ਦੁਨੀਆਂ ਲਈ ਬੁਝਾਰਤ ਵਾਂਗ ਹੈ ਭਾਰਤੀਆਂ ਦਾ 'ਸਿਰ ਹਿਲਾਉਣਾ'

    • ਲੇਖਕ, ਚਾਰੂਕੇਸੀ ਰਾਮਾਦੁਰਾਈ
    • ਰੋਲ, ਬੀਬੀਸੀ ਟਰੈਵਲ

ਤਾਮਿਲਨਾਡੂ ਦੇ ਤੰਜਾਪੁਰ ਸ਼ਹਿਰ ਵਿੱਚ ਸੜਕਾਂ 'ਤੇ ਅਕਸਰ ਤੁਹਾਨੂੰ ਸਿਰ ਹਿਲਾਉਣ ਵਾਲੇ ਖਿਡੌਣੇ ਵਿਕਦੇ ਦਿਖ ਜਾਣਗੇ। ਤਮਿਲ ਭਾਸ਼ਾ ਵਿੱਚ ਇਨ੍ਹਾਂ ਨੂੰ 'ਤੰਜਾਵੁਰ ਥਲਾਯਾਤੀ ਬੋਮੱਈ' ਕਹਿੰਦੇ ਹਨ। ਇਸਦਾ ਮਤਲਬ ਹੁੰਦਾ ਹੈ, 'ਤੰਜਾਵੁਰ ਦੀ ਸਿਰ ਹਿਲਾਉਣ ਵਾਲੀ ਗੁੱਡੀ'।

ਚਮਕੀਲੇ ਰੰਗ ਵਾਲੇ ਇਹ ਖਿਡੌਣੇ ਆਮ ਤੌਰ 'ਤੇ ਕਿਸੇ ਕਲਾਸੀਕਲ ਡਾਂਸਰ ਦੇ ਹੁੰਦੇ ਹਨ ਜਾਂ ਫਿਰ ਬਜ਼ੁਰਗ ਜੋੜੇ। ਇਸ ਖਿਡੌਣੇ ਦੇ ਦੋ ਹਿੱਸੇ ਹੁੰਦੇ ਹਨ। ਇੱਕ ਹਿੱਸਾ ਪੂਰਾ ਸਰੀਰ ਹੁੰਦਾ ਹੈ ਅਤੇ ਦੂਜੇ ਹਿੱਸਾ ਇਸਦਾ ਸਿਰ, ਜਿਹੜਾ ਸਪਰਿੰਗ ਨਾਲ ਧੜ ਨਾਲ ਜੁੜਿਆ ਹੁੰਦਾ ਹੈ।

ਸਿਰ ਨੂੰ ਥੋੜ੍ਹਾ ਜਿਹਾ ਵੀ ਛੂਹ ਲਵੋ ਜਾਂ ਥੋੜ੍ਹੀ ਜਿਹੀ ਵੀ ਹਵਾ ਚੱਲੇ, ਤਾਂ ਬੜੀ ਤੇਜ਼ੀ ਨਾਲ ਸਿਰ ਗੋਲ-ਗੋਲ ਘੁੰਮਣ ਲਗਦਾ ਹੈ।

ਇਹ ਵੀ ਪੜ੍ਹੋ:

ਭਾਰਤ ਵਿੱਚ ਸਿਰ ਹਿਲਾ ਕੇ ਗੱਲਬਾਤ ਕਰਨ ਦੀ ਪਰੰਪਰਾ ਦੀ ਇੱਕ ਰੋਚਕ ਕਹਾਣੀ ਹੈ। ਦੂਜੇ ਦੇਸਾਂ ਤੋਂ ਆਉਣ ਵਾਲੇ ਲੋਕ ਅਕਸਰ ਸਾਡੀ ਸਿਰ ਹਿਲਾਉਣ ਵਾਲੀ ਆਦਤ ਨਾਲ ਸੋਚ ਵਿੱਚ ਪੈ ਜਾਂਦੇ ਹਨ।

ਭਾਰਤ ਆਉਣ ਵਾਲੇ ਸਾਰੇ ਸੈਲਾਨੀ ਇਸ ਗੱਲ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ, ਜਦੋਂ ਅਸੀਂ ਸਿਰ ਹਿਲਾ ਕੇ ਗੱਲ ਕਰਦੇ ਹਾਂ।

ਭਾਰਤੀਆਂ ਦਾ ਸਿਰ ਹਿਲਾਉਣਾ ਵਿਦੇਸ਼ੀਆਂ ਲਈ ਬਹੁਤ ਵੱਡੀ ਪਹੇਲੀ ਹੈ। ਇਹ ਹਾਂ ਜਾਂ ਨਾਂਹ ਲਈ ਹੀ ਸਿਰ ਹਿਲਾਉਣਾ ਹੀ ਨਹੀਂ ਹੁੰਦਾ। ਅਕਸਰ ਗਲੇ ਦੇ ਇਸ਼ਾਰੇ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਕਹਿ ਦਿੰਦੇ ਹਾਂ। ਜੋ ਨਾ ਇਨਕਾਰ ਹੁੰਦੀ ਹੈ ਤੇ ਨਾ ਹੀ ਇਕਰਾਰ।

ਇੰਡੀਅਨ ਹੈੱਡ ਵੌਬਲ

ਅੰਗਰੇਜ਼ੀ ਵਿੱਚ ਇਸ ਨੂੰ ਇੰਡੀਅਨ ਹੈੱਡ ਵੌਬਲ (Indian Head Wobble) ਦੇ ਨਾਮ ਨਾਲ ਜਾਣਦੇ ਹਨ। ਹਿੰਦੋਸਤਾਨੀਆਂ ਦਾ ਸਿਰ ਹਿਲਾਉਣਾ ਇੱਕ ਝਟਕੇ ਵਾਲਾ ਸੰਕੇਤ ਨਹੀਂ ਹੁੰਦਾ। ਕਈ ਵਾਰ ਲੋਕ ਲੰਬੇ ਸਮੇਂ ਤੱਕ ਸੱਜੇ-ਖੱਬੇ ਸਿਰ ਹਿਲਾਉਂਦੇ ਰਹਿੰਦੇ ਹਨ। ਸਮਝ ਹੀ ਨਹੀਂ ਆਉਂਦਾ ਕੀ ਉਹ ਕੀ ਕਹਿ ਰਹੇ ਹਨ। ਸਹਿਮਤੀ ਜਤਾ ਰਹੇ ਹਨ ਜਾਂ ਇਨਕਾਰ ਕਰ ਰਹੇ ਹਨ।

ਮੁੰਬਈ ਵਿੱਚ ਗਾਈਡ ਦਾ ਕੰਮ ਕਰਨ ਵਾਲੀ ਪ੍ਰਿਆ ਪਾਥੀਆਨ ਕਹਿੰਦੀ ਹੈ ਕਿ ਅਕਸਰ ਲੋਕ ਸਿਰ ਘੁੰਮਾ ਕੇ ਅੱਠ ਦਾ ਨਿਸ਼ਾਨ ਬਣਾਉਂਦੇ ਹਨ। ਇਸਦਾ ਕੋਈ ਵੀ ਮਤਲਬ ਕੱਢਿਆ ਜਾ ਸਕਦਾ ਹੈ।

ਇੰਟਰਨੈੱਟ 'ਤੇ ਭਾਰਤੀਆਂ ਦੇ ਇਸ ਸਿਰ ਹਿਲਾ ਕੇ ਸੰਕੇਤ ਦੇਣ ਦੀ ਆਦਤ 'ਤੇ ਤਮਾਮ ਪੇਜ ਭਰੇ ਪਏ ਹਨ। ਇਸ ਤੋਂ ਇਲਾਵਾ ਵੀਡੀਓ ਵੀ ਹੈ, ਜੋ ਭਾਰਤ ਆਉਣ ਵਾਲੇ ਸੈਲਾਨੀਆਂ ਦੀ ਮਦਦ ਲਈ ਨੈੱਟ 'ਤੇ ਪਾਏ ਗਏ ਹਨ। ਯੂ-ਟਿਊਬ 'ਤੇ ਸਰਚ ਕਰੋ ਤਾਂ ਦਰਜਨਾਂ ਦੇਸੀ-ਵਿਦੇਸ਼ੀ ਮਾਹਿਰ ਇਸ 'ਇੰਡੀਅਨ ਨੌਡਿੰਗ' (Indian Nodding) ਨੂੰ ਸੰਖੇਪ ਵਿੱਚ ਸਮਝਾਉਂਦੇ ਦਿਖ ਜਾਣਗੇ।

ਹਾਲਾਂਕਿ, ਕੋਈ ਵੀ ਇਸ ਨੂੰ ਪੂਰੀ ਤਰ੍ਹਾਂ ਸਮਝਣ ਜਾਂ ਸਮਝਾਉਣ ਵਿੱਚ ਕਾਮਯਾਬ ਨਹੀਂ ਹੋਇਆ।

ਕੁਝ ਸਾਲ ਪਹਿਲਾਂ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਗਿਆ ਸੀ। ਇੱਕ ਹਫ਼ਤੇ ਵਿੱਚ ਹੀ ਉਸ ਨੂੰ 10 ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਸੀ।

ਸਿਰ ਹਿਲਾਉਣ ਦਾ ਆਖ਼ਰ ਮਤਲਬ ਕੀ ਹੁੰਦਾ ਹੈ?

ਇਸਦਾ ਮਤਲਬ ਸਾਫ਼ ਹਾਂ ਹੁੰਦਾ ਹੈ? ਜਾਂ ਇਹ ਨਾਂਹ ਕਰਨ ਦਾ ਤਰੀਕਾ ਹੈ? ਦੁਵਿਧਾ ਨੂੰ ਬਿਆਨ ਕਰਦਾ ਹੈ? ਜਾਂ ਫਿਰ, ਇਸ ਨਾਲ ਗੁੱਸੇ ਦਾ ਇਜ਼ਹਾਰ ਹੁੰਦਾ ਹੈ?

ਪੂਰੀ ਗੱਲ ਸਮਝੇ ਬਿਨਾਂ ਸਿਰ ਹਿਲਾਉਣ ਦਾ ਮਤਲਬ ਦੱਸਣਾ ਬਹੁਤ ਮੁਸ਼ਕਿਲ ਹੈ। ਪ੍ਰਿਆ ਪਾਥੀਆਨ ਕਹਿੰਦੀ ਹੈ ਕਿ ਅਕਸਰ ਸਿਰ ਹਲਾਉਣ ਦਾ ਮਤਲਬ ਹਾਂ ਹੁੰਦਾ ਹੈ। ਇਸਦੇ ਜ਼ਰੀਏ ਆਮ ਭਾਰਤੀ ਆਪਣੇ ਦੋਸਤਾਨਾ ਵਿਹਾਰ ਨੂੰ ਜ਼ਾਹਰ ਕਰਦੇ ਹਨ ਅਤੇ ਸਾਹਮਣੇ ਵਾਲੇ ਦੇ ਪ੍ਰਤੀ ਸਨਮਾਨ ਵੀ ਜਤਾਉਂਦੇ ਹਨ। ਹੁਣ ਜੇਕਰ ਤੁਹਾਨੂੰ ਪੂਰੀ ਗੱਲ ਪਤਾ ਨਹੀਂ ਹੈ ਤਾਂ ਸਿਰ ਹਿਲਾਉਣ ਦਾ ਠੀਕ-ਠੀਕ ਮਤਲਬ ਸਮਝਣਾ ਮੁਸ਼ਕਿਲ ਹੈ।

ਬ੍ਰਿਟਿਸ਼ ਮੂਲ ਦੀ ਅਮਰੀਕੀ ਯਾਤਰਾ ਲੇਖਕ ਮਾਰਗੋਟ ਬਿਗ ਨੇ ਭਾਰਤ ਵਿੱਚ ਪੰਜ ਸਾਲ ਤੋਂ ਵੱਧ ਦਾ ਸਮਾਂ ਬਤੀਤ ਕੀਤਾ। ਉਨ੍ਹਾਂ ਨੇ ਭਾਰਤ ਆਉਣ ਵਾਲੇ ਸੈਲਾਨੀਆਂ ਲਈ ਗਾਈਡਬੁਕਸ ਲਿਖੀ ਹੈ।

ਇਹ ਵੀ ਪੜੋ:

ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਲੋਕਾਂ ਦੇ ਤਮਾਮ ਤਰ੍ਹਾਂ ਦੇ ਸਿਰ ਹਿਲਾਉਣ ਦੇ ਵੱਖ-ਵੱਖ ਮਾਅਨੇ ਹੁੰਦੇ ਹਨ, 'ਇੱਕ ਪਾਸੇ ਸਿਰ ਝੁਕਾ ਕੇ ਹਿਲਾਉਣ ਦਾ ਮਤਲਬ ਹਾਂ ਹੰਦਾ ਹੈ ਜਾਂ ਫਿਰ ਇਸ ਨਾਲ ਚਲਣ ਦਾ ਵੀ ਇਸ਼ਾਰਾ ਹੁੰਦਾ ਹੈ। ਉੱਥੇ ਹੀ ਅੱਗੇ-ਪਿੱਛੇ ਕੁਝ ਦੇਰ ਤੱਕ ਸਿਰ ਹਿਲਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਗੱਲ ਸਮਝ ਵਿੱਚ ਆ ਗਈ ਹੈ।'

ਮੇਰਾ ਖ਼ੁਦ ਦਾ ਤਜਰਬਾ ਇਹ ਹੈ ਕਿ ਜਿੰਨੀ ਤੇਜ਼ ਸਿਰ ਹਿਲਾਇਆ ਜਾਵੇਗਾ, ਉਸਦਾ ਮਤਲਬ ਹੋਇਆ ਓਨੀ ਤੇਜ਼ੀ ਨਾਲ ਸਹਿਮਤੀ ਜ਼ਾਹਰ ਕੀਤੀ ਜਾ ਰਹੀ ਹੈ। ਤੇਵਰ ਦਿਖਾ ਕੇ ਸਿਰ ਹਿਲਾਉਣ ਦਾ ਮਤਲਬ ਇਹ ਹੋਇਆ ਕਿ ਫਟਾਫਟ ਤੁਹਾਡੀ ਗੱਲ ਮੰਨ ਲਈ ਗਈ ਹੈ। ਉੱਥੇ ਹੀ ਦੂਜੇ ਪਾਸੇ ਇਸਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ 'ਜੇ ਤੁਸੀਂ ਕਹਿ ਰਹੇ ਹੋ ਤਾਂ ਠੀਕ ਹੀ ਹੈ'। ਇਹ ਠੀਕ ਉਸ ਤਰ੍ਹਾਂ ਹੈ ਜਿਵੇਂ ਮੋਢੇ ਚੁੱਕੇ ਕੇ ਲੋਕ ਇਹ ਇਸ਼ਾਰਾ ਕਰਦੇ ਹਨ ਕਿ ਉਨ੍ਹਾਂ ਨੂੰ ਫ਼ਰਕ ਨਹੀਂ ਪੈਂਦਾ।

ਕੀ ਇਹ ਆਦਤ ਰਿਵਾਇਤੀ ਵਿਰਾਸਤ ਹੈ?

ਪਰ, ਜੇਕਰ ਅਸੀਂ ਇਹ ਸਮਝਦੇ ਹਾਂ ਕਿ ਇਹ ਭਾਰਤੀਆਂ ਨੂੰ ਪੀੜ੍ਹੀ ਦਰ ਪੀੜ੍ਹੀ ਮਿਲਣ ਵਾਲੀ ਅਨੋਖੀ ਆਦਤ ਹੈ, ਤਾਂ ਸਿਰ ਹਿਲਾਉਣ ਦੀ ਆਦਤ ਨੂੰ ਇੱਕ ਦਾਇਰੇ ਵਿੱਚ ਬੰਨਣਾ ਹੋਵੇਗਾ।

ਮਸ਼ਹੂਰ ਸੰਸਕ੍ਰਿਤੀ ਮਾਹਿਰ ਗੀਰਤ ਹੌਫਸਟੇਡ ਨੇ ਤਮਾਮ ਦੇਸਾਂ ਦੇ ਸੱਭਿਆਚਾਰਕ ਨਿਯਮਾਂ 'ਤੇ ਵਿਸਤਾਰ ਨਾਲ ਰਿਸਰਚ ਕੀਤੀ ਸੀ। ਇਸਦੇ ਨਤੀਜੇ ਹੈਰਾਨ ਕਰਨ ਵਾਲੇ ਸੀ।

ਸੱਤਾਧਾਰੀ ਤੋਂ ਦੂਰੀ ਦੇ ਮਾਨਕਾਂ ਵਿੱਚ ਭਾਰਤ ਨੂੰ 77 ਨੰਬਰ ਮਿਲੇ ਸਨ। ਇਸਦਾ ਮਤਲਬ ਇਹ ਹੈ ਕਿ ਕਿਸੇ ਦੇਸ ਦੇ ਲੋਕ ਆਪਣੇ ਸਮਾਜ ਵਿੱਚ ਸੱਤਾ ਨੂੰ ਲੈ ਕੇ ਭੇਦਭਾਵ ਨੂੰ ਕਿਸ ਹੱਦ ਤੱਕ ਬਰਦਾਸ਼ਤ ਕਰਦੇ ਹਨ।

ਜਦਕਿ ਦੁਨੀਆਂ ਦਾ ਔਸਤ ਸੀ 56.5। ਯਾਨਿ ਸਾਡੇ ਦੇਸ ਵਿੱਚ ਲੋਕ ਉੱਚ-ਨੀਚ ਨੂੰ ਬਹੁਤ ਮੰਨਦੇ ਹਨ।

ਤਾਕਤਵਰ ਲੋਕਾਂ ਦੇ ਸਾਹਮਣੇ ਸਨਮਾਨ ਨਾਲ ਸਿਰ ਝਕਾਉਣ ਵਿੱਚ ਭਾਰਤੀ ਅੱਗੇ ਹਨ। ਆਪਣੇ ਤੋਂ ਉੱਚੇ ਦਰਜੇ ਦੇ ਸ਼ਖ਼ਸ ਨਾਲ ਗੱਲ ਕਰਦੇ ਸਮੇਂ, ਨਾਂਹ ਕਰਨ ਵਿੱਚ ਬਹੁਤ ਘੱਟ ਹੀ ਸਿਰ ਹਲਾਉਂਦੇ ਹਨ।

ਇਹ ਭਾਰਤੀਆਂ ਦੀ ਪਰਵਰਿਸ਼ ਤੇ ਪਰੰਪਰਾ ਦਾ ਹਿੱਸਾ

ਭਾਰਤੀਆਂ ਦੀ ਪਰਵਰਿਸ਼ ਅਜਿਹੀ ਹੁੰਦੀ ਹੈ ਕਿ ਸਾਨੂੰ ਆਗਿਆਕਾਰੀ ਹੋਣਾ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ। ਖ਼ਾਸ ਤੌਰ 'ਤੇ ਮਹਿਮਾਨਾਂ ਅਤੇ ਆਪਣੇ ਤੋਂ ਵੱਧ ਉਮਰ ਦੇ ਲੋਕਾਂ ਪ੍ਰਤੀ ਸਨਮਾਨ ਦਿਖਾਉਣਾ ਤਾਂ ਸਾਡੀ ਪਰਪੰਰਾ ਦਾ ਅਹਿਮ ਹਿੱਸਾ ਹੈ।

ਮਹਿਮਾਨਾਂ ਅਤੇ ਬਜ਼ੁਰਗਾਂ ਨੂੰ ਸਿੱਧੇ ਤੌਰ 'ਤੇ ਨਾ ਕਹਿਣ ਤੋਂ ਅਸੀਂ ਬਚਦੇ ਹਾਂ। ਦੁਵਿਧਾ ਵਿੱਚ ਸਿਰ ਹਿਲਾਉਂਦੇ ਹਾਂ। ਇਸਦਾ ਮਤਲਬ ਇਹ ਹੰਦਾ ਹੈ ਕਿ ਅਸੀਂ ਪੱਕੇ ਤੌਰ 'ਤੇ ਨਾਂਹ ਨਹੀਂ ਕਹਿਣਾ ਚਾਹੁੰਦੇ।

ਸਿਰ ਹਿਲਾਉਣ ਦਾ ਮਤਲਬ ਇਹੀ ਹੁੰਦਾ ਹੈ। ਦੁਵਿਧਾ ਦੀ ਸਥਿਤੀ ਨੂੰ ਬਿਆਨ ਕਰਨਾ ਅਤੇ ਇਹ ਤਰੀਕਾ ਹੁਣ ਤੱਕ ਬਹੁਤ ਅਸਰਦਾਰ ਸਾਬਿਤ ਹੋਇਆ ਹੈ।

ਚੇਨੱਈ ਦੇ ਲੇਖਕ ਪ੍ਰਦੀਪ ਚਕਰਵਤੀ ਕਹਿੰਦੇ ਹਨ ਕਿ ਸਿਰ ਹਿਲਾਉਣ ਦੀ ਆਦਤ ਨਾਲ ਅਸੀਂ ਭਾਰਤੀ ਅਕਸਰ ਹਾਂ ਜਾਂ ਨਾਂਹ ਦੇ ਵਿਚਾਲੇ ਦਾ ਰਸਤਾ ਲੱਭ ਲੈਂਦਾ ਹਾਂ। ਰਿਸ਼ਤਿਆਂ ਵਿੱਚ ਕਿਸੇ ਮੁਸ਼ਕਿਲ ਹਾਲਾਤਾਂ ਵਿੱਚ ਸਹਿਯੋਗ ਦਾ ਇੱਕ ਰਸਤਾ ਖੁੱਲ੍ਹਾ ਛੱਡ ਦਿੰਦੇ ਹਨ।

ਪ੍ਰਦੀਪ ਮੁਤਾਬਕ, 'ਸਾਡਾ ਦੇਸ ਖੇਤੀ ਪ੍ਰਧਾਨ ਰਿਹਾ ਹੈ। ਅਜਿਹੇ ਸਮਾਜ ਵਿੱਚ ਤੁਸੀਂ ਕਿਸੇ ਨੂੰ ਵੀ ਖੁੱਲ੍ਹੇ ਤੌਰ 'ਤੇ ਨਾਂਹ ਕਹਿਣ ਦਾ ਖ਼ਤਰਪਾ ਨਹੀਂ ਲੈ ਸਕਦੇ। ਕੀ ਪਤਾ ਕਦੋਂ ਤੁਹਾਨੂੰ ਉਸ ਨਾਲ ਕੰਮ ਪੈ ਜਾਵੇ। ਸਿੱਧਾ ਨਾਂਹ ਕਰਨ ਦਾ ਮਤਲਬ ਰਿਸ਼ਤਿਆਂ 'ਤੇ ਵਿਰਾਮ ਲਗਾਉਣਾ ਹੈ।'

ਸਿਰ ਹਿਲਾ ਕੇ ਜਵਾਬ, ਖੁਸ਼ ਕਰਨ ਦਾ ਤਰੀਕਾ

ਸਾਡੇ ਸਮਾਜ ਵਿੱਚ ਸਿਰ ਹਿਲਾ ਕੇ ਜਵਾਬ, ਸਾਰਿਆਂ ਨੂੰ ਖੁਸ਼ ਕਰਨ ਦਾ ਤਰੀਕਾ ਮੰਨਿਆ ਜਾਂਦਾ ਹੈ। ਪਰ ਕਈ ਵਾਰ ਲੋਕ ਇਸ ਤਰੀਕੇ ਨਾਲ ਗੱਲ ਕਰਨ 'ਤੇ ਦੁਵਿਧਾ ਵਿੱਚ ਪੈ ਜਾਂਦੇ ਹਨ। ਪ੍ਰੇਸ਼ਾਨ ਹੁੰਦੇ ਹਨ। ਵਿਦੇਸ਼ੀ ਤਾਂ ਅਕਸਰ ਸਮਝ ਨਹੀਂ ਪਾਉਂਦੇ।

ਭਾਰਤ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਵੀ ਇਸ ਮੁਸ਼ਕਿਲ ਨਾਲ ਜੁਝਦੇ ਹਨ। ਟੂਰਿਸਟ ਜਦੋਂ ਦੁਕਾਨਾਂ ਤੋਂ ਖਰੀਦਦਾਰੀ ਕਰਦੇ ਹਨ ਤਾਂ ਉਹ ਸਾਹਮਣੇ ਵਾਲੇ ਦੇ ਸੰਕੇਤ ਸਮਝ ਨਹੀਂ ਪਾਉਂਦੇ। ਕਈ ਵਾਰ ਤਾਂ ਭਾਰਤੀ ਵੀ ਸਿਰ ਹਿਲਾਉਣ ਦਾ ਮਤਲਬ ਨਹੀਂ ਸਮਝਦੇ।

ਇਹ ਵੀ ਪੜ੍ਹੋ:

ਬੈਂਗਲੁਰੂ ਵਿੱਚ ਰਹਿਣ ਵਾਲੀ ਪੱਤਰਕਾਰ ਅਨੀਤਾ ਰਾਓ ਕਾਸ਼ੀ ਕਹਿੰਦੀ ਹੈ ਕਿ ਇਹ ਵਿਬਹਾਰ ਹਰ ਭਾਰਤੀ ਦੇ ਡੀਐਨਏ ਵਿੱਚ ਹੈ। ਪੀੜ੍ਹੀ-ਦਰ-ਪੀੜ੍ਹੀ ਸਾਨੂੰ ਵਿਰਾਸਤ ਵਿੱਚ ਮਿਲਦਾ ਆਇਆ ਹੈ।

ਮਾਰਗੋਟ ਬਿਗ ਖ਼ੁਦ ਵੀ ਮੰਨਦੀ ਹੈ ਕਿ ਜਦੋਂ ਉਹ ਹਿੰਦੀ ਬੋਲਦੀ ਹੈ ਤਾਂ ਜਾਣੇ-ਅਣਜਾਣੇ ਵਿੱਚ ਸਿਰ ਹਿਲਾਉਣ ਲਗਦੀ ਹੈ। ਕਈ ਵਾਰ ਲੋਕ ਉਨ੍ਹਾਂ ਨੂੰ ਟੋਕਦੇ ਵੀ ਹਨ। ਪਰ ਹੁਣ ਉਹ ਉਨ੍ਹਾਂ ਦੇ ਵਿਅਕਤੀਤਵ ਦਾ ਹਿੱਸਾ ਬਣ ਗਿਆ ਹੈ।

(ਬੀਬੀਸੀ ਟਰੈਵਲ ਦਾ ਇਹ ਲੇਖ ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)