You’re viewing a text-only version of this website that uses less data. View the main version of the website including all images and videos.
ਬੇਅਦਬੀ ਮਾਮਲੇ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਮੁੱਖ ਗਵਾਹ ਮੁੱਕਰਿਆ: ਪ੍ਰੈੱਸ ਰਿਵੀਊ
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦਾ ਅਹਿਮ ਗਵਾਹ ਅਤੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦਾ ਭਰਾ ਹਿੰਮਤ ਸਿੰਘ ਕਮਿਸ਼ਨ ਨੂੰ ਦਿੱਤੇ ਗਏ ਬਿਆਨ ਮੁੱਕਰ ਗਿਆ ਹੈ।
ਬੇਅਦਬੀ ਮਾਮਲੇ ਨਾਲ ਸਬੰਧਤ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਸੋਮਵਾਰ ਨੂੰ ਹਿੰਮਤ ਸਿੰਘ ਆਪਣੇ ਬਿਆਨ ਤੋਂ ਪਲਟ ਗਿਆ।
ਹਿੰਮਤ ਸਿੰਘ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਅਤੇ ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਵੱਲੋਂ ਉਸ 'ਤੇ ਉਨ੍ਹਾਂ ਮੁਤਾਬਕ ਬਿਆਨ ਦੇਣ ਲਈ ਦਬਾਅ ਪਾਇਆ ਗਿਆ ਸੀ।
ਹਿੰਮਤ ਸਿੰਘ ਨੇ ਕਿਹਾ ਕਿ ਉਸ ਨੇ ਦਬਾਅ ਹੇਠ ਇਹ ਬਿਆਨ ਦਿੱਤਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਉਸ ਦੇ ਭਰਾ ਗਿਆਨੀ ਗੁਰਮੁਖ ਸਿੰਘ (ਤਤਕਾਲੀ ਜਥੇਦਾਰ ਤਖ਼ਤ ਦਮਦਮਾ ਸਾਹਿਬ) ਅਤੇ ਹੋਰ ਜਥੇਦਾਰਾਂ 'ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ ਦਾ ਦਬਾਅ ਪਾਇਆ ਸੀ। ਹਿੰਮਤ ਸਿੰਘ ਨੇ ਕਿਹਾ ਕਿ ਜਬਰੀ ਉਸ ਤੋਂ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਵਾਏ ਗਏ ਸਨ।
ਉਧਰ ਜਸਟਿਸ ਰਣਜੀਤ ਸਿੰਘ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ਾਂ ਨੂੰ ਨਕਾਰਿਆ ਹੈ।
ਇਹ ਵੀ ਪੜ੍ਹੋ:
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਨਸ਼ਿਆਂ ਖ਼ਿਲਾਫ਼ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਨਸ਼ੇ ਦੇ ਮੁੱਦੇ 'ਤੇ ਬੈਠਕ ਕੀਤੀ।
ਬੈਠਕ ਵਿੱਚ ਨਸ਼ਿਆ ਖ਼ਿਲਾਫ਼ ਲੜਾਈ ਲੜਨ ਲਈ ਰਣਨੀਤੀ ਬਣਾਈ ਗਈ ਅਤੇ ਫ਼ੈਸਲਾ ਲਿਆ ਗਿਆ ਕਿ ਪੰਚਕੁਲਾ ਵਿੱਚ ਕੇਂਦਰੀ ਸਕੱਤਰੇਤ ਸਥਾਪਿਤ ਕੀਤਾ ਜਾਵੇਗਾ ਜਿਸ ਵਿੱਚ ਡਾਟਾ ਸ਼ੇਅਰ ਕੀਤਾ ਜਾਵੇਗਾ।
ਬੈਠਕ ਵਿੱਚ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਟੀ ਐੱਸ ਰਾਵਤ ਮੌਜੂਦ ਰਹੇ। ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵੀਡੀਓ ਕਾਨਫਰਸਿੰਗ ਜ਼ਰੀਏ ਹਿੱਸਾ ਲਿਆ।
ਬੈਠਕ ਤੋਂ ਬਾਅਦ ਮੁੱਖ ਮੰਤਰੀਆਂ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਵੀ ਜਲਦ ਵੀ ਇਸ ਮੁਹਿੰਮ ਦਾ ਹਿੱਸਾ ਬਣੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਜਿੱਤਣ ਲਈ ਡਾਟਾ-ਸ਼ੇਅਰਿੰਗ ਬਹੁਤ ਜ਼ਰੂਰੀ ਹੈ।
ਦਿ ਟ੍ਰਬਿਊਨ ਦੀ ਖ਼ਬਰ ਮੁਤਾਬਕ ਆਸਟਰੇਲੀਆ ਦੇ ਹਾਈ ਕਮਿਸ਼ਨ ਨੇ ਭਾਰਤੀਆਂ ਨੂੰ ਵੀਜ਼ਾ ਸਕੈਮ ਖ਼ਿਲਾਫ਼ ਚਿਤਾਵਨੀ ਦਿੱਤੀ ਹੈ।
ਹਾਈ ਕਮਿਸ਼ਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਦੱਖਣ-ਪੱਛਮੀ ਦਿੱਲੀ ਤੋਂ ਇੱਕ ਰੁਜ਼ਗਾਰ ਏਜੰਸੀ ਵੱਲੋਂ ਘੁਟਾਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਲਈ ਉਨ੍ਹਾਂ ਨੇ ਜਨਤਾ ਨੂੰ ਚਿਤਾਵਨੀ ਦਿੱਤੀ ਹੈ।
ਉਨ੍ਹਾਂ ਦਾ ਕਹਿਣਾ ਹੈ,''ਹਾਲ ਹੀ ਦੇ ਹਫ਼ਤਿਆਂ ਵਿੱਚ 50 ਤੋਂ ਵੱਧ ਲੋਕ ਵਰਕ ਵੀਜ਼ੇ 'ਤੇ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਹਾਈ ਕਮਿਸ਼ਨ ਵਿੱਚ ਪਹੁੰਚ ਕਰ ਰਹੇ ਹਨ। ਉਹ ਵੀ ਸਿਰਫ਼ ਇਹ ਦੱਸਣ ਲਈ ਕਿ ਉਹ ਇੱਕ ਹੋਰ ਸਕੈਮ ਦਾ ਸ਼ਿਕਾਰ ਹੋ ਗਏ ਹਨ।''
ਹਾਈ ਕਮਿਸ਼ਨ ਦਿਨੋਂ ਦਿਨ ਵੱਧ ਰਹੇ ਪੀੜਤਾਂ ਦੇ ਅੰਕੜੇ ਨੂੰ ਲੈ ਕੇ ਚਿੰਤਤ ਹੈ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਵਿਨੇਸ਼ ਫੋਗਾਟ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਹੈ।
ਵਿਨੇਸ਼ ਨੇ ਸੋਮਵਾਰ ਨੂੰ 50 ਕਿੱਲੋਗਰਾਮ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਜਪਾਨੀ ਖਿਡਾਰਨ ਯੂਕੀ ਈਰੀਏ ਨੂੰ 6-2 ਨਾਲ ਹਰਾ ਕੇ ਸੋਨ ਤਗਮਾ ਆਪਣੇ ਨਾਮ ਕਰ ਲਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
23 ਸਾਲਾ ਵਿਨੇਸ਼ ਹਰਿਆਣਾ ਤੋਂ ਹੈ ਅਤੇ 'ਦੰਗਲ' ਫਿਲਮ ਵਾਲੇ ਫੋਗਾਟ ਪਰਿਵਾਰ ਨਾਲ ਸਬੰਧ ਰੱਖਦੀ ਹੈ।
ਇਹ ਵੀ ਪੜ੍ਹੋ:
ਜਿੱਤ ਤੋਂ ਬਾਅਦ ਫੋਗਾਟ ਨੇ ਕਿਹਾ ਕਿ ਗੋਲਡ ਮੈਡਲ ਜਿੱਤਣਾ ਮੇਰਾ ਟੀਚਾ ਸੀ। ਮੈਂ ਏਸ਼ੀਅਨ ਪੱਧਰ 'ਤੇ ਪਹਿਲਾਂ 3-4 ਸਿਲਵਰ ਮੈਡਲ ਜਿੱਤ ਚੁੱਕੀ ਹਾਂ। ਮੈਂ ਇਸ ਲਈ ਚੰਗਾ ਖੇਡੀ ਕਿਉਂਕਿ ਮੇਰੀ ਟਰੇਨਿੰਗ ਬਹੁਤ ਚੰਗੀ ਹੋਈ ਹੈ ਅਤੇ ਰੱਬ ਨੇ ਵੀ ਮੇਰਾ ਸਾਥ ਦਿੱਤਾ।''