3 ਵਾਰ ਦੇ ਓਲੰਪੀਅਨ ਸੋਨ ਤਮਗਾ ਜੇਤੂ ਬਲਬੀਰ ਸਿੰਘ ਸੀਨੀਅਰ ਦੀ ਜ਼ਿੰਦਗੀ ਦੀਆਂ ਤਿੰਨ ਅਹਿਮ ਔਰਤਾਂ

ਓਲੰਪਿਕ ਖੇਡਾਂ ਵਿੱਚ ਭਾਰਤ ਲਈ ਤਿੰਨ ਵਾਰ ਹਾਕੀ ’ਚ ਸੋਨ ਤਮਗਾ ਜਿੱਤਣ ਵਾਲੇ ਬਲਬੀਰ ਸਿੰਘ ਸੀਨੀਅਰ ਦੀ ਤਬੀਅਤ ਬੁੱਧਵਾਰ, 3 ਅਕਤੂਬਰ ਦੀ ਰਾਤ ਨੂੰ ਨਾਸਾਜ਼ ਹੋ ਗਈ।

94 ਸਾਲਾ ਬਲਬੀਰ ਸਿੰਘ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਆਈਸੀਯੂ 'ਚ ਭਰਤੀ ਹਨ।

ਇਸੇ ਸਾਲ ਅਗਸਤ ਵਿੱਚ ਉਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਫੇਸਬੁੱਕ ਲਾਈਵ ਇੰਟਰਵਿਊ ਦੌਰਾਨ ਆਪਣੀ ਜ਼ਿੰਦਗੀ ਦੇ ਕੁਝ ਸੁਨਹਿਰੇ ਪਲ ਯਾਦ ਕੀਤੇ ਅਤੇ ਨਾਲ ਹੀ ਤਿੰਨ ਔਰਤਾਂ ਨੂੰ ਖਾਸ ਤੌਰ 'ਤੇ ਧੰਨਵਾਦ ਵੀ ਆਖਿਆ। ਪੇਸ਼ ਹਨ ਉਸ ਗੱਲਬਾਤ ਦੇ ਕੁਝ ਅੰਸ਼ -

“ਮੇਰੀ ਪਤਨੀ ਮੇਰੇ ਲਈ ਬਹੁਤ ਲੱਕੀ ਹੈ, ਕਿਉਂਕਿ ਵਿਆਹ ਤੋਂ ਬਾਅਦ ਹੀ ਮੇਰਾ ਖੇਡ ਕਰੀਅਰ ਸ਼ੁਰੂ ਹੋਇਆ ਅਤੇ ਮੈਂ ਤਿੰਨ ਵਾਰੀ ਦੇਸ ਲਈ ਓਲਪਿੰਕ ਵਿੱਚ ਗੋਲਡ ਮੈਡਲ ਜਿੱਤਿਆ।” ਇਹ ਕਹਿਣਾ ਹੈ ਬਲਬੀਰ ਸਿੰਘ ਸੀਨੀਅਰ ਦਾ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਤਿੰਨ ਮਹਿਲਾਵਾਂ ਦਾ ਉਸ ਦੀ ਜ਼ਿੰਦਗੀ ਵਿੱਚ ਵੱਡਾ ਯੋਗਦਾਨ ਰਿਹਾ ਹੈ।

ਉਨ੍ਹਾਂ ਦੀ ਮਾਤਾ, ਪਤਨੀ ਅਤੇ ਅੱਜ-ਕੱਲ੍ਹ ਉਨ੍ਹਾਂ ਦੀ ਦੇਖਭਾਲ ਕਰ ਰਹੀ ਉਨ੍ਹਾਂ ਦੀ ਧੀ। ਬਲਬੀਰ ਸਿੰਘ ਨੇ ਦਾਅਵਾ ਕੀਤਾ ਕਿ ਹਾਕੀ ਉਸ ਦੀ ਜਿੰਦ ਅਤੇ ਜਾਨ ਹੈ ਅਤੇ ਇਸ ਤੋਂ ਹੀ ਉਨ੍ਹਾਂ ਨੂੰ ਤਾਕਤ ਮਿਲਦੀ ਹੈ।

ਇਹ ਵੀ ਪੜ੍ਹੋ:

ਧਿਆਨ ਚੰਦ ਦੀ ਟੀਮ ਖਿਲਾਫ਼ ਖੇਡਿਆ ਮੈਚ

ਕੌਮੀ ਖੇਡ ਦਿਵਸ ਦੇ ਮੌਕੇ ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਧਿਆਨ ਚੰਦ ਬਾਰੇ ਗੱਲਬਾਤ ਕਰਦਿਆਂ ਬਲਬੀਰ ਸਿੰਘ ਸੀਨੀਅਰ ਨੇ ਦੱਸਿਆ ਕਿ ਉਹ ਧਿਆਨ ਚੰਦ ਤੋਂ ਉਮਰ ਵਿੱਚ ਕਾਫ਼ੀ ਛੋਟੇ ਹਨ। ਬਲਬੀਰ ਮੁਤਾਬਕ ਧਿਆਨ ਚੰਦ ਉਨ੍ਹਾਂ ਦੇ ਰੋਲ ਮਾਡਲ ਸਨ।

ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਬਲਬੀਰ ਸਿੰਘ ਨੇ ਦੱਸਿਆ ਕਿ ਫ਼ਿਰੋਜਪੁਰ ਵਿੱਚ ਉਨ੍ਹਾਂ ਨੇ ਪ੍ਰਦਰਸ਼ਨੀ ਮੈਚ ਧਿਆਨ ਚੰਦ ਦੀ ਟੀਮ ਦੇ ਖ਼ਿਲਾਫ਼ ਖੇਡਿਆ ਸੀ। ਬਲਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਅੱਜ ਵੀ ਉਹਨਾਂ ਦੀ ਬਹੁਤ ਕਦਰ ਕਰਦੇ ਹਨ।

ਉਨ੍ਹਾਂ ਧਿਆਨ ਚੰਦ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਮੈਚ ਤੋਂ ਬਾਅਦ ਅਕਸਰ ਖਿਡਾਰੀ ਮੈਦਾਨ ਵਿੱਚ ਹੀ ਇੱਕ ਦੂਜੇ ਨਾਲ ਗੱਲਾਂ ਕਰਦੇ ਹੁੰਦੇ ਸਨ। ਬਲਬੀਰ ਸਿੰਘ ਮੁਤਾਬਕ ਧਿਆਨ ਚੰਦ ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਸਨ ਅਤੇ ਉਨ੍ਹਾਂ ਵਿੱਚ ਬਿਲਕੁਲ ਵੀ ਆਕੜ ਨਹੀਂ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਇੰਨਾ ਮਹਾਨ ਖਿਡਾਰੀ ਹੋਣ ਦੇ ਬਾਵਜੂਦ ਵੀ ਨਿਮਰ ਰਹਿਣਾ ਬਹੁਤ ਵੱਡੀ ਗੱਲ ਸੀ, ਇਹੀ ਚੀਜ਼ ਮੈ ਉਨ੍ਹਾਂ ਕੋਲੋਂ ਸਿੱਖੀ ਹੈ।

ਲੰਮੀ ਉਮਰ ਦਾ ਰਾਜ - ਬਲਬੀਰ ਸਿੰਘ ਸੀਨੀਅਰ ਦੀ ਇਸ ਸਮੇਂ ਉਮਰ 94 ਸਾਲ ਦੀ ਹੈ। ਉਨ੍ਹਾਂ ਦੱਸਿਆ ਕਿ ਉਹ ਹੁਣ ਵੀ ਰੋਜ਼ਾਨਾ ਸੈਰ ਅਤੇ ਯੋਗ ਕਰਦੇ ਹਨ। ਇਸ ਤੋਂ ਇਲਾਵਾ ਸਾਦੀ ਖ਼ੁਰਾਕ ਅਤੇ ਸਕਾਰਾਤਮਕ ਸੋਚ ਵੀ ਉਨ੍ਹਾਂ ਦੀ ਲੰਮੀ ਉਮਰ ਦਾ ਰਾਜ ਹੈ। ਬਲਬੀਰ ਸਿੰਘ ਮੁਤਾਬਕ "ਚੰਗੀ ਸਿਹਤ ਬਹੁਤ ਜ਼ਰੂਰੀ ਹੈ, ਇਸ ਤੋਂ ਬਿਨਾਂ ਕੁਝ ਨਹੀਂ ਕੀਤਾ ਜਾ ਸਕਦਾ।

ਪੰਜਾਬ ਵਿੱਚ ਨਸ਼ੇ ਤੋਂ ਦੁਖੀ ਬਲਬੀਰ ਸਿੰਘ

ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਨਸ਼ੇ ਵਿੱਚ ਗ੍ਰਸਤ ਹੋਣ ਉੱਤੇ ਬਲਬੀਰ ਸਿੰਘ ਸੀਨੀਅਰ ਦੁਖੀ ਹਨ।

ਉਨ੍ਹਾਂ ਕਿਹਾ, "ਅਫ਼ਸੋਸ ਹੈ ਕਿ ਹੁਣ ਸੂਬੇ ਵਿਚ ਨਸ਼ਾ ਆ ਗਿਆ', ਜਿਸ ਉਤੇ ਕਿਸੇ ਦਾ ਵੱਸ ਵੀ ਨਹੀਂ ਹੈ। ਨਸ਼ਾ ਇੱਕ ਬਿਮਾਰੀ ਹੈ ਜਿਸ ਉੱਤੇ ਹੌਲੀ-ਹੌਲੀ ਕਾਬੂ ਪਾਇਆ ਜਾ ਰਿਹਾ ਹੈ ਫਿਰ ਵੀ ਇਸ ਵਿੱਚ ਕਾਫ਼ੀ ਸਮਾਂ ਲੱਗ ਜਾਵੇਗਾ।"

ਉਨ੍ਹਾਂ ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਕਿਹਾ "ਸਾਡੇ ਸਮੇਂ ਵਿੱਚ ਹਰ ਤਰ੍ਹਾਂ ਦੀ ਖੇਡ ਵਿੱਚ ਪੰਜਾਬ ਅੱਗੇ ਹੁੰਦਾ ਸੀ"।

ਮੌਜੂਦਾ ਹਾਕੀ ਟੀਮ ਦੇ ਪ੍ਰਦਰਸ਼ਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਬਲਬੀਰ ਸਿੰਘ ਸੀਨੀਅਰ ਨੇ ਕਿਹਾ ਕਿ ਟੀਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਤੇ YouTube 'ਤੇ ਜੁੜੋ।)