You’re viewing a text-only version of this website that uses less data. View the main version of the website including all images and videos.
ਰੈਫਰੈਂਡਮ 2020: ਖਹਿਰਾ ਨੇ ਕਿਹਾ ਸਮਰਥਕ ਨਹੀਂ, ਕੈਪਟਨ ਨੇ ਕਿਹਾ ਸਬੂਤ ਮਿਲੇ ਤਾਂ ਕਾਰਵਾਈ ਹੋਵੇਗੀ
ਰੈਫਰੈਂਡਮ 2020 ਮਾਮਲੇ 'ਤੇ ਸੁਖਪਾਲ ਖਹਿਰਾ ਦੇ ਕਥਿਤ ਬਿਆਨ ਉੱਤੇ ਚੱਲ ਰਹੀ ਸਿਆਸਤ ਨੂੰ ਹੋਰ ਤੇਜ਼ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਜੇਕਰ ਖਹਿਰਾ ਖਿਲਾਫ਼ ਕੋਈ ਦਸਤਾਵੇਜ਼ੀ ਸਬੂਤ ਮਿਲਿਆ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।''
ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਪੰਜਾਬ ਵਿੱਚ ਸ਼ਾਂਤੀ ਚਾਹੁੰਦੇ ਹਨ ਅਤੇ ਪੰਜਾਬ ਜਾਂ ਪੰਜਾਬ ਤੋਂ ਬਾਹਰ ਰੈਫਰੈਂਡਮ 2020 ਨਾਲ ਸਬੰਧਿਤ ਹਰ ਤਰ੍ਹਾਂ ਦੀ ਗਤੀਵਿਧੀ ਅਤੇ ਬਿਆਨਾਂ ਦਾ ਵਿਰੋਧ ਕਰਦੇ ਹਨ।
ਇਹ ਵੀ ਪੜ੍ਹੋ:
ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਖਹਿਰਾ ਦੇ ਬਿਆਨ ਦੇ ਬਹਾਨੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ।
ਕੈਪਟਨ ਨੇ ਕਿਹਾ, ''ਕੇਜਰੀਵਾਲ ਇਸ ਮਾਮਲੇ 'ਤੇ ਚੁੱਪ ਕਿਉਂ ਹਨ, ਉਨ੍ਹਾਂ ਨੂੰ ਇਸ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।''
ਕੈਪਟਨ ਨੇ ਮੰਨੀ ਗਲਤੀ
ਕੈਪਟਨ ਅਮਰਿੰਦਰ ਸਿੰਘ ਦੇ 2005 ਵਿੱਚ ਕੈਨੇਡਾ ਦੇ ਡਿਕਸੀ ਗੁਰਦੁਆਰਾ ਸਾਹਿਬ ਵਿੱਚ ਦਿੱਤੇ ਭਾਸ਼ਣ ਉੱਤੇ ਸਵਾਲ ਚੁੱਕੇ ਜਾਣ ਤੇ ਕੈਪਟਨ ਨੇ ਕਿਹਾ ਕਿ ਉਹ ਉੱਥੇ ਗਲਤੀ ਨਾਲ ਗਏ ਸੀ।
ਜਦੋਂ ਉਹ ਗੁਰਦੁਆਰਾ ਸਾਹਿਬ ਵਿੱਚ ਬੋਲ ਰਹੇ ਸਨ ਤਾਂ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਪਿੱਛੇ ਕੀ ਲਿਖਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਸਾਰੀਆਂ ਕੋਸ਼ਿਸ਼ਾਂ ਦਾ ਸਖਤ ਵਿਰੋਧ ਕਰਦੇ ਹਨ ਭਾਵੇਂ ਉਹ ਪੰਜਾਬ 'ਚ ਹੋਣ ਜਾਂ ਵਿਦੇਸ਼ਾਂ ਵਿੱਚ।
ਖਹਿਰਾ ਦਾ ਜਵਾਬ
ਕੈਪਟਨ ਅਮਰਿੰਦਰ ਦਾ ਬਿਆਨ ਮੀਡੀਆ ਵਿੱਚ ਆਉਣ ਤੋਂ ਬਾਅਦ ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗਾ ਸੁਹਿਰਦ ਆਗੂ ਤੇ ਸੂਬੇ ਦਾ ਮੁੱਖ ਮੰਤਰੀ ਵਾਰ ਵਾਰ ਇੱਕੋ ਗੱਲ 'ਤੇ ਸਪਸ਼ਟੀਕਰਨ ਕਿਉਂ ਮੰਗ ਰਿਹਾ ਹੈ।
ਖਹਿਰਾ ਨੇ ਕਿਹਾ, ''ਮੈਂ ਰੈਫਰੈਂਡਮ 2020 ਦਾ ਹਮਾਇਤੀ ਨਹੀਂ ਹਾਂ, ਨਾ ਹੀ ਮੈਂ ਇਸ ਵਾਰੇ ਕੋਈ ਬਿਆਨ ਦਿੱਤਾ ਹੈ।''
''15 ਜੂਨ ਨੂੰ ਅੰਗਰੇਜ਼ੀ ਅਖਬਾਰ ਵਿੱਚ ਛਪੇ ਜਿਸ ਬਿਆਨ 'ਤੇ ਸਪਸ਼ਟੀਕਰਨ ਮੰਗਿਆ ਜਾ ਰਿਹਾ ਹੈ, ਉਹ ਅਸਲ ਵਿੱਚ ਪੰਜਾਬ ਦੇ ਡੀਜੀਪੀ ਇੰਟੈਲੀਜੈਂਸ ਵੱਲੋਂ ਪਲਾਂਟ ਕਰਵਾਇਆ ਗਿਆ ਸੀ।''
ਖਹਿਰਾ ਨੇ ਕਿਹਾ ਕਿ ਅਮਰਿੰਦਰ ਸਿੰਘ ਉਨ੍ਹਾਂ ਪ੍ਰਤੀ ਨਫਰਤ ਦੀ ਭਾਵਨਾ ਰੱਖਦੇ ਹਨ। ਪਹਿਲਾਂ ਵੀ ਉਨ੍ਹਾਂ ਖਿਲਾਫ ਡਰਗਜ਼ ਦਾ ਝੂਠਾ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ।
ਉਨ੍ਹਾਂ ਕਿਹਾ, ''ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਾ ਹਾਂ ਕਿ ਅਗਰ ਮੈਂ ਕੁਝ ਗਲਤ ਕੀਤਾ ਹੈ ਤਾਂ ਉਹ ਮੇਰੇ ਖਿਲਾਫ ਕੇਸ ਦਰਜ ਕਰਵਾਉਣ।''
''ਪਰ ਇਸ ਤੋਂ ਪਹਿਲਾਂ ਇਹ ਸੋਚ ਲੈਣ ਕਿ ਉਹ ਨਹੀਂ ਸਮਝਦੇ ਪਿੱਛਲੇ 70 ਸਾਲਾਂ ਤੋਂ ਪੰਜਾਬ ਜਾਂ ਸਿੱਖਾਂ ਨਾਲ ਆਪਰੇਸ਼ਨ ਬਲੂਸਟਾਰ, ਸਿੱਖ ਕਤਲੇਆਮ, ਦਰਿਆਈ ਪਾਣੀਆਂ ਦੀ ਵੰਡ ਅਤੇ ਪੰਜਾਬੀ ਬੋਲ ਦੇ ਇਲਾਕਿਆਂ ਵਰਗੇ ਮੁੱਦਿਆਂ 'ਤੇ ਵਿਤਕਰਾ ਨਹੀਂ ਕੀਤਾ ਗਿਆ।''