ਵਿਆਹ ਤੋਂ ਪੀਜ਼ਾ ਡਲਿਵਰੀ ਤੱਕ: ਡਰੋਨ ਦੀ ਵਰਤੋਂ ਇਹ ਨੇ ਨਵੇਂ ਨਿਯਮ

    • ਲੇਖਕ, ਡੇਵੀਨਾ ਗੁਪਤਾ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਸਰਕਾਰ ਵੱਲੋਂ ਪਹਿਲੀ ਵਾਰ ਡਰੋਨਜ਼ ਦੇ ਇਸਤੇਮਾਲ ਲਈ ਨਿਯਮ ਬਣਾਏ ਗਏ ਹਨ ਪਰ ਡਰੋਨਜ਼ ਨੂੰ ਅਜੇ ਕਿਸੇ ਸਾਮਾਨ ਦੀ ਡਿਲੀਵਰੀ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ।

ਨਵੇਂ ਨਿਯਮ 1 ਦਸੰਬਰ ਤੋਂ ਲਾਗੂ ਕੀਤੇ ਜਾਣਗੇ।

ਏਅਰਲਾਈਨਜ਼ ਰੈਗੁਲੇਟਰ ਡਾਇਰੈਕਟਰ ਜਨਰਲ ਆਫ ਸਿਵਿਲ ਐਵੀਏਸ਼ਨ ਨੇ ਡਰੋਨਜ਼ ਨੂੰ ਪੰਜ ਸ਼੍ਰੇਣੀਆਂ ਵਿੱਚ ਵੰਡਿਆ ਹੈ:-

ਨੈਨੋ: 250 ਗ੍ਰਾਮ ਤੋਂ ਘੱਟ

ਮਾਈਕਰੋ: 250 ਗ੍ਰਾਮ ਤੋਂ 2 ਕਿਲੋਗ੍ਰਾਮ ਤੱਕ

ਛੋਟੇ: 2 ਕਿਲੋਗ੍ਰਾਮ ਤੋਂ 25 ਕਿਲੋਗ੍ਰਾਮ ਤੱਕ

ਮੀਡੀਅਮ: 25 ਕਿਲੋਗ੍ਰਾਮ ਤੋਂ 150 ਕਿਲੋਗ੍ਰਾਮ

ਵੱਡੇ: 150 ਕਿਲੋਗ੍ਰਾਮ ਜਾਂ ਉਸ ਤੋਂ ਭਾਰੀ

ਡਰੋਨਜ਼ ਨੂੰ ਇਸਤੇਮਾਲ ਕਰਨ ਦੇ ਨਿਯਮ ਉਨ੍ਹਾਂ ਦੀਆਂ ਸ਼੍ਰੇਣੀਆਂ 'ਤੇ ਨਿਰਭਰ ਕਰਦੇ ਹਨ।

ਰਜਿਸਟ੍ਰੇਸ਼ਨ ਜ਼ਰੂਰੀ

ਸਾਰੇ ਡਰੋਨਜ਼ ਨੂੰ ਡਿਜੀਟਲ ਸਕਾਈ ਨਾਂ ਦੇ ਡਿਜੀਟਲ ਪਲੈਟਫਾਰਮ ਤੋਂ ਮੋਨੀਟਰ ਕੀਤਾ ਜਾਵੇਗਾ।

ਡਰੋਨ ਇਸਤੇਮਾਲ ਕਰਨ ਵਾਲਿਆਂ ਨੂੰ ਇੱਕ ਵਾਰ ਆਪਣਾ ਡਰੋਨ, ਉਸਦੇ ਪਾਇਲਟ ਅਤੇ ਉਸ ਦੇ ਮਾਲਿਕਾਨਾ ਹੱਕ ਬਾਰੇ ਰਜਿਸਟਰੇਸ਼ਨ ਕਰਵਾਉਣਾ ਪਵੇਗਾ।

ਇਹ ਵੀ ਪੜ੍ਹੋ:

ਨੈਨੋ ਸ਼੍ਰੇਣੀ ਨੂੰ ਛੱਡ ਕੇ ਹਰ ਉਡਾਣ ਵਾਸਤੇ ਯੂਜ਼ਰਜ਼ ਨੂੰ ਮੋਬਾਈਲ ਐਪ ਜ਼ਰੀਏ ਇਜਾਜ਼ਤ ਲੈਣੀ ਪਵੇਗੀ ਜੋ ਇਕ ਆਟੋਮੈਟਿਡ ਪ੍ਰੋਸੈਸ ਜ਼ਰੀਏ ਤੁਰੰਤ ਬੇਨਤੀ ਮੰਨ ਲਈ ਜਾਵੇਗੀ ਜਾਂ ਖਾਰਿਜ਼ ਕਰ ਦਿੱਤੀ ਜਾਵੇਗੀ।

ਮਨਜ਼ੂਰਸ਼ੁਦਾ ਰੂਟਾਂ 'ਤੇ ਹੀ ਉਡਾਣ ਦੀ ਪ੍ਰਵਾਨਗੀ

ਗੈਰ ਕਾਨੂੰਨੀ ਉਡਾਣਾਂ ਰੋਕਣ ਅਤੇ ਜਨਤਕ ਸੁਰੱਖਿਆ ਲਈ ਬਿਨਾਂ ਡਿਜੀਟਲ ਪਰਮਿਟ ਦੇ ਕਿਸੇ ਵੀ ਡਰੋਨ ਨੂੰ ਉਡਾਨ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਡਰੋਨ ਦੇ ਏਅਰਸਪੇਸ ਵਿੱਚ ਯੂਟੀਐੱਮ ਟਰੈਫਿਕ ਰੈਗੁਲੇਟਰ ਵਾਂਗ ਕੰਮ ਕਰੇਗਾ। ਇਸ ਦੇ ਨਾਲ ਹੀ ਫੌਜੀ ਅਤੇ ਸਿਵਿਲੀਅਨ ਏਅਰ ਟਰੈਫਿਕ ਕੰਟਰੋਲਰਜ਼ ਨਾਲ ਰਾਬਤਾ ਕਾਇਮ ਰੱਖੇਗਾ ਤਾਂ ਜੋ ਡਰੋਨ ਸਿਰਫ਼ ਮਨਜ਼ੂਰਸ਼ੁਦਾ ਰੂਟਾਂ 'ਤੇ ਹੀ ਉਡਾਣ ਭਰਨ।

ਕੁਝ ਖ਼ਾਸ ਫੀਚਰ ਹੋਣੇ ਜ਼ਰੂਰੀ

ਨੈਨੋ ਡਰੋਨਜ਼ ਨੂੰ ਛੱਡ ਕੇ ਸਾਰੇ ਡਰੋਨਜ਼ ਨੂੰ ਇੱਕ ਖ਼ਾਸ ਨੰਬਰ ਨਾਲ ਰਜਿਸਟਰ ਕੀਤਾ ਜਾਵੇਗਾ। ਗੈਰਮਨੁੱਖੀ ਹਵਾਈ ਉਪਕਰਨਾਂ ਲਈ ਪਰਮਿਟ ਦੀ ਲੋੜ ਪਵੇਗੀ। ਸਿਰਫ ਉਨ੍ਹਾਂ ਨੂੰ ਛੋਟ ਹੋਵੇਗੀ ਜੋ 50 ਫੁੱਟ ਤੋਂ ਥੱਲੇ ਉਡਾਣ ਭਰਨਗੇ ਅਤੇ ਮਾਈਕਰੋ ਡਰੋਨਜ਼ ਜੋ 200 ਫੁੱਟ ਤੋਂ ਥੱਲੇ ਉਡਣਗੇ।

ਹਰ ਡਰੋਨ 'ਤੇ ਜੀਪੀਐੱਸ ਸਿਸਟਮ, ਰਿਟਰਨ ਟੂ ਹੋਮ ਫੰਕਸ਼ਨ, ਐਂਟੀ ਕੋਲੀਜ਼ਨ ਲਾਈਟ, ਆਈਡੀ ਪਲੇਟ ਅਤੇ ਫਲਾਈਟ ਕੰਟਰੋਲਰ ਲੱਗਿਆ ਹੋਣਾ ਚਾਹੀਦਾ ਹੈ ਜਿਸ ਵਿੱਚ ਫਲਾਈਟ ਡੇਟਾ ਭਰਨ ਦੀ ਸਹੂਲਤ ਹੋਵੇ।

ਡਰੋਨ ਨੂੰ ਨੋ ਪਰਮੀਸ਼ਨ 'ਨੋ ਟੇਕ ਆਫ' ਨਿਯਮ ਦੀ ਪਾਲਣਾ ਕਰਨੀ ਹੋਵੇਗੀ।

ਇਹ ਵੀ ਪੜ੍ਹੋ:

5 ਡਰੋਨਜ਼ ਨੂੰ ਇੱਕੋ ਵਾਰ ਵਿੱਚ ਆਪਣੀ ਨਜ਼ਰ ਦੀ ਹੱਦ ਤੱਕ, ਸਿਰਫ ਦਿਨ ਵੇਲੇ ਉਡਾਇਆ ਜਾ ਸਕਦਾ ਹੈ ਉਹ ਵੀ 400 ਫੁੱਟ ਦੀ ਉਂਚਾਈ ਤੱਕ।

ਉਡਾਨ ਭਰਨ ਤੋਂ ਪਹਿਲਾਂ ਏਅਰਸਪੇਸ ਫਲਾਈਟ ਪਲਾਨ ਭਰਨਾ ਪਵੇਗਾ ਅਤੇ ਇਹ ਏਅਰ ਡਿਫੈਂਸ ਕਲੀਅਰੈਂਸ ਲਈ ਲਾਜ਼ਮੀ ਹੋਵੇਗਾ।

ਕਿੱਥੇ ਤੁਸੀਂ ਡਰੋਨ ਨਹੀਂ ਉਡਾ ਸਕਦੇ?

ਤੁਸੀਂ ਏਅਰਪੋਰਟ ਦੇ ਅੰਦਰ ਅਤੇ ਉਸਦੇ ਆਲੇ ਦੁਆਲੇ, ਕੌਮਾਂਤਰੀ ਸਰਹੱਦਾਂ ਨੇੜੇ, ਦਿੱਲੀ ਦੇ ਵਿਜੇ ਚੌਕ, ਸੂਬਿਆਂ ਦੀਆਂ ਰਾਜਧਾਨੀਆਂ ਦੇ ਸੱਕਤਰੇਤ ਅਤੇ ਹਰ ਉਸ ਥਾਂ 'ਤੇ ਡਰੋਨ ਨਹੀਂ ਉਡਾ ਸਕਦੇ ਜਿੱਥੇ ਫੌਜ ਨਾਲ ਜੁੜੇ ਸਥਾਨ ਹਨ। ਡਿਜੀਟਲ ਸਕਾਈ ਪਲੈਟਫਾਰਮ ਕਲਰ ਜ਼ੋਨਜ਼ ਜ਼ਰੀਏ ਦੱਸੇਗਾ ਕਿ ਕਿੱਥੇ ਉਡਾਨ ਭਰਨ ਦੀ ਇਜਾਜ਼ਤ ਹੈ।

ਰੈਡ ਜ਼ੋਨ: ਵਿੱਚ ਉਡਾਣ ਦੀ ਇਜਾਜ਼ਤ ਨਹੀਂ ਹੋਵੇਗੀ

ਯੈੱਲੋ ਜ਼ੋਨ: ਕੰਟਰੋਲ ਏਅਰਸਪੇਸ ਜਿੱਥੇ ਇਜਾਜ਼ਤ ਤੋਂ ਬਾਅਦ ਉਡਾਣ ਭਰੀ ਜਾ ਸਕਦੀ ਹੈ

ਗ੍ਰੀਨ ਜ਼ੋਨ: ਜਿੱਥੇ ਉਡਾਨ ਭਰਨ ਲਈ ਇਜਾਜ਼ਤ ਦੀ ਲੋੜ ਨਹੀਂ ਹੈ।

ਪੀਜ਼ਾ ਸ਼ੌਕੀਨਾਂ ਲਈ ਬੁਰੀ ਖ਼ਬਰ

ਅਜੇ ਡਰੋਨਜ਼ ਜ਼ਰੀਏ ਪੀਜ਼ਾ ਅਤੇ ਹੋਰ ਸਾਮਾਨ ਡਿਲੀਵਰ ਨਹੀਂ ਹੋਵੇਗਾ। ਈ ਕੌਮਰਸ ਦੀਆਂ ਕੰਪਨੀਆਂ ਅਤੇ ਰੈਸਟੋਰੈਂਟਾਂ ਨੂੰ ਅਜੇ ਡਰੋਨ ਦੇ ਇਸਤੇਮਾਲ ਲਈ ਇੰਤਜ਼ਾਰ ਕਰਨਾ ਹੋਵੇਗਾ।

ਅਜੇ ਫੋਟੋਗ੍ਰਾਫੀ ਦੇ ਮਕਸਦ ਲਈ, ਖੇਤੀਬਾੜੀ ਦੇ ਕੰਮਾਂ ਲਈ ਅਤੇ ਰਾਹਤ ਪਹੁੰਚਾਉਣ ਦੇ ਕੰਮਾਂ ਵਿੱਚ ਡਰੋਨਜ਼ ਦਾ ਇਸਤੇਮਾਲ ਕੀਤਾ ਜਾ ਸਕੇਗਾ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)