#10YearChallenge ਸੋਸ਼ਲ ਮੀਡੀਆ 'ਤੇ ਅਦਾਕਾਰ ਕਿਉਂ ਸਾਂਝੀਆਂ ਕਰ ਰਹੇ ਹਨ 10 ਸਾਲ ਪੁਰਾਣੀਆਂ ਤਸਵੀਰਾਂ?

ਸੋਸ਼ਲ ਮੀਡੀਆ 'ਤੇ ਅੱਜ ਕਲ੍ਹ #10YearChallenge ਕਾਫੀ ਚਰਚਾ ਵਿੱਚ ਹੈ। ਇਸ ਚੈਲੇਂਜ ਵਿੱਚ ਭਾਗ ਲੈਕੇ ਲੋਕ ਆਪਣੀ 10 ਸਾਲ ਪੁਰਾਣੀ ਅਤੇ ਹਾਲ ਦੇ ਸਮੇਂ ਦੀ ਤਸਵੀਰ ਸਭ ਨਾਲ ਸਾਂਝੀ ਕਰ ਰਹੇ ਹਨ।

ਮੌਸਮ ਵਾਂਗ ਹੀ ਸੋਸ਼ਲ ਮੀਡੀਆ 'ਤੇ ਨਿੱਤ ਦਿਨ ਨਵੇਂ ਮਿਜਾਜ਼ ਦੇਖਣ ਨੂੰ ਮਿਲਦੇ ਹਨ। ਪਿਛਲੇ ਸਾਲ ਦੌਰਾਨ ਕਈ ਅਜਿਹੇ ਟਰੈਂਡਜ਼ ਸੋਸ਼ਲ ਮੀਡੀਆ 'ਤੇ ਛਾਏ ਰਹੇ ਜਿਨ੍ਹਾਂ ਨੇ ਆਮ ਲੋਕਾਂ ਦੇ ਨਾਲ ਨਾਲ ਮਸ਼ਹੂਰ ਸ਼ਖਸੀਅਤਾਂ ਨੂੰ ਵੀ ਆਪਣਾ ਯੋਗਦਾਨ ਪਾਉਣ ਲਈ ਮਜਬੂਰ ਕਰ ਦਿੱਤਾ।

ਆਇਸ ਬਕਿੱਟ ਚੈਲੇਂਜ ਤੋਂ ਲੈਕੇ ਕੀਕੀ ਚੈਲੇਂਜ ਤੱਕ, ਇਹ ਟਰੈਂਡਜ਼ ਸਾਲ 2018 ਦੌਰਾਨ ਲੋਕਾਂ ਦੇ ਰੁਝਾਨ ਅਤੇ ਮਨੋਰੰਜਨ ਦਾ ਕੇਂਦਰ ਰਹੇ।

ਸਾਲ 2018 ਦੌਰਾਨ #MeToo ਵਰਗੇ ਵੀ ਕੁਝ ਟਰੈਂਡਜ਼ ਰਹੇ ਜਿੱਥੇ ਮਹਿਲਾਵਾਂ ਵੱਲੋਂ ਆਪਣੇ ਨਾਲ ਹੋਏ ਸ਼ੋਸ਼ਣ ਦੀ ਹੱਡਬੀਤੀ ਸਾਂਝੀ ਕੀਤੀ ਗਈ। ਸਾਲ 2019 ਦੀ ਸ਼ੁਰੂਆਤ ਵਿੱਚ #10YearChallenge ਚੱਲ ਰਿਹਾ ਜਿਸ ਦਾ ਮਕਸਦ ਕਾਫ਼ੀ ਸਕਾਰਾਤਮਕ ਜਾਪ ਰਿਹਾ ਹੈ।

ਕੀ ਹੈ #10YearChallenge ?

ਇਸ ਗੱਲ ਦੀ ਅਜੇ ਸਾਫ਼ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਸ ਚੈਲੇਂਜ ਦੀ ਸ਼ੁਰੂਆਤ ਕਿਸ ਕਰ੍ਹਾਂ ਹੋਈ, ਪਰ ਇਹ ਲਗਾਤਾਰ ਤੂਲ ਫੜ੍ਹ ਰਿਹਾ ਹੈ।

ਇਹ ਵੀ ਪੜ੍ਹੋ:

ਚੈਲੇਜ ਵਿਚ ਭਾਗ ਲੈਣ ਵਾਲੇ ਲੋਕ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਪੋਸਟ ਕਰਦੇ ਹਨ। ਇਸ ਤਸਵੀਰ ਨੂੰ ਦੋ ਤਸਵੀਰਾਂ ਨੂੰ ਜੋੜ ਕੇ ਤਿਆਰ ਕੀਤੀ ਜਾਂਦਾ ਹੈ। ਖੱਬੇ ਪਾਸੇ ਪੋਸਟ ਕਰਨ ਵਾਲੇ ਦੀ 10 ਸਾਲ ਪੁਰਾਣੀ ਤਸਵੀਰ ਅਤੇ ਸੱਜੇ ਪਾਸੇ ਹਾਲ ਦੇ ਸਮੇਂ ਦੀ ਤਸਵੀਰ ਹੁੰਦੀ ਹੈ।

#10YearChallenge ਹੇਠ ਪੋਸਟ ਕੀਤੇ ਜਾਣ ਵਾਲੀ ਇਹ ਤਸਵੀਰ 10 ਸਾਲ ਦੇ ਸਮੇਂ ਦੌਰਾਨ ਵਿਅਕਤੀ ਦੀ ਦਿੱਖ ਵਿਚ ਆਉਣ ਵਾਲੇ ਫ਼ਰਕ ਨੂੰ ਦਰਸ਼ਾਉਂਦੀ ਹੈ।

ਇਸ ਚੈਲੇਂਜ ਯਾਨਿਕਿ #10YearChallenge ਨੂੰ #HowHardDidAgingHitYou ਅਤੇ #GlowUp ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।

ਲੋਕ ਆਪਣੀ 2008 ਤੇ 2018 ਦੀਆਂ ਤਸਵੀਰਾਂ ਅਤੇ 2009 ਤੇ 2019 ਦੀਆਂ ਤਸਵੀਰਾਂ #2008vs2018 ਅਤੇ #2009vs2019 ਨਾਲ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਨ।

ਮਸ਼ਹੂਰ ਸ਼ਖਸੀਅਤਾਂ ਵੀ ਲੈ ਰਹੀਆਂ ਹਨ ਭਾਗ

ਸੋਸ਼ਲ ਮੀਡੀਆ ਦੀ ਇਸ ਲਹਿਰ ਵਿਚ ਮਸ਼ਹੂਰ ਕੌਮੀ ਅਤੇ ਕੌਮਾਂਤਰੀ ਸ਼ਖ਼ਸੀਅਤਾਂ ਵੀ ਸ਼ਾਮਿਲ ਹਨ।

ਸ਼ਖ਼ਸੀਅਤਾਂ ਦੀ ਇਨ੍ਹਾਂ ਤਸਵੀਰਾਂ ਨੇ ਦਿਖਾਇਆ ਕਿ ਸਮੇਂ ਨਾਲ ਉਨ੍ਹਾਂ ਦੀ ਦਿੱਖ ਵਿਚ ਕਿੰਨਾਂ ਫਰਕ ਆਇਆ ਹੈ, ਜਦੋਂ ਕਿ ਕੁਝ 10 ਸਾਲ ਪਹਿਲਾਂ ਵਾਂਗ ਹੀ ਦਿਖਾਈ ਦਿੱਤੇ।

ਚੈਲੇਂਜ ਹੇਠ ਆਪਣੀ ਤਸਵੀਰ ਪੋਸਟ ਕਰਦੇ ਹੋਏ ਕਲਾਕਾਰ ਮੰਦਿਰਾ ਬੇਦੀ ਲਿਖਦੀ ਹੈ ਕਿ ਇਨ੍ਹਾਂ 10 ਸਾਲਾਂ ਦੌਰਾਨ ਉਨ੍ਹਾਂ ਦਾ ਪੋਸਚਰ ਬਿਹਤਰ ਹੋ ਗਿਆ ਹੈ।

ਅਦਾਕਾਰਾ ਸੋਨਮ ਕਪੂਰ ਆਪਣੀ ਤਸਵੀਰ ਪੋਸਟ ਕਰਦੇ ਹੋਏ ਲੋਕਾਂ ਨੂੰ ਪੁੱਛਦੀ ਹੈ ਕਿ, "ਕੀ ਮੇਰੇ ਵਿਚ ਵੀ ਮੇਰੇ ਪਿਤਾ ਵਾਲਾ ਜੀਨ ਹੈ?"

ਗਾਇਕ ਅਰਮਾਨ ਮਲਿਕ ਵੱਲੋਂ ਵੀ ਆਪਣੀ ਤਸਵੀਰ ਸਾਂਝੀ ਕੀਤੀ ਗਈ ਜਿਸ ਵਿਚ ਉਨ੍ਹਾਂ ਦੀ ਦਿੱਖ ਵਿਚ ਕਾਫ਼ੀ ਅੰਤਰ ਦਿਖਾਈ ਦਿੱਤਾ।

ਅਦਾਕਾਰਾ ਸ਼ਰੂਤੀ ਹਸਨ ਆਪਣੀ ਤਸਵੀਰ ਪੋਸਟ ਕਰਦੇ ਹੋਏ ਦੱਸਦੀ ਹੈ ਕਿ ਉਹ ਪਿਛਲੇ ਸਮੇਂ ਵਿਚੋਂ ਕੀ ਯਾਦ ਕਰਦੀ ਹੈ ਅਤੇ ਕੀ ਨਹੀਂ।

ਉਧਰ ਕ੍ਰਿਕਟ ਸੰਸਥਾ ਆਈਸੀਸੀ ਵੱਲੋਂ ਵੀ ਚੈਲੇਂਜ ਵਿੱਚ ਭਾਗ ਲਿਆ ਗਿਆ ਅਤੇ ਧੋਨੀ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਦੀ ਬੱਲੇਬਾਜ਼ੀ ਦੀ ਤਾਰੀਫ਼ ਕੀਤੀ ਗਈ।

ਮੈਡੋਨਾ, ਐਲਨ ਡੇਜਨਰਸ, ਨਿੱਕੀ ਮਿਨਾਜ ਸਮੇਤ ਕਈ ਕੌਮਾਂਤਰੀ ਕਲਾਕਾਰ ਵੀ ਇਸ ਵੱਧ ਰਹੇ ਟ੍ਰੈਂਡ ਵਿਚ ਆਪਣਾ ਯੋਗਦਾਨ ਪਾਉਂਦੇ ਨਜ਼ਰੀ ਪਏ।

ਸੋਸ਼ਲ ਮੀਡੀਆ ਯੂਜ਼ਰ ਵਿਨੋਥਿਨੀ ਸੰਦਰਾ ਨੇ ਆਪਣੀ ਤਸਵੀਰ ਦੇ ਨਾਲ ਆਪਣੇ 10 ਸਾਲਾਂ ਦੀ ਮੁਸ਼ੱਕਤ ਵੀ ਲੋਕਾਂ ਨਾਲ ਸਾਂਝੀ ਕੀਤੀ ਅਤੇ ਲੋਕਾਂ ਨੂੰ ਹਿੰਮਤ ਰੱਖਣ ਅਤੇ ਮਜ਼ਬੂਤ ਰਹਿਣ ਦੀ ਸਲਾਹ ਦਿੱਤੀ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)