ਪੰਜਾਬ ਵਿਚ ਹਿੰਸਕ ਹੋਣ ਲੱਗਿਆ ਅਕਾਲੀਆਂ ਤੇ ਗਰਮਦਲੀਆਂ ਦਾ ਵਿਰੋਧ - 5 ਖ਼ਾਸ ਖਬਰਾਂ

ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ 'ਤੇ ਹਮਲੇ ਤੋਂ ਇੱਕ ਦਿਨ ਬਾਅਦ ਗਰਮਖਿਆਲੀ ਜਥੇਬੰਦੀਆਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਲਵੰਡੀ ਸਾਬੋ ਦੇ ਦੌਰੇ ਦਾ ਵਿਰੋਧ ਕੀਤਾ।

ਪੰਜਾਬੀ ਜਾਗਰਣ ਮੁਤਾਬਕ ਤਲਵੰਡੀ ਸਾਬੋ ਵਿੱਚ ਅਕਾਲੀ ਦਲ ਦੀ ਬੈਠਕ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ ਕਰਨ ਪਹੁੰਚੇ ਗਰਮਖਿਆਲੀ ਆਗੂਆਂ ਅਤੇ ਅਕਾਲੀ ਵਰਕਰਾਂ ਵਿਚਾਲੇ ਤਿੱਖੀ ਝੜਪ ਹੋਈ।

ਇਸ ਦੌਰਾਨ ਘੱਟੋ-ਘੱਟ ਅੱਠ ਲੋਕ ਜ਼ਖਮੀ ਹੋ ਗਏ। ਦਰਅਸਲ ਰਾਮਾ ਰੋਡ 'ਤੇ ਜਿਸ ਪੈਲੇਸ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਪਹੁੰਚਣਾ ਸੀ ਉੱਥੋਂ ਥੋੜ੍ਹੀ ਹੀ ਦੂਰੀ 'ਤੇ ਇੱਕ ਰਜਬਾਹੇ ਦੇ ਪੁਲ 'ਤੇ ਗਰਮਖਿਆਲੀ ਧਿਰਾਂ ਦੇ ਕਾਰਕੁਨ ਕਾਲੀਆਂ ਝੰਡੀਆਂ ਲੈ ਕੇ ਪਹੁੰਚ ਗਏ। ਟਕਰਾਅ ਇੰਨਾ ਵਧਿਆ ਕਿ ਦੋਹਾਂ ਧਿਰਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ:

ਬੱਬਰ ਖਾਲਸਾ ਸਾਡੇ ਦੇਸ ਲਈ ਖਤਰਾ: ਅਮਰੀਕਾ

ਦਿ ਟ੍ਰਿਬਿਊਨ ਮੁਤਾਬਕ ਅਮਰੀਕਾ ਨੇ ਵਿਦੇਸ਼ਾਂ ਵਿੱਚ ਵੱਖਵਾਦੀ ਗਤੀਵਿਧੀਆਂ 'ਚ ਸਰਗਰਮ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਨੂੰ ਅਮਰੀਕੀ ਹਿੱਤਾਂ ਲਈ ਖਤਰਨਾਕ ਐਲਾਨ ਦਿੱਤਾ ਹੈ।

ਟਰੰਪ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਐਲਾਨੀ ਨਵੀਂ ਕੌਮੀ ਨੀਤੀ ਜਿਸ ਵਿੱਚ ਅੱਤਵਾਦ ਨਾਲ ਨਜਿੱਠਣ ਸਬੰਧੀ ਜ਼ਿਕਰ ਹੈ, ਅਨੁਸਾਰ, "ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਭਾਰਤ ਵਿੱਚ ਹਿੰਸਕ ਕਾਰਵਾਈਆਂ ਰਾਹੀਂ ਆਪਣਾ ਆਜ਼ਾਦ ਰਾਜ ਸਥਾਪਿਤ ਕਰਨ ਦੀ ਇਛੁੱਕ ਹੈ। ਇਹ ਭਾਰਤ ਵਿੱਚ ਅਤੇ ਹੋਰ ਥਾਵਾਂ ਉੱਤੇ ਵੱਡੇ ਅੱਤਵਾਦੀ ਹਮਲੇ ਕਰਨ ਲਈ ਜਿੰਮੇਵਾਰ ਹੈ, ਜਿਨ੍ਹਾਂ ਵਿੱਚ ਬੇਕਸੂਰ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।"

ਇਸ ਤੋਂ ਇਲਾਵਾ ਉਨ੍ਹਾਂ ਨੇ ਤਹਿਰੀਕ-ਏ-ਤਾਲੀਬਾਨ ਅਤੇ ਲਸ਼ਕਰ-ਏ-ਤਾਇਬਾ ਨੂੰ ਅਮਰੀਕਾ ਲਈ ਖਤਰਾ ਕਰਾਰ ਦਿੱਤਾ।

ਵਾਈਟ ਹਾਊਸ ਵੱਲੋਂ ਜਾਰੀ ਨੈਸ਼ਨਲ ਸਟਰੈਟਿਜੀ ਫਾਰ ਕਾਊਂਟਰ ਟੈਰਰਿਜ਼ਮ ਵਿੱਚ ਕਿਹਾ ਗਿਆ, "ਬੋਕੋ ਹਰਾਮ, ਤਹਿਰੀਕ-ਏ-ਤਾਲੀਬਾਨ, ਲਸ਼ਕਰ-ਏ-ਤਾਇਬਾ ਜਥੇਬੰਦੀਆਂ ਸਥਾਨਕ ਸਰਕਾਰਾਂ ਨੂੰ ਕਮਜ਼ੋਰ ਕਰਨ ਲਈ ਸਿਆਸੀ ਤੇ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ।"

ਭਾਰਤ 'ਚ ਕੰਪਨੀਆਂ ਦੀ ਮਰਦ ਮੁਲਜ਼ਮਾਂ ਨੂੰ ਤਰਜੀਹ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਵਰਲਡ ਇਕਨੌਮਿਕ ਫੌਰਮ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਜੋ ਕੰਪਨੀਆਂ ਸਭ ਤੋਂ ਵੱਧ ਵਿਕਾਸ ਕਰ ਰਹੀਆਂ ਹਨ, ਉਹ ਮਰਦ ਮੁਲਾਜ਼ਮਾਂ ਨੂੰ ਤਰਜੀਹ ਦਿੰਦੀਆਂ ਹਨ।

ਤਿੰਨ ਵਿੱਚੋਂ ਇੱਕ ਕੰਪਨੀ ਨੇ ਦਾਅਵਾ ਕੀਤਾ ਕਿ ਉਹ ਮਰਦਾਂ ਨੂੰ ਨੌਕਰੀ 'ਤੇ ਰੱਖਣ ਨੂੰ ਤਰਜੀਹ ਦਿੰਦੇ ਹਨ ਜਦੋਂਕਿ 10 ਵਿੱਚੋਂ ਇੱਕ ਕੰਪਨੀ ਨੇ ਔਰਤਾਂ ਨੂੰ ਨੌਕਰੀ 'ਤੇ ਰੱਖਣ ਦੀ ਗੱਲ ਕੀਤੀ।

ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਤੇਜ਼ੀ ਨਾਲ ਵਿਕਾਸ ਕਰ ਰਹੀਆਂ ਕੰਪਨੀਆਂ 26 ਫੀਸਦੀ ਔਰਤਾਂ ਨੂੰ ਹੀ ਨੌਕਰੀ 'ਤੇ ਰੱਖਣਾ ਪਸੰਦ ਕਰਦੀਆਂ ਹਨ।

ਪਾਕਿਸਤਾਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗ੍ਰਿਫ਼ਤਾਰ

ਪਾਕਿਸਤਾਨ ਦੇ ਅਖਬਾਰ ਡੌਨ ਮੁਤਾਬਕ ਵਿਰੋਧੀ ਧਿਰ ਦੇ ਆਗੂ ਅਤੇ ਲਹਿੰਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਨੈਸ਼ਨਲ ਅਕਾਊਂਟੀਬਿਲੀਟੀ ਬਿਊਰੋ ਨੇ ਸ਼ਾਹਬਾਜ਼ ਸ਼ਰੀਫ਼ ਨੂੰ ਆਸ਼ੀਆਨਾ-ਏ-ਇਕਬਾਲ ਹਾਊਸਿੰਗ ਸਕੀਮ ਵਿੱਚ 14 ਬਿਲੀਅਨ ਘੁਟਾਲੇ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਰਿਮਾਂਡ ਦੀ ਮੰਗ ਲਈ ਸ਼ਾਹਬਾਜ਼ ਸ਼ਰੀਫ਼ ਨੂੰ ਅੱਜ ਅਕਾਊਂਟੀਬਿਲੀਟੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਇੰਟਰਪੋਲ ਦੇ ਪ੍ਰਧਾਨ ਲਾਪਤਾ

ਹਿੰਦੁਸਤਾਨ ਟਾਈਮਜ਼ ਮੁਤਾਬਕ ਇੰਟਰਪੋਲ ਦੇ ਮੁਖੀ ਮੈਂਗ ਹੋਂਗਵੇਈ ਸਤੰਬਰ ਦੇ ਅਖੀਰ 'ਚ ਆਪਣੇ ਦੇਸ ਚੀਨ ਦੀ ਯਾਤਰਾ ਦੌਰਾਨ ਲਾਪਤਾ ਹੋ ਗਏ ਹਨ। ਇੱਕ ਫਰਾਂਸੀਸੀ ਨਿਆਂਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਮੇਂਗ ਹੋਂਗਵੇਈ ਦੀ ਪਤਨੀ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਜਦੋਂ ਤੋਂ ਉਨ੍ਹਾਂ ਦੇ 64 ਸਾਲਾ ਪਤੀ ਫਰਾਂਸ ਦੇ ਲਿਓਨ ਲਈ ਰਵਾਨਾ ਹੋਏ ਜਿੱਥੇ ਇੰਟਰਪੋਲ ਦਾ ਦਫ਼ਤਰ ਹੈ, ਉਨ੍ਹਾਂ ਨਾਲ ਉਦੋਂ ਤੋਂ ਸੰਪਰਕ ਨਹੀਂ ਹੋ ਸਕਿਆ ਹੈ ।

ਇਹ ਵੀ ਪੜ੍ਹੋ:

ਫਰਾਂਸੀਸੀ ਅਧਿਕਾਰੀ ਨੇ ਕਿਹਾ ਕਿ ਮੈਂਗ ਚੀਨ ਪਹੁੰਚੇ ਸਨ। ਚੀਨ ਵਿੱਚ ਮੈਂਗ ਦੀ ਰੁਟੀਨ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇੱਕ ਬਿਆਨ ਵਿੱਚ ਇੰਟਰਪੋਲ ਨੇ ਕਿਹਾ ਕਿ ਉਹ ਮੈਂਗ ਦੇ ਲਾਪਤਾ ਹੋਣ ਬਾਰੇ ਰਿਪੋਰਟਾਂ ਤੋਂ ਜਾਣੂ ਸਨ ਅਤੇ ਕਿਹਾ ਕਿ "ਇਹ ਫਰਾਂਸ ਅਤੇ ਚੀਨ ਦੇ ਸੰਬੰਧਤ ਵਿਭਾਗਾਂ ਲਈ ਇੱਕ ਵੱਡਾ ਮਾਮਲਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)