ਹਰਿਆਣਾ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ, ਪੁਲਿਸ ਨੇ ਸੰਭਾਲਿਆ ਡਰਾਇਵਰੀ ਦਾ ਮੋਰਚਾ

    • ਲੇਖਕ, ਪ੍ਰਭੂ ਦਿਆਲ
    • ਰੋਲ, ਬੀਬੀਸੀ ਪੰਜਾਬੀ ਲਈ

ਹਰਿਆਣਾ ਵਾਸੀਆਂ ਨੂੰ ਚੰਗੀ ਅਤੇ ਘੱਟ ਪੈਸੇ ਵਿੱਚ ਸੁਵਿਧਾ ਮੁਹੱਈਆ ਕਰਵਾਉਣ ਵਾਲੇ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮ ਪਿਛਲੇ ਨੌ ਦਿਨਾਂ ਤੋਂ ਹੜਤਾਲ 'ਤੇ ਹਨ।

ਰੋਡਵੇਜ਼ ਦੇ ਮੁਲਾਜ਼ਮ ਹਰਿਆਣਾ ਸਰਕਾਰ ਵੱਲੋਂ ਨਵੀਆਂ ਚਲਾਈਆਂ ਜਾਣ ਵਾਲੀਆਂ 720 ਬੱਸਾਂ ਨੂੰ ਕਿਲੋਮੀਟਰ ਦੇ ਹਿਸਾਬ ਨਾਲ ਚਲਾਏ ਜਾਣ ਦਾ ਵਿਰੋਧ ਕਰ ਰਹੇ ਹਨ। ਇਹ ਬੱਸਾਂ ਨਿੱਜੀ ਬੱਸ ਮਾਲਕਾਂ ਵੱਲੋਂ ਚਲਾਈਆਂ ਜਾਣਗੀਆਂ ਜਦਕਿ ਇਸ ਦੇ ਕੰਡਕਟਰ ਹਰਿਆਣਾ ਸਰਕਾਰ ਵੱਲੋਂ ਨਿਯੁਕਤ ਕੀਤੇ ਜਾਣੇ ਹਨ।

ਹਰਿਆਣਾ ਸਰਕਾਰ ਦੇ ਟਰਾਂਸਪੋਰਟ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੂੰ ਉਮੀਦ ਹੈ ਕਿ ਕੱਲ੍ਹ ਤੱਕ ਹਲਾਤ ਆਮ ਵਰਗੇ ਹੋ ਜਾਣਗੇ।

ਇਹ ਵੀ ਪੜ੍ਹੋ:

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਰੋਡਵੇਜ਼ ਮੁਲਾਜ਼ਮ ਆਗੂਆਂ ਤੇ ਅਧਿਕਾਰੀਆਂ ਨਾਲ ਬੈਠਕ ਹੈ, ਜਿਸ ਵਿੱਚ ਹੜਤਾਲ ਦਾ ਹੱਲ ਲਭਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਜਲਦੀ ਰਾਹਤ ਮਿਲੇ।

ਰੋਡਵੇਜ਼ ਯੂਨੀਅਨ ਦੇ ਆਗੂਆਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰਿਆਣਾ ਵਿੱਚ 90 ਫ਼ੀਸਦ ਬੱਸਾਂ ਨਹੀਂ ਚਲ ਰਹੀਆਂ।

ਕੀ ਹਨ ਕਰਮਚਾਰੀਆਂ ਦੀਆਂ ਮੰਗਾਂ

  • ਹਰਿਆਣਾ ਸਰਕਾਰ ਜਿਹੜੀਆਂ 720 ਬੱਸਾਂ ਨੂੰ ਕਿਲੋਮੀਟਰ ਦੇ ਹਿਸਾਬ ਨਾਲ ਚਲਾਉਣਾ ਚਾਹੁੰਦੀ ਹੈ, ਉਸ ਫ਼ੈਸਲੇ ਨੂੰ ਤੁਰੰਤ ਵਾਪਿਆ ਲਿਆ ਜਾਵੇ
  • ਹਰਿਆਣਾ ਰੋਡਵੇਜ਼ ਦੇ ਬੇੜੇ ਵਿੱਚ 14 ਹਜ਼ਾਰ ਨਵੀਆਂ ਬੱਸਾਂ ਪਾਈਆਂ ਜਾਣ।
  • ਖਾਲੀ ਆਸਾਮੀਆਂ ਨੂੰ ਭਰਿਆ ਜਾਵੇ

ਯੂਨੀਅਨ ਦੇ ਆਗੂਆਂ ਨੇ ਦੱਸਿਆ ਨਵੀਆਂ ਬੱਸਾਂ ਪਾਏ ਜਾਣ ਨਾਲ ਹਰਿਆਣਾ ਦੇ 84 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।

ਰੋਡਵੇਜ਼ ਮੁਲਾਜ਼ਮ ਜਥੇਬੰਦੀਆਂ ਅਨੁਸਾਰ ਹਰਿਆਣਾ ਵਿੱਚ 90 ਫ਼ੀਸਦ ਰੋਡਵੇਜ਼ ਦੀਆਂ ਬੱਸਾਂ ਨਹੀਂ ਚਲ ਰਹੀਆਂ । ਬੱਸਾਂ ਨਾ ਚੱਲਣ ਕਾਰਨ ਹਰ ਜ਼ਿਲ੍ਹੇ ਨੂੰ ਰੋਜ਼ਾਨਾਂ ਔਸਤਨ 13 ਤੋਂ 14 ਲੱਖ ਰੁਪਏ ਦਾ ਘਾਟਾ ਪੈ ਰਿਹਾ ਹੈ। ਹੜਤਾਲ ਕਾਰਨ ਸਫ਼ਰ ਕਰਨ ਵਾਲੇ ਲੋਕ ਖਜਲ-ਖੁਆਰ ਹੋ ਰਹੇ ਹਨ।

ਪੁਲਿਸ ਮੁਲਾਜ਼ਮ ਨਿਭਾ ਰਹੇ ਡਰਾਈਵਰਾਂ ਦੀ ਡਿਊਟੀ

ਹਰਿਆਣਾ ਸਰਕਾਰ ਨੇ ਲੋਕਾਂ ਦੀ ਖੱਜਲ-ਖੁਆਰੀ ਨੂੰ ਘੱਟ ਕਰਨ ਲਈ ਸਕੂਲ ਤੇ ਕਾਲਜ ਦੀਆਂ ਬੱਸਾਂ ਚਲਾਈਆਂ ਸਨ ਪਰ ਇਹ ਬੱਸਾਂ ਤਿੰਨ ਦਿਨ ਤੱਕ ਹੀ ਚੱਲ ਸਕੀਆਂ।

ਹੜਤਾਲ 'ਤੇ ਗਏ ਬੱਸ ਡਰਾਈਵਰਾਂ ਦੀ ਥਾਂ ਕੁਝ ਬੱਸਾਂ ਹਰਿਆਣਾ ਪੁਲਿਸ ਦੇ ਜਵਾਨਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ ਜਦ ਕਿ ਕੰਡਕਟਰ ਦੀ ਥਾਂ ਪੁਲਿਸ ਮੁਲਜ਼ਮਾਂ ਨੂੰ ਲਾਇਆ ਗਿਆ ਹੈ।

ਸਿਰਸਾ ਜ਼ਿਲ੍ਹੇ ਦੇ ਜੀ.ਐਮ. ਕੇ.ਆਰ. ਕੌਸ਼ਲ ਨੇ ਦੱਸਿਆ ਹੈ ਕਿ ਸਿਰਸਾ ਜ਼ਿਲ੍ਹੇ 'ਚ ਕੁੱਲ 179 ਬੱਸਾਂ ਹਨ ਜਿਨ੍ਹਾਂ ਵਿੱਚੋਂ 139 ਸਿਰਸਾ ਡਿੱਪੂ ਅਤੇ 40 ਬੱਸਾਂ ਡੱਬਵਾਲੀ ਡਿੱਪੂ ਵਿੱਚ ਸ਼ਾਮਲ ਹਨ।

ਆਰ.ਈ.ਏ. ਵੱਲੋਂ ਤੇ ਪੁਲਿਸ ਮਹਿਕਮੇ ਵੱਲੋਂ 40 ਬੱਸ ਡਰਾਈਵਰ ਮੁਹੱਈਆ ਕਰਵਾਏ ਗਏ ਹਨ। ਕੁਝ ਡਰਾਈਵਰ ਰੋਡਵੇਜ਼ ਦੇ ਕੰਮ ਕਰ ਰਹੇ ਹਨ। ਜ਼ਿਲ੍ਹੇ ਵਿੱਚ ਰੇਡਵੇਜ਼ ਦੀਆਂ ਅੱਜ 53 ਬੱਸਾਂ ਚਲਾਈਆਂ ਗਈਆਂ ਹਨ।

ਐਸਮਾ ਕਾਨੂੰਨ ਕਾਰਨ ਮੁਲਾਜ਼ਮ ਅੰਡਰਗ੍ਰਾਊਂਡ

ਰੋਡਵੇਜ਼ ਯੂਨੀਅਨ ਦੇ ਆਗੂਆਂ ਅਨੁਸਾਰ ਸਿਰਸਾ ਜ਼ਿਲ੍ਹੇ ਵਿੱਚ ਕਰੀਬ 600 ਮੁਲਾਜ਼ਮ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹੜਤਾਲ 'ਤੇ ਹਨ। ਸਰਕਾਰ ਵੱਲੋਂ ਹੜਤਾਲ ਖ਼ਿਲਾਫ਼ ਐਸਮਾ ਕਾਨੂੰਨ ਲਾਏ ਜਾਣ ਕਾਰਨ ਜ਼ਿਆਦਾਤਰ ਰੋਡਵੇਜ਼ ਮੁਲਾਜ਼ਮ ਅੰਡਰਗਰਾਉਂਡ ਹੋ ਗਏ ਹਨ।

ਜਾਣਕਾਰੀ ਅਨੁਸਾਰ ਹਰਿਆਣਾ ਵਿੱਚ ਕੁੱਲ 4104 ਬੱਸਾਂ ਹਨ ਅਤੇ 16433 ਸਟਾਫ਼ ਹੈ। ਹਰਿਆਣਾ ਵਿੱਚ 23 ਡਿੱਪੂ ਤੇ 13 ਸਬ ਡਿੱਪੂ ਹਨ ਜਦ ਕਿ 105 ਬੱਸ ਅੱਡੇ ਹਨ।

ਹਰਿਆਣਾ ਰੋਡਵੇਜ਼ ਦਾ ਸਾਲਾਨਾ 1906 ਕਰੋੜ ਰੁਪਏ ਦਾ ਟਰਨਓਵਰ ਹੈ। ਰੋਡਵੇਜ਼ ਦੀਆਂ ਬੱਸਾਂ 'ਤੇ ਰੋਜ਼ਾਨਾਂ 10 ਲੱਖ 85 ਹਜ਼ਾਰ ਲੋਕ ਸਫ਼ਰ ਕਰਦੇ ਹਨ ਤੇ ਰੋਡਵੇਜ਼ ਦੀਆਂ ਬੱਸਾਂ 11 ਲੱਖ 85 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰਦੀਆਂ ਹਨ।

ਕਾਂਗਰਸ ਪਾਰਟੀ ਨੇ ਜਿੱਥੇ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਦੀ ਹੜਤਾਲ ਨੂੰ ਹਮਾਇਤ ਕਰਨ ਦਾ ਐਲਾਨ ਕੀਤਾ ਹੈ ਉਥੇ ਹੀ ਆਮ ਆਦਮੀ ਪਾਰਟੀ ਤੇ ਇਨੈਲੋ ਵੱਲੋਂ ਵੀ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਨੂੰ ਹਮਾਇਤ ਦਿੱਤੀ ਗਈ ਹੈ।

ਬਿਜਲੀ ਨਿਗਮ ਦੇ ਕਰਮਚਾਰੀ ਜਥੇਬੰਦੀਆਂ ਤੋਂ ਇਲਾਵਾ ਅਧਿਆਪਕ ਸੰਘ, ਹਰਿਆਣਾ ਸਕੂਲ ਲੈਕਚਰਾਰ ਐਸੋਸੀਏਸ਼ਨ ਸਮੇਤ ਕਈ ਹੋਰ ਕਰਮਚਾਰੀ ਜਥੇਬੰਦੀਆਂ ਵੱਲੋਂ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਦੀ ਹਮਾਇਤ ਕੀਤੀ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)