ਐੱਸਜੀਪੀਸੀ 500 ਅਤੇ 1000 ਦੇ ਨੋਟਾਂ ਕਾਰਨ ਪਹੁੰਚੀ ਆਰਬੀਆਈ - 5 ਅਹਿਮ ਖ਼ਬਰਾਂ

ਸ਼੍ਰੋਮਣੀ ਕਮੇਟੀ ਨੇ ਭਾਰਤੀ ਰਿਜ਼ਰਵ ਬੈਂਕ ਕੋਲ ਬੰਦ ਹੋ ਚੁੱਕੇ 500 ਅਤੇ 1000 ਦੇ ਨੋਟਾਂ ਵਿੱਚ 30.4 ਕਰੋੜ ਬਦਲਣ ਲਈ ਪਹੁੰਚ ਕੀਤੀ ਹੈ। ਸ਼੍ਰੋਮਣੀ ਕਮੇਟੀ ਨੂੰ ਇਹ ਨੋਟ ਸ਼ਰਧਾਲੂਆਂ ਵੱਲੋਂ ਚੜ੍ਹਾਵੇ ਦੇ ਰੂਪ ਵਿੱਚ ਪ੍ਰਾਪਤ ਹੋਏ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹਾਲਾਂਕਿ ਸ਼੍ਰੋਮਣੀ ਕਮੇਟੀ ਨੇ 31 ਮਾਰਚ 2017 ਤੱਕ ਸਾਰੇ ਬੰਦ ਕੀਤੇ ਗਏ ਨੋਟ ਜਮਾਂ ਕਰਵਾ ਦਿੱਤੇ ਸਨ ਪਰ ਚੜ੍ਹਾਵੇ ਵਿੱਚ ਇਨ੍ਹਾਂ ਦੀ ਆਮਦ ਜੁਲਾਈ 2017 ਤੱਕ ਜਾਰੀ ਰਹੀ।

ਅਖ਼ਬਾਰ ਦੀ ਹੀ ਖ਼ਬਰ ਮੁਤਾਬਕ 2000 ਦੇ ਨਵੇਂ ਨੋਟਾਂ ਦੀ ਛਪਾਈ ਵੀ ਸਰਕਾਰ ਨੇ ਘਟਾ ਦਿੱਤੀ ਹੈ। ਇਹ ਨਵੇਂ ਨੋਟ ਨਵੰਬਰ 2016 ਵਿੱਚ 500 ਅਤੇ 1000 ਦੇ ਪੁਰਾਣੇ ਨੋਟਾਂ ਦੇ ਕੇਂਦਰ ਸਰਕਾਰ ਵੱਲੋਂ ਬੰਦ ਕਰ ਦਿੱਤੇ ਜਾਣ ਮਗਰੋਂ ਛਾਪੇ ਗਏ ਸਨ। ਹਾਲਾਂਕਿ ਬਾਜ਼ਾਰ ਵਿੱਚ ਉਪਲਬਧ 2000 ਦੇ ਨੋਟ ਚੱਲਦੇ ਰਹਿਣਗੇ।

ਇਹ ਵੀ ਪੜ੍ਹੋ:

ਫੈਕਟਰੀ 'ਚ ਧਮਾਕੇ ਕਾਰਨ 6 ਲੋਕਾਂ ਦੀ ਮੌਤ ਕਈ ਫਸੇ

ਦਿੱਲੀ ਦੇ ਮੋਤੀ ਨਗਰ ਇਲਾਕੇ ਵਿੱਚ ਇੱਕ ਫੈਕਟਰੀ ਢਹਿ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ।

ਹਿੰਦੁਸਤਾਨ ਟਾਈਮਜ਼ ਨੇ ਪੁਲਿਸ ਦੇ ਹਵਾਲੇ ਨਾਲ ਹਾਦਸੇ ਦਾ ਕਾਰਨ ਫੈਕਟਰੀ ਦੀ ਤਿੰਨ ਮੰਜ਼ਿਲਾ ਇਮਾਰਤ ਵਿੱਚ ਹੋਇਆ ਧਮਾਕਾ ਦੱਸਿਆ ਹੈ।

ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਧਮਾਕਾ ਹੁੰਦਿਆਂ ਹੀ ਇਮਾਰਤ ਦੇ ਨਜ਼ਦੀਕੀ ਇੱਕ ਕਬਾੜਖਾਨੇ ਵਿਚਲੇ ਕਾਮੇ ਮਲਬੇ ਥੱਲੇ ਦੱਬੇ ਗਏ। ਪੁਲਿਸ ਕਮਿਸ਼ਨਰ ਮੁਤਾਬਕ ਦੋਵਾਂ ਇਮਾਰਤਾਂ ਵਿੱਚ ਕੁਲ 18 ਲੋਕ ਸਨ।

ਚੀਨ ਜਾ ਰਹੇ ਨਾਗਰਿਕਾਂ ਨੂੰ ਅਮਰੀਕਾ ਦੀ ਹਿਦਾਇਤ

ਚੀਨ ਵਿੱਚ ਹਾਈ-ਪ੍ਰੋਫਾਈਲ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਕਾਰਨ ਅਮਰੀਕੀ ਵਿਦੇਸ਼ ਮੰਤਰਾਲਾ ਨੇ ਚੀਨ ਜਾ ਰਹੇ ਆਪਣੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

ਤਾਜ਼ਾ ਸਲਾਹ ਵਿੱਚ ਕਿਹਾ ਗਿਆ ਹੈ ਕਿ ਚੀਨ ਅਮਰੀਕੀ ਨਾਗਰਿਕਾਂ ਨੂੰ ਦੇਸ ਛੱਡ ਕੇ ਜਾਣ ਤੋਂ ਰੋਕ ਰਿਹਾ ਹੈ। ਦੋ ਕੈਨੇਡੀਅਨ ਨਾਗਰਿਕਾਂ ਦੇ ਚੀਨ ਵਿੱਚ ਹਿਰਾਸਤ ਵਿੱਚ ਲਏ ਜਾਣ ਮਗਰੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ। ਬੀਬੀਸੀ ਦੀ ਵੈੱਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਸੁਪਰੀਮ ਕੋਰਟ ’ਚ ਬਾਬਰੀ ਮਸਜਿਦ ਰਾਮ ਮੰਦਿਰ ਕੇਸ ਦੀ ਸੁਣਵਾਈ

ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਬਾਬਰੀ ਮਸਜਿਦ ਰਾਮ ਮੰਦਿਰ ਕੇਸਾਂ ਦੀ ਸੁਣਵਾਈ ਕਰੇਗਾ।

ਟਾਈਮਜ਼ ਆਫ਼ ਇੰਡੀਆ ਖ਼ਬਰ ਮੁਤਾਬਕ ਇਨ੍ਹਾਂ ਕੇਸਾਂ ਦੀ ਸੁਣਵਾਈ ਇੱਕ ਤਿੰਨ ਜੱਜਾਂ ਦੀ ਬੈਂਚ ਕਰੇਗੀ ਜਿਸ ਵਿੱਚ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਐਸ ਕੇ ਕੌਲ ਸ਼ਾਮਲ ਹੋਣਗੇ।

ਇਹ ਸੁਣਵਾਈ ਇਲਾਹਾਬਾਦ ਹਾਈ ਕੋਰਟ ਦੇ ਸਾਲ 2010 ਉਸ ਫੈਸਲੇ ਖਿਲਾਫ ਪਾਈਆਂ 14 ਅਰਜੀਆਂ ਖਿਲਾਫ ਕੀਤੀ ਜਾਣੀ ਹੈ ਜਿਸ ਵਿੱਚ ਅਦਾਲਤ ਨੇ ਕਿਹਾ ਸੀ ਕਿ ਸਾਰੀ 2.77 ਏਕੜ ਭੂਮੀ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਦਿੱਤਾ ਜਾਵੇ ਅਤੇ ਸੁੰਨੀ ਵਕਫ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮ ਲਲਾ ਨੂੰ ਦੇ ਦਿੱਤੀ ਜਾਵੇ।

ਐਪਲ ਦੇ ਸ਼ੇਅਰ ਘਟੇ

ਅਮਰੀਕੀ ਕੰਪਨੀ ਐਪਲ ਦੇ ਸ਼ੇਅਰ ਵੀਰਵਾਰ ਡਿੱਗੇ ਜਿਸ ਕਾਰਨ ਕੰਪਨੀ ਨੂੰ ਲਗਪਗ 5,25,800 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਕੰਪਨੀ ਨੇ ਇੱਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਸਾਲ ਦੀ ਆਖ਼ਰੀ ਤਿਮਾਹੀ ਵਿੱਚ ਉਸ ਦੀ ਕਮਾਈ ਅੰਦਾਜ਼ੇ ਤੋਂ ਘੱਟ ਰਹਿ ਸਕਦੀ ਹੈ।

ਕੰਪਨੀ ਨੇ 89 ਅਰਬ ਡਾਲਰ ਦੇ ਲਾਭ ਦਾ ਅੰਦਾਜ਼ਾ ਲਾਇਆ ਸੀ ਜਦਕਿ ਬੁੱਧਵਾਰ ਨੂੰ ਕੰਪਨੀ ਨੇ ਕਿਹਾ ਕਿ ਉਸ ਨੂੰ 84 ਅਰਬ ਡਾਲਰ ਦੀ ਕਮਾਈ ਹੋ ਸਕਦੀ ਹੈ। ਬੀਬੀਸੀ ਦੀ ਵੈੱਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)