ਗੋਲਡ ਮੈਡਲ ਜੇਤੂ ਮਨਜੀਤ ਪਹਿਲੀ ਵਾਰੀ ਦੇਖੇਗਾ ਆਪਣੇ 4 ਮਹੀਨੇ ਦੇ ਬੱਚੇ ਦਾ ਮੂੰਹ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਏਸ਼ੀਆਈ ਖੇਡਾਂ ਵਿੱਚ 800 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੇ ਮਨਜੀਤ ਸਿੰਘ ਆਪਣੇ ਚਾਰ ਮਹੀਨੇ ਦੇ ਬੱਚੇ ਦਾ ਮੂੰਹ ਪਹਿਲੀ ਵਾਰੀ ਦੇਖਣਗੇ।

ਨਰਵਾਣਾ ਦੇ ਰਹਿਣ ਵਾਲੇ ਮਨਜੀਤ ਸਿੰਘ ਦੀ ਪਤਨੀ ਕਿਰਨ ਚਾਹਲ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਖੇਡ ਲਈ ਇੰਨੇ ਜ਼ਿਆਦਾ ਬਜ਼ਿੱਦ ਸਨ ਕਿ ਅਭਿਆਸ ਲਈ ਉਹ ਪੰਜ ਮਹੀਨੇ ਪਹਿਲਾਂ ਘਰੋਂ ਦੂਰ ਚਲੇ ਗਏ।

ਭਿੱਜੀਆਂ ਅੱਖਾਂ ਨਾਲ ਕਿਰਨ ਨੇ ਦੱਸਿਆ, "ਉਸ ਵੇਲੇ ਮੇਰੀ ਡਿਲੀਵਰੀ ਨੂੰ ਇੱਕ ਮਹੀਨਾ ਹੀ ਬਚਿਆ ਸੀ ਅਤੇ ਉਹ ਪ੍ਰੈਕਟਿਸ ਕਰਨ ਲਈ ਊਟੀ ਚਲੇ ਗਏ ਅਤੇ ਫਿਰ ਭੂਟਾਨ। ਉਨ੍ਹਾਂ ਕਿਹਾ ਕਿ ਉਹ ਗੈਰ-ਹਾਜ਼ਰੀ ਦਾ ਹਰਜਾਨਾ ਏਸ਼ੀਆਈ ਖੇਡਾਂ ਵਿੱਚ ਮੈਡਲ ਲਿਆ ਕੇ ਪੂਰਾ ਕਰਨਗੇ।"

ਇਹ ਵੀ ਪੜ੍ਹੋ:

"ਉਨ੍ਹਾਂ ਨੇ ਇਸ ਦਿਨ ਲਈ ਇੰਨੀ ਮਿਹਨਤ ਅਤੇ ਸੰਘਰਸ਼ ਕੀਤਾ ਹੈ ਕਿ ਸ਼ਲਾਘਾ ਲਈ ਸ਼ਬਦ ਵੀ ਥੋੜ੍ਹੇ ਹਨ। ਮੈਂ ਖੁਸ਼ ਹਾਂ ਕਿ ਅਖੀਰ ਉਹ ਸੋਨੇ ਦੇ ਤਮਗੇ ਸਣੇ ਆਪਣੇ ਪੁੱਤਰ ਲਈ ਵਾਪਸ ਆਉਣਗੇ।"

ਕੌਮਾਂਤਰੀ ਖੇਡਾਂ 'ਚ ਥਾਂ ਨਾ ਮਿਲਣ ਦੇ ਬਾਵਜੂਦ ਹਾਰ ਨਹੀਂ ਮੰਨੀ

ਮਨਜੀਤ ਸਿੰਘ ਦੇ ਪਿਤਾ ਰਣਧੀਰ ਸਿੰਘ ਪਸ਼ੂ-ਪਾਲਨ ਦਾ ਕੰਮ ਕਰਦੇ ਹਨ। ਜਿਵੇਂ ਹੀ ਮਨਜੀਤ ਨੇ ਜਕਾਰਤਾ ਵਿੱਚ ਮੈਡਲ ਜਿੱਤਿਆ ਉਨ੍ਹਾਂ ਦੇ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗ ਗਈ।

ਘਰ ਵਿੱਚ ਸਭ ਨੂੰ ਦੇਸੀ ਘਿਓ ਦੇ ਲੱਡੂ ਅਤੇ ਚਾਹ ਪਰੋਸੀ ਜਾ ਰਹੀ ਹੈ। ਪੁੱਤਰ ਦੀ ਘਰ-ਵਾਪਸੀ ਦੀ ਉਡੀਕ ਕਰ ਰਹੇ ਸਾਬਕਾ ਸੂਬਾ ਪੱਧਰੀ ਕਬੱਡੀ ਖਿਡਾਰੀ ਰਣਧੀਰ ਸਿੰਘ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੈ।

ਉਨ੍ਹਾਂ ਦੱਸਿਆ, "ਮਨਜੀਤ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਹੋਇਆ ਹੈ। 2013 ਏਸ਼ੀਆਈ ਚੈਂਪੀਅਨਸ਼ਿਪ ਤੋਂ ਬਾਅਦ ਕਿਸੇ ਵੀ ਕੌਮਾਂਤਰੀ ਮੁਕਾਬਲੇ ਵਿੱਚ ਚੋਣ ਨਾ ਹੋਣ ਦੇ ਬਾਵਜੂਦ ਉਸ ਨੇ ਹਾਰ ਨਹੀਂ ਮੰਨੀ ਅਤੇ ਖੁਦ ਹੀ ਮਿਹਨਤ ਕਰਦਾ ਰਿਹਾ।"

ਸਕੂਲ, ਕਾਲਜ ਅਤੇ ਫਿਰ ਯੂਨੀਵਰਸਿਟੀ ਪੱਧਰ 'ਤੇ ਭਾਰ ਚੁੱਕਣ ਦੇ ਵਰਗ ਵਿੱਚ ਵੀ ਮਨਜੀਤ ਨੇ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ।

ਪਹਿਲਾਂ ਸਟੇਡੀਅਡਮ ਨਹੀਂ ਹੁੰਦਾ ਸੀ, ਮਨਜੀਤ ਖੇਤਾਂ ਵਿੱਚ ਹੀ ਅਭਿਆਸ ਕਰਦਾ ਰਿਹਾ।

ਰਣਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਮਨਜੀਤ ਨੇ ਕਾਮਨਵੈਲਥ ਖੇਡਾਂ 2010 ਵਿੱਚ ਹਿੱਸਾ ਲਿਆ ਸੀ ਪਰ ਉੱਥੇ ਉਸ ਨੂੰ ਥਾਂ ਨਹੀਂ ਮਿਲੀ।

ਫਿਰ 2013 ਵਿੱਚ ਪਟਿਆਲਾ ਦੀ ਐਨਆਈਐਸ ਵਿੱਚ ਦਾਖਿਲ ਹੋ ਗਿਆ ਅਤੇ ਏਸ਼ੀਆਈ ਚੈਂਪੀਅਨਸਿਪ 2013 ਵਿੱਚ ਹਿੱਸਾ ਲਿਆ।

ਸੱਟ ਲੱਗੀ ਪਰ ਅਭਿਆਸ ਜਾਰੀ ਰਿਹਾ

"ਇਹ ਹੀ ਕਾਫ਼ੀ ਨਹੀਂ ਸੀ, ਮਨਜੀਤ ਦੀ ਉੰਗਲੀ 'ਤੇ ਸੱਟ ਲੱਗ ਗਈ ਅਤੇ ਉਹ ਏਸ਼ੀਆਈ ਖੇਡਾਂ, ਏਸ਼ੀਅਨ ਚੈਂਪੀਅਨਸ਼ਿਪ ਵਰਗੇ ਕਿਸੇ ਵੀ ਵੱਡੇ ਖੇਡ ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕਿਆ। ਫਿਰ ਅਸੀਂ 2015 ਵਿੱਚ ਉਸ ਦਾ ਵਿਆਹ ਕਰ ਦਿੱਤਾ।"

ਇਹ ਵੀ ਪੜ੍ਹੋ:

ਮਨਜੀਤ ਦੀ ਮਾਂ ਬਿਮਲਾ ਦੇਵੀ ਦਾ ਕਹਿਣਾ ਹੈ, "800 ਮੀਟਰ ਦੌੜ ਰਿਕਾਰਡ ਸਮੇਂ ਵਿੱਚ ਪੂਰੀ ਕਰਨ ਦੇ ਬਾਵਜੂਦ ਉਹ ਖੇਡ ਨਾ ਸਕਿਆ। ਖੇਡਾਂ ਤੋਂ ਸਨਿਆਸ ਲੈਣ ਤੋਂ ਪਹਿਲਾਂ ਮੈਂ ਉਸ ਨੂੰ ਆਖਿਰੀ ਵਾਰੀ ਕੋਸ਼ਿਸ਼ ਕਰਨ ਲਈ ਕਿਹਾ।"

ਅਖੀਰ ਰੱਬ ਨੇ ਪਰਿਵਾਰ ਦੀ ਸੁਣ ਲਈ ਅਤੇ ਮਨਜੀਤ ਨੇ ਆਪਣਾ ਅਤੇ ਦੇਸ ਦਾ ਨਾਂ ਰੌਸ਼ਨ ਕੀਤਾ ਹੈ।

ਬੀਬੀਸੀ ਦੀ ਟੀਮ ਜਦੋਂ ਨਰਵਾਣਾ-ਜੀਂਦ ਹਾਈਵੇਅ 'ਤੇ ਸਥਿਤ ਸਟੇਡੀਅਮ ਵਿੱਚ ਪਹੁੰਚੀ ਤਾਂ ਮਿੱਟੀ ਦੇ ਬਣੇ ਟਰੈਕ 'ਤੇ ਕੰਮ ਚੱਲ ਰਿਹਾ ਸੀ।

ਪਿਛਲੇ ਪੰਜ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਖੁਸ਼ਪ੍ਰੀਤ ਸਿੰਘ ਨੇ ਕਿਹਾ, "ਮਨਜੀਤ ਇਸ ਮਿੱਟੀ ਦੇ ਟਰੈਕ 'ਤੇ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਤਿੰਨ-ਤਿੰਨ ਘੰਟੇ ਦੌੜਦੇ ਸਨ। ਉਹ ਸਭ ਤੋਂ ਪਹਿਲਾਂ ਆਉਂਦੇ ਸਨ ਅਤੇ ਸਭ ਤੋਂ ਬਾਅਦ ਵਿੱਚ ਜਾਂਦੇ ਸਨ।"

ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ, ਰੋਹਤਕ ਦੇ ਡਾਇਰੈਕਟਰ ਡਾ. ਦਵਿੰਦਰ ਧੁੱਲ ਦਾ ਕਹਿਣਾ ਹੈ, "ਉਹ ਛੁੱਟੀ ਵਾਲੇ ਦਿਨ ਵੀ ਘਰ ਨਹੀਂ ਜਾਂਦਾ ਸੀ ਅਤੇ ਹਰ ਰੋਜ਼ ਇੱਕ ਚੈਂਪੀਅਨ ਦੀ ਤਰ੍ਹਾਂ ਸਟੇਡੀਅਮ ਵਿੱਚ ਅਭਿਆਸ ਕੀਤਾ।"

ਕੜੀ ਮਿਹਨਤ ਦੇ ਨਾਲ-ਨਾਲ ਮਨਜੀਤ ਚਾਹੁੰਦੇ ਸਨ ਕਿ ਪਿੰਡ ਵਿੱਚ ਖੇਡਾਂ ਦਾ ਪਸਾਰ ਹੋਵੇ।

ਮਨਜੀਤ ਦੇ ਗੁਆਂਢੀ ਪਿੰਡ ਦੇ ਸਰਪੰਚ ਊਝਾਨਾ ਨੇ ਦੱਸਿਆ ਕਿ ਸਾਬਕਾ ਕਾਂਗਰਸ ਸਰਕਾਰ ਨੇ ਕਾਮਨਵੈਲਥ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਲਈ ਪੰਚਾਇਤ ਨੂੰ 11 ਲੱਖ ਰੁਪਏ ਦਿੱਤੇ ਸਨ ਪਰ ਉਨ੍ਹਾਂ ਨੇ ਖੇਡ ਸਟੇਡੀਅਮ ਦੇ ਵਿਕਾਸ ਲਈ ਦੇ ਦਿੱਤੇ।

ਪਿਤਾ ਰਣਧੀਰ ਸਿੰਘ ਨੇ ਦੱਸਿਆ ਕਿ ਮਨਜੀਤ ਨੇ ਰੋਜ਼ੀ-ਰੋਟੀ ਕਮਾਉਣ ਲਈ ਸੂਬਾਈ ਅਤੇ ਕੇਂਦਰ ਪੱਧਰ 'ਤੇ ਸਰਕਾਰੀ ਨੌਕਰੀ ਲਈ ਅਰਜ਼ੀ ਪਾਈ ਪਰ ਉਨ੍ਹਾਂ ਨੂੰ ਨਹੀਂ ਮਿਲੀ।

ਫਿਰ ਉਨ੍ਹਾਂ ਓਐਨਜੀਸੀ ਵਿੱਚ ਕੱਚੇ ਮੁਲਾਜ਼ਮ ਦੇ ਤੌਰ 'ਤੇ ਨੌਕਰੀ ਕੀਤੀ ਅਤੇ 2015 ਵਿੱਚ ਛੱਡ ਦਿੱਤੀ।

ਇਹ ਵੀ ਪੜ੍ਹੋ:

ਉਨ੍ਹਾਂ ਦੱਸਿਆ ਕਿ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਦੇ ਬਾਵਜੂਦ ਉਹ ਮਨਜੀਤ ਨੂੰ 30-50 ਹਜ਼ਾਰ ਰੁਪਏ ਦਿੰਦੇ ਸਨ ਤਾਂ ਕਿ ਉਹ ਆਪਣਾ ਅਭਿਆਸ ਜਾਰੀ ਰੱਖ ਸਕੇ।

"ਅਸੀਂ ਆਪਣਾ ਸਭ ਕੁਝ ਦਾਅ 'ਤੇ ਲਾ ਦਿੱਤਾ ਕਿਉਂਕਿ ਸਾਨੂੰ ਮਨਜੀਤ 'ਤੇ ਭਰੋਸਾ ਸੀ। ਉਹ 18 ਸਾਲਾਂ ਤੋਂ 800 ਮੀਟਰ ਦੌੜ ਲਈ ਮਿਹਨਤ ਕਰ ਰਿਹਾ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)