ਬੁਲੰਦਸ਼ਹਿਰ ਵਿੱਚ ਕਿਵੇਂ ਹੋਇਆ ਇੰਸਪੈਕਟਰ ਸੁਬੋਧ ਸਿੰਘ ਦਾ ਕਤਲ - ਗ੍ਰਾਊਂਡ ਰਿਪੋਰਟ

    • ਲੇਖਕ, ਨਿਤਿਨ ਸ੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਲਈ ਸੋਮਵਾਰ ਦੀ ਸਵੇਰ ਸ਼ਾਇਦ ਕਿਸੇ ਹੋਰ ਦਿਨ ਵਰਗੀ ਨਹੀਂ ਸੀ।

ਉੱਤਰ ਪ੍ਰਦੇਸ਼ ਪੁਲਿਸ ਵਿੱਚ ਆਪਣੇ 20 ਸਾਲ ਦੇ ਕਰੀਅਰ ਦੌਰਾਨ ਸੁਬੋਧ ਕੁਮਾਰ ਸਿੰਘ ਨੇ ਸਵੇਰ ਦੀ ਆਪਣੀ ਰੁਟੀਨ ਕਦੇ ਨਹੀਂ ਬਦਲੀ।

ਸਵੇਰ ਨੂੰ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਅਖ਼ਬਾਰਾਂ ਪੜ੍ਹਨਾ ਅਤੇ ਪਰਿਵਾਰ ਨੂੰ ਫ਼ੋਨ ਕਰਨਾ ਉਹ ਕਦੇ ਨਹੀਂ ਭੁੱਲਦੇ ਸੀ।

ਉਸੇ ਤਰ੍ਹਾਂ ਨਾਸ਼ਤੇ ਵਿੱਚ ਉਹ ਘੱਟ ਤੇਲ ਵਾਲਾ ਪਰਾਂਠਾ ਖਾਣਾ ਵੀ ਕਦੇ ਨਹੀਂ ਭੁੱਲਦੇ। ਫਿੱਟਨੈਸ ਦਾ ਧਿਆਨ ਰੱਖਣ ਵਾਲੇ ਇਸ ਪੁਲਿਸ ਅਧਿਕਾਰੀ ਨੇ ਹਾਲ ਹੀ ਵਿੱਚ ਸੈਲਫ਼ੀ ਖਿੱਚਣ ਦਾ ਵੀ ਨਵਾਂ ਸ਼ੌਕ ਪਾਲਿਆ ਸੀ।

ਸੋਮਵਾਰ ਦੀ ਸਵੇਰ ਉਨ੍ਹਾਂ ਨੇ ਆਪਣੇ ਸਟਾਫ਼ ਨੂੰ ਇਹ ਕਹਿੰਦੇ ਹੋਏ ਨਾਸ਼ਤਾ ਨਹੀਂ ਕੀਤਾ ਕਿ ਉਹ ਦੁਪਹਿਰ ਨੂੰ ਦਾਲ ਅਤੇ ਰੋਟੀ ਖਾ ਲੈਣਗੇ।

ਪਰ ਉਨ੍ਹਾਂ ਨੂੰ ਫਿਰ ਲੰਚ ਕਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਦੁਪਿਰ ਵੇਲੇ ਪੁਲਿਸ ਇੰਸਪੈਕਟਰ ਸੁਬੋਧ ਸਿੰਘ ਗੁੱਸੇ ਨਾਲ ਭਰੀ ਭੀੜ ਨੂੰ ਕਾਬੂ ਵਿੱਚ ਕਰਨ ਲੱਗੇ ਸੀ।

ਇਹ ਵੀ ਪੜ੍ਹੋ:

ਬੇਕਾਬੂ ਭੀੜ ਸੁਬੋਧ ਅਤੇ ਉਨ੍ਹਾਂ ਦੇ ਸਾਥੀ ਪੁਲਿਸ ਕਰਮੀਆਂ 'ਤੇ ਪੱਥਰਬਾਜ਼ੀ ਕਰ ਰਹੀ ਸੀ ਅਤੇ ਗੋਲੀਆਂ ਵੀ ਚਲਾ ਰਹੀ ਸੀ।

ਇਹ ਭੀੜ ਇੱਕ ਪੁਲਿਸ ਥਾਣੇ ਦੇ ਕੋਲ ਹੀ ਪੁਲਿਸ ਕਰਮੀਆਂ ਨੂੰ ਨਿਸ਼ਾਨਾ ਬਣਾ ਰਹੀ ਸੀ। ਤਾਂ ਸਭ ਤੋਂ ਵੱਡਾ ਸਵਾਲ ਹੈ ਕਿ ਆਖ਼ਰ ਹੋਇਆ ਕੀ ਅਤੇ ਇੰਸਪੈਕਟਰ ਸੁਬੋਧ ਸਿੰਘ ਦੀ ਮੌਤ ਕਿਵੇਂ ਹੋਈ।

'ਕੰਕਾਲ' ਮਿਲਣ ਨਾਲ ਫੈਲਿਆ ਗੁੱਸਾ

ਇਸ ਸਭ ਦੀ ਸ਼ੁਰੂਆਤ ਸੋਮਵਾਰ ਨੂੰ ਸਵੇਰੇ 9 ਵਜੇ ਹੋਈ।

ਬੁਲੰਦਸ਼ਹਿਰ ਜ਼ਿਲ੍ਹੇ ਦੇ ਮਹਾਵ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਘੱਟੋ-ਘੱਟ ਇੱਕ ਦਰਜਨ ਗਊਆਂ ਦੇ ਕੰਕਾਲ ਦੇਖੇ ਸਨ।

ਇੱਕ ਸਥਾਨਕ ਨਿਵਾਸੀ ਧਰਮਵੀਰ ਮੁਤਾਬਕ ਤੁਰੰਤ ਹੀ ਲਗਭਗ 200 ਤੋਂ ਵੱਧ ਹਿੰਦੂ ਖੇਤ ਵਿੱਚ ਇਕੱਠਾ ਹੋ ਗਏ ਅਤੇ ਇਸ ਗੱਲ ਨੂੰ ਲੈ ਕੇ ਆਪਸ ਵਿੱਚ ਵਿਚਾਰ ਚਰਚਾ ਕਰਨ ਲੱਗੇ ਕਿ ਅੱਗੇ ਕੀ ਕਰਨਾ ਹੈ।

ਧਰਮਵੀਰ ਦਾ ਕਹਿਣਾ ਹੈ ਕਿ ਉਹ ਖੁਸ਼ਕਿਸਮਤ ਸੀ ਕਿ ਡਿਊਟੀ ਜਾਣ ਲਈ ਉੱਥੋਂ ਤੁਰੰਤ ਹੀ ਨਿਕਲ ਗਏ ਕਿਉਂਕਿ ਇਸ ਘਟਨਾ ਤੋਂ ਅਗਲੇ ਦਿਨ ਪੂਰਾ ਪਿੰਡ ਖਾਲੀ ਪਿਆ ਹੋਇਆ ਸੀ।

ਮੁਸਲਮਾਨ ਵੀ ਪਿੰਡ ਛੱਡ ਕੇ ਭੱਜ ਗਏ ਹਨ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਕਥਿਤ ਤੌਰ 'ਤੇ ਗਾਂ ਦਾ ਕੰਕਾਲ ਮਿਲਣ ਤੋਂ ਬਾਅਦ ਉਨ੍ਹਾਂ 'ਤੇ ਬਦਲੇ ਦੀ ਕਾਰਵਾਈ ਹੋ ਸਕਦੀ ਹੈ। ਜਦਕਿ ਪਿੰਡ ਦੇ ਹਿੰਦੂ ਨਿਵਾਸੀ ਪੁਲਿਸ ਦੇ ਡਰ ਨਾਲ ਪਿੰਡ ਛੱਡ ਕੇ ਭੱਜ ਗਏ ਹਨ।

ਕਥਿਤ ਤੌਰ 'ਤੇ ਗਾਂ ਦਾ ਕੰਕਾਲ ਮਿਲਣ ਤੋਂ ਬਾਅਦ ਕਈ ਪਿੰਡ ਵਾਲੇ ਬਹੁਤ ਗੁੱਸੇ ਵਿੱਚ ਸਨ ਅਤੇ ਉਨ੍ਹਾਂ ਨੇ ਫ਼ੈਸਲਾ ਲਿਆ ਕਿ ਉਹ ਇਸ ਨੂੰ ਲੈ ਕੇ ਥਾਣੇ ਜਾਣਗੇ ਅਤੇ ਪੁਲਿਸ ਤੋਂ ਤੁਰੰਤ ਕਾਰਵਾਈ ਦੀ ਮੰਗ ਕਰਨਗੇ।

ਉਦੋਂ ਤੱਕ ਸਾਢੇ 10 ਵੱਜ ਚੁੱਕੇ ਸਨ ਅਤੇ ਨੇੜੇ ਦੇ ਪਿੰਡ ਵਾਲੇ ਵੀ ਇਕੱਠੇ ਹੋ ਗਏ ਸਨ। ਇਨ੍ਹਾਂ ਦੀ ਗਿਣਤੀ 300 ਤੋਂ ਵੀ ਵੱਧ ਹੋ ਗਈ ਸੀ। ਉਨ੍ਹਾਂ ਲੋਕਾਂ ਨੇ ਹਾਈਵੇਅ 'ਤੇ ਸਥਿਤ ਚਿੰਗਰਾਵਾਟੀ ਪੁਲਿਸ ਥਾਣੇ ਨੂੰ ਘੇਰ ਲਿਆ। ਉਸ ਸਮੇਂ ਥਾਣੇ ਵਿੱਚ ਸਿਰਫ਼ 6 ਲੋਕ ਸਨ ਅਤੇ ਉਹ ਘਬਰਾਹਟ ਵਿੱਚ ਪੁਲਿਸ ਹੈੱਡਕੁਆਟਰ ਵਾਰ-ਵਾਰ ਫ਼ੋਨ ਕਰਨ ਲੱਗੇ।

ਪੁਲਿਸ ਹੈੱਡਕੁਆਟਰ ਤੋਂ ਤੁਰੰਤ ਵਧੇਰੇ ਪੁਲਿਸ ਭੇਜਣ ਦਾ ਹੁਕਮ ਦਿੱਤਾ ਗਿਆ। ਪੁਲਿਸ ਇੰਸਪੈਕਟਰ ਸੁਬੋਧ ਘਟਨਾ ਵਾਲੀ ਥਾਂ ਤੋਂ ਤਿੰਨ ਕਿੱਲੋਮੀਟਰ ਦੂਰ ਸਨ।

ਜਿਵੇਂ ਹੀ ਉਨ੍ਹਾਂ ਨੂੰ ਖ਼ਬਰ ਮਿਲੀ ਉਹ ਆਪਣੀ ਗੱਡੀ ਵਿੱਚ ਬੈਠ ਗਏ ਅਤੇ ਡਰਾਈਵਰ ਰਾਮ ਆਸਰੇ ਨੂੰ ਹੁਕਮ ਦਿੱਤਾ ਕਿ ਗੱਡੀ ਜਿੰਨੀ ਤੇਜ਼ ਭਜਾ ਸਕਦੇ ਹੋ ਭਜਾਓ।

11 ਵਜੇ ਤੱਕ ਉਹ ਘਟਨਾ ਵਾਲੀ ਥਾਂ ਪਹੁੰਚ ਗਏ ਅਤੇ ਗੁੱਸੇ ਨਾਲ ਭਰੀ ਭੀੜ ਵਿਚਾਲੇ ਚਲੇ ਗਏ।

ਬਲ ਦੀ ਵਰਤੋਂ ਨਾਲ ਵਿਗੜੇ ਹਾਲਾਤ

ਚਸ਼ਮਦੀਦਾਂ ਨੇ ਬੀਬੀਸੀ ਨੂੰ ਦੱਸਿਆ, "ਆਪਣੇ ਹੋਰ ਸਾਥੀਆਂ ਦੀ ਤਰ੍ਹਾਂ ਉਨ੍ਹਾਂ ਨੇ ਬੁਲੇਟਪਰੂਫ਼ ਜੈਕਟ ਨਹੀਂ ਪਾਈ ਹੋਈ ਸੀ ਅਤੇ ਉਨ੍ਹਾਂ ਦੇ ਹੱਥ ਵਿੱਚ ਪਿਸਤੌਲ ਵੀ ਨਹੀਂ ਸੀ।"

ਜਿਵੇਂ-ਜਿਵੇਂ ਭੀੜ ਦਾ ਆਕਾਰ ਵਧਿਆ ਅਤੇ ਉਹ ਹਮਲਾਵਰ ਹੋਈ, ਹੋਰ ਅਧਿਕਾਰੀ ਵੀ ਮੌਕੇ 'ਤੇ ਪਹੁੰਚਣ ਲੱਗੇ।

ਦੋਵਾਂ ਪੱਖਾਂ ਦਾ ਸਬਰ ਟੁੱਟ ਰਿਹਾ ਸੀ ਅਤੇ ਇਸੇ ਨਾਜ਼ੁਕ ਸਮੇਂ ਵਿੱਚ ਪੁਲਿਸ ਨੇ ਬਲ ਦੀ ਵਰਤੋਂ ਕਰਨ ਦਾ ਫ਼ੈਸਲਾ ਲਿਆ। ਜੇਕਰ ਇਹ ਫ਼ੈਸਲਾ ਲੈਣ ਵਿੱਚ ਥੋੜ੍ਹੀ ਦੇਰ ਕੀਤੀ ਹੁੰਦੀ ਤਾਂ ਸੁਬੋਧ ਕੁਮਾਰ ਸਿੰਘ ਅਤੇ ਇੱਕ ਹੋਰ ਸ਼ਖ਼ਸ ਦੀ ਜਾਨ ਬਚ ਸਕਦੀ ਸੀ।

ਪੁਲਿਸ ਸਟੇਸ਼ਨ ਦੇ ਕੋਲ ਹੀ ਕੁੜੀਆਂ ਦੇ ਸਕੂਲ ਵਿੱਚ ਨੌਕਰੀ ਕਰਨ ਵਾਲੇ ਇੱਕ ਸ਼ਖ਼ਸ ਨੇ ਕਿਹਾ, "ਪੁਲਿਸ ਅਤੇ ਨਾਰਾਜ਼ ਪ੍ਰਦਰਸ਼ਨਕਾਰੀਆਂ ਵਿਚਾਲੇ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਸੰਘਰਸ਼ ਚੱਲ ਰਿਹਾ ਸੀ। ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ।"

ਇੱਕ ਸ਼ਖ਼ਸ ਨੇ ਦੱਸਿਆ ਕਿ ਉਸ ਕੋਲ ਮੋਬਾਈਲ ਨਹੀਂ ਸੀ ਅਤੇ ਬਚਣ ਲਈ ਉਹ ਕਈ ਘੰਟੇ ਤੱਕ ਔਰਤਾਂ ਦੇ ਬਾਥਰੂਮ ਵਿੱਚ ਬੰਦ ਰਿਹਾ।

ਪੁਲਿਸ ਕਹਿੰਦੀ ਹੈ ਕਿ ਨਾਰਾਜ਼ ਭੀੜ ਕੋਲ ਦੇਸੀ ਕੱਟੇ ਸਨ ਅਤੇ ਉਹ ਪੁਲਿਸ ਟੀਮ 'ਤੇ ਫਾਇਰੰਗ ਕਰ ਰਹੀ ਸੀ।

ਦੂਜੇ ਪਾਸੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਾਲਾਤ ਉਦੋਂ ਹੱਥੋਂ ਨਿਕਲੇ ਜਦੋਂ ਪੁਲਿਸ ਨੇ ਭੀੜ ਨੂੰ ਤਿਤਰ-ਬਿਤਰ ਕਰਨ ਦੇ ਇਰਾਦੇ ਨਾਲ ਹਵਾ 'ਚ ਗੋਲੀ ਚਲਾਈ। ਇਸ ਤੋਂ ਬਾਅਦ ਦੋਵਾਂ ਪੱਖਾਂ ਲਈ 'ਕਰੋ ਜਾਂ ਮੋਰ ਵਾਲੇ ਹਾਲਾਤ ਪੈਦਾ ਹੋ ਗਏ।''

ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਪੁਲਿਸ ਕਰਮੀ

ਹੁਣ ਦੁਪਹਿਰ ਹੋ ਗਈ ਸੀ ਅਤੇ ਸੁਬੋਧ ਸਿੰਘ ਸਮੇਤ ਜ਼ਿਆਦਾਤਰ ਅਧਿਕਾਰੀ ਸੁਰੱਖਿਅਤ ਥਾਂ ਤਲਾਸ਼ ਰਹੇ ਸਨ।

ਹੁਣ ਤੱਕ ਇਲਾਕੇ ਵਿੱਚ ਚੱਲ ਰਹੀ ਕਥਿਤ ਗਊ ਹੱਤਿਆ ਨੂੰ ਬੰਦ ਕਰਨ ਦੀ ਮੰਗ ਕਰ ਰਹੀ ਹਿੰਸਕ ਭੀੜ ਅੱਗੇ ਪੁਲਿਸ ਕਰਮੀਆ ਦੀ ਸੰਖਿਆ ਬਹੁਤ ਘੱਟ ਰਹਿ ਗਈ ਸੀ।

ਕੁਝ ਸੀਨੀਅਰ ਅਧਿਕਾਰੀਆਂ ਨੇ ਖ਼ੁਦ ਨੂੰ ਪੁਲਿਸ ਸਟੇਸ਼ਨ ਦੇ ਛੋਟੇ ਜਿਹੇ ਗੰਦੇ ਕਮਰੇ ਵਿੱਚ ਬੰਦ ਕਰ ਲਿਆ ਸੀ। ਉੱਧਰ ਸੁਬੋਧ ਕੁਮਾਰ ਸਿੰਘ ਹਮਲਾਵਰਾਂ ਵੱਲੋਂ ਸੁੱਟੀ ਗਈ ਇੱਟ ਲੱਗਣ ਨਾਲ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ:

ਇੱਕ ਹੋਰ ਸਰਕਾਰੀ ਕਰਮਚਾਰੀ ਦੇ ਨਾਲ ਖੜ੍ਹੇ ਪੁਲਿਸ ਅਧਿਕਾਰੀਆਂ ਦੇ ਡਰਾਈਵਰ ਰਾਮ ਆਸਰੇ ਨੇ ਦੱਸਿਆ, "ਅਸੀਂ ਬਚਣ ਲਈ ਸਰਕਾਰੀ ਗੱਡੀ ਵੱਲ ਦੌੜੇ। ਸਾਹਿਬ ਨੂੰ ਇੱਟ ਨਾਲ ਸੱਟ ਲੱਗੀ ਸੀ ਅਤੇ ਉਹ ਕੰਧ ਦੇ ਕੋਲ ਬੇਹੋਸ਼ ਪਏ ਸਨ। ਮੈਂ ਉਨ੍ਹਾਂ ਨੂੰ ਗੱਡੀ ਦੀ ਪਿਛਲੀ ਸੀਟ 'ਤੇ ਬਿਠਾਇਆ ਅਤੇ ਜੀਪ ਨੂੰ ਖੇਤਾਂ ਵੱਲ ਘੁੰਮਾਇਆ।"

ਉਨ੍ਹਾਂ ਦਾ ਦਾਅਵਾ ਹੈ ਕਿ ਭੀੜ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਪੁਲਿਸ ਸਟੇਸ਼ਨ ਤੋਂ ਲਗਭਗ 50 ਮੀਟਰ ਦੂਰ ਖੇਤਾਂ ਵਿੱਚ ਮੁੜ ਤੋਂ ਹਮਲਾ ਕਰ ਦਿੱਤਾ।

ਸੋਮਵਾਰ ਸ਼ਾਮ ਨੂੰ ਰਾਮ ਆਸਰੇ ਨੇ ਪੁਲਿਸ ਨੂੰ ਦੱਸਿਆ, "ਖੇਤ ਨੂੰ ਹਾਲ ਹੀ ਵਿੱਚ ਵਾਹਿਆ ਗਿਆ ਸੀ ਅਜਿਹੇ ਵਿੱਚ ਗੱਡੀ ਦੇ ਅਗਲੇ ਪਹੀਏ ਫਸ ਗਏ ਅਤੇ ਗੱਡੀ ਵਿੱਚੋਂ ਨਿਕਲ ਕੇ ਭੱਜਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਬਚਿਆ।"

ਬਾਅਦ ਵਿੱਚ ਵਾਇਰਲ ਹੋਏ ਇੱਕ ਵੀਡੀਓ ਵਿੱਚ ਨਜ਼ਰ ਆਉਂਦਾ ਹੈ ਕਿ ਪੁਲਿਸ ਅਫ਼ਸਰ ਆਪਣੀ ਸਰਕਾਰੀ ਗੱਡੀ ਵਿੱਚੋਂ ਬਾਹਰਲੇ ਪਾਸੇ ਲਟਕੇ ਹੋਏ ਹਨ ਅਤੇ ਉਨ੍ਹਾਂ ਦੇ ਸਰੀਰ ਵਿੱਚ ਕੋਈ ਹਰਕਤ ਦਿਖਾਈ ਨਹੀਂ ਦੇ ਰਹੀ।

ਵੀਡੀਓ ਵਿੱਚ ਨਾਰਾਜ਼ ਲੋਕਾਂ ਨੂੰ ਇਹ ਜਾਂਚਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਉਹ "ਜ਼ਿੰਦਾ ਹਨ ਜਾਂ ਮਰ ਚੁੱਕੇ ਹਨ"। ਪਿੱਛੇ ਤੋਂ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ।

ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਤਿੰਨ ਮੋਬਾਈਲ ਫ਼ੋਨ ਅਤੇ ਇੱਕ .32 ਪਿਸਤੌਲ ਗੁਆਚਿਆ ਹੋਇਆ ਹੈ।

ਕਿਵੇਂ ਹੋਈ ਮੌਤ

ਪੋਸਟਮਾਰਟਮ ਰਿਪੋਰਟ ਦੱਸਦੀ ਹੈ ਕਿ ਸੁਬੋਧ ਕੁਮਾਰ ਸਿੰਘ ਦੇ ਮੱਥੇ 'ਤੇ ਖੱਬੇ ਪਾਸੇ ਗੋਲੀ ਦਾ ਜ਼ਖ਼ਮ ਹੈ। ਪਰ ਕਿਸ ਬੋਰ ਦੀ ਗੋਲੀ ਉਨ੍ਹਾਂ ਨੂੰ ਲੱਗੀ ਹੈ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ।

ਕੁਝ ਪੁਸ਼ਟੀ ਨਾ ਕਰਨ ਵਾਲੀਆਂ ਰਿਪੋਰਟਾਂ ਮੁਤਾਬਕ, ਅਜਿਹਾ ਸੰਭਵ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਤੋਂ ਖੋਹੀ ਗਈ ਪਿਸਤੌਲ ਨਾਲ ਗੋਲੀ ਮਾਰੀ ਗਈ ਹੋਵੇ।

ਪੁਲਿਸ ਦਾ ਕਹਿਣਾ ਹੈ ਕਿ ਜਦੋਂ ਸੁਬੋਧ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਉਹ ਹਸਪਤਾਲ ਲਿਆਏ ਜਾਣ ਤੋਂ ਪਹਿਲਾਂ ਹੀ ਦਮ ਤੋੜ ਚੁੱਕੇ ਸਨ।

ਭੀੜ ਦੇ ਨਾਲ ਪ੍ਰਦਰਸ਼ਨ ਕਰ ਰਹੇ ਸੁਮਿਤ ਨਾਮ ਦੇ ਇੱਕ ਹੋਰ ਨੌਜਵਾਨ ਨੂੰ ਵੀ ਗੋਲੀ ਲੱਗੀ ਸੀ ਜਿਸਦੀ ਬਾਅਦ ਵਿੱਚ ਮੇਰਠ ਦੇ ਇੱਕ ਹਸਪਤਾਲ 'ਚ ਮੌਤ ਹੋ ਗਈ। ਉਹ ਇਸ ਹਿੰਸਕ ਘਟਨਾ ਵਿੱਚ ਜਾਨ ਗੁਆਉਣ ਵਾਲਾ ਦੂਜਾ ਸ਼ਖ਼ਸ ਹੈ।

ਇਹ ਵੀ ਪੜ੍ਹੋ:

ਸੁਬੋਧ ਕੁਮਾਰ ਦਾ ਕਥਿਤ ਗਊ ਹੱਤਿਆ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਲੜਦੇ ਹੋਏ ਜਾਨ ਗੁਆਉਣਾ ਬਹੁਤ ਦੁਖ਼ ਵਾਲੀ ਗੱਲ ਹੈ।

ਉਹ ਭਾਰਤ ਵਿੱਚ ਬੀਫ਼ ਖਾਣ ਦੀ ਅਫ਼ਵਾਹ ਦੇ ਆਧਾਰ 'ਤੇ ਹੋਈ ਮੌਬ ਲਿਚਿੰਗ ਦੀਆਂ ਘਟਨਾਵਾਂ ਦੀ ਸ਼ੁਰੂਆਤੀ ਜਾਂਚ ਕਰਨ ਵਾਲੇ ਪਹਿਲੇ ਅਧਿਕਾਰੀ ਸਨ।

2015 ਵਿੱਚ ਦਾਦਰੀ 'ਚ ਜਿਸ ਥਾਂ ਮੁਹੰਮਦ ਅਖ਼ਲਾਕ ਦਾ ਕਤਲ ਹੋਇਆ ਸੀ, ਉਹ ਥਾਂ ਉਨ੍ਹਾਂ ਖੇਤਾਂ ਤੋਂ ਦੂਰ ਨਹੀਂ ਹੈ ਜਿੱਥੇ ਸੁਬੋਧ ਨੇ ਦਮ ਤੋੜਿਆ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)