You’re viewing a text-only version of this website that uses less data. View the main version of the website including all images and videos.
'ਆਪ' ਦਾ ਸੰਕਟ ਹੋਰ ਗਹਿਰਾ, ਹੁਣ ਕਿੱਥੇ ਖੜ ਗਈ ਹੈ ਗੱਲ
ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਆਗੂ ਦੇ ਅਹੁਦੇ ਤੋਂ ਹਟਾਏ ਗਏ ਸੁਖਪਾਲ ਸਿੰਘ ਖ਼ਹਿਰਾ ਸਣੇ 13 ਵਿਧਾਇਕਾਂ ਨਾਲ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬੈਠਕ ਕੀਤੀ, ਜੋ ਬੇਸਿੱਟਾ ਰਹੀ। ਇਸ ਬੈਠਕ ਵਿਚ 13 ਵਿਧਾਇਕ ਹਾਜ਼ਰ ਹੋਏ ਹਨ। ਅੱਠ ਵਿਧਾਇਕ ਖਹਿਰਾ ਨਾਲ ਆਏ ਅਤੇ ਚਾਰ ਵਿਧਾਇਕ ਆਪਣੇ ਤੌਰ ਉੱਤੇ ਹੀ ਬੈਠਕ ਲਈ ਪਹੁੰਚੇ ਹੋਏ ਹਨ। ਜਦਕਿ ਐਚਐਸ ਫੂਲਕਾ ਵੀ ਬੈਠਕ ਵਿੱਚ ਹਾਜ਼ਰ ਸਨ।
ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆਂ ਨਾਲ ਬੈਠਕ ਤੋਂ ਬਾਅਦ ਵੀ ਸੁਖਪਾਲ ਸਿੰਘ ਖਹਿਰਾ ਤੇ ਵਿਧਾਇਕ ਸੰਤੁਸ਼ਟ ਨਹੀਂ ਹੋਏ ਹਨ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੰਵਰ ਸੰਧੂ, ਮਾਸਟਰ ਬਲਦੇਵ ਸਿੰਘ ਤੇ ਨਾਜ਼ਰ ਸਿੰਘ ਮਾਨਸ਼ਾਹੀਆਂ ਨੇ ਹਰਪਾਲ ਸਿੰਘ ਚੀਮਾਂ ਨੂੰ ਆਪਣਾ ਆਗੂ ਮੰਨਣ ਤੋਂ ਇਨਕਾਰ ਕਰ ਦਿੱਤਾ।
ਬੈਠਕ ਦੇ ਬੇ-ਨਤੀਜਾ ਰਹਿਣ ਬਾਰੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਾਰਟੀ ਕਿਸੇ ਇਕ ਵਿਅਕਤੀ ਮੁਤਾਬਕ ਨਹੀਂ ਚੱਲਦੀ । ਵਿਰੋਧੀ ਧਿਰ ਦਾ ਆਗੂ ਦਲਿਤ ਵਿਧਾਇਕ ਨੂੰ ਬਣਾਉਣ ਦਾ ਫੈਸਲਾ ਵਾਪਸ ਨਹੀਂ ਹੋਵੇਗਾ।
ਇਹ ਵੀ ਪੜ੍ਹੋ:
ਸਾਡੀ ਗੱਲ ਨਹੀਂ ਸੁਣੀ ਗਈ : ਕੰਵਰ ਸੰਧੂ
ਕੰਵਰ ਸੰਧੂ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੂੰ ਬਦਲਣ ਦਾ ਫੈਸਲਾ ਵਾਪਸ ਲੈਣ ਲਈ ਹਾਈਕਮਾਂਡ ਨੇ ਹਾਮੀ ਨਹੀਂ ਭਰੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਹੀ ਪ੍ਰਕਿਰਿਆ ਦਾ ਪਾਲਣ ਹੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਚੀਮਾ ਨੂੰ ਆਗੂ ਕਿਵੇਂ ਮੰਨ ਸਕਦੇ ਹਨ।
ਇਸੇ ਦੌਰਾਨ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਉਨ੍ਹਾਂ ਨੇ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਗੱਲ ਨੂੰ ਸੁਣ ਕੇ ਅਣਗੌਲਿਆ ਕੀਤਾ ਗਿਆ। ਪਰ ਉਨ੍ਹਾਂ ਅਜੇ ਗੱਲਬਾਤ ਫੇਲ੍ਹ ਹੋਣ ਤੋਂ ਇਨਕਾਰ ਕੀਤਾ।
ਖਹਿਰਾ ਵੱਲੋਂ ਬਠਿੰਡਾ ਦੇ ਇਕੱਠ ਲਈ ਸੱਦਾ
ਬੈਠਕ ਤੋਂ ਬਾਅਦ ਸੁਖਪਾਲ ਖਹਿਰਾ ਨੇ ਬਹੁਤ ਹੀ ਨਪੀ ਤੁਲੀ ਭਾਸ਼ਾ ਵਿਚ ਆਪਣੀ ਗੱਲ ਰੱਖੀ । ਉਨ੍ਹਾਂ ਸਿਰਫ਼ ਆਪਣਾ ਸਾਥ ਦੇਣ ਲਈ ਪਾਰਟੀ ਵਿਧਾਇਕਾਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ 2 ਅਗਸਤ ਦੇ ਇਕੱਠ ਵਿਚ ਪਹੁੰਚਣ ਦਾ ਸੱਦਾ ਦਿੱਤਾ। ਖਹਿਰਾ ਨੇ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਲਾਇਕ ਮਾਇੰਡਿਡ ਲੋਕਾਂ ਨੂੰ ਲਾਮਬੰਦ ਕਰਨਗੇ ਅਤੇ ਅਗਲੀ ਰਣਨੀਤੀ 2 ਅਗਸਤ ਦੇ ਇਕੱਠ ਵਿਚ ਵਿਚਾਰ ਚਰਚਾ ਕਰਨ ਤੋਂ ਬਾਅਦ ਤੈਅ ਕਰਨਗੇ।
ਉੱਧਰ 'ਆਪ' ਆਗੂ ਬਲਬੀਰ ਸਿੰਘ ਨੇ ਕਿਹਾ ਕਿ ਬਠਿੰਡਾ ਰੈਲੀ ਵਿਚ ਜਾਣ ਵਾਲਿਆ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਖਹਿਰਾ 8 ਵਿਧਾਇਕਾਂ ਨਾਲ ਪਹੁੰਚੇ ਸਨ ਦਿੱਲੀ
ਸੁਖਪਾਲ ਸਿੰਘ ਖਹਿਰਾ 8 ਵਿਧਾਇਕਾਂ ਨਾਲ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਮਨੀਸ਼ ਸਿਸੋਦੀਆ ਦੇ ਘਰ ਦਿੱਲੀ ਪਹੁੰਚ ਸਨ। ਉਨ੍ਹਾਂ ਐਤਵਾਰ ਨੂੰ ਬਰਨਾਲਾ ਵਿਚ ਵਿਧਾਇਕ ਪਿਰਮਲ ਸਿੰਘ ਖਾਲਸਾ ਦੇ ਹਲਕੇ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਅਹੁਦਾ ਨਹੀਂ ਚਾਹੀਦਾ ਬਲਕਿ ਉਹ ਪੰਜਾਬ ਇਕਾਈ ਦੇ ਕੰਮਕਾਜ ਲਈ ਖੁਦਮੁਖਤਿਆਰੀ ਚਾਹੁੰਦੇ ਹਨ।
ਖਹਿਰਾ ਨਾਲ ਪਹੁੰਚੇ ਵਿਧਾਇਕ
ਕੰਵਰ ਸੰਧੂ, ਜਗਦੇਵ ਸਿੰਘ ਕਮਾਲੂ, ਰੁਾਜਿੰਦਰ ਕੌਰ ਰੂਬੀ, ਨਾਜਰ ਸਿੰਘ ਮਾਨਸ਼ਾਹੀਆਂ, ਮਾਸਟਰ ਬਲਦੇਵ ਸਿੰਘ ਜੈਤੋ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ
ਪਹਿਲਾਂ ਹੀ ਮੌਜੂਦ
ਮੀਤ ਹੇਅਰ, ਜੈ ਸਿੰਘ ਰੋੜੀ,ਕੁਲਵੰਤ ਸਿੰਘ ਪੰਡੋਰੀ, ਅਤੇ ਮਨਜੀਤ ਸਿੰਘ ਬਿਲਾਸਪੁਰ , ਇਨ੍ਹਾਂ ਤੋਂ ਇਲਾਵਾ ਵਿਧਾਇਕ ਐੱਚ ਐੱਸ ਫੂਲਕਾ ਅਤੇ ਪੱਤਰਕਾਰ ਜਰਨੈਲ ਸਿੰਘ ਵੀ ਬੈਠਕ ਹਾਜ਼ਰ ਹਨ।
ਉੱਧਰ ਸਥਾਨਕ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਕਿਆਸ-ਅਰਾਈਆਂ ਦਾ ਦੌਰ ਜਾਰੀ ਹੈ ਕਿ ਪੰਜਾਬ ਦੀ ਆਪ ਇਕਾਈ ਦਾ ਊਠ ਹੁਣ ਕਿਸ ਕਰਟਵ ਬੈਠੇਗਾ। ਸੁਖਪਾਲ ਸਿੰਘ ਖ਼ਹਿਰਾ ਵੱਲੋਂ ਮਾਲਵੇ ਦੇ ਜ਼ਿਲ੍ਹਿਆਂ ਵਿੱਚ ਪਾਰਟੀ ਆਗੂਆਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ:
ਭਾਵੇਂ ਉਹ ਹਰ ਜਨਤਕ ਇਕੱਠ ਦੌਰਾਨ ਪਾਰਟੀ ਦੀ ਮਜ਼ਬੂਤੀ ਦੇ ਦਾਅਵੇ ਕਰ ਰਹੇ ਹਨ, ਪਰ ਉਨ੍ਹਾਂ ਦੇ ਇਕੱਠਾ ਦੌਰਾਨ ਹੀ ਆਮ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਉਹ 2 ਅਗਸਤ ਦੇ ਬਠਿੰਡਾ ਇਕੱਠ ਦੌਰਾਨ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ।
ਸੁਖਪਾਲ ਖ਼ਹਿਰਾ ਦਾ ਸਪੱਸ਼ਟ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੀ ਪਾਰਟੀ ਹੈ ਅਤੇ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਆਗੂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਮਿਲਾਗਾ ਤੇ ਆਪਣਾ ਪੱਖ ਰੱਖਾਗਾ। ਉਨ੍ਹਾਂ ਦਾ ਕਹਿਣਾ ਕਿ ਮੈਂ ਪਾਰਟੀ ਦੇ ਖ਼ਿਲਾਫ਼ ਨਹੀਂ ਹਾਂ ਤੇ ਹਰ ਮਤਭੇਦ ਗੱਲਬਾਤ ਨਾਲ ਸੁਲਝਾਇਆ ਜਾ ਸਕਦਾ ਹੈ।
ਬੈਂਸ ਭਰਾਵਾਂ ਨਾਲ ਇਕਸੁਰਤਾ
ਆਮ ਆਦਮੀ ਪਾਰਟੀ ਵੱਲੋਂ ਵੀ ਸੁਖਪਾਲ ਖਹਿਰਾ ਨੂੰ ਅਹੁਦੇ ਤੋਂ ਹਟਾਏ ਜਾਣ ਦੇ ਕਾਰਨ ਗਿਣਾਏ ਜਾਣੇ ਸ਼ੁਰੂ ਕਰ ਦਿੱਤੇ ਗਏ ਹਨ। ਪਾਰਟੀ ਵੱਲੋਂ ਅਧਿਕਾਰਤ ਤੌਰ ਉੱਤੇ ਖਹਿਰਾ ਦੀ ਛੁੱਟੀ ਦਾ ਜਿਹੜਾ ਕਾਰਨ ਬਕਾਇਦਾ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਗਿਆ ਹੈ ਉਸ ਮੁਤਾਬਕ ਖਹਿਰਾ ਦੀ ਬੈਂਸ ਭਰਾਵਾਂ ਨਾਲ ਇਰਸੁਰਤਾ ਅਤੇ ਪਾਰਟੀ ਵਰਕਰਾਂ ਨੂੰ ਮਾਨਤਾ ਨਾ ਦੇਣਾ ਮੁੱਖ ਕਾਰਨ ਦੱਸਿਆ ਗਿਆ ਹੈ।
ਪਾਰਟੀ ਦੇ ਪ੍ਰੈਸ ਬਿਆਨ ਮੁਤਾਬਕ 'ਆਪ' ਲੀਡਰਸ਼ਿਪ ਨੇ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ 'ਤੇ ਆਮ ਆਦਮੀ ਪਾਰਟੀ ਨੂੰ ਤੋੜਨ ਦੀਆਂ ਵਾਰ-ਵਾਰ ਸਾਜ਼ਿਸ਼ਾਂ ਰਚਣ ਦਾ ਦੋਸ਼ ਲਗਾਇਆ ਹੈ । ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਤੇ ਦਰਜਨ ਦੇ ਕਰੀਬ ਆਗੂਆਂ ਨੇ ਕਿਹਾ ਕਿ ਗਠਜੋੜ ਦਾ ਹਿੱਸਾ ਹੁੰਦੇ ਹੋਏ ਵੀ ਬੈਂਸਾਂ ਦੇ ਆਪਣੀ ਮੌਕਾਪ੍ਰਸਤ ਆਦਤ ਮੁਤਾਬਕ 'ਗਠਜੋੜ ਧਰਮ' ਨਹੀਂ ਨਿਭਾਇਆ ਅਤੇ ਹਰ ਮੋੜ 'ਤੇ ਪਾਰਟੀ ਦੀ ਪਿੱਠ 'ਚ ਛੁਰੇਬਾਜ਼ੀ ਕੀਤੀ।
ਪਾਰਟੀ ਦੇ ਦਾਅਵੇ ਮੁਤਾਬਕ ਸਾਂਝੀਆਂ ਵਿਧਾਇਕ ਬੈਠਕਾਂ ਦੌਰਾਨ ਸ਼ਰੇਆਮ ਪਾਰਟੀ ਤੋੜ ਕੇ ਆਪਣੀ 'ਮੁਹੱਲਾ ਪਾਰਟੀ 'ਚ ਸ਼ਾਮਲ ਕਰਨ ਦੀਆਂ ਤਜਵੀਜ਼ਾਂ ਦਿੱਤੀਆਂ।
ਇਹ ਵੀ ਪੜ੍ਹੋ:
ਖਹਿਰਾ ਦਾ ਬੜਬੋਲਾਪਣ
ਆਮ ਆਦਮੀ ਪਾਰਟੀ ਦੇ ਇੱਕ ਆਗੂ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਸੁਖਪਾਲ ਖਹਿਰਾ ਦੇ ਰੈਂਫਰੈਂਡਮ-2020 ਵਰਗੇ ਮੁੱਦਿਆਂ ਉੱਤੇ ਬੜਬੋਲੇਪਣ ਕਾਰਨ ਪਾਰਟੀ ਦੀ ਕੌਮੀ ਪੱਧਰ ਉੱਤੇ ਹੋਈ ਫਜ਼ੀਹਤ ਤੋਂ ਪਾਰਟੀ ਨਰਾਜ਼ ਸੀ।
ਖਹਿਰਾ ਹਰ ਮੁੱਦੇ ਨੂੰ ਪਾਰਟੀ ਦੀ ਲੜਾਈ ਦੀ ਬਜਾਇ ਨਿੱਜੀ ਲੜਾਈ ਬਣਾਕੇ ਲੜਦੇ ਸਨ। ਜਿਸ ਕਾਰਨ ਉਹ ਪਾਰਟੀ ਨੂੰ ਇੱਕ ਟੀਮ ਬਣਾ ਕੇ ਉਸ ਦੀ ਅਗਵਾਈ ਨਹੀਂ ਕਰ ਪਾ ਰਹੇ ਸਨ।
'ਆਪ' ਆਗੂ ਨੇ ਦਾਅਵਾ ਕੀਤਾ ਕਿ ਖਹਿਰਾ ਦੀ ਟੀਮ ਦੇ ਤੌਰ ਉੱਤੇ ਕੰਮ ਨਾ ਕਰਨ ਦੀ ਸਮਰੱਥਾ ਅਤੇ ਪਾਰਟੀ ਵਿੱਚ ਧੜੇਬੰਦੀ ਨੂੰ ਉਤਸ਼ਾਹਿਤ ਕਰਨ ਦੀ ਆਦਤ ਨੇ ਉਨ੍ਹਾਂ ਦੀ ਖੇਡ ਨੂੰ ਖਰਾਬ ਕੀਤਾ ਹੈ। ਖਹਿਰੇ ਦੇ ਬੜਬੋਲੇਪਣ ਦੀ ਜਵਾਬਦੇਹ ਤਾਂ ਪੂਰੀ ਪਾਰਟੀ ਨੂੰ ਹੋਣਾ ਪੈ ਰਿਹਾ ਸੀ ਪਰ ਉਹ ਪੰਜਾਬ 'ਚ ਕਿਸੇ ਹੋਰ ਆਗੂ ਨੂੰ ਮਾਨਤਾ ਦੇਣ ਲਈ ਤਿਆਰ ਨਹੀਂ ਸਨ।
ਪਾਰਟੀ ਦੇ ਉੱਪ ਪ੍ਰਧਾਨ ਬਲਬੀਰ ਸਿੰਘ ਨਾਲ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਉਲਝਣਾ ਤੇ ਸੋਸ਼ਲ ਮੀਡੀਆ ਉੱਤੇ ਬਿਆਨਬਾਜ਼ੀ ਇਸ ਦੀਆਂ ਉਦਾਹਰਨਾਂ ਦੱਸੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ:
ਵਾਅਦਾ ਕਰਕੇ ਮੁੱਕਰਨਾ
ਉਕਤ 'ਆਪ' ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ਖਹਿਰਾ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ ਸਨ। ਭਗਵੰਤ ਮਾਨ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਉੱਤੇ ਪਾਰਟੀ ਚਲਾਉਣ ਦੀ ਦੋਹਰੀ ਜ਼ਿੰਮੇਵਾਰੀ ਸੀ।
ਪਰ ਉਹ ਪਿਛਲੇ ਸਮੇਂ ਦੌਰਾਨ ਪਾਰਟੀ ਦਾ ਚੰਡੀਗੜ੍ਹ ਵਿਚ ਦਫ਼ਤਰ ਲਈ ਥਾਂ ਦਾ ਪ੍ਰਬੰਧ ਤੱਕ ਨਹੀਂ ਕਰਵਾ ਸਕੇ।
ਜਿਸ ਦਾ ਉਹ ਵਿਰੋਧੀ ਧਿਰ ਦਾ ਆਗੂ ਬਣਨ ਸਮੇਂ ਦਿੱਲੀ ਵਿਚ ਵਾਅਦਾ ਕਰਕੇ ਆਏ ਸਨ।'ਆਪ' ਦੇ ਦਾਅਵੇ ਮੁਤਾਬਕ ਅਹੁਦਾ ਖੁਸਣ ਤੱਕ ਖਹਿਰਾ ਮੈਂ-ਮੈਂ ਹੀ ਕਰਦੇ ਸਨ, ਆਪ ਆਪ ਤਾਂ ਹੁਣ ਕਹਿਣ ਲੱਗੇ ਹਨ।
'ਆਪ' ਦੇ ਆਗੂਆਂ ਮੁਤਾਬਕ ਖਹਿਰਾ ਹਰ ਫੈਸਲਾ ਸੈਲਫ ਪ੍ਰਮੌਸ਼ਨ ਨੂੰ ਦੇਖਕੇ ਕਰਦੇ ਹਨ।ਜੋ ਪਾਰਟੀ ਦੇ ਪੱਖ ਵਿਚ ਨਹੀਂ ਜਾ ਰਿਹਾ ਸੀ। ਦੂਜੇ ਪਾਸੇ ਸੁਖਪਾਲ ਖਹਿਰਾ ਇਨ੍ਹਾਂ ਦਲੀਲਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਕਹਿੰਦੇ ਹਨ ਕਿ ਪਾਰਟੀ ਅੰਦਰ ਕੁਝ ਲੋਕਾ ਉਨ੍ਹਾਂ ਖਿਲਾਫ ਸਾਜਿਸਾਂ ਕਰ ਰਹੇ ਹਨ, ਅਤੇ ਹਾਈਕਮਾਂਡ ਨੂੰ ਗਲਤ ਜਾਣਕਾਰੀ ਦੇ ਰਹੇ ਹਨ। ਜਿਸ ਦਾ ਨਤੀਜਾ ਮੌਜੂਦਾ ਹਾਲਾਤ ਹਨ।
ਕੀ ਹੈ ਵਿਵਾਦ
ਆਮ ਆਦਮੀ ਪਾਰਟੀ ਨੇ ਕੁਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੀ ਛੁੱਟੀ ਕਰ ਦਿੱਤੀ ਸੀ। ਪਾਰਟੀ ਨੇ ਵਿਧਾਨ ਸਭਾ ਹਲਕਾ ਦਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਥਾਪਿਆ ਹੈ।
ਇਸ ਦਾ ਐਲਾਨ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਇੱਕ ਟਵੀਟ ਰਾਹੀ ਕੀਤਾ ਸੀ। ਮਨੀਸ਼ ਸਿਸੋਦੀਆ ਨੇ ਸੁਖਪਾਲ ਸਿੰਘ ਖਹਿਰਾ ਨੂੰ ਹਟਾਏ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਸੀ।
ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਵੀ ਟਵੀਟ ਕਰਕੇ ਕਿਹਾ ਸੀ, ''ਮੈਂ ਵਿਰੋਧੀ ਧਿਰ ਦੇ ਆਗੂ ਵਜੋਂ ਆਪਣੀ ਡਿਊਟੀ ਪੂਰੇ ਸਮਰਪਣ ਅਤੇ ਬਿਨ੍ਹਾਂ ਕਿਸੇ ਡਰ ਦੇ ਨਿਭਾਈ। ਪੰਜਾਬ ਲਈ ਮੈਂ ਅਜਿਹੇ 100 ਅਹੁਦੇ ਛੱਡਣ ਲਈ ਤਿਆਰ ਹਾਂ। ਪਾਰਟੀ ਨੇ ਉਹੀ ਕੀਤਾ ਜੋ ਕਾਂਗਰਸ, ਭਾਜਪਾ ਤੇ ਅਕਾਲੀ ਦਲ ਚਾਹੁੰਦੀ ਸੀ।''
ਖਹਿਰਾ ਨੇ ਇਸ ਤੋਂ ਬਾਅਦ 9 ਵਿਧਾਇਕਾਂ ਨਾਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਉਹ ਪਾਰਟੀ ਨਹੀਂ ਛੱਡਣਗੇ ਪਰ ਇਸ ਮਾਮਲੇ ਸਣੇ ਪੰਜਾਬ ਦੇ ਬਾਕੀ ਮਸਲਿਆਂ ਉੱਤੇ ਸੰਘਰਸ਼ ਦੀ ਰਣਨੀਤੀ ਲਈ ਪੰਜਾਬ ਵਿਚ ਪਾਰਟੀ ਕਾਡਰ ਨੂੰ ਇਕਜੁਟ ਕਰਨਗੇ। ਉਨ੍ਹਾਂ ਪੰਜਾਬ 2 ਅਗਸਤ ਨੂੰ ਬਠਿੰਡਾ ਵਿਚ ਰੈਲੀ ਕਰਨ ਦਾ ਐਲਾਨ ਕੀਤਾ ਹੋਇਆ ਹੈ ਅਤੇ ਉਹ ਤੀਜੇ ਬਦਲ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੁੰਦੇ ਹਨ।
ਖਹਿਰਾ ਮੇਰੇ ਵੱਡੇ ਭਰਾ: ਚੀਮਾ
ਦੂਜੇ ਪਾਸੇ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਹਰ ਪੱਧਰ ਉੱਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇਗਾ, ਸੁਖਪਾਲ ਸਿੰਘ ਖਹਿਰਾ ਦਾ ਸਹਿਯੋਗ ਲੈ ਕੇ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਕੰਮ ਕਰਨਗੇ।
ਉਨ੍ਹਾਂ ਦਾਅਵਾ ਕੀਤਾ ਸੀ ਕਿ ਇਹ ਫੈਸਲਾ ਵਿਧਾਇਕਾਂ ਤੇ ਪਾਰਟੀ ਨੇ ਦਲਿਤ ਚਿਹਰੇ ਨੂੰ ਅੱਗੇ ਲਿਆਉਣ ਲਈ ਲਿਆ ਗਿਆ ਹੈ। ਉਨ੍ਹਾਂ ਮੁਤਾਬਕ ਅਰਵਿੰਦ ਕੇਜਰੀਵਾਲ ਦੇ ਸੁਖਪਾਲ ਖਹਿਰਾ ਨਾਲ ਕੋਈ ਮਤਭੇਦ ਨਹੀਂ ਹਨ। ਚੀਮਾ ਨੇ ਕਿਹਾ ਸੀ ਕਿ ਸੁਖਪਾਲ ਖਹਿਰਾ ਮੇਰੇ ਵੱਡੇ ਭਰਾ ਨੇ ਉਨ੍ਹਾਂ ਦੀ ਅਗਵਾਈ ਵਿਚ ਕੰਮ ਕਰਦੇ ਰਹਾਂਗੇ ।