ਬੁਲੰਦਸ਼ਹਿਰ: ਭੀੜ ਦੀ ਹਿੰਸਾ 'ਚ ਪੁਲਿਸ ਇੰਸਪੈਕਟਰ ਸਮੇਤ 2 ਦੀ ਮੌਤ

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ 'ਚ ਭੀੜ ਦੀ ਹਿੰਸਾ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੈ।

ਪੁਲਿਸ ਨੇ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਹੈ। ਮੇਰਠ ਪੁਲਿਸ ਦੇ ਇੰਸਪੈਕਟਰ ਜਨਰਲ ਰਾਮ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਸੋਮਵਾਰ ਸਵੇਰੇ ਹੋਈ ਇਸ ਘਟਨਾ ਵਿੱਚ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ:

ਸਥਾਨਕ ਪੱਤਰਕਾਰ ਸੁਮਿਤ ਸ਼ਰਮਾ ਮੁਤਾਬਕ ਹਿੰਦੂਵਾਦੀ ਸੰਗਠਨਾਂ ਦੇ ਕਾਰਕੁਨ ਗਊ-ਹੱਤਿਆ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ।

ਗਊ ਤਸਕਰੀ ਦੀ ਸੂਚਨਾ ਮਿਲੀ ਸੀ: ਡੀਐਮ

ਪ੍ਰਦਰਸ਼ਨਕਾਰੀਆਂ ਦੇ ਹਿੰਸਕ ਹੋਣ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ ਜਿਸਦੇ ਜਵਾਬ ਵਿੱਚ ਭੀੜ ਵੱਲੋਂ ਪੁਲਿਸ 'ਤੇ ਹਮਲਾ ਕੀਤਾ ਗਿਆ। ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਇਸ ਦੌਰਾਨ ਜ਼ਖ਼ਮੀ ਹੋ ਗਏ ਜਿਸ ਤੋਂ ਬਾਅਦ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਜ਼ਿਲ੍ਹਾ ਅਧਿਕਾਰੀ ਅਨੁਜ ਝਾਅ ਨੇ ਦੱਸਿਆ, "ਸੋਮਵਾਰ ਸਵੇਰੇ 11 ਵਜੇ ਪੁਲਿਸ ਨੂੰ ਚਿੰਗਰਾਵਟੀ ਪਿੰਡ ਵਿੱਚ ਗਊ ਤਸਕਰੀ ਦੀ ਸੂਚਨਾ ਮਿਲੀ ਸੀ। ਪੁਲਿਸ ਅਤੇ ਐਗਜ਼ੀਕਿਊਟਿਵ ਮੈਜੀਸਟ੍ਰੇਟ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਆਲੇ-ਦੁਆਲੇ ਦੇ ਲੋਕਾਂ ਨੇ ਸੜਕ ਜਾਮ ਕਰਨ ਦੀ ਕੋਸ਼ਿਸ਼ ਕੀਤੀ।"

"ਪੁਲਿਸ ਨੇ ਐਫਆਈਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਇਸੇ ਦੌਰਾਨ ਕੁਝ ਲੋਕਾਂ ਨੇ ਪੁਲਿਸ 'ਤੇ ਪਥਰਾਅ ਕਰ ਦਿੱਤਾ। ਇਸ ਹਮਲੇ ਵਿੱਚ ਸਿਆਨਾ ਥਾਣੇ ਦੇ ਐਸਐਚਓ ਸੁਬੋਧ ਕੁਮਾਰ ਦੀ ਮੌਤ ਹੋ ਗਈ।"

ਘਟਨਾ ਤੋਂ ਬਾਅਦ ਮੌਕੇ 'ਤੇ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ।

ਬੁਲੰਦਸ਼ਹਿਰ ਦੇ ਐਸਐਸਪੀ ਕ੍ਰਿਸ਼ਨ ਬਹਾਦੁਰ ਸਿੰਘ ਮੁਤਾਬਕ, "ਭਾਰੀ ਪੁਲਿਸ ਬਲ ਮੌਕੇ 'ਤੇ ਤਾਇਨਾਤ ਹੈ ਅਤੇ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਸ਼ਖ਼ਸ ਨੂੰ ਕਾਨੂੰਨ ਪ੍ਰਬੰਧ ਨਾਲ ਖਿਲਵਾੜ ਨਹੀਂ ਕਰ ਦਿੱਤਾ ਜਾਵੇਗਾ।"

ਇੱਕ ਹੋਰ ਪੁਲਿਸ ਮੁਲਾਜ਼ਮ ਜ਼ਖ਼ਮੀ

ਰਾਮ ਸਿੰਘ ਮੁਤਾਬਕ ਇਸ ਹਿੰਸਾ 'ਚ ਇੱਕ ਹੋਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਇਆ ਹੈ ਜਿਸਦੀ ਹਾਲਤ ਸਥਿਰ ਹੈ। ਪੁਲਿਸ ਅਤੇ ਹਿੰਦੂਵਾਦੀ ਸੰਗਠਨਾਂ ਦੇ ਕਾਰਕੁਨਾਂ ਵਿਚਾਲੇ ਹੋਈ ਝੜਪ 'ਚ ਦੋ ਪ੍ਰਦਰਸ਼ਨਕਾਰੀ ਵੀ ਜ਼ਖ਼ਮੀ ਹੋਏ ਹਨ।

ਇਹ ਘਟਨਾ ਬੁਲੰਦਸ਼ਹਿਰ ਜ਼ਿਲ੍ਹੇ ਦੇ ਥਾਣਾ ਖੇਤਰ ਸਿਆਨਾ ਦੀ ਚਿੰਗਰਾਵਟੀ ਪੁਲਿਸ ਚੌਕੀ 'ਤੇ ਹੋਈ। ਸੁਮਿਤ ਸ਼ਰਮਾ ਮੁਤਾਬਕ ਹਿੰਦੂਵਾਦੀ ਸੰਗਠਨਾਂ ਨੇ ਇਲਾਕੇ ਵਿੱਚ ਗਊ ਵੰਸ਼ ਦੇ ਅਵਸ਼ੇਸ਼ ਮਿਲਣ ਦਾ ਇਲਜ਼ਾਮ ਲਗਾਉਂਦੇ ਹੋਏ ਮਹਾਵ ਪਿੰਡ ਵਿੱਚ ਸੜਕ ਜਾਮ ਕਰ ਦਿੱਤੀ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)