੇ ਬੇਲੋੜੀ ਨੂਰਾ ਕੁਸ਼ਤੀ ਤੋਂ ਕਿਨਾਰਾ ਕੀਤਾ ਹੈ। ਪਰ ਚੋਣ ਕਮਿਸ਼ਨ ਆਪਣੇ ਦਾਅਵੇ ਉੱਤੇ ਕਾਇਮ ਹੈ ਕਿ ਭਾਰਤੀ ਈਵੀਐਮ ਮਸ਼ੀਨਾਂ ਨਾਲ ਛੇੜਛਾੜ ਨਹੀਂ ਹੋ ਸਕਦੀ।

ਭਾਜਪਾ ਤੇ ਕੇਂਦਰ ਸਰਕਾਰ ਦਾ ਪ੍ਰਤੀਕਰਮ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਸੂਜਾ ਦੇ ਦਾਅਵਿਆਂ ਨੂੰ ਰੱਦ ਕੀਤਾ ਹੈ। ਇੱਕ ਟਵੀਟ ਰਾਹੀ ਜੇਤਲੀ ਨੇ ਉਲਟਾ ਸਵਾਲ ਕੀਤਾ ਕਿ ਕੀ ਚੋਣ ਕਮਿਸ਼ਨ ਤੇ ਲੱਖਾਂ ਮੁਲਾਜ਼ਮ ਯੂਪੀਏ ਦੇ ਰਾਜ ਵਿਚ ਭਾਜਪਾ ਨਾਲ ਮਿਲ ਕੇ ਈਵੀਐਮ ਬਣਾਉਣ ਤੇ ਇਸ ਦੀ ਪ੍ਰੋਗਰਾਮਿੰਗ ਕਰਨ ਵਿਚ ਲੱਗੇ ਹੋਏ ਸਨ।

ਜੇਤਲੀ ਨੇ ਕਿਹਾ ਕਿ ਪਹਿਲਾਂ ਰਾਫੇਲ, ਫਿਰ 15 ਸਨਅਤਕਾਰਾਂ ਨੂੰ ਨਾ ਦਿੱਤੀ ਗਈ ਕਰਜ਼ ਮਾਫ਼ੀ ਅਤੇ ਹੁਣ ਅਗਲਾ ਵੱਡਾ ਝੂਠ ਹੈ, ਈਵੀਐਮ ਹੈਕਿੰਗ। ਜੇਤਲੀ ਨੇ ਇਹ ਵੀ ਲਿਖਿਆ ਕਿ ਕੀ ਕਾਂਗਰਸ ਪਾਰਟੀ ਇਹ ਸਮਝਦੀ ਹੈ ਕਿ ਲੋਕ ਕੁਝ ਵੀ ਕੂੜ ਕੜਾਵ ਨਿਗਲ ਲੈਣਗੇ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)