You’re viewing a text-only version of this website that uses less data. View the main version of the website including all images and videos.
ਪ੍ਰੈਸ ਰੀਵਿਊ: ਸੁਖਪਾਲ ਖਹਿਰਾ ਨੇ ਖੜੇ ਕੀਤੇ ਸੂਚਨਾ ਕਮਿਸ਼ਨਰ ਦੀ ਚੋਣ 'ਤੇ ਸਵਾਲ
ਦਿ ਇੰਡੀਅਨ ਐਕਪ੍ਰੈਸ ਦੀ ਖ਼ਬਰ ਮੁਤਾਬਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਸੂਬੇ ਦੇ ਸੂਚਨਾ ਕਮਿਸ਼ਨਰ ਅਹੁਦੇ ਦੇ ਉਮੀਦਵਾਰਾਂ ਦੇ ਨਾਵਾਂ 'ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ।
ਖਹਿਰਾ ਨੇ ਅਹੁਦੇ ਦੇ ਉਮੀਦਵਾਰ ਦੀ ਚੋਣ ਕਰਨ ਤੋਂ ਪਹਿਲਾਂ ਇੱਕ ਉੱਚ ਪੱਧਰੀ ਮੀਟਿੰਗ ਦੀ ਮੰਗ ਕੀਤੀ ਹੈ।
ਖ਼ਬਰ ਮੁਤਾਬਕ ਸੂਚਨਾ ਕਮਿਸ਼ਨਰ ਦੇ ਅਹੁਦੇ ਲਈ ਜਿੰਨਾਂ ਨਾਵਾਂ 'ਤੇ ਵਿਚਾਰ ਕੀਤਾ ਜਾਏਗਾ ਉਨ੍ਹਾਂ ਵਿੱਚ ਸ਼ਾਮਲ ਹਨ ਸੇਵਾ ਮੁਕਤ ਏਅਰ ਮਾਰਸ਼ਲ ਕੇ ਐਸ ਗਿੱਲ, ਪੱਤਰਕਾਰ ਅਸਿਤ ਜੌਲੀ, ਪੀਸੀਐਸ ਅਫਸਰ ਚਰਨਦੇਵ ਸਿੰਘ ਮਾਨ, ਸਾਬਕੇ ਆਈਏਐਸ ਅਫਸਰ ਜਤਿੰਦਰਬੀਰ ਸਿੰਘ, ਕਾਂਗਰਸ ਨੇਤਾ ਸੰਜੀਵ ਗਰਗ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜੀਵਨੀ ਲਿਖਣ ਵਾਲੇ ਖ਼ੁਸ਼ਵੰਤ ਸਿੰਘ।
ਦਿ ਟ੍ਰਿਬਿਊਨ 'ਚ ਲੱਗੀ ਖ਼ਬਰ ਮੁਤਾਬਕ ਇੱਕ ਨਿਜੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸੀਨੀਅਰ ਵਕੀਲ ਅਤੇ 'ਆਪ' ਆਗੂ ਐੱਚਐੱਸ ਫੂਲਕਾ ਨੇ ਕਿਹਾ ਕਿ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਰਾਜੀਵ ਗਾਂਧੀ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਰਾਜੀਵ ਗਾਂਧੀ 1 ਨਵੰਬਰ 1984 ਨੂੰ ਕੇਸ ਵਿੱਚ ਦੋਸ਼ੀ ਜਗਦੀਸ਼ ਟਾਇਟਲਰ ਨਾਲ ਦਿੱਲੀ ਦੀਆਂ ਵੱਖ ਵੱਖ ਥਾਵਾਂ 'ਤੇ ਗਏ ਸਨ।
ਦਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਅਨੁਸਾਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਲੋਕ ਸਭਾ ਵਿੱਚ ਬਜਟ ਸੈਸ਼ਨ ਦੇ ਸ਼ੁਰੂਆਤੀ ਭਾਸ਼ਣ ਦੌਰਾਨ ਪੂਰੇ ਦੇਸ ਵਿੱਚ ਇਕੋ ਵੇਲੇ ਚੋਣ ਕਰਵਾਉਣ ਲਈ ਹਾਮੀ ਭਰੀ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰ ਨਾਲ ਸਹਿਮਤੀ ਜਤਾਉਂਦਿਆ ਕਿਹਾ ਕਿ ਦੇਸ ਵਿੱਚ ਵੱਖ ਵੱਖ ਸਮੇਂ 'ਤੇ ਰਹਿਣ ਵਾਲਾ ਚੋਣਾਂ ਦਾ ਮਾਹੌਲ ਮਨੁੱਖੀ ਸਰੋਤਾਂ 'ਤੇ ਵਾਧੂ ਭਾਰ ਅਤੇ ਵਿਕਾਸ ਵਿੱਚ ਰੁਕਾਵਟ ਦਾ ਕਾਰਨ ਬਣਦਾ ਹੈ।
ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' 'ਤੇ ਮਲੇਸ਼ੀਆ ਦੇ ਸੈਂਸਰ ਬੋਰਡ ਨੇ ਪਾਬੰਦੀ ਲਗਾ ਦਿੱਤੀ ਹੈ।
ਬੋਰਡ ਨੇ ਹਵਾਲਾ ਦਿੱਤਾ ਕਿ ਇਸ ਨਾਲ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ।