ਸੀਬੀਆਈ ਨੇ ਆਪਣਾ ਹੀ ਅਫ਼ਸਰ ਕੀਤਾ ਗ੍ਰਿਫ਼ਤਾਰ - 5 ਅਹਿਮ ਖਬਰਾਂ

ਅਸਥਾਨਾ ਮਾਮਲੇ ਵਿੱਚ ਸੀਬੀਆਈ ਦਾ ਡੀਐਸਪੀ ਗ੍ਰਿਫ਼ਤਾਰ

ਦਿ ਟ੍ਰਿਬਿਊਨ ਮੁਤਾਬਕ ਸੀਬੀਆਈ ਨੇ ਆਪਣੇ ਵਿਸ਼ੇਸ ਡਾਇਰੈਕਟਰ ਅਤੇ ਏਜੰਸੀ ਵਿੱਚ ਨੰਬਰ ਦੋ ਰਹੇ ਰਾਕੇਸ਼ ਅਸਥਾਨਾ ਨਾਲ ਜੁੜੇ ਰਿਸ਼ਵਤ ਮਾਮਲੇ ਵਿੱਚ ਵਿਭਾਗ ਦੇ ਡੀਐਸਪੀ ਦੇਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਮੀਟ ਬਰਾਮਦਕਾਰ ਮੋਇਨ ਕੁਰੈਸ਼ੀ ਨਾਲ ਸਬੰਧਤ ਮਾਮਲੇ ਵਿੱਚ ਦੇਵਿੰਦਰ ਕੁਮਾਰ ਜਾਂਚ ਅਫਸਰ ਸਨ। ਉਨ੍ਹਾਂ ਨੂੰ ਸਤੀਸ਼ ਸਾਨਾ ਦੇ ਬਿਆਨ ਦਰਜ ਕਰਨ ਸਬੰਧੀ ਕਥਿਤ ਧੋਖਾਧੜੀ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਲਜ਼ਾਮ ਹੈ ਕਿ ਅਸਥਾਨਾ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਸਾਨਾ ਦਾ ਬਿਆਨ 26 ਸਤੰਬਰ 2018 ਨੂੰ ਦਰਜ ਕੀਤਾ ਸੀ ਪਰ ਸੀਬੀਆਈ ਜਾਂਚ ਵਿੱਚ ਪਤਾ ਚੱਲਿਆ ਕਿ ਉਸ ਦਿਨ ਮੀਟ ਕਾਰੋਬਾਰੀ ਹੈਦਰਾਬਾਦ ਵਿੱਚ ਸੀ।

ਇਹ ਵੀ ਪੜ੍ਹੋ:

ਦਸਹਿਰੇ ਦੇ 29 ਵਿੱਚੋਂ 25 ਸਮਾਗਮਾਂ ਲਈ ਮਨਜ਼ੂਰੀ ਨਹੀਂ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ 19 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਹੋਏ ਦਸਹਿਰੇ ਦੇ 29 ਸਮਾਗਮਾਂ ਵਿੱਚੋਂ 25 ਲਈ ਲਾਜ਼ਮੀ ਨਗਰ ਨਿਗਮ ਦੀ ਮਨਜ਼ੂਰੀ ਨਹੀਂ ਲਈ ਗਈ ਸੀ।

ਇਸ ਵਿੱਚ ਧੋਬੀ ਘਾਟ 'ਤੇ ਕੀਤਾ ਗਿਆ ਸਮਾਗਮ ਵੀ ਸ਼ਾਮਿਲ ਹੈ ਜਿਸ ਦੌਰਾਨ ਰੇਲ ਦੇ ਲੰਘਣ ਕਾਰਨ 57 ਲੋਕਾਂ ਦੀ ਮੌਤ ਹੋ ਗਈ। ਇੱਕ ਜ਼ਖਮੀ ਨੇ ਬਾਅਦ ਵਿੱਚ ਹਸਪਤਾਲ ਵਿੱਚ ਦਮ ਤੋੜ ਦਿੱਤਾ।

ਖ਼ਬਰ ਮੁਤਾਬਕ ਸ਼ਹਿਰ ਵਿੱਚ ਸਿਰਫ਼ ਚਾਰ ਸਮਾਗਮਾਂ ਲਈ ਹੀ ਮਨਜ਼ੂਰੀ ਲਈ ਗਈ ਸੀ ਜਿਸ ਵਿੱਚ ਛਿਆਟਾ, ਭਦਰ ਕਾਲੀ, ਫੋਕਲ ਪੁਆਇੰਟ ਅਤੇ ਹਰੀਪੁਰਾ ਸ਼ਾਮਿਲ ਹਨ।

ਐਮਸੀਏ ਦੇ ਨਿਯਮਾਂ ਤਹਿਤ ਅਜਿਹੇ ਕਿਸੇ ਵੀ ਸਮਾਗਮ ਦੇ ਪ੍ਰਬੰਧ ਲਈ ਇਸਟੇਟ ਅਫ਼ਸਰ ਤੋਂ ਮਨਜ਼ੂਰੀ ਜ਼ਰੂਰੀ ਹੁੰਦੀ ਹੈ।

ਬੱਚਿਆਂ ਦਾ ਸਰੀਰਕ ਸ਼ੋਸ਼ਣ ਰੋਕਣ ਲਈ ਵੀਜ਼ਾ ਵਿੱਚ ਕੁਝ ਤਬਦੀਲੀਆਂ ਦੀ ਤਿਆਰੀ

ਟਾਈਮਜ਼ ਆਫ਼ ਇੰਡੀਆ ਮੁਤਾਬਕ ਕੋਈ ਵੀ ਵਿਦੇਸ਼ੀ ਜੋ ਭਾਰਤ ਲਈ ਵੀਜ਼ਾ ਲੈਣਾ ਚਾਹੁੰਦਾ ਹੈ ਉਸ ਨੂੰ ਇੱਕ ਫਾਰਮ ਭਰਨਾ ਪਏਗਾ ਜਿਸ ਵਿੱਚ ਕੋਈ ਵੀ ਅਪਰਾਧਿਕ ਰਿਕਾਰਡ ਦਾ ਵੇਰਵਾ ਦੇਣਾ ਲਾਜ਼ਮੀ ਹੈ।

ਇਸ ਵਿੱਚ ਇਹ ਜਾਣਕਾਰੀ ਦੇਣੀ ਜ਼ਰੂਰੀ ਹੈ ਕਿ ਕੋਈ ਪੁਰਾਣਾ ਕੇਸ ਤਾਂ ਨਹੀਂ ਹੈ ਜਿਸ ਕਾਰਨ ਉਸ ਸ਼ਖਸ ਨੂੰ ਪਹਿਲਾਂ ਕਦੇ ਵੀਜ਼ਾ ਨਾ ਦਿੱਤਾ ਗਿਆ ਹੋਵੇ।

ਇਸ ਦਾ ਮਕਸਦ ਹੈ ਅਜਿਹੇ ਲੋਕਾਂ ਉੱਤੇ ਨਜ਼ਰ ਰੱਖਣਾ ਜੋ ਬੱਚਿਆਂ ਦੇ ਸਰੀਰਕ ਸ਼ੋਸ਼ਣ ਦੇ ਮਮਾਲਿਆਂ ਵਿੱਚ ਸ਼ਾਮਿਲ ਰਹੇ ਹਨ।

ਬਾਲ ਅਤੇ ਮਹਿਲਾ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਟਵਿੱਟਰ ਉੱਤੇ ਜਾਣਕਾਰੀ ਦਿੰਦਿਆਂ ਲਿਖਿਆ, "ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਵਿਦੇਸ਼ੀਆਂ ਦੇ ਭਾਰਤ ਦੌਰੇ ਲਈ ਵੀਜ਼ਾ ਅਰਜ਼ੀ ਦੇ ਨਿਯਮਾਂ ਵਿੱਚ ਬਦਲਾਅ ਦੀ ਸਾਡੀ ਦਰਖਾਸਤ ਨੂੰ ਮਨਜ਼ੂਰੀ ਮਿਲ ਗਈ ਹੈ। ਬੱਚਿਆਂ ਦੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਨੂੰ ਰੋਕਣ ਦੇ ਮੱਦੇਨਜ਼ਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਅਪਰਾਧਕ ਰਿਕਾਰਡ ਦਾ ਵੇਰਵਾ ਦੇਣਾ ਜ਼ਰੂਰੀ ਹੋਵੇਗਾ।"

ਇਮਰਾਨ ਨੇ ਕਸ਼ਮੀਰ ਮੁੱਦੇ ਦੇ ਹੱਲ ਲਈ ਸੱਦਾ ਦਿੱਤਾ

ਹਿੰਦੁਸਤਾਨ ਟਾਈਮਜ਼ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਹੋਈਆਂ ਮੌਤਾਂ ਨੂੰ 'ਨਿਊ ਸਾਈਕਲ ਆਫ਼ ਕਿਲਿੰਗਜ਼' ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਭਾਰਤ ਸ਼ਾਸਿਤ ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਹੈ।

ਉਨ੍ਹਾਂ ਟਵੀਟ ਕਰਕੇ ਕਿਹਾ, "ਮੈਂ ਭਾਰਤੀ ਸੁਰੱਖਿਆ ਫੌਜ ਵੱਲੋਂ ਬੇਗੁਨਾਹ ਕਸ਼ਮੀਰੀਆਂ ਦੀ ਮੌਤ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਇਹੀ ਸਮਾਂ ਹੈ ਜਦੋਂ ਭਾਰਤ ਨੂੰ ਕਸ਼ਮੀਰੀ ਲੋਕਾਂ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਤਹਿਤ ਕਸ਼ਮੀਰ ਮਸਲੇ ਦਾ ਗੱਲਬਾਤ ਨਾਲ ਹੱਲ ਕੱਢਣ ਲਈ ਅੱਗੇ ਵਧਣਾ ਚਾਹੀਦਾ ਹੈ।"

ਟਰੰਪ ਦੀ ਖੁੱਲ੍ਹੀ ਧਮਕੀ- ਅਮਰੀਕਾ ਬਣਾਏਗਾ ਪਰਮਾਣੂ ਹਥਿਆਰ

ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਰੂਸ ਅਤੇ ਚੀਨ ਉੱਤੇ ਦਬਾਅ ਪਾਉਣ ਲਈ ਪਰਮਾਣੂ ਹਥਿਆਰਾਂ ਨੂੰ ਮਜ਼ਬੂਤ ਕਰੇਗਾ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੁਹਰਾਇਆ ਕਿ ਰੂਸ ਨੇ 1987 ਦੀ ਇੰਟਰਮੀਡੀਏਟ ਰੇਂਜ (ਆਈਐਨਐਫ਼) ਸਮਝੌਤੇ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਪਹਿਲਾਂ ਇਸ ਸਮਝੌਤੇ ਨੂੰ ਛੱਡਣ ਦੀ ਗੱਲ ਕਹੀ ਸੀ। ਹਾਲਾਂਕਿ ਰੂਸ ਨੇ ਕਿਸੇ ਵੀ ਉਲੰਘਣਾ ਦੇ ਇਲਜ਼ਾਮ ਨੂੰ ਖਾਰਿਜ ਕੀਤਾ ਹੈ।

ਕੋਲਡ ਵਾਰ ਦੌਰਾਨ ਦਾ ਇਹ ਸਮਝੌਤਾ ਮੱਧ ਦੂਰੀ ਦੀ ਮਿਜ਼ਾਈਲ ਬਣਾਉਣ ਉੱਤੇ ਪਾਬੰਦੀ ਲਾਉਂਦਾ ਹੈ। ਇਸ ਸਮਝੌਤੇ ਨੂੰ ਸੋਵੀਅਤ ਸੰਘ ਦੇ ਖਤਰੇ ਨੂੰ ਘੱਟ ਕਰਨ ਲਈ ਲਾਗੂ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)