ਮੈਂ ਵੀ ਹਾਂ ਸ਼ਹਿਰੀ ਨਕਸਲੀ- ਟਵਿਟਰ 'ਤੇ ਕਿਉਂ ਬੋਲ ਰਹੇ ਨੇ ਲੋਕ

ਬੁੱਧਵਾਰ ਸਵੇਰੇ ਫ਼ਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਸੋਸ਼ਲ ਮੀਡੀਆ ਰਾਹੀਂ "ਕੁਝ ਸਿਆਣੇ ਜਵਾਨ ਲੋਕਾਂ" ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਸਾਰਿਆਂ ਦੀ ਇੱਕ ਸੂਚੀ ਤਿਆਰ ਕਰਨ ਜੋ ਕਿ "ਅਰਬਨ ਨਕਸਲਜ਼" ਯਾਨੀ "ਸ਼ਹਿਰੀ ਨਕਸਲਵਾਦੀਆਂ" ਦਾ ਬਚਾਅ ਕਰ ਰਹੇ ਹਨ।

ਉਨ੍ਹਾਂ ਦੀ ਟਵਿੱਟਰ ਉੱਤੇ ਪਾਈ ਇਹ ਅਪੀਲ ਪੰਜ ਖੱਬੇ ਪੱਖੀ ਕਾਰਕੁਨਾਂ ਉੱਤੇ ਹੋਈ ਪੁਲਿਸ ਕਾਰਵਾਈ ਨਾਲ ਸੰਬੰਧਤ ਸੀ।

"ਅਰਬਨ ਨਕਸਲ" ਦੀ ਕੋਈ ਰਸਮੀ ਪਰਿਭਾਸ਼ਾ ਤਾਂ ਨਹੀਂ ਹੈ ਪਰ ਇਸਦੀ ਵਰਤੋਂ ਉਨ੍ਹਾਂ ਲੋਕਾਂ ਲਈ ਕੀਤੀ ਜਾਂਦੀ ਰਹੀ ਹੈ ਜੋ ਨਰਿੰਦਰ ਮੋਦੀ ਦੀ ਕੇਂਦਰੀ ਸਰਕਾਰ ਅਤੇ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬੋਲਦੇ ਰਹੇ ਹਨ। ਅਜਿਹੀ ਹੋਰ ਸ਼ਬਦਾਵਲੀ ਵੀ ਵਰਤੀ ਜਾਂਦੀ ਰਹੀ ਹੈ, ਜਿਵੇਂ ਕਿ "ਅਰਬਨ ਮਾਓਇਸਟ" ਜਾਂ ਸ਼ਹਿਰੀ ਮਾਓਵਾਦੀ ਅਤੇ "ਐਂਟੀ-ਨੈਸ਼ਨਲ" ਜਾਂ ਦੇਸ-ਵਿਰੋਧੀ।

ਭੀਮਾ ਕੋਰੇਗਾਂਵ ਹਿੰਸਾ ਮਾਮਲੇ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਅਤੇ ਛਾਪਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪਹਿਲਾਂ ਹੀ ਹਲਚਲ ਸੀ ਅਤੇ ਇਸ ਨੂੰ ਹੋਰ ਭਖਾਇਆ ਵਿਵੇਕ ਅਗਨੀਹੋਤਰੀ ਨੇ, ਜਿਨ੍ਹਾਂ ਨੇ 'ਅਰਬਨ ਨਕਸਲ: ਮੇਕਿੰਗ ਓਫ ਬੁੱਧਾ ਇਨ ਏ ਟਰੈਫਿਕ ਜੈਮ' ਸਿਰਲੇਖ ਨਾਲ ਇੱਕ ਕਿਤਾਬ ਵੀ ਲਿਖੀ ਹੈ।

ਅਗਨੀਹੋਤਰੀ ਨੇ ਜਦੋਂ ਸ਼ਹਿਰੀ ਨਕਸਲੀਆਂ ਦੀ ਲਿਸਟ ਮੰਗੀ ਤਾਂ ਕਰੀਬ ਅੱਠ ਲੱਖ ਲੋਕਾਂ ਦੇ ਜਵਾਬ ਆਏ ਜਿਨ੍ਹਾਂ ਨੇ ਇੱਕ ਹੈਸ਼ਟੈਗ #MeTooUrbanNaxal ਯਾਨੀ 'ਮੈਂ ਵੀ ਹਾਂ ਸ਼ਹਿਰੀ ਨਕਸਲੀ' ਨੂੰ ਵਰਤ ਕੇ ਉਸਦੇ ਟਵੀਟ ਉੱਤੇ ਵਿਅੰਗ ਕਰਨਾ ਸ਼ੁਰੂ ਕਰ ਦਿੱਤਾ। ਟਵਿੱਟਰ 'ਤੇ ਇਹ ਦੂਜੇ ਨੰਬਰ ਦਾ ਟ੍ਰੈਂਡ ਬਣ ਨਿਕਲਿਆ।

ਇਹ ਵੀ ਪੜ੍ਹੋ:

ਇਸ ਦੀ ਸ਼ੁਰੂਆਤ ਕੀਤੀ 'ਆਲਟ ਨਿਊਜ਼' ਵੈਬਸਾਈਟ ਦੇ ਬਾਨੀ ਪ੍ਰਤੀਕ ਸਿਨਹਾ ਨੇ। ਸਿਨਹਾ ਫੇਕ ਨਿਊਜ਼ ਯਾਨੀ ਫਰਜ਼ੀ ਖ਼ਬਰਾਂ ਨੂੰ ਉਜਾਗਰ ਕਰਨ ਲਈ ਮਸ਼ਹੂਰ ਹਨ।

ਹੁਣ ਸਿਆਸੀ ਤੇ ਮਨੋਰੰਜਨ ਜਗਤ ਨਾਲ ਜੁੜੀਆਂ ਸ਼ਖਸੀਅਤਾਂ 'ਤੇ ਪੱਤਰਕਾਰ ਇਸ ਬਾਰੇ ਆਪਣੀ ਆਪਣੀ ਰਾਇ ਦੇ ਰਹੇ ਹਨ। ਕੁਝ ਲੋਕ ਗ੍ਰਿਫਤਾਰੀਆਂ ਨੂੰ ਦੇਸ ਲਈ ਐਮਰਜੈਂਸੀ ਜਿਹਾ ਮਾਹੌਲ ਦੱਸ ਰਹੇ ਹਨ ਜਦਕਿ ਕੁਝ ਮੁਤਾਬਕ ਇਹ ਜਾਇਜ਼ ਕਾਨੂੰਨੀ ਕਾਰਵਾਈ ਹੈ।

ਵਿਅੰਗ ਕਰਨ ਵਾਲਿਆਂ 'ਚ ਆਕਾਸ਼ ਬੈਨਰਜੀ ਸ਼ਾਮਲ ਸਨ ਜਿਨ੍ਹਾਂ ਨੇ ਮਜ਼ਾਕ ਵਿੱਚ ਅਗਨੀਹੋਤਰੀ ਨੂੰ ਇੱਕ ਟੀ-ਸ਼ਰਟ ਦੀ ਪੇਸ਼ਕਸ਼ ਕੀਤੀ ਜਿਸ ਉੱਤੇ ਲਿਖਿਆ ਸੀ, "ਮੇਰੇ ਕੋਲ ਦਿਮਾਗ ਹੈ। ਮੈਂ ਅੰਨ੍ਹਾ ਨਹੀਂ ਹਾਂ। ਮੇਰੇ ਕੋਲ ਸਵਾਲ ਹਨ। ਮੈਂ ਸ਼ਹਿਰੀ ਨਕਸਲੀ ਹਾਂ।"

ਸਵਾਤੀ ਨਾਰਾਇਣ ਨੇ ਲਿਖਿਆ, ''ਮੈਂ ਸੋਚਦੀ ਹਾਂ, ਇਸ ਲਈ ਮੈਂ ਹਾਂ।''

ਤੁਸ਼ਾਰ ਕਾੜੂ ਨੇ ਲਿਖਿਆ, ''ਜੇ ਸਰਕਾਰ ਦੀ ਨਿੰਦਾ ਜਾਂ ਉਸ ਤੇ ਸਵਾਲ ਕਰਨਾ ਨਕਸਲਵਾਦ ਹੈ ਤਾਂ ਭਾਜਪਾ 2014 ਤੋਂ ਪਹਿਲਾਂ ਅਰਬਨ ਨਕਸਲ ਸੀ।''

ਦੂਜੀ ਤਰਫ ਕੁਝ ਸ਼ਖਸੀਅਤਾਂ ਵਿਵੇਕ ਅਗਨੀਹੋਤਰੀ ਦੇ ਹੱਕ ਵਿੱਚ ਵੀ ਉੱਤਰੀਆਂ।

ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕੀਤਾ, ''ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਮਾਓਵਾਦੀ ਭਾਰਤ ਦੀ ਸੁਰੱਖਿਆ ਲਈ ਵੱਡਾ ਖਤਰਾ ਹਨ। ਹੁਣ ਕਾਂਗਰਸ ਦੇ ਪ੍ਰਧਾਨ ਖੁਲ੍ਹੇ ਆਮ ਮਾਓਵਾਦੀਆਂ ਨਾਲ ਰਲੇ ਹੋਣ ਵਾਲਿਆਂ ਨੂੰ ਸਹਾਰਾ ਦੇ ਰਹੇ ਹਨ। ਦੇਸ ਦੀ ਸੁਰੱਖਿਆ ਨੂੰ ਰਾਜਨੀਤੀ ਤੋਂ ਉੱਪਰ ਰੱਖੋ।''

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ ਨਿਊ ਇੰਡੀਆ ਦਾ ਹੈਸ਼ਟੈਗ ਲਿਖਦਿਆਂ ਆਪਣੀ ਰਾਇ ਦਿੱਤੀ। ਉਨ੍ਹਾਂ ਟਵੀਟ ਕੀਤਾ, ''ਭਾਰਤ ਵਿੱਚ ਸਿਰਫ਼ ਆਰਐੱਸਐੱਸ ਨਾਂ ਦੇ ਐੱਨਜੀਓ ਲਈ ਥਾਂ ਹੈ, ਬਾਕੀ ਸਾਰਿਆਂ ਨੂੰ ਬੰਦ ਕਰਦੋ। ਸਾਰੇ ਕਾਰਕੁਨਾਂ ਨੂੰ ਜੇਲ੍ਹ ਵਿੱਚ ਪਾ ਦੇਵੋ ਤੇ ਜਿਹੜੇ ਸ਼ਿਕਾਇਤ ਕਰਨ ਉਨ੍ਹਾਂ ਨੂੰ ਗੋਲੀ ਮਾਰ ਦਿਓ।''

ਇਹ ਵੀ ਪੜ੍ਹੋ:

ਅਦਾਕਾਰਾ ਸਵਰਾ ਭਾਸਕਰ ਨੇ ਲਿਖਿਆ, ''ਨਿਊ ਇੰਡੀਆ ਵਿੱਚ ਗਰੀਬ ਹੋਣਾ ਤੇ ਗਰੀਬਾਂ ਦੀ ਮਦਦ ਕਰਨਾ ਪਾਪ ਹੈ।''

ਕਾਰਕੁਨ ਓਮਰ ਖਾਲਿਦ ਨੇ ਟਵੀਟ ਕੀਤਾ, ''ਦਲਿਤਾਂ ਉੱਤੇ ਹਮਲੇ ਲਈ ਪੁਲਿਸ ਨੇ ਭਿੜੇ ਤੇ ਮਿਲਿੰਦ ਨੂੰ ਗ੍ਰਿਫ਼ਤਾਰ ਕਰਨਾ ਸੀ ਪਰ ਭਿੜੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਮਿਲਿੰਦ ਨੂੰ ਜ਼ਮਾਨਤ ਮਿਲ ਗਈ। ਉਨ੍ਹਾਂ ਨੂੰ ਬਚਾਉਣ ਲਈ ਹੁਣ ਗੋਦੀ ਮੀਡੀਆ ਕਾਰਕੁਨਾਂ ਨੂੰ ਘੇਰ ਰਿਹਾ ਹੈ।''

ਜਾਣੇ-ਪਛਾਣੇ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਵੀ ਟਵੀਟ ਕਰਕੇ ਲਿਖਿਆ ਕਿ ਨਵੇਂ ਭਾਰਤ ਵਿੱਚ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ, ਪਰ ਕੋਈ ਵੀ ਸਨਾਤਨ ਸੰਸਥਾ ਵਰਗੇ ਗਰੁੱਪਾਂ ਨੂੰ ਹੱਥ ਨਹੀਂ ਲਗਾਉਂਦਾ, ਅਤੇ ਦੇਸ ਚੁੱਪ ਬੈਠਦਾ ਹੈ।

ਅਦਾਕਾਰਾ ਰਹਿ ਚੁਕੀ ਕੋਇਨਾ ਮਿਤਰਾ ਨੇ ਵੀ ਟਵੀਟ ਕੀਤਾ, ''ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਵਧਾਈ। ਪਿਛਲੇ ਕੁਝ ਸਾਲਾਂ ਤੋਂ ਕਾਰਕੁਨਾਂ ਦੇ ਨਾਂ ਤੇ ਦੇਸ ਨੂੰ ਨਕੁਸਾਨ ਪਹੁੰਚ ਰਿਹਾ ਸੀ। ਨਹੀਂ ਜਾਣਦੀ ਸੀ ਕਿ ਮਾਓਵਾਦੀ ਕਾਰਕੁਨ ਹੁੰਦੇ ਹਨ।''

ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਮਹਾਰਾਸ਼ਟਰ ਦੇ ਭੀਮਾ-ਕੋਰੇਗਾਂਵ ਇਲਾਕੇ 'ਚ ਉੱਥੇ ਹੋਈ ਇੱਕ ਜੰਗ ਦੇ 200 ਸਾਲਾਂ ਦੀ ਯਾਦਗਾਰੀ ਰੈਲੀ ਰੱਖੀ ਗਈ ਸੀ, ਜਿਸਦਾ ਸਿਰਲੇਖ ਰੱਖਿਆ ਗਿਆ ਸੀ 'ਏਲਗਰ ਪਰਿਸ਼ਦ'। ਇਸ ਤੋਂ ਬਾਅਦ ਇਲਾਕੇ ਵਿੱਚ ਜਾਤ-ਸੰਬੰਧੀ ਦੰਗੇ ਹੋਏ ਸਨ।

ਪੁਲਿਸ ਦਾ ਇਲਜ਼ਾਮ ਹੈ ਕਿ ਦੰਗਿਆਂ ਪਿੱਛੇ ਉਸ ਰੈਲੀ ਦੇ ਮੰਚ ਉੱਤੋਂ ਦਿੱਤੇ ਕੁਝ ਭੜਕਾਊ ਭਾਸ਼ਣ ਸਨ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)