You’re viewing a text-only version of this website that uses less data. View the main version of the website including all images and videos.
1984 ਸਿੱਖ ਕਤਲੇਆਮ ਮਾਮਲੇ 'ਚ ਦਿੱਲੀ ਹਾਈ ਕੋਰਟ ਵੱਲੋਂ 80 ਦੋਸ਼ੀਆਂ ਦੀ ਸਜ਼ਾ ਬਰਕਰਾਰ
1984 ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਤ੍ਰਿਲੋਕਪੁਰੀ ਮਾਮਲੇ ਵਿੱਚ 80 ਲੋਕਾਂ ਦੀ ਸਜ਼ਾ ਬਰਕਰਾਰ ਰੱਖੀ ਹੈ।
ਪੀਟੀਆਈ ਦੀ ਖ਼ਬਰ ਮੁਤਾਬਕ ਜਸਟਿਸ ਆਰ ਕੇ ਗੌਬਾ ਨੇ 22 ਸਾਲ ਪੁਰਾਣੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਅਤੇ ਸਾਰੇ ਦੋਸ਼ੀਆਂ ਨੂੰ ਤੁਰੰਤ ਆਤਮ ਸਮਰਪਣ ਕਰਨ ਲਈ ਕਹਿ ਦਿੱਤਾ ਹੈ।
ਦੋਸ਼ੀਆਂ ਨੇ 27 ਅਗਸਤ 1996 ਟ੍ਰਾਇਲ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਦੇ ਤਹਿਤ ਕੜਕੜਡੂਮਾ ਅਦਾਲਤ ਨੇ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਸੀ।
ਇਸ ਦੌਰਾਨ 107 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਨ੍ਹਾਂ ਵਿਚੋਂ 88 ਦੋਸ਼ੀ ਹਾਈ ਕੋਰਟ ਪਹੁੰਚੇ ਅਤੇ ਕਈ ਲੋਕਾਂ ਦੀ ਇਸ ਦੌਰਾਨ ਮੌਤ ਹੋ ਗਈ ਤੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਖ਼ਤਮ ਹੋ ਗਿਆ।
ਪੀਟੀਆਈ ਮੁਤਾਬਕ ਕੇਸ ਦੀ ਪੈਰਵੀ ਦੇ ਕਰ ਰਹੇ ਹਨ ਵਕੀਲ ਐਚਐਸ ਫੂਲਕਾ ਨੇ ਦੱਸਿਆ ਕਿ ਤ੍ਰਿਲੋਕਪੁਰੀ ਮਾਮਲੇ ਵਿੱਚ ਦਰਜ ਹੋਈ ਐਫ.ਆਈ.ਆਰ ਮੁਤਾਬਕ 95 ਲੋਕਾਂ ਦਾ ਕਤਲ ਹੋਇਆ ਸੀ ਅਤੇ 100 ਦੇ ਕਰੀਬ ਘਰ ਸਾੜੇ ਗਏ ਸਨ।
ਇਹ ਵੀ ਪੜ੍ਹੋ-
1984 ਦੇ ਸਿੱਖ ਕਤਲੇਆਮ ਦੌਰਾਨ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਵਿੱਚ ਹੋਇਆ ਕਤਲੇਆਮ ਦੀ ਉਸ ਵੇਲੇ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਹੋਏ ਕਤਲੇਆਮ 'ਚੋਂ ਇੱਕ ਸੀ।
ਇੱਥੋਂ ਦੀਆਂ ਦੋ ਤੰਗ ਗਲੀਆਂ ਵਿੱਚ ਬੱਚਿਆਂ ਅਤੇ ਔਰਤਾਂ ਸਣੇ ਕਰੀਬ 320 ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ।
'ਲਾਸ਼ਾਂ ਦੇ ਕੱਟੇ ਹੋਏ ਅੰਗ ਖਿੱਲਰੇ ਪਏ ਸਨ
2 ਨਵੰਬਰ. 1984 ਨੂੰ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਰਾਹੁਲ ਬੇਦੀ ਆਪਣੇ ਦਫ਼ਤਰ 'ਚ ਬੈਠੇ ਹੋਏ ਸਨ। ਉਨ੍ਹਾਂ ਨੂੰ ਖ਼ਬਰ ਮਿਲੀ ਕਿ ਤ੍ਰਿਲੋਕਪੁਰੀ ਦੇ ਬਲਾਕ ਨੰਬਰ 32 'ਚ ਕਤਲੇਆਮ ਹੋ ਰਿਹਾ ਸੀ।
ਬੇਦੀ ਦੱਸਦੇ ਹਨ, "ਮੋਹਨ ਸਿੰਘ ਨਾਮ ਦਾ ਇੱਕ ਵਿਆਕਤੀ ਸਾਡੇ ਦਫ਼ਤਰ 'ਚ ਆਇਆ ਅਤੇ ਉਸ ਨੇ ਦੱਸਿਆ ਕਿ ਤ੍ਰਿਲੋਰਪੁਰੀ 'ਚ ਕਤਲੇਆਮ ਹੋ ਰਿਹਾ ਹੈ। ਇਸ ਤੋਂ ਬਾਅਦ ਮੈਂ ਆਪਣੇ ਦੋ ਸਾਥੀਆਂਆਂ ਨੂੰ ਲੈ ਕੇ ਉੱਥੇ ਗਿਆ ਪਰ ਕਿਸੇ ਨੇ ਸਾਨੂੰ ਉੱਥੋਂ ਤੱਕ ਪਹੁੰਚਣ ਨਹੀਂ ਦਿੱਤਾ ਕਿਉਂਕਿ ਉਸ ਬਲਾਕ ਵਿੱਚ ਹਜ਼ਾਰਾਂ ਲੋਕ ਜਮ੍ਹਾਂ ਸਨ।"
ਬੇਦੀ ਨੇ ਦੱਸਿਆ, "ਜਦੋਂ ਅਸੀਂ ਸ਼ਾਮ ਵੇਲੇ ਉੱਥੇ ਪਹੁੰਚੇ ਤਾਂ ਦੇਖਿਆ ਕਿ ਕੋਈ 2500 ਗਜ਼ ਲੰਬੀ ਗਲੀ 'ਚ ਲੋਕਾਂ ਦੀਆਂ ਲਾਸ਼ਾਂ ਅਤੇ ਕੱਟੇ ਹੋਏ ਅੰਗ ਖਿੱਲਰੇ ਪਏ ਸਨ। ਹਾਲਤ ਇਹ ਸੀ ਕਿ ਉਸ ਗਲੀ 'ਚ ਤੁਰਨਾ ਵੀ ਮੁਸ਼ਕਿਲ ਹੋ ਰਿਹਾ ਸੀ। ਪੈਰ ਰੱਖਣ ਦੀ ਥਾਂ ਤੱਕ ਨਹੀਂ ਸੀ।"