ਐਗਜ਼ਿਟ ਪੋਲ ਵਿੱਚ ਰਾਜਸਥਾਨ, ਮੱਧ ਪ੍ਰਦੇਸ਼ ਵਿੱਚ ਕਾਂਗਰਸ, ਛੱਤੀਸਗੜ੍ਹ ਵਿੱਚ ਭਾਜਪਾ ਦੀ ਜਿੱਤ ਦਾ ਅਨੁਮਾਨ

ਤੇਲੰਗਾਨਾ ਅਤੇ ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਕਰਵਾਰ ਨੂੰ ਮੁੱਕ ਗਈ।

ਇਸ ਤੋਂ ਪਹਿਲਾਂ ਤਿੰਨ ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਿਜ਼ੋਰਮ ਵਿੱਚ ਵੋਟਾਂ ਪੈ ਚੁੱਕੀਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜੇ 11 ਦਸੰਬਰ ਨੂੰ ਆਉਣਗੇ।

ਸ਼ਾਮ ਨੂੰ ਵੋਟਾਂ ਮੁੱਕਣ ਸਾਰ ਐਗਜ਼ਿਟ ਪੋਲਜ਼ ਦੇ ਨਤੀਜੇ ਵੀ ਵੱਖੋ-ਵੱਖਰੇ ਚੈਨਲਾਂ 'ਤੇ ਆਉਣ ਲੱਗ ਪਏ। ਇਨ੍ਹਾਂ ਦੇ ਨਤੀਜੇ ਵੀ ਵੱਖੋ-ਵੱਖਰੇ ਹਨ।

ਤੁਹਾਨੂੰ ਦਸ ਦਈਏ ਬੀਬੀਸੀ ਨੇ ਕੋਈ ਐਗਜ਼ਿਟ ਪੋਲ ਨਹੀਂ ਕਰਵਾਇਆ ਹੈ।

ਰਾਜਸਥਾਨ ਬਾਰੇ ਸਥਿਤੀ ਸਾਫ ਨਹੀਂ ਦਿਖ ਰਹੀ ਅਤੇ ਪੰਜਾਂ ਸਾਲਾਂ ਮਗਰੋਂ ਮੁੜ ਕਾਂਗਰਸ ਦੀ ਸਰਕਾਰ ਬਣਦੀ ਦਿਸ ਰਹੀ ਹੈ।

ਮੱਧ ਪ੍ਰਦੇਸ਼ ਵਿੱਚ ਕਾਂਗਰਸ ਅਤੇ ਭਾਜਪਾ ਦੀ ਫਸਵੀਂ ਟੱਕਰ ਹੈ, ਜਦ ਕਿ ਛੱਤੀਸਗੜ੍ਹ ਵਿੱਚ ਰਮਨ ਸਿੰਘ ਸਹਿਜ ਸਥਿਤੀ ਵਿੱਚ ਦਿਖ ਰਹੇ ਹਨ।

ਤੇਲੰਗਾਨਾ ਵਿੱਚ ਟੀਆਰਐਸ ਇੱਕ ਵਾਰ ਫਿਰ ਸਰਕਾਰ ਵਿੱਚ ਪਰਤ ਸਕਦੀ ਹੈ।

ਮੱਧ ਪ੍ਰਦੇਸ਼

ਮੱਧ ਪ੍ਰਦੇਸ਼ ਵਿੱਚ ਮੁੱਖ ਮੁਕਾਬਲਾ ਲਗਪਗ 15 ਸਾਲਾਂ ਤੋਂ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਵਿੱਚ ਹੈ। 230 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਲਈ ਕਿਸੇ ਵੀ ਪਾਰਟੀ ਕੋਲ 116 ਸੀਟਾਂ ਹੋਣੀਆਂ ਚਾਹੀਦੀਆਂ ਹਨ। ਮੱਧ ਪ੍ਰਦੇਸ਼ ਦੀਆਂ 230 ਅਤੇ ਮਿਜ਼ੋਰਮ ਦੀਆਂ 40 ਸੀਟਾਂ ਲਈ 28 ਨਵੰਬਰ ਨੂੰ ਚੋਣਾਂ ਹੋਈਆਂ ਸਨ।

ਇਹ ਵੀ ਪੜ੍ਹੋ-

ਈਂਡੀਆ ਟੂਡੇ ਮਾਇ ਇੰਡੀਆ ਦੇ ਐਗਜ਼ਿਟ ਪੋਲ ਵਿੱਚ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਜਾਂਦੀ ਦਿਖ ਰਹੀ ਹੈ। ਕਾਂਗਰਸ ਨੂੰ 104 ਤੋਂ 122 ਸੀਟਾਂ ਮਿਲਣ ਦਾ ਅੰਦਾਜ਼ਾ ਹੈ ਅਤੇ ਭਾਜਪਾ ਨੂੰ 102 ਤੋਂ 122 ਸੀਟਾਂ ਜਦਕਿ ਬਾਕੀਆਂ ਨੂੰ 4 ਤੋਂ 11 ਸੀਟਾਂ ਮਿਲ ਸਕਦੀਆਂ ਹਨ।

ਲੋਕਨੀਤੀ-ਸੀਐਸਡੀਐਸ ਦੇ ਐਗਜ਼ਿਟ ਪੋਲ ਵਿੱਚ ਵੀ ਸ਼ਿਵਰਾਜ ਸਿੰਘ ਚੌਹਾਨ ਦੀ ਕਿਸ਼ਤੀ ਡੁੱਬ ਰਹੀ ਹੈ। ਸ਼ਾਇਦ ਇੱਥੇ ਸ਼ਿਵਰਾਜ ਸਿੰਘ ਚੌਹਾਨ ਨੂੰ ਸਰਾਕਾਰ ਵਿਰੋਧੀ ਭਾਵਨਾ ਦਾ ਨਤੀਜਾ ਭੁਗਤਣਾ ਪੈ ਸਕਦਾ ਹੈ।

ਭਾਜਪਾ ਨੂੰ 40 ਫੀਸਦੀ, ਕਾਂਗਰਸ ਨੂੰ 43 ਫੀਸਦੀ ਅਤੇ ਹੋਰਾਂ ਨੂੰ 17 ਫੀਸਦੀ ਵੋਟਾਂ ਮਿਲਣ ਦਾ ਅੰਦਾਜ਼ਾ ਲਾਇਆ ਗਿਆ ਹੈ।

ਸੀਟਾਂ ਦੀ ਗੱਲ ਕਰੀਏ ਤਾਂ ਭਾਜਪਾ ਬਹੁਮਤ ਤੋਂ ਕਾਫੀ ਪਿੱਛੇ ਦਿਖ ਰਹੀ ਹੈ। ਲੋਕਨੀਤੀ-ਸੀਐਸਡੀਐਸ ਦੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 94 ਜਦਕਿ ਕਾਂਗਰਸ ਨੂੰ 126 ਸੀਟਾਂ ਮਿਲ ਸਕਦੀਆਂ ਹਨ ਅਤੇ ਬਾਕੀਆਂ ਦੇ ਖਾਤੇ ਵੀ 10 ਸੀਟਾਂ ਜਾ ਸਕਦੀਆਂ ਹਨ।

ਰਿਪਬਲਿਕ-ਸੀ ਦੇ ਐਗਜ਼ਿਟ ਪੋਲ ਨੂੰ ਦੇਖੀਏ ਤਾਂ ਭਾਜਪਾ 90-106, ਕਾਂਗਰਸ ਨੂੰ 110-126 ਅਤੇ ਬਾਕੀਆਂ ਨੂੰ 6-22 ਸੀਟਾਂ ਮਿਲ ਸਕਦੀਆਂ ਹਨ।

ਟਾਈਮਜ਼ ਨਾਓ-ਸੀਐਨਐਕਸ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 126, ਕਾਂਗਰਸ ਨੂੰ 89, ਬੀਐਸਪੀ ਨੂੰ 6 ਅਤੇ ਬਾਕੀਆਂ ਨੂੰ 9 ਸੀਟਾਂ ਮਿਲ ਸਕਦੀਆਂ ਹਨ।

ਰਾਜਸਥਾਨ

ਐਗਜ਼ਿਟ ਪੋਲ ਵਿੱਚ ਵਸੁੰਧਰਾ ਰਾਜੇ ਦੀ ਸਰਕਾਰ ਨੂੰ ਧੱਕਾ ਲੱਗ ਸਕਦਾ ਹੈ।

ਈਂਡੀਆ ਟੂਡੇ ਮਾਇ ਇੰਡੀਆ ਦੇ ਐਗਜ਼ਿਟ ਪੋਲ ਵਿੱਚ ਕਾਂਗਰਸ ਨੂੰ ਪੂਰਣ ਬਹੁਮਤ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ। ਕਾਂਗਰਸ ਨੂੰ 42 ਫੀਸਦੀ ਵੋਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ ਜਦਕਿ ਕਾਂਗਰਸ ਨੂੰ 37 ਫੀਸਦੀ ਵੋਟਾਂ ਪੈ ਸਕਦੀਆਂ ਹਨ।

ਬਾਕੀਆਂ ਨੂੰ 21 ਫੀਸਦੀ ਵੋਟਾਂ ਪੈ ਸਕਦੀਆਂ ਹਨ। ਸੀਟਾਂ ਦੇ ਹਿਸਾਬ ਨਾਲ 199 ਸੀਟਾਂ ਲਈ ਪਈਆਂ ਵੋਟਾਂ ਵਿੱਚ ਕਾਂਗਰਸ ਨੂੰ 119 ਤੋਂ 141 ਸੀਟਾਂ, ਭਾਜਪਾ ਨੂੰ 55 ਤੋਂ 72 ਸੀਟਾਂ ਅਤੇ ਬਾਕੀਆਂ ਨੂੰ ਵੀ 4 ਤੋਂ 11 ਸੀਟਾਂ ਮਿਲ ਸਕਦੀਆਂ ਹਨ।

ਟਾਈਮਜ਼ ਨਾਓ-ਸੀਐਨਐਕਸ ਦੇ ਐਗਜ਼ਿਟ ਪੋਲ ਮੁਤਾਬਕ ਵੀ ਕਾਂਗਰਸ ਦੀ ਸਰਕਾਰ ਵਿੱਚ ਵਾਪਸੀ ਹੁੰਦੀ ਦਿਸ ਰਹੀ ਹੈ। ਇੱਥੇ ਕਾਂਗਰਸ ਨੂੰ 105 ਸੀਟਾਂ ਮਿਲਣ ਦਾ ਅੰਦਾਜ਼ਾ ਲਾਇਆ ਗਿਆ ਹੈ, ਜਦੋਂਕਿ ਭਾਜਪਾ ਨੂੰ 85 ਸੀਟਾਂ ਮਿਲ ਸਕਦੀਆਂ ਹਨ। ਬੀਐਸਪੀ ਅਤੇ ਸਹਿਯੋਗੀ ਪਾਰਟੀ ਨੂੰ ਦੋ ਸੀਟਾਂ ਅਤੇ ਬਾਕੀਆਂ ਨੂੰ 7 ਸੀਟਾਂ ਮਿਲਣ ਦਾ ਅੰਦਾਜ਼ਾ ਲਾਇਆ ਗਿਆ ਹੈ।

ਲੋਕਨੀਤੀ-ਸੀਐਸਡੀਐਸ ਦੇ ਐਗਜ਼ਿਟ ਪੋਲ ਵਿੱਚ ਵੀ ਕਾਂਗਰਸ ਨੂੰ ਬਹੁਮਤ ਮਿਲਣ ਦਾ ਅੰਦਾਜ਼ਾ ਲਾਇਆ ਗਿਆ ਹੈ।

ਛੱਤੀਸਗੜ੍ਹ

ਛੱਤੀਸਗੜ੍ਹ ਦੀਆਂ 90 ਸੀਟਾਂ ਲਈ ਦੋ ਪੜਾਵਾਂ ਵਿੱਚ ਚੋਣਾਂ ਹੋਈਆਂ ਸਨ। ਪਹਿਲੇ ਪੜਾਅ ਵਿੱਚ 12 ਨਵੰਬਰ ਨੂੰ 18 ਸੀਟਾਂ ਲਈ ਅਤੇ 20 ਨਵੰਬਰ ਨੂੰ ਦੂਸਰੇ ਅਤੇ ਅੰਤਿਮ ਪੜਾਅ ਵਿੱਚ 72 ਸੀਟਾਂ ਲਈ ਵੋਟਾਂ ਹੋਈਆਂ ਸਨ।

ਇਹ ਵੀ ਪੜ੍ਹੋ

ਛੱਤੀਸਗੜ੍ਹ ਵਿੱਚ ਭਾਜਪਾ ਦੀ ਸਰਕਾਰ ਖੁੱਸ ਸਕਦੀ ਹੈ। ਇਹ ਅੰਦਾਜ਼ਾ ਇੰਡੀਆ ਟੁਡੇ ਮਾਇ ਇੰਡੀਆ ਦੇ ਐਗਜ਼ਿਟ ਪੋਲ ਵਿੱਚ ਲਾਇਆ ਗਿਆ ਹੈ।

ਇਸ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 21 ਤੋਂ 31 ਸੀਟਾਂ ਮਿਲਣ ਦਾ ਅੰਦਾਜ਼ਾ ਲਾਇਆ ਗਿਆ ਹੈ ਜਦਕਿ ਕਾਂਗਰਸ ਸੌਖਿਆਂ ਹੀ ਸਰਕਾਰ ਬਣਾ ਸਕਦੀ ਹੈ।

ਪੋਲ ਵਿੱਚ ਕਾਂਗਰਸ ਨੂੰ 55 ਤੋਂ 65 ਸੀਟਾਂ ਮਿਲਣ ਦਾ ਅਨੁਮਾਨ ਹੈ। ਹੋਰਾਂ ਨੂੰ ਵੀ 4 ਤੋਂ 8 ਸੀਟਾਂ ਮਿਲ ਸਕਦੀਆਂ ਹਨ।

ਟਾਈਮਜ਼ ਨਾਓ-ਸੀਐਨਐਕਸ ਦੇ ਐਗਜ਼ਿਟ ਪੋਲ ਮੁਤਾਬਕ ਛੱਤੀਸਗੜ੍ਹ ਦੀ ਜਨਤਾ ਨੇ ਇੱਕ ਵਾਰ ਫਿਰ ਭਾਜਪਾ ਉੱਪਰ ਭਰੋਸਾ ਪ੍ਰਗਟਾਇਆ ਹੈ ਅਤੇ ਮੁੱਖ ਮੰਤਰੀ ਦੀ ਕੁਰਸੀ ਰਮਨ ਸਿੰਘ ਨੂੰ ਸੌਂਪ ਸਕਦੀ ਹੈ।

ਇੱਥੇ ਭਾਜਪਾ ਨੂੰ 42 ਤੋਂ 50 ਸੀਟਾਂ ਮਿਲ ਸਕਦੀਆਂ ਹਨ। ਉਸ ਨੂੰ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ 49 ਸੀਟਾਂ ਮਿਲੀਆਂ ਸਨ। ਭਾਜਪਾ ਨੂੰ ਇਸ ਵਾਰ 7 ਸੀਟਾਂ ਦਾ ਨੁਕਸਾਨ ਜਾਂ 1 ਸੀਟ ਦਾ ਲਾਭ ਹੋ ਸਕਦਾ ਹੈ।

ਉੱਥੇ ਹੀ, ਐਗਜ਼ਿਟ ਪੋਲ ਵਿੱਚ ਕਾਂਗਰਸ ਨੂੰ 32 ਤੋਂ 38 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ ਪਿਛਲੀਆਂ ਚੋਣਾਂ ਵਿੱਚ 39 ਸੀਟਾਂ ਮਿਲੀਆਂ ਸਨ ਯਾਨੀ ਕਾਂਗਰਸ ਨੂੰ 1 ਤੋਂ 7 ਸੀਟਾਂ ਮਿਲ ਸਕਦੀਆਂ ਹਨ। ਜਦਕਿ ਬਾਕੀਆਂ ਦੇ ਖਾਤੇ ਵਿੱਚ 2 ਸੀਟਾਂ ਮਿਲਣ ਦਾ ਅੰਦਾਜ਼ਾ ਲਾਇਆ ਗਿਆ ਹੈ।

ਲੋਕਨੀਤੀ-ਸੀਐਸਡੀਐਸ ਦੇ ਐਗਜ਼ਿਟ ਪੋਲ ਵਿੱਚ ਛੱਤੀਸਗੜ੍ਹ ਵਿੱਚ ਭਾਜਪਾ ਸਰਕਾਰ ਵਿੱਚ ਵਾਪਸੀ ਕਰਦੀ ਦਿਸ ਰਹੀ ਹੈ।

ਉੱਥੇ ਭਾਜਪਾ ਨੂੰ 52, ਕਾਂਗਰਸ ਨੂੰ 35 ਅਤੇ ਬਾਕੀਆਂ ਨੂੰ 3 ਸੀਟਾਂ ਮਿਲਣ ਦਾ ਅਨੁਮਾਨ ਹੈ। ਵੋਟ ਫੀਸਦ ਦੀ ਗੱਲ ਕਰੀਏ ਤਾਂ ਭਾਜਪਾ ਨੂੰ 42 ਫੀਸਦੀ, ਕਾਂਗਰਸ ਨੂੰ 37 ਅਤੇ ਬਾਕੀਆਂ ਨੂੰ 12 ਫੀਸਦੀ ਵੋਟਾਂ ਮਿਲ ਸਕਦੀਆਂ ਹਨ।

ਤੇਲੰਗਾਨਾ

ਇੰਡੀਆ ਟੂਡੇ ਮਾਇ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ, 119 ਮੈਂਬਰੀ ਵਿਧਾਨ ਸਭਾ ਵਿੱਚ ਤੇਲੰਗਾਨਾ ਰਾਸ਼ਟਰ ਸਮਿਤੀ ਯਾਨੀ ਟੀਆਰਐਸ ਦੀ ਸਰਕਾਰ ਵਿੱਚ ਵਾਪਸੀ ਦਿਖਾਈ ਗਈ ਹੈ।

ਪੋਲ ਮੁਤਾਬਕ ਟੀਆਰਐਸ ਨੂੰ 79 ਤੋਂ 91 ਸੀਟਾਂ ਮਿਲ ਸਕਦੀਆਂ ਹਨ। ਭਾਜਪਾ ਨੂੰ 21 ਤੋਂ 33 ਸੀਟਾਂ ਮਿਲ ਸਕਦੀਆਂ ਹਨ। ਭਾਜਪਾ ਨੂੰ 1 ਤੋਂ 3 ਅਤੇ ਬਾਕੀਆਂ ਨੂੰ 4 ਤੋਂ 7 ਸੀਟਾਂ ਮਿਲ ਸਕਦੀਆਂ ਹਨ।

ਟਾਈਮਜ਼ ਨਾਓ-ਸੀਐਨਐਕਸ ਦੇ ਐਗਜ਼ਿਟ ਪੋਲ ਮੁਤਾਬਕ ਇਨ੍ਹਾਂ ਚੋਣਾਂ ਵਿੱਚ ਟੀਆਰਐਸ ਨੂੰ 62 ਤੋਂ 70 ਸੀਟਾਂ ਮਿਲ ਸਕਦੀਆਂ ਹਨ। 2014 ਦੀਆਂ ਚੋਣਾਂ ਵਿੱਚ ਟੀਆਰਐਸ ਨੂੰ 63 ਸੀਟਾਂ ਮਿਲੀਆਂ ਸਨ। ਟੀਆਰਐਸ ਨੂੰ ਇਸ ਵਾਰ 7 ਸੀਟਾਂ ਦਾ ਲਾਭ ਹੋ ਸਕਦਾ ਹੈ। ਕਾਂਗਰਸ ਨੂੰ 32 ਤੋਂ 38 ਸੀਟਾਂ ਮਿਲ ਸਕਦੀਆਂ ਹਨ।

ਪਿਛਲੀਆਂ ਚੋਣਾਂ ਵਿੱਚ ਇਸ ਨੂੰ 21 ਸੀਟਾਂ ਮਿਲੀਆਂ ਸਨ। ਕਾਂਗਰਸ ਨੂੰ ਇਸ ਵਾਰ 11 ਸੀਟਾਂ ਦਾ ਫਾਇਦਾ ਜਾਂ 17 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ।

ਟਾਈਮਜ਼ ਨਾਓ-ਸੀਐਨਐਕਸ ਦੇ ਐਗਜ਼ਿਟ ਪੋਲ ਮੁਤਾਬਕ ਟੀਡੀਪੀ ਨੂੰ ਸਭ ਤੋਂ ਵਧੇਰੇ ਨੁਕਸਾਨ ਹੁੰਦਾ ਦਿਸ ਰਿਹਾ ਹੈ। ਟੀਡੀਪੀ ਨੂੰ 1 ਤੋਂ 3 ਸੀਟਾਂ ਮਿਲ ਸਕਦੀਆਂ ਹਨ। 2014 ਦੀਆਂ ਚੋਣਾਂ ਵਿੱਚ ਟੀਡੀਪੀ ਨੂੰ 15 ਸੀਟਾਂ ਮਿਲੀਆਂ ਸਨ। ਇਸ ਵਾਰ ਟੀਡੀਪੀ ਨੂੰ 12 ਤੋਂ 14 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ।

ਐਗਜ਼ਿਟ ਪੋਲ ਮੁਤਾਬਕ ਅਸਦੁਦੀਨ ਔਵੈਸੀ ਦੀ ਪਾਰਟੀ ਏਆਈਐਮਆਈਏਮ ਨੂੰ 6 ਤੋਂ 8 ਸੀਟਾਂ ਮਿਲ ਸਕਦੀਆਂ ਹਨ। 2014 ਦੇ ਚੋਣਾਂ ਵਿੱਚ ਇਸ ਪਾਰਟੀ ਨੂੰ 7 ਸੀਟਾਂ ਮਿਲੀਆਂ ਸਨ।

ਭਾਜਪਾ ਨੂੰ 6 ਤੋਂ 8 ਸੀਟਾਂ ਮਿਲ ਸਕਦੀਆਂ ਹਨ, ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 5 ਸੀਟਾਂ ਮਿਲੀਆਂ ਸਨ।

ਇਹ ਵੀਡੀਓ ਵੀ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)