ਹਿਜਾਬ ਉੱਤੇ ਮੁੜ ਕਿਉਂ ਛਿੜ ਗਈ ਹੈ ਬਹਿਸ ਤੇ ਕੀ ਹੈ ਔਰਤਾਂ ਦਾ ਪੱਖ : #10yearchallenge

ਸੋਸ਼ਲ ਮੀਡੀਆ 'ਤੇ ਚੱਲ ਰਹੇ #10YearChallenge ਦਾ ਤੁਰਕੀ ਵਿੱਚ ਇੱਕ ਗੰਭੀਰ ਰੂਪ ਵੇਖਣ ਨੂੰ ਮਿਲਿਆ।

ਔਰਤਾਂ ਨੇ ਆਪਣੀਆਂ ਦੱਸ ਸਾਲ ਪੁਰਾਣੀਆਂ ਹਿਜਾਬ ਪਹਿਨੇ ਹੋਏ ਦੀਆਂ ਤਸਵੀਰਾਂ ਦੀ ਅੱਜ ਦੀਆਂ ਤਸਵੀਰਾਂ ਨਾਲ ਤੁਲਨਾ ਕੀਤੀ।

ਪਰ ਇਨ੍ਹਾਂ ਤਸਵੀਰਾਂ ਦਾ ਮਕਸਦ ਉਮਰ ਦਾ ਫ਼ਰਕ ਵਿਖਾਉਣਾ ਨਹੀਂ ਬਲਕਿ ਹਿਜਾਬ ਪਹਿਨਣ ਅਤੇ ਛੱਡਣ ਵਿੱਚ ਫ਼ਰਕ ਦਿਖਾਉਣਾ ਸੀ।

ਨਾਲ ਹੀ ਔਰਤਾਂ ਨੇ ਹਿਜਾਬ ਛੱਡਣ ਦੇ ਕਾਰਨ ਵੀ ਦੱਸੇ।

ਇਹ ਵੀ ਪੜ੍ਹੋ:

ਤੁਰਕੀ ਵਿੱਚ ਹਿਜਾਬ 'ਤੇ ਵਿਵਾਦ ਕਾਫੀ ਪੁਰਾਣਾ ਹੈ। ਜਨਤਕ ਥਾਵਾਂ 'ਤੇ ਹਿਜਾਬ ਪਾਉਣ ਵਾਲਿਆਂ 'ਤੇ ਪਾਬੰਦੀ ਸੀ ਅਤੇ ਵਿਦਿਆਰਥੀ ਹਿਜਾਬ ਤੋਂ ਬਿਨਾਂ ਯੁਨੀਵਰਸਿਟੀ ਨਹੀਂ ਸੀ ਜਾ ਸਕਦੇ।

ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਰਾਸ਼ਟਰਪਤੀ ਰੇਚੇਪ ਤਇਅਪ ਅਰਦੋਆਨ ਨੇ ਹੌਲੀ ਹੌਲੀ ਇਨ੍ਹਾਂ ਪਾਬੰਦੀਆਂ 'ਤੇ ਢਿੱਲ ਦਿੱਤੀ ਹੈ।

ਧਰਮ-ਨਿਰਪੱਖ ਲੋਕ ਹਿਜਾਬ ਨੂੰ ਰਾਜਨੀਤਕ ਅਤੇ ਧਾਰਮਿਤ ਕੱਟੜਤਾ ਲਈ ਇਸਤੇਮਾਲ ਹੁੰਦਾ ਵੇਖਦੇ ਹਨ, ਤੇ ਅਰਦੋਆਨ 'ਤੇ ਧਾਰਮਿਕ ਏਜੰਡਾ ਚਲਾਉਣ ਦਾ ਇਲਜ਼ਾਮ ਲਗਾਉਂਦੇ ਹਨ।

ਕਈ ਔਰਤਾਂ ਨੂੰ ਸਮਾਜਿਕ ਦਬਾਅ ਕਾਰਨ ਹਿਜਾਬ ਪਾਉਣਾ ਪੈਂਦਾ ਹੈ।

#10YearChallenge ਵਿੱਚ ਲੋਕ ਆਪਣੀਆਂ 10 ਸਾਲ ਪੁਰਾਣੀਆਂ ਤਸਵੀਰਾਂ ਪਾ ਰਹੇ ਹਨ ਪਰ ਹਿਜਾਬ ਦੀਆਂ ਕੁਝ ਤਸਵੀਰਾਂ ਇੱਕ ਸਾਲ ਪੁਰਾਣੀਆਂ ਹੀ ਹਨ ਕਿਉਂਕਿ ਉਨ੍ਹਾਂ ਔਰਤਾਂ ਨੇ ਹਾਲ ਹੀ ਵਿੱਚ ਹਿਜਾਬ ਛੱਡਣ ਦਾ ਫੈਸਲਾ ਲਿਆ ਹੈ।

ਉਹ ਔਰਤਾਂ #1yearchallenge ਹੈਸ਼ਟੈਗ ਦਾ ਇਸਤੇਮਾਲ ਕਰ ਰਹੀ ਹਨ।

ਨਜ਼ਾਨ ਨਾਂ ਦੀ ਯੂਜ਼ਰ ਨੇ ਪੈਰਾਗਲਾਈਡਿੰਗ ਕਰਦੇ ਦੀ ਆਪਣੀ ਤਸਵੀਰ ਸਾਂਝੀ ਕੀਤੀ। ਉਨ੍ਹਾਂ ਲਿਖਿਆ, ''ਇਹ ਜ਼ਾਹਿਰ ਕਰਨਾ ਬੇਹੱਦ ਔਖਾ ਹੈ ਕਿ ਜੋ ਤੁਸੀਂ ਸੋਚਦੇ ਹੋ ਉਹ ਕਰਨ ਦਾ ਅਹਿਸਾਸ ਕਿੰਨਾ ਖੁਬਸੂਰਤ ਹੁੰਦਾ ਹੈ।''

ਇੱਕ ਹੋਰ ਯੂਜ਼ਰ ਜੋਸਫਿਨ ਨੇ ਲਿਖਿਆ, ''ਮੈਂ ਕਿਸੇ ਨਾਲ ਗੱਲ ਕੀਤੀ, ਜਿਸਨੂੰ ਸੱਤ ਸਾਲ ਦੀ ਉਮਰ ਵਿੱਚ ਆਪਣਾ ਸਿਰ ਢੱਕਣਾ ਪਿਆ ਸੀ, ਜਿਸਨੂੰ 14 ਸਾਲ ਦੀ ਉਮਰ ਵਿੱਚ ਵੇਚ ਦਿੱਤਾ ਗਿਆ ਸੀ, ਪਰ ਉਸਨੇ ਕਦੇ ਵੀ ਸੰਘਰਸ਼ ਕਰਨਾ ਨਹੀਂ ਛੱਡਿਆ।''

''ਉਹ ਔਰਤਾਂ ਜਿਨ੍ਹਾਂ ਦੇ ਦਿਲਾਂ ਵਿੱਚ ਤੂਫਾਨ ਹੈ, ਉਨ੍ਹਾਂ ਨੂੰ ਕਹਿ ਰਹੀ ਹਾਂ ਕਿ ਉਹ ਕਦੇ ਵੀ ਹਾਰ ਨਾ ਮੰਨਣ।''

ਇਸ ਤਰ੍ਹਾਂ ਦੇ ਕਈ ਟਵੀਟਸ ਨੂੰ ਇੱਕ ਆਨਲਾਈਨ ਪਲੇਟਫਾਰਮ 'ਯੂ ਵਿਲ ਨੈਵਰ ਵਾਕ ਅਲੋਨ' ਨੇ ਰੀ-ਟਵੀਟ ਕੀਤਾ।

ਵੈਬਸਾਈਟ ਦੀ ਸੰਸਥਾਪਕ ਨੇ ਬੀਬੀਸੀ ਤੁਰਕੀ ਨੂੰ ਦੱਸਿਆ ਕਿ ਉਨ੍ਹਾਂ ਦਾ ਮਕਸਦ ਤੁਰਕੀ ਦੀਆਂ ਔਰਤਾਂ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਉਨ੍ਹਾਂ ਦੇ ਔਖੇ ਸਮੇਂ ਵਿੱਚ ਕਈ ਔਰਤਾਂ ਉਨ੍ਹਾਂ ਦੇ ਨਾਲ ਹਨ।

ਉਨ੍ਹਾਂ ਕਿਹਾ, ''13-14 ਸਾਲ ਦੀ ਉਮਰ ਵਿੱਚ ਕਿਸੇ ਨੂੰ ਵੀ ਉਹ ਪਾਉਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਜੋ ਸਾਰੀ ਉਮਰ ਉਨ੍ਹਾਂ ਦੇ ਨਾਲ ਬਣਿਆ ਰਹਿਣਾ ਵਾਲਾ ਹੈ।''

ਇਹ ਵੀ ਪੜ੍ਹੋ:

ਯੂਜ਼ਰ ਬੁਸਰਾਨੁਰ ਨੇ ਕਿਹਾ, ''ਕੋਈ ਜੋ ਵੀ ਚਾਹੁੰਦਾ ਹੈ, ਉਹ ਕਹਿ ਸਕਦਾ ਹੈ। ਅਸੀਂ ਆਜ਼ਾਦ ਹਾਂ ਅਤੇ ਇਸਦਾ ਸਾਡੇ ਮਾਪਿਆਂ ਨਾਲ ਕੋਈ ਸਬੰਧ ਨਹੀਂ ਹੈ। ਸਾਡੇ ਵਿਚਾਰ ਸਾਡੇ ਬਾਰੇ ਹਨ ਅਤੇ ਅਸੀਂ ਕੀ ਕਰ ਸਕਦੇ ਹਾਂ, ਇਸਨੂੰ ਲੈ ਕੇ ਸਾਡੀ ਸੋਚ ਆਜ਼ਾਦ ਹੈ। ਅਸੀਂ ਦੂਜਿਆਂ ਲਈ ਸਾਡੇ ਲਈ ਨਿਰਧਾਰਿਤ ਕੀਤੀਆਂ ਭੂਮਿਕਾਵਾਂ ਨਹੀਂ ਨਿਭਾਉਣਗੇ।''

ਇੱਕ ਹੋਰ ਯੂਜ਼ਰ @mistiktanrica ਨੇ ਲਿਖਿਆ, ''ਪਿਛਲੇ ਅੱਠ ਸਾਲਾਂ ਤੋਂ ਮੈਂ ਹਿਜਾਬ ਨਾ ਪਾਉਣ ਦੀ ਲੜਾਈ ਲੜ ਰਹੀ ਹਾਂ। ਆਪਣੇ ਅੰਦਰ ਦੀ ਵੀ ਇੱਕ ਲੜਾਈ ਹੈ ਜਿਸ ਨੂੰ ਜਿੱਤਣ ਵਿੱਚ ਮੈਨੂੰ ਇੱਕ ਲੰਬਾ ਸਮਾਂ ਲੱਗਿਆ, ਪੰਜ ਸਾਲਾਂ ਤੱਕ ਇਹ ਮੇਰੇ ਕਰੀਬਿਆਂ ਅਤੇ ਸਮਾਜ ਨਾਲ ਲੜਾਈ ਵਰਗਾ ਰਿਹਾ।''

ਦੂਜਾ ਨਜ਼ਰੀਆ

ਹਾਲਾਂਕਿ, ਲੋਕਾਂ ਨੇ ਇਸ ਮੁਹਿੰਮ ਦੇ ਖਿਲਾਫ਼ ਵੀ ਕੂਮੈਂਟ ਕੀਤਾ। ਇੱਕ ਯੂਜ਼ਰ ਏਲਿਫ ਨੇ ਟਵੀਟ ਕੀਤਾ, ''#1yearchallenge ਅਸੀਂ ਵੱਡੇ ਹੋ ਗਏ ਹਾਂ, ਸੁੰਦਰ ਤੇ ਆਜ਼ਾਦ ਹੋ ਗਏ ਹਾਂ। ਅਸੀਂ ਆਪਣੇ ਹਿਜਾਬ ਦੇ ਨਾਲ ਆਜ਼ਾਦ ਹਾਂ। ਤੁਹਾਨੂੰ ਜੋ ਸੋਚਣਾ ਹੈ ਸੋਚਦੇ ਰਹੋ, ਇਹ ਸਾਡਾ ਆਪਣਾ ਵਿਸ਼ਵਾਸ ਹੈ। ਅਸੀਂ ਸਿਰਫ ਆਪਣੇ ਬਾਰੇ ਕਹਿ ਸਕਦੇ ਹਾਂ, ਤੁਹਾਡੇ ਬਾਰੇ ਨਹੀਂ।''

ਸਿਰਫ਼ ਔਰਤਾਂ ਹੀ ਨਹੀਂ ਮਰਦ ਵੀ ਇਸ ਬਾਰੇ ਲਿਖ ਰਹੇ ਹਨ।

ਯੂਜ਼ਰ ਐਡਮਔਰਸ ਨੇ ਲਿਖਿਆ, ''ਕੋਈ ਵੀ ਆਪਣੀ ਮਰਜ਼ੀ ਨਾਲ ਖੁਦ ਨੂੰ ਢੱਕ ਦਾ ਖੁੱਲ੍ਹਾ ਰੱਖ ਸਕਦਾ ਹੈ। ਇਸ ਨਾਲ ਕਿਸੇ ਨੂੰ ਮਤਲਬ ਨਹੀਂ ਹੋਣਾ ਚਾਹੀਦਾ ਹੈ। ਹਿਜਾਬ ਪਾਉਣ ਅਤੇ ਨਾ ਪਾਉਣ ਵਾਲਿਆਂ, ਦੋਹਾਂ ਦੀ ਇੱਜ਼ਤ ਹੋਣੀ ਚਾਹੀਦੀ ਹੈ। ਅਪਮਾਨਜਨਕ ਟਿੱਪਣੀਆਂ ਬੰਦ ਕਰੋ।''

ਇੱਕ ਹੋਰ ਯੂਜ਼ਰ ਜ਼ਾਯਨੋ ਨੇ ਲਿਖਿਆ, ''ਹਿਜਾਬ ਨੂੰ ਆਜ਼ਾਦੀ ਨਾਲ ਜੋੜਣਾ ਕੱਟੜਤਾ ਹੈ। ਆਜਾ਼ਦੀ ਉਹ ਹੈ ਜਦੋਂ ਤੁਸੀਂ ਬਿਨਾਂ ਕਿਸੇ ਦਬਾਅ ਦੇ ਆਪਣੀ ਮਰਜ਼ੀ ਨਾਲ ਕੁਝ ਕਰਦੇ ਹੋ। ਕਦੇ ਕਦੇ ਖੁਦ ਨੂੰ ਢੱਕਣਾ ਵੀ ਆਜ਼ਾਦੀ ਹੁੰਦੀ ਹੈ।''

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)