You’re viewing a text-only version of this website that uses less data. View the main version of the website including all images and videos.
ਦਲਿਤ-ਮਰਾਠਾ ਹਿੰਸਾ ਤੋਂ ਪਹਿਲਾਂ ਹੋਈ ਬੈਠਕ ਬਾਰੇ ਜਸਟਿਸ (ਰਿਟਾ.) ਪੀਬੀ ਸਾਵੰਤ ਦੀ ਸਫ਼ਾਈ
31 ਦਸੰਬਰ 2017 ਨੂੰ ਮਹਾਰਾਸ਼ਟਰ ਵਿੱਚ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਦੀ ਇੱਕ ਬੈਠਕ ਹੋਈ ਸੀ ਜਿਸ ਵਿੱਚ 'ਸੰਵਿਧਾਨ ਨੂੰ ਬਚਾਉਣ' ਦੀ ਗੱਲ ਕੀਤੀ ਗਈ। ਉਸ ਤੋਂ ਇੱਕ ਦਿਨ ਬਾਅਦ ਸੂਬੇ ਦੇ ਭੀਮਾ ਕੋਰੇਗਾਓਂ ਵਿੱਚ ਹਿੰਸਾ ਭੜਕ ਗਈ ਜਿਸ ਵਿੱਚ ਇੱਕ ਸ਼ਖਸ ਦੀ ਮੌਤ ਹੋਈ ਅਤੇ ਬਹੁਤਾ ਮਾਲੀ ਨੁਕਸਾਨ ਵੀ ਹੋਇਆ।
ਕਿਹਾ ਜਾਂਦਾ ਹੈ ਕਿ ਭੀਮਾ ਕੋਰੇਗਾਂਵ ਦੀ ਲੜਾਈ ਇੱਕ ਜਨਵਰੀ 1818 ਨੂੰ ਈਸਟ ਇੰਡੀਆ ਕੰਪਨੀ ਦੀ ਸੈਨਾ ਅਤੇ ਪੇਸ਼ਵਾਵਾਂ ਦੀ ਆਗਵਾਈ ਵਾਲੀ ਮਰਾਠਾ ਸੈਨਾ ਦੇ ਵਿਚਾਲੇ ਹੋਈ ਸੀ।
ਇਸ ਜੰਗ ਵਿੱਚ ਮਹਾਰ ਜਾਤੀ ਨੇ ਈਸਟ ਇੰਡੀਆਂ ਕੰਪਨੀ ਵੱਲੋਂ ਲੜਦਿਆਂ ਮਰਾਠਾ ਫੌਜ ਨੂੰ ਮਾਤ ਦੇ ਦਿੱਤੀ ਸੀ। ਇਸ ਜਿੱਤ ਦੇ 200 ਸਾਲ ਪੂਰੇ ਹੋਣ 'ਤੇ ਜਸ਼ਨ ਮਨਾਇਆ ਜਾ ਰਿਹਾ ਸੀ। ਸਮਾਗਮ ਚੱਲ ਹੀ ਰਿਹਾ ਸੀ ਕਿ ਦੋ ਧਿਰਾਂ ਵਿਚਾਲੇ ਝੜਪ ਹੋ ਗਈ ਅਤੇ ਹਾਲਾਤ ਵਿਗੜ ਗਏ।
ਘਟਨਾ ਦੀ ਜਾਂਚ ਹੋਈ ਅਤੇ 28 ਜੂਨ 2018 ਨੂੰ ਪੰਜ ਮਨੁੱਖੀ ਅਧਿਕਾਰ ਕਾਰਕੁਨ ਗ੍ਰਿਫ਼ਤਾਰ ਕੀਤੇ ਗਏ।
ਇਸ ਮਗਰੋਂ 28 ਅਗਸਤ ਨੂੰ ਪੰਜ ਹੋਰ ਮਨੁੱਖੀ ਅਧਿਕਾਰ ਕਾਰਕੁਨਾਂ ਗੌਤਮ ਨਵਲਖਾ, ਸੁਧਾ ਭਾਰਦਵਾਜ, ਵਰਵਰਾ ਰਾਵ, ਵਰਨੇਨ ਗੋਂਜ਼ਾਲਵਿਸ ਅਤੇ ਅਰੁਣ ਫਰੇਰਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਦਾ ਇਲਜ਼ਾਮ ਹੈ ਕਿ ਇਨ੍ਹਾਂ ਦੇ ਉਕਸਾਊ ਭਾਸ਼ਣਾ ਮਗਰੋਂ ਹੀ ਦਲਿਤਾਂ ਨੇ ਦੰਗਾ ਕੀਤਾ।
ਇਸ ਹਿੰਸਾ ਤੋਂ ਪਹਿਲਾਂ ਹੋਈ ਬੈਠਕ ਜਿਸਨੂੰ ਯਲਗਾਰ ਪਰਿਸ਼ਦ ਕਿਹਾ ਜਾ ਰਿਹਾ ਹੈ ਉਸਦੇ ਪ੍ਰਬੰਧਕਾਂ ਵਿੱਚ ਜਸਟਿਸ (ਰਿਟਾ.) ਪੀਬੀ ਸਾਵੰਤ ਵੀ ਸਨ। ਇਸ ਸਾਰੇ ਮੁੱਦੇ ਉੱਤੇ ਜਸਟਿਸ ਸਾਵੰਤ ਨੇ ਆਪਣੀ ਗੱਲ ਕਹੀ ਹੈ।
ਮਰਾਠੀ ਵਿੱਚ ਯਲਗਾਰ ਦਾ ਮਤਲਬ ਹੈ ''ਦ੍ਰਿੜ੍ਹ ਸੰਘਰਸ਼''। ਮੌਜੂਦਾ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਇੱਕ-ਡੇਢ ਸਾਲ ਬਾਅਦ 4 ਅਕਤੂਬਰ 2015 ਨੂੰ ਅਸੀਂ ਉਸੇ ਥਾਂ 'ਤੇ ਇੱਕ ਸਭਾ ਕੀਤੀ ਸੀ, ਜਿਸਦਾ ਵਿਸ਼ਾ ਸੀ ''ਸੰਵਿਧਾਨ ਬਚਾਓ, ਦੇਸ ਬਚਾਓ''।
ਉਸ ਤੋਂ ਦੋ ਸਾਲ ਬਾਅਦ 31 ਦਸੰਬਰ, 2017 ਨੂੰ ਉਸੇ ਥਾਂ ਉੱਤੇ ਉਸੇ ਵਿਸ਼ੇ 'ਤੇ ਯਲਗਾਰ ਪਰਿਸ਼ਦ ਦਾ ਕੀਤੀ ਗਿਆ। ਮੈਂ ਦੋਵੇਂ ਵਾਰ ਹੀ ਇਨ੍ਹਾਂ ਪ੍ਰੋਗਰਾਮਾਂ ਦਾ ਪ੍ਰਬੰਧਕ ਰਿਹਾ। ਇਸ ਵਾਰ ਕਬੀਰ ਕਲਾ ਮੰਚ ਨਾਮ ਦੀ ਇੱਕ ਹੋਰ ਸੰਸਥਾ ਸਾਡੇ ਨਾਲ ਜੁੜੀ ਸੀ।
ਯਲਗਾਰ ਕੀ ਹੈ?
ਇੱਕ ਜਨਵਰੀ 2018 ਨੂੰ ਭੀਮਾ ਕੋਰੇਗਾਂਵ ਵਿੱਚ ਮਰਾਠਾ ਸਮਰਾਜ ਤੇ ਈਸਟ ਇੰਡੀਆ ਕੰਪਨੀ ਵਿਚਾਲੇ ਹੋਈ ਲੜਾਈ ਦੀ 200ਵੀਂ ਵਰ੍ਹੇਗੰਢ ਸੀ। ਮਰਾਠਾ ਫੌਜ ਪੇਸ਼ਵਾ ਦੀ ਅਗਵਾਈ ਵਿੱਚ ਲੜਿਆ ਇਹ ਯੁੱਧ ਹਾਰ ਗਈ ਸਨ ਅਤੇ ਕਿਹਾ ਜਾਂਦਾ ਹੈ ਕਿ ਈਸਟ ਇੰਡੀਆ ਕੰਪਨੀ ਨੂੰ ਮਹਾਰ ਰੈਜੀਮੈਂਟ ਦੇ ਫੌਜੀਆਂ ਦੀ ਬਹਾਦਰੀ ਕਾਰਨ ਜਿੱਤ ਹਾਸਿਲ ਹੋਈ ਸੀ।
ਅੰਗਰੇਜ਼ਾਂ ਵੱਲੋਂ ਮਹਾਰ ਰੈਜੀਮੈਂਟ ਦੇ ਫੌਜੀਆਂ ਦੀ ਬਹਾਦਰੀ ਦੀ ਯਾਦ ਵਿੱਚ ਇੱਕ ਯਾਦਗਾਰ ਬਣਾਈ ਗਈ ਸੀ। ਇਸ ਸਮਾਰਕ 'ਤੇ ਬਾਅਦ ਵਿੱਚ ਭੀਮਰਾਓ ਅੰਬੇਡਕਰ ਆਪਣੇ ਸੈਂਕੜੇ ਸਮਰਥਕਾਂ ਨਾਲ ਇੱਥੇ ਹਰ ਸਾਲ ਆਉਂਦੇ ਰਹੇ। ਇਹ ਥਾਂ ਪੇਸ਼ਵਾ 'ਤੇ ਮਹਾਰਾਂ ਯਾਨਿ ਦਲਿਤਾਂ ਦੀ ਜਿੱਤ ਦੇ ਇੱਕ ਸਮਾਰਕ ਵਜੋਂ ਸਥਾਪਿਤ ਹੋ ਗਈ। ਇੱਥੇ ਹਰ ਸਾਲ ਪ੍ਰੋਗਰਾਮ ਕਰਵਾਇਆ ਜਾਣ ਲੱਗਾ।
ਇਸ ਸਾਲ 200ਵੀਂ ਵਰ੍ਹੇਗੰਢ ਤੋਂ ਇੱਕ ਦਿਨ ਪਹਿਲਾਂ 31 ਦਸੰਬਰ 2017 ਨੂੰ 'ਭੀਮਾ ਕੋਰੇਗਾਂਵ ਸ਼ੌਰਿਆ ਦਿਨ ਪ੍ਰੇਰਣਾ ਅਭਿਆਨ' ਦੇ ਬੈਨਰ ਹੇਠ ਕਈ ਸੰਗਠਨਾਂ ਨੇ ਮਿਲ ਕੇ ਰੈਲੀ ਦਾ ਪ੍ਰਬੰਧ ਕੀਤਾ, ਜਿਸ ਦਾ ਨਾਮ 'ਯਲਗਾਰ ਪਰੀਸ਼ਦ' ਰੱਖਿਆ ਗਿਆ।ਯਲਗਾਰ ਪਰੀਸ਼ਦ ਆਖ਼ਿਰ ਹੈ ਕੀ?
ਇਸ ਸਾਲ ਯਲਗਾਰ ਦਾ ਵੱਡਾ ਪ੍ਰਬੰਧ
ਇਸ ਪਰਿਸ਼ਦ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ ਕਿਉਂਕਿ ਕੁਝ ਸੰਸਥਾਵਾਂ ਦੇ ਮਹਾਰਾਸ਼ਟਰ ਅਤੇ ਹੋਰ ਸੂਬਿਆਂ ਤੋਂ ਸਮਰਥਕ ਇਸ ਵਿੱਚ ਸ਼ਾਮਲ ਹੋਣ ਆਏ ਸਨ। ਉਨ੍ਹਾਂ ਨੇ ਅਗਲੀ ਸਵੇਰ 200 ਸਾਲ ਪਹਿਲਾਂ ਭੀਮਾਂ ਕੋਰੇਗਾਂਓ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਮਾਰਚ ਵੀ ਕੱਢਣਾ ਸੀ। ਪਰਿਸ਼ਦ ਨੂੰ ਇਨ੍ਹਾਂ ਲੋਕਾਂ ਦੇ ਆਉਣ ਨਾਲ ਫਾਇਦਾ ਹੋਇਆ ਸੀ।
ਇਸ ਤੋਂ ਇਲਾਵਾ ਉਸੇ ਥਾਂ ਉੱਤੇ ਮਹਾਰਾਸ਼ਟਰ ਸਕੂਲ ਆਫ਼ ਤਕਨੋਲੌਜੀ ਦਾ 1 ਜਨਵਰੀ 2018 ਨੂੰ ਇੱਕ ਪ੍ਰੋਗਰਾਮ ਹੋਣ ਵਾਲਾ ਸੀ ਅਤੇ ਉਨ੍ਹਾਂ ਨੇ ਇਸਦੇ ਲਈ ਕੁਰਸੀਆਂ ਅਤੇ ਹੋਰ ਸਮਾਨ ਦਾ ਬੰਦੋਬਸਤ ਕੀਤਾ ਸੀ। ਉਨ੍ਹਾਂ ਦਾ ਇਹ ਬੰਦੋਬਸਤ ਸਾਡੇ ਕੰਮ ਵੀ ਆ ਗਿਆ।
ਇਹ ਸਾਰੀਆਂ ਗੱਲਾਂ ਦੱਸਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਪੁਲਿਸ ਨੇ ਪਰਿਸ਼ਦ ਦੇ ਲਈ ਵਰਤੇ ਗਏ ਫੰਡ ਨੂੰ ਲੈ ਕੇ ਸਵਾਲ ਚੁੱਕੇ ਸੀ ਅਤੇ ਉਸਦੀ ਜਾਂਚ ਕੀਤੀ ਸੀ।
ਇਸ ਪਰਿਸ਼ਦ ਦਾ ਮਕਸਦ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਸੰਵਿਧਾਨ ਦੇ ਉਲੰਘਣ ਅਤੇ ਸੰਵਿਧਾਨ ਨੂੰ ਲਾਗੂ ਕਰਨ ਦੀ ਮੰਗ 'ਤੇ ਜ਼ੋਰ ਦੇਣਾ ਸੀ। ਇਸ ਪਰਿਸ਼ਦ ਵਿੱਚ ਕਈ ਸਪੀਕਰ ਮੌਜੂਦ ਸਨ ਅਤੇ ਸਾਰਿਆਂ ਨੇ ਮੌਜੂਦਾ ਕੇਂਦਰ ਸਰਕਾਰ ਦੀ ਅਸਫ਼ਲਤਾ 'ਤੇ ਜ਼ੋਰ ਦਿੱਤਾ ਅਤੇ ਕੇਂਦਰ ਤੇ ਸੂਬਾ ਸਰਕਾਰ ਦੇ ਸੰਵਿਧਾਨ ਨਾਲ ਬੰਨ੍ਹੇ ਹੋਣ 'ਤੇ ਜ਼ੋਰ ਦਿੱਤਾ।
ਆਖ਼ਰ ਵਿੱਚ ਪੂਰੀ ਸਭਾ ਨੇ ਸਹੁੰ ਚੁੱਕੀ ਕਿ ''ਜਦੋਂ ਤੱਕ ਭਾਜਪਾ ਸਰਕਾਰ ਸੱਤਾ ਤੋਂ ਹੱਟ ਨਹੀਂ ਜਾਂਦੀ ਉਦੋਂ ਤੱਕ ਉਹ ਸੁੱਖ ਦਾ ਸਾਹ ਨਹੀਂ ਲੈਣਗੇ।''
ਇਹ ਵੀ ਪੜ੍ਹੋ:
ਕਬੀਰ ਕਲਾ ਮੰਚ 'ਤੇ ਛਾਪਾ
ਇਸਦੇ ਪੰਜ ਮਹੀਨੇ ਬਾਅਦ 6 ਜੂਨ 2018 ਨੂੰ ਪੁਲਿਸ ਨੇ ਕਬੀਰ ਕਲਾ ਮੰਚ ਦੇ ਕਾਰਕੁਨ ਦੇ ਘਰ ਛਾਪਾ ਮਾਰਿਆ ਅਤੇ ਕਈ ਦਸਤਾਵੇਜ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੂੰ ਉਨ੍ਹਾਂ ਦੇ ਨਕਸਲੀ ਹੋਣ ਜਾਂ ਨਕਸਲੀਆਂ ਨਾਲ ਸਬੰਧ ਹੋਣ ਦਾ ਸ਼ੱਕ ਸੀ।
ਇਸਦੇ ਠੀਕ ਦੋ ਹਫਤੇ ਬਾਅਦ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਉਨ੍ਹਾਂ ਨੂੰ ਕਾਰਕੁਨਾਂ ਖ਼ਿਲਾਫ਼ ਕੁਝ ਨਹੀਂ ਮਿਲਿਆ ਹੈ ਜਿਨ੍ਹਾਂ ਨਾਲ ਉਨ੍ਹਾਂ ਦਾ ਨਕਸਲੀਆਂ ਨਾਲ ਸਬੰਧ ਸਾਹਮਣੇ ਆਇਆ ਹੋਵੇ। ਇਸ ਤੋਂ ਬਾਅਦ ਉਨ੍ਹਾਂ ਨੇ ਪੂਰੇ ਦੇਸ ਤੋਂ 28 ਅਗਸਤ 2018 ਨੂੰ ਗ੍ਰਿਫ਼ਤਾਰੀਆਂ ਕੀਤੀਆਂ। ਉਹ ਤਾਂ ਚੰਗਾ ਹੋਇਆ ਕਿ ਸੁਪਰੀਮ ਕੋਰਟ ਨੇ ਮਾਮਲੇ ਵਿੱਚ ਦਖ਼ਲ ਦਿੱਤਾ ਅਤੇ ਗ੍ਰਿਫ਼ਤਾਰੀ 'ਤੇ ਰੋਕ ਲਗਾਈ।
ਹੁਣ ਕਿਉਂ ਹੋਈਆਂ ਗ੍ਰਿਫ਼ਤਾਰੀਆਂ
ਪੁਲਿਸ ਦਾ ਇਲਜ਼ਾਮ ਹੈ ਕਿ ਨਕਸਲੀ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲੇ ਯਲਗਾਰ ਪਰਿਸ਼ਦ ਦੇ ਪ੍ਰੋਗਰਾਮ ਵਿੱਚ ਸ਼ਾਮਲ ਸਨ। ਹਾਲਾਂਕਿ, ਉਨ੍ਹਾਂ ਨੂੰ ਆਪਣੇ ਇਲਜ਼ਾਮਾਂ ਨੂੰ ਸਾਬਤ ਕਰਨ ਲਈ ਰੱਤੀ ਭਰ ਵੀ ਸਬੂਤ ਨਹੀਂ ਮਿਲੇ। ਸਾਡਾ ਨਕਸਲੀਆਂ ਨਾਲ ਕੋਈ ਸਬੰਧ ਨਹੀਂ ਹੈ।
ਪੁਲਿਸ ਨੇ ਅਕਤੂਬਰ 2015 ਵਿੱਚ ਹੋਈ ਸਭਾ 'ਤੇ ਅਜਿਹਾ ਕੋਈ ਇਲਜ਼ਾਮ ਨਹੀਂ ਲਗਾਇਆ ਸੀ ਜਦਕਿ ਉਸਦਾ ਵੀ ਪ੍ਰਬੰਧ ਕਰਨ ਵਾਲਿਆਂ ਵਿੱਚ ਲਗਭਗ ਉਹੀ ਲੋਕ ਸ਼ਾਮਲ ਸਨ। ਸਵਾਲ ਇਹ ਹੈ ਕਿ ਇਸ ਵਾਰ ਇਲਜ਼ਾਮ ਕਿਉਂ?
ਇਸ ਵਾਰ ਇਲਜ਼ਾਮ ਲਾਉਣ ਦਾ ਕਾਰਨ ਸਾਫ਼ ਹੈ। ਚੋਣਾਂ ਨੇੜੇ ਹਨ ਅਤੇ ਸਰਕਾਰ ਸਾਰੇ ਮੋਰਚਿਆਂ 'ਤੇ ਆਪਣੀ ਅਸਫਲਤਾ ਦੇ ਲਈ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਕੁਝ ਲੋਕਾਂ ਨੂੰ ਬਲੀ ਦਾ ਬੱਕਰਾ ਬਣਾਉਣਾ ਚਾਹੁੰਦੀ ਹੈ। ਦੂਜਾ, ਹਾਲ ਹੀ ਵਿੱਚ ਪੁਲਿਸ ਦੀ ਜਾਂਚ ਵਿੱਚ ਵੱਖ-ਵੱਖ ਸ਼ਹਿਰਾਂ 'ਚ ਵਿਸਫੋਟ ਦੇ ਮਕਸਦ ਨਾਲ ਬੰਬ ਬਣਾਉਣ ਨੂੰ ਲੈ ਕੇ ਹਿੰਦੂਤਵੀ ਸੰਗਠਨ ਸਨਾਤਨ ਸੰਸਥਾ ਦਾ ਨਾਮ ਸਾਹਮਣੇ ਆਇਆ ਹੈ।
ਇਨ੍ਹਾਂ ਹਿੰਦੂਤਵੀ ਸੰਗਠਨਾਂ ਨੂੰ ਮੌਜੂਦਾ ਸਰਕਾਰ ਵਿੱਚ ਸ਼ਹਿ ਹਾਸਲ ਹੋਈ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਸੀ ਕਿ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ। ਹੁਣ ਹੋਈਆਂ ਗ੍ਰਿਫ਼ਤਾਰੀਆਂ ਵੀ ਉਸੇ ਮਾਮਲੇ ਤੋਂ ਧਿਆਨ ਹਟਾਉਣ ਦੀ ਕਵਾਇਦ ਹਨ। ਇਹ ਗ੍ਰਿਫ਼ਤਾਰੀਆਂ ਪੂਰੀ ਤਰ੍ਹਾਂ ਸਿਆਸੀ ਰੂਪ ਨਾਲ ਪ੍ਰੇਰਿਤ ਹਨ।
ਇਹ ਵੀ ਪੜ੍ਹੋ:
ਸੰਵਿਧਾਨ ਬਦਲਣਾ ਚਾਹੁੰਦੀ ਹੈ ਭਾਜਪਾ
ਮੌਜੂਦਾ ਸਰਕਾਰ ਮੌਜੂਦਾ ਸੰਵਿਧਾਨ ਨੂੰ ਸਵੀਕਾਰ ਨਹੀਂ ਕਰਦੀ ਅਤੇ ਉਸ ਨੂੰ ਬਦਲਣਾ ਚਾਹੁੰਦੀ ਹੈ। ਇਹ ਲੋਕਤੰਤਰ, ਧਰਮ ਨਿਰਪੱਖਤਾ ਅਤੇ ਸਮਾਜਵਾਦ ਦੇ ਖ਼ਿਲਾਫ਼ ਹੈ ਅਤੇ ਫਾਸੀਵਾਦ ਦਾ ਸਮਰਥਨ ਕਰਦੇ ਹਨ।
ਇਹ ਇੱਕ ਅਜਿਹਾ ਸੂਬਾ ਚਾਹੁੰਦੇ ਹਨ ਜਿਹੜਾ ਮਨੂਸਮ੍ਰਿਤੀ 'ਤੇ ਆਧਾਰਿਤ ਹੋਵੇ। ਇੱਥੋਂ ਤੱਕ ਕਿ 16 ਅਗਸਤ 2018 ਨੂੰ ਕੁਝ ਹਿੰਦੂਤਵੀ ਵਰਕਰਾਂ ਨੇ ਸੰਵਿਧਾਨ ਦੀ ਕਾਪੀ ਸਾੜੀ ਸੀ ਅਤੇ 'ਸੰਵਿਧਾਨ ਅਤੇ ਡਾ. ਅੰਬੇਦਕਰ ਮੁਰਦਾਬਾਦ ਅਤੇ ਮਨੂਸਮ੍ਰਿਤੀ ਜ਼ਿੰਦਾਬਾਦ' ਦੇ ਨਾਅਰੇ ਲਗਾਏ ਸਨ।
ਭਾਜਪਾ ਇੱਕ ਸਿਆਸੀ ਦਲ ਨਹੀਂ ਸਗੋਂ ਇੱਕ ਸਿਆਸੀ ਆਫ਼ਤ ਹੈ। ਇਹ ਰਾਸ਼ਟਰ ਦੀ ਪਛਾਣ ਬਦਲਣਾ ਚਾਹੁੰਦੇ ਹਨ ਅਤੇ ਦੇਸ ਨੂੰ ਉਸੇ ਪੁਰਾਣਾ ਦੌਰ ਵਿੱਚ ਲਿਜਾਉਣਾ ਚਾਹੁੰਦੇ ਹਨ ਜਦੋਂ ਮਨੂਸਮ੍ਰਿਤੀ ਨਾਲ ਦੇਸ ਚੱਲਦਾ ਸੀ।
(ਜਸਟਿਸ (ਰਿਟਾ.) ਪੀਬੀ ਸਾਵੰਤ ਦੇ ਨਿੱਜੀ ਵਿਚਾਰ ਹਨ।)