ਸੋਮਨਾਥ ਚੈਟਰਜੀ ਦਾ 89 ਸਾਲ ਦਾ ਉਮਰ ਵਿੱਚ ਕੋਲਕਾਤਾ 'ਚ ਦੇਹਾਂਤ

ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ

ਤਸਵੀਰ ਸਰੋਤ, Getty Images

ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ ਦੀ 89 ਸਾਲ ਦੀ ਉਮਰ ਵਿੱਚ ਸੋਮਵਾਰ ਨੂੰ ਕੋਲਕਤਾ ਵਿੱਚ ਮੌਤ ਹੋ ਗਈ।

ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਅਬਦੁਸ ਸੱਤਾਰ ਨੇ ਬੀਬੀਸੀ ਨੂੰ ਦੱਸਿਆ ਕਿ ਸੋਮਨਾਥ ਚੈਟਰਜੀ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਉਹ ਗੁਰਦੇ ਦੀ ਬਿਮਾਰੀ ਨਾਲ ਵੀ ਲੜ ਰਹੇ ਸਨ। ਦਿਲ ਦਾ ਇੱਕ ਦੌਰਾ ਉਨ੍ਹਾਂ ਨੂੰ ਜੂਨ ਵਿੱਚ ਵੀ ਪਿਆ ਸੀ ਜਿਸ ਮਗਰੋਂ ਉਹ ਕਈ ਮਹੀਨੇ ਹਸਪਤਾਲ ਵਿੱਚ ਭਰਤੀ ਰਹੇ ਸਨ।

ਚੈਟਰਜੀ ਦਾ ਜਨਮ 25 ਜੁਲਾਈ, 1929 ਨੂੰ ਹਿੰਦੂ ਮਹਾਂ ਸਭਾ ਆਗੂ ਐਨ ਸੀ ਚੈਟਰਜੀ ਦੇ ਘਰ ਹੋਇਆ। ਉਨ੍ਹਾਂ ਨੇ ਯੂਕੇ ਦੇ ਮਿਡਲ ਟੈਂਪਲ ਤੋਂ ਬੈਰਿਸਟਰ ਦੀ ਪੜ੍ਹਾਈ ਕੀਤੀ। ਉਹ ਸਾਲ 1968 ਵਿੱਚ ਸੀਪੀਆਈ ਵਿੱਚ ਸ਼ਾਮਲ ਹੋਏ ਅਤੇ 1971 ਵਿੱਚ ਪਹਿਲੀ ਵਾਰ ਲੋਕ ਸਭਾ ਚੋਣ ਲੜੀ।

ਇਹ ਵੀ ਪੜ੍ਹੋ꞉

ਉਨ੍ਹਾਂ ਦੇ ਸਿਆਸੀ ਜੀਵਨ ਦਾ ਦਿਲਚਸਪ ਮੌਕਾ ਉਹ ਸੀ ਜਦੋਂ ਸਾਲ 2008 ਵਿੱਚ ਯੂਪੀਏ ਦੇ ਪਹਿਲੇ ਕਾਰਜ ਕਾਲ ਦੌਰਾਨ ਉਨ੍ਹਾਂ ਦੀ ਪਾਰਟੀ ਨੇ ਡਾ਼ ਮਨਮੋਹਨ ਸਿੰਘ ਵੱਲੋਂ ਅਮਰੀਕਾ ਨਾਲ ਕੀਤੇ ਪ੍ਰਮਾਣੂ ਸਮਝੌਤੇ ਕਰਕੇ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਿਹਾ।

ਪਰ ਉਨ੍ਹਾਂ ਨੇ ਇਹ ਕਹਿ ਕੇ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਸਪੀਕਰ ਇੱਕ ਸੰਵਿਧਾਨਕ ਅਹੁਦਾ ਹੈ ਅਤੇ ਪਾਰਟੀਆਂ ਦੀ ਸਿਆਸਤ ਤੋਂ ਉੱਚਾ ਹੈ।

ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ

ਤਸਵੀਰ ਸਰੋਤ, Getty Images

ਸਾਲ 1971 ਤੋਂ 2009 ਤੱਕ 10 ਵਾਰ ਲੋਕ ਸਭਾ ਮੈਂਬਰ ਰਹੇ ਸੋਮਨਾਥ ਚੈਟਰਜੀ ਨੂੰ 1996 ਵਿੱਚ ਬੇਹਤਰੀਨ ਸੰਸਦ ਮੈਂਬਰ ਦਾ ਪੁਰਸਕਾਰ ਮਿਲਿਆ।

ਚੈਟਰਜੀ ਸੀਪੀਐਮ ਦੇ ਕੱਦਾਵਰ ਆਗੂਆਂ ਵਿੱਚ ਗਿਣੇ ਜਾਂਦੇ ਸਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ।

ਉਹ ਇੱਕ ਉੱਘੇ ਕਾਨੂੰਨਦਾਨ ਵੀ ਸਨ। ਉਹ ਦੇਸ ਦੇ ਸਭ ਤੋਂ ਲੰਬੇ ਸਮੇਂ ਤੱਕ ਸੰਸਦ ਮੈਂਬਰ ਰਹੇ ਅਤੇ ਕਈ ਸੰਸਦੀ ਕਮੇਟੀਆਂ ਦੇ ਮੈਂਬਰ ਰਹੇ।

ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੌਰਾਨ ਵਰਧਮਾਨ, ਬੋਲਪੁਰ ਅਤੇ ਜਾਘਵਪੁਰ ਸਮੇਤ ਪੱਛਮੀ ਬੰਗਾਲ ਦੀਆਂ ਵੱਖ-ਵੱਖ ਲੋਕ ਸਭਾ ਸੀਟਾਂ ਤੋਂ ਚੋਣਾਂ ਲੜੀਆਂ।

ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ

ਤਸਵੀਰ ਸਰੋਤ, Getty Images

ਆਪਣੇ ਸਿਆਸੀ ਜੀਵਨ ਦੌਰਾਨ ਉਹ ਸਾਲ 1984 ਵਿੱਚ ਜਾਘਵਪੁਰ ਲੋਕ ਸਭਾ ਸੀਟ ਤੋਂ ਮਮਤਾ ਬੈਨਰਜੀ ਤੋਂ ਹਾਰੇ ਸਨ। ਉਸ ਸਮੇਂ ਮਮਤਾ ਬੈਨਰਜੀ ਨੇ ਕਾਂਗਰਸ ਦੀ ਟਿਕਟ ਉੱਪਰ ਚੋਣ ਲੜੇ ਸਨ।

ਸੋਮਨਾਥ ਚੈਟਰਜੀ ਨੇ ਆਪਣੀ ਪਾਰਟੀ ਨੂੰ ਮਮਤਾ ਬੈਨਰਜੀ ਦੀ ਵਧ ਰਹੀ ਹਰਮਨਪਿਆਰਤਾ ਬਾਰੇ ਸੁਚੇਤ ਕੀਤਾ ਅਤੇ ਆਖ਼ਰ 2011 ਵਿੱਚ ਮਮਤਾ ਨੇ ਸੀਪੀਆਈ ਨੂੰ ਬੰਗਾਲ ਦੀ ਸਰਕਾਰ ਚੋਂ ਬਾਹਰ ਕਰ ਦਿੱਤਾ।

ਲੋਕ ਸਭਾ ਦੇ ਸਪੀਕਰ ਵਜੋਂ ਵੀ ਉਨ੍ਹਾਂ ਦੀ ਤਾਰੀਫ਼ ਹੁੰਦੀ ਰਹਿੰਦੀ ਸੀ। ਸਿਆਸੀ ਜੀਵਨ ਤੋਂ ਵੱਖ ਹੋਣ ਮਗਰੋਂ ਵੀ ਉਹ ਦੇਸ ਦੇ ਸਿਆਸੀ ਮਾਹੌਲ ਬਾਰੇ ਬੇਬਾਕ ਟਿੱਪਣੀਆਂ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਪ੍ਰਕਾਸ਼ ਕਰਾਤ ਦੀ ਅਗਵਾਈ ਵਾਲੀ ਸੀਪੀਆਈ ਦੀ ਵੀ ਆਲੋਚਨਾ ਕਰ ਦਿੱਤੀ ਸੀ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)