ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਜਿੱਤੀ 2 ਕਰੋੜ ਦੀ ਲਾਟਰੀ - 5 ਅਹਿਮ ਖ਼ਬਰਾਂ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਅਸ਼ੋਕ ਕੁਮਾਰ ਨੇ ਪੰਜਾਬ ਲੋਹੜੀ ਬੰਪਰ ਤਹਿਤ 2 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।

29 ਸਾਲਾ ਅਸ਼ੋਕ ਨੇ ਸਾਲ 2010 ਵਿੱਚ ਹੀ ਪੁਲਿਸ ਦੀ ਨੌਕਰੀ ਸ਼ੁਰੂ ਕੀਤੀ ਸੀ। ਉਸ ਨੇ ਦੱਸਿਆ, "ਮੈਨੂੰ ਲਾਟਰੀ ਵੇਚਣ ਵਾਲੇ ਨੇ 16 ਜਨਵਰੀ ਨੂੰ ਹੀ ਇਸ ਦੀ ਜਾਣਕਾਰੀ ਦੇ ਦਿੱਤੀ ਸੀ ਪਰ ਮੈਂ ਇਹ ਗੱਲ ਕਿਸੇ ਨੂੰ ਸਰਕਾਰੀ ਗਜ਼ਟ ਛਪਣ ਤੱਕ ਨਹੀਂ ਦੱਸੀ।"

ਅਸ਼ੋਕ ਕੁਮਾਰ ਇਸ ਵੇਲੇ ਹੁਸ਼ਿਆਰਪੁਰ ਵਿੱਚ ਤਾਇਨਾਤ ਹਨ।

ਪਟਿਆਲਾ ਦੇ ਮੁੰਡੇ ਨੇ ਹਾਸਿਲ ਕੀਤੇ 100 ਫੀਸਦੀ ਅੰਕ

ਦਿ ਟ੍ਰਿਬਿਊਨ ਮੁਤਾਬਕ ਪਟਿਆਲਾ ਦਾ ਰਹਿਣ ਵਾਲਾ ਜੈਏਸ਼ ਸਿੰਗਲਾ ਉਨ੍ਹਾਂ 15 ਉਮੀਦਵਾਰਾਂ ਵਿੱਚੋਂ ਇੱਕ ਹੈ ਜਿਸ ਨੇ ਜੇਈਈ ਵਿੱਚ 100 ਫੀਸਦੀ ਅੰਕ ਹਾਸਿਲ ਕੀਤੇ ਹਨ।

18 ਸਾਲਾ ਜੈਏਸ਼ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਪੇਪਰ 1 (ਬੀਈ-/ਬੀਟੈੱਕ) ਵਿੱਚ 100 ਫੀਸਦੀ ਅੰਕ ਹਾਸਿਲ ਕੀਤੇ ਹਨ।

ਇਹ ਵੀ ਪੜ੍ਹੋ:

ਜੈਏਸ਼ ਦਾ ਕਹਿਣਾ ਹੈ ਕਿ ਉਹ ਦਿਨ ਵਿੱਚ 5-6 ਘੰਟੇ ਪੜ੍ਹਦਾ ਸੀ ਅਤੇ ਇਸ ਲਈ ਉਸ ਨੇ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾ ਲਈ ਸੀ।

ਕਰਤਾਰਪੁਰ ਲਾਂਘੇ ਲਈ ਸਿੱਖ ਸੰਸਥਾ ਤੇ ਪਾਕ ਕੰਪਨੀ ਵਿਚਾਲੇ ਦਸਤਖਤ

ਹਿੰਦੁਸਤਾਨ ਟਾਈਮਜ਼ ਮੁਤਾਬਕ ਕਰਤਾਰਪੁਰ ਲਾਂਘਾ ਬਣਾਉਣ ਲਈ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਨੇ ਪਾਕਿਸਤਾਨ ਦੀ ਕੰਪਨੀ ਹਾਸ਼ੂ ਗਰੁੱਪ ਦੇ ਨਾਲ ਐੱਮਓਯੂ 'ਤੇ ਦਸਤਖਤ ਕਰ ਲਏ ਹਨ।

ਸੰਗਠਨ ਵੱਲੋਂ ਬਿਜ਼ਨੈਸਮੈਨ ਰਾਮੀ ਰੰਗੜ ਨੇ ਦਸਤਖਤ ਕੀਤੇ ਹਨ।

ਰੰਗੜ ਨੇ ਕਿਹਾ ਕਿ ਇਹ ਸਮਝੌਤਾ ਪਾਕਿਸਤਾਨ ਦੀ ਮਸ਼ਹੂਰ ਕੰਪਨੀ ਅਤੇ ਬਰਤਾਨਵੀ ਸਿੱਖਾਂ ਵਚਨਬੱਧਤਾ ਦਾ ਪ੍ਰਤੀਕ ਹੈ ਜੋ ਕਿ ਮਿਲ ਕੇ ਕੰਮ ਕਰਨਗੇ।

ਉਨ੍ਹਾਂ ਕਿਹਾ, "ਇਹ ਸਾਡੇ ਲਈ ਇਤਿਹਾਸਕ ਮੌਕਾ ਹੈ ਅਤੇ ਅਜਿਹਾ ਮੌਕਾ ਹੈ ਜੋ ਸ਼ਾਇਦ ਜ਼ਿੰਦਗੀ ਵਿੱਚ ਦੁਬਾਰਾ ਨਾ ਮਿਲੇ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਦਮ ਦੀ ਸ਼ਲਾਘਾ ਕਰਦੇ ਹਾਂ।"

ਕੰਗਨਾ ਨੂੰ ਕਰਨੀ ਸੈਨਾ ਦੀ ਧਮਕੀ

ਦਿ ਟ੍ਰਿਬਿਊਨ ਮੁਤਾਬਕ ਕਰਨੀ ਸੈਨਾ ਦੀ ਮਹਾਰਾਸ਼ਟਰ ਯੁਨਿਟ ਨੇ ਅਦਾਕਾਰਾ ਕੰਗਨਾ ਰਣਾਉਤ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਸੰਗਠਨ ਦੀ ਅਲੋਚਨਾ ਜਾਰੀ ਰੱਖੇਗੀ ਤਾਂ ਉਹ ਉਸ ਦੀਆਂ ਫਿਲਮਾਂ ਦੇ ਸੈੱਟ ਨੂੰ ਅੱਗ ਲਾ ਦੇਣਗੇ।

ਮਹਾਰਾਸ਼ਟਰ ਕਰਨੀ ਸੈਨਾ ਦੇ ਮੁਖੀ ਅਜੇ ਸਿੰਘ ਸੰਗਰ ਨੇ ਕਿਹਾ, "ਜੇ ਉਹ ਸਾਨੂੰ ਧਮਕੀ ਦੇਣਾ ਜਾਰੀ ਰੱਖੇਗੀ ਤਾਂ ਅਸੀਂ ਯਕੀਨੀ ਬਣਾਵਾਂਗੇ ਕਿ ਉਹ ਮਹਾਰਾਸ਼ਟਰ ਵਿੱਚ ਕਦਮ ਨਾ ਰੱਖੇ। ਅਸੀਂ ਉਸ ਦੀਆਂ ਫਿਲਮਾਂ ਦੇ ਸੈੱਟ ਸਾੜ ਦਿਆਂਗੇ ਤੇ ਉਸ ਦਾ ਕਰੀਅਰ ਖ਼ਤਮ ਕਰ ਦੇਵਾਂਗੇ।"

ਮੈਕਸੀਕੋ ਪਾਈਪਲਾਈਨ ਵਿੱਚ ਧਮਾਕਾ

ਮੈਕਸੀਕੋ ਦੇ ਹਿਡਾਲਗੋ ਸੂਬੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਤੇਲ ਪਾਈਪ ਲਾਈਨ ਹਾਦਸੇ ਵਿੱਚ 71 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕਈ ਦਰਜਨ ਲੋਕ ਜ਼ਖਮੀ ਵੀ ਹੋਏ ਹਨ।

ਸਰਕਾਰੀ ਅਧਿਕਾਰੀਆਂ ਨੇ ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਿਡਾਲਗੋ ਸੂਬੇ ਵਿੱਚ ਸ਼ੱਕੀ ਤੇਲ ਚੋਰਾਂ ਨੇ ਪਾਈਪਲਾਈਨ ਵਿੱਚ ਮੋਰੀ ਕਰ ਦਿੱਤੀ ਜਿਸ ਤੋਂ ਬਾਅਦ ਪਾਈਪਲਾਈਨ ਵਿੱਚ ਅੱਗ ਭੜਕ ਗਈ।

ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਸ਼ਾਮ ਨੂੰ ਦਰਜਨਾਂ ਲੋਕ ਪਾਈਪਲਾਈਨ ਤੋਂ ਰਿਸਦਾ ਹੋਇਆ ਤੇਲ ਭਰਨ ਦੀ ਕੋਸ਼ਿਸ਼ ਕਰ ਰਹੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)