ਪੰਜਾਬ ਦਾ ਇਹ ਸਰਦਾਰ ਕਰੇਗਾ ਟਰੰਪ ਦੀ ਰਾਖੀ: ਅੱਜ ਦੀਆਂ 5 ਅਹਿਮ ਖ਼ਬਰਾਂ

ਹਿੰਦੁਸਤਾਨ ਟਾਇਮਜ਼ ਦੀ ਖ਼ਬਰ ਅਨੁਸਾਰ ਲੁਧਿਆਣਾ ਦੇ ਜਨਮੇ ਅੰਸ਼ਦੀਪ ਸਿੰਘ ਭਾਟੀਆ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਸੁਰੱਖਿਆ ਵਿੱਚ ਤਾਇਨਾਤ ਪਹਿਲੇ ਸਿੱਖ ਬਣ ਗਏ ਹਨ।

ਅਮਰੀਕਾ ਵਿੱਚ ਆਪਣੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਪਿਛਲੇ ਹਫ਼ਤੇ ਅੰਸ਼ਦੀਪ ਰਾਸ਼ਟਰਪਤੀ ਟਰੰਪ ਦੀ ਸੁਰੱਖਿਆ ਵਿੱਚ ਸ਼ਾਮਿਲ ਹੋਏ।

ਅਖ਼ਬਾਰ ਦੀ ਖ਼ਬਰ ਮੁਤਾਬਕ ਅੰਸ਼ਦੀਪ ਦਾ ਪਰਿਵਾਰ 1984 ਦੇ ਸਿੱਖ ਕਤਲੇਆਮ ਦੌਰਾਨ ਕਾਨਪੁਰ ਤੋਂ ਲੁਧਿਆਣਾ ਆ ਗਿਆ ਸੀ। 2000 ਵਿੱਚ ਅੰਸ਼ਦੀਪ ਜਦੋਂ 10 ਸਾਲ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਅਮਰੀਕਾ ਹਿਜ਼ਰਤ ਕਰ ਗਿਆ ਸੀ।

ਇਹ ਵੀ ਪੜ੍ਹੋ:

ਖ਼ਬਰ ਮੁਤਾਬਕ ਅੰਸ਼ਦੀਪ ਦਾ ਸੁਫ਼ਨਾ ਸੀ ਕਿ ਉਹ ਰਾਸ਼ਟਰਪਤੀ ਟਰੰਪ ਦੀ ਸੁਰੱਖਿਆ ਵਿੱਚ ਸ਼ਾਮਿਲ ਹੋਣ, ਪਰ ਉਨ੍ਹਾਂ ਨੂੰ ਇਸ ਲਈ ਆਪਣੀ ਦਿੱਖ ਬਦਲਣ ਲਈ ਕਿਹਾ ਗਿਆ।

ਇਸ ਨੂੰ ਲੈ ਕੇ ਅੰਸ਼ਦੀਪ ਨੇ ਅਦਾਲਤ ਦਾ ਰੁਖ਼ ਕੀਤਾ ਅਤੇ ਫ਼ੈਸਲਾ ਉਨ੍ਹਾਂ ਦੇ ਹੱਕ ਵਿੱਚ ਆਇਆ।

ਪੰਜਾਬ ਦੀ ਅਰਜ਼ੀ ਰਾਜਸਥਾਨ ਨੇ ਠੁਕਰਾਈ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਰਾਜਸਥਾਨ ਨੇ ਪੰਜਾਬ ਸਰਕਾਰ ਦੀ ਹਰਨੇਕ ਸਿੰਘ ਭੱਪ ਨੂੰ ਜੈਪੂਰ ਦੀ ਕੇਂਦਰੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰਨ ਦੀ ਅਰਜ਼ੀ ਠੁਕਰਾ ਦਿੱਤੀ ਹੈ। ਹਰਨੇਕ ਸਿੰਘ ਭੱਪ ਅੱਤਵਾਦ ਦੇ ਦੋਸ਼ਾਂ ਲਈ ਸਜ਼ਾ ਭੁਗਤ ਰਿਹਾ ਹੈ।

ਖ਼ਬਰ ਮੁਤਾਬਕ ਪੰਜਾਬ ਸਰਕਾਰ ਦੀਆਂ ਉਨ੍ਹਾਂ ਕੋਸ਼ਿਸ਼ਾਂ ਨੂੰ ਢਾਹ ਲੱਗੀ ਜਿਸ ਅਨੁਸਾਰ ਸਿੱਖ ਦੋਸ਼ੀਆਂ ਨੂੰ ਰਿਹਾਅ ਕਰਵਾਉਣ ਜਾਂ ਪੰਜਾਬ ਦੀਆਂ ਜੇਲ੍ਹਾਂ 'ਚ ਸ਼ਿਫਟ ਕਰਨ ਦੀ ਗੱਲ ਕੀਤੀ ਗਈ ਸੀ।

ਇਸ ਤੋਂ ਪਹਿਲਾਂ ਦਯਾ ਸਿੰਘ ਲਾਹੌਰੀਆ ਅਤੇ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਸ਼ਿਫਚ ਕਰਨ ਦੀ ਅਰਜ਼ੀ ਵੀ ਖ਼ਾਰਿਜ ਹੋ ਚੁੱਕੀ ਹੈ।

ਅੱਤਵਾਦ ਦੇ ਮਾਮਲਿਆਂ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਈ ਦੋਸ਼ੀਆਂ ਨੂੰ 2016 ਵਿੱਚ ਸਿੱਖ ਕਾਰਕੁਨਾਂ ਵੱਲੋਂ ਭੁੱਖ ਹੜਤਾਲ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ 'ਚ ਸ਼ਿਫ਼ਟ ਕਰ ਦਿੱਤਾ ਗਿਆ। 20 ਮੁੱਖ ਦੋਸ਼ੀਆਂ ਵਿੱਚੋਂ 13 ਸੂਬੇ ਦੀਆਂ ਜੇਲ੍ਹਾਂ ਵਿੱਚ ਹਨ।

ਇਹ ਵੀ ਪੜ੍ਹੋ:

ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਦਿ ਟ੍ਰਿਬਿਊਨ ਨਾਲ ਗੱਲ ਕਰਦਿਆਂ ਕਿਹਾ, ''ਸਰਕਾਰ ਵੱਲੋਂ ਕੋਸ਼ਿਸ਼ ਸੀ ਕਿ ਇਨ੍ਹਾਂ ਮਾਮਲਿਆਂ ਵਿੱਚ ਜੇਲ੍ਹ 'ਚ ਬੰਦ ਦੋਸ਼ੀਆਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ, ਪਰ ਇਸ ਬਾਰੇ ਦੂਜੇ ਸੂਬਿਆਂ ਦੀਆਂ ਸਰਕਾਰਾਂ ਨੇ ਫ਼ੈਸਲਾ ਲੈਣਾ ਹੈ।''

ਫ਼ਰੀਦਕੋਟ ਬਲਾਤਕਾਰ ਕੇਸ - 90 ਲੱਖ ਦੇ ਮੁਆਵਜ਼ੇ ਦੇ ਹੁਕਮ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਫ਼ਰੀਦਕੋਟ ਦੇ ਬਲਾਤਕਾਰ ਕੇਸ ਵਿੱਚ ਪੀੜਤਾ ਨੂੰ 90 ਲੱਖ ਦਾ ਮੁਆਵਜ਼ਾ ਅਦਾ ਕਰਨ ਦਾ ਹੁਕਮ ਹੋਇਆ ਹੈ।

ਮੁਆਵਜ਼ੇ ਦੀ ਰਕਮ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫ਼ਰੀਦਕੋਟ ਦੇ ਡੀਸੀ ਨੂੰ ਦੋਸ਼ੀ ਨਿਸ਼ਾਨ ਸਿੰਘ ਅਤੇ ਉਸ ਦੀ ਮਾਂ ਨਵਜੋਤ ਕੌਰ ਦੀਆਂ ਸੰਪਤੀਆਂ ਨੂੰ ਕੁਰਕ ਕਰਨ ਦੇ ਹੁਕਮ ਦਿੱਤੇ ਹਨ।

ਜਸਟਿਸ ਏ ਬੀ ਚੌਧਰੀ ਅਤੇ ਜਸਟਿਸ ਇੰਦਰਜੀਤ ਸਿੰਘ ਦੀ ਬੈਂਚ ਨੇ ਫ਼ੈਸਲਾ ਦਿੰਦਿਆ ਕਿਹਾ, ''ਅਸੀਂ ਹੈਰਾਨ ਹਾਂ ਕਿ ਕਿਵੇਂ ਨਿਸ਼ਾਨ ਸਿੰਘ ਦੇ ਧਨਾਢ ਤੇ ਜਾਗੀਰਦਾਰ ਪਰਿਵਾਰ ਅਤੇ ਉਸ ਦੀ ਮਾਂ ਦੇ ਹੁੜੰਦਗਪੁਣੇ ਨੇ ਦੋ ਧੀਆਂ ਵਾਲੇ ਇੱਕ ਮੱਧ-ਵਰਗੀ ਪਰਿਵਾਰ ਦੀ ਜ਼ਿੰਦਗੀ ਲੀਰੋ ਲੀਰ ਕਰ ਦਿੱਤੀ।''

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਦਾਲਤ ਨੇ ਪੀੜਤਾਂ ਨੂੰ 10 ਹਫ਼ਤਿਆਂ ਅੰਦਰ 90 ਲੱਖ ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਹਨ।

ਮਾਮਲਾ 24 ਸਤੰਬਰ 2012 ਦਾ ਹੈ ਜਦੋਂ ਹਥਿਆਰਾਂ ਨਾਲ ਲੈਸ ਨਿਸ਼ਾਨ ਸਿੰਘ ਆਪਣੇ ਸਾਥੀਆਂ ਨਾਲ ਦਿਨ-ਦਿਹਾੜੇ ਇੱਕ ਘਰ ਵਿੱਚ ਦਾਖ਼ਲ ਹੋਇਆ ਅਤੇ ਇੱਕ ਲੜਕੀ ਨੂੰ ਜਬਰੀ ਚੁੱਕ ਕੇ ਲੈ ਗਿਆ ਅਤੇ ਪਰਿਵਾਰ ਨਾਲ ਕੁੱਟ-ਮਾਰ ਕੀਤੀ।

ਆਪ ਪਾਰਟੀ ਨੂੰ ਚੰਦੇ 'ਚ ਗੜਬੜੀ ਨੂੰ ਲੈ ਕੇ ਨੋਟਿਸ

ਦਿ ਇੰਡੀਅਨ ਐਕਸਪ੍ਰੈੱਸ ਵਿੱਚ ਛਪੀ ਖ਼ਬਰ ਅਨੁਸਾਰ ਚੰਦੇ 'ਚ ਗੜਬੜੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਚੋਣ ਕਮਿਸ਼ਨ ਨੇ ਨੋਟਿਸ ਭੇਜ ਕੇ ਪੁੱਛਿਆ ਕਿ ਪਾਰਟੀ ਦੇ ਫੰਡ ਬਾਰੇ ਅਹਿਮ ਤੱਥ ਲੁਕਾਉਣ ਲਈ ਕਿਉਂ ਨਾ ਉਨ੍ਹਾਂ ਦਾ ਪਾਰਟੀ ਦੀ ਮਾਨਤਾ ਰੱਦ ਕੀਤੀ ਜਾਵੇ?

ਕਮਿਸ਼ਨ ਨੇ ਪਾਰਟੀ ਤੋਂ ਵਿੱਤੀ ਸਾਲ 2014-15 ਦੇ ਚੰਦੇ 'ਚ ਗੜਬੜੀਆਂ ਨੂੰ ਲੈ ਕੇ ਜਵਾਬ ਮੰਗਿਆ ਹੈ। ਨੋਟਿਸ ਵਿੱਚ ਪੁੱਛਿਆ ਗਿਆ ਹੈ ਕਿ ਪਾਰਟੀ ਨੇ ਡੋਨੇਸ਼ਨ ਦੇ ਲਈ ਤੈਅ ਨਿਯਮਾਂ ਦਾ ਪਾਲਣ ਕਿਉਂ ਨਹੀਂ ਕੀਤਾ?

ਅਖ਼ਬਾਰ ਮੁਤਾਬਕ ਇਸ ਸਾਲ ਜਨਵਰੀ ਮਹੀਨੇ ਸੈਂਟਰ ਬੋਰਡ ਆਫ਼ ਡਾਇਰੈਕਟ ਟੈਕਸਿਜ਼ ਨੇ ਚੋਣ ਕਮਿਸ਼ਨ ਨੂੰ ਚੰਦੇ ਵਿੱਚ ਗੜਬੜੀ ਹੋਣ ਬਾਬਤ ਜਾਣਕਾਰੀ ਦਿੱਤੀ ਸੀ।

ਇਸ ਬਾਰੇ ਆਮਦ ਆਦਮੀ ਪਾਰਟੀ ਨੇ ਕਿਹਾ ਕਿ ਸੀਬੀਡੀਟੀ ਨੇ ਖਾਤਿਆਂ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਕੀਤੀ ਗਈ ਤੇ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਕੀਤੇ ਟ੍ਰਾਂਸਫਰ ਨੂੰ ਵੀ ਪਾਰਟੀ ਦੀ ਆਮਦਨ ਵਿੱਚ ਜੋੜ ਲਿਆ ਹੈ।

ਖ਼ਤਰਨਾਕ ਤੂਫ਼ਾਨ ਦਾ ਕਹਿਰ

ਲਗਪਗ ਤਿੰਨ ਦਹਾਕਿਆਂ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹਰੀਕੇਨ ਫਲੋਰੇਂਸ ਕੈਰੋਲੀਨਾ ਨੂੰ ਡਰਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਸਮੇਂ 'ਚ ਇਹ ਹੋਰ ਭਿਆਨਕ ਹੋਣ ਵਾਲਾ ਹੈ।

ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ 48 ਘੰਟਿਆਂ ਦੌਰਾਨ ਈਸਟ ਕੋਸਟ ਵੱਲ ਵਧ ਰਹੇ ਤੂਫ਼ਾਨ ਕਰਕੇ ਵਧਦੇ ਪਾਣੀ ਦੇ ਪੱਧਰ ਕਾਰਨ ਜ਼ਿੰਦਗੀ ਨੂੰ ਖ਼ਤਰਾ ਹੋ ਸਕਦਾ ਹੈ।

ਲਗਪਗ 225 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆ ਰਹੀਆਂ ਹਵਾਵਾਂ ਚੌਥੀ ਕੈਟੇਗਰੀ ਦੇ ਤੂਫ਼ਾਨ ਦਾ ਮੌਸਮ ਹਨ।

ਉੱਤਰੀ ਕੈਰੋਲੀਨਾ ਦੇ ਗਵਰਨਰ ਰਾਏ ਕੂਪਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ''ਇਹ ਤੂਫ਼ਾਨ ਬੇਹੱਦ ਭਿਆਨਕ ਹੈ, ਇਹ ਬਹੁਤ ਵੱਡਾ ਅਤੇ ਜਾਨਲੇਵਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)