You’re viewing a text-only version of this website that uses less data. View the main version of the website including all images and videos.
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤਾ ਗੈਂਗਸਟਰ ਦਿਲਪ੍ਰੀਤ ਢਾਹਾਂ ਨਸ਼ੇ ਦੇ ਕਾਰੋਬਾਰ 'ਚ ਹੈ
ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਸੈਕਟਰ-43 ਦੇ ਬੱਸ ਅੱਡੇ ਨੇੜੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨਾਲ ਮੁਠਭੇੜ ਦੌਰਾਨ ਦਿਲਪ੍ਰੀਤ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਪੀਜੀਆਈ ਵਿੱਚ ਭਰਤੀ ਕੀਤਾ ਗਿਆ ਹੈ।
ਇਹ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦਾ ਸਾਂਝਾ ਆਪਰੇਸ਼ਨ ਸੀ।
'ਦਿਲਪ੍ਰੀਤ ਨਸ਼ੇ ਦੇ ਕਾਰੋਬਾਰ 'ਚ ਹੈ'
ਜਲੰਧਰ ਦਿਹਾਤੀ ਪੁਲਿਸ ਦੇ ਐਸ ਐਸ ਪੀ ਗੁਰਪ੍ਰੀਤ ਸਿੰਘ ਭੁੱਲਰ ਮੁਤਾਬਕ ਦਿਲਪ੍ਰੀਤ ਡਰਗਜ਼ ਦੇ ਕਾਰੋਬਾਰ ਵਿਚ ਵੀ ਲਿਪਤ ਸੀ।
ਪੁਲਿਸ ਨੇ ਉਸ ਦੇ ਨਵਾਂ ਸ਼ਹਿਰ ਸਥਿਤ ਟਿਕਾਣੇ ਤੋਂ ਇਕ ਕਿਲੋ ਹੈਰੋਇਨ ਅਤੇ ਅਸਲਾ ਬਰਾਮਦ ਕੀਤਾ ਹੈ।
ਭੁੱਲਰ ਮੁਤਾਬਕ ਬਾਬਾ ਨਸ਼ੇ ਨੂੰ ਵੇਚਣ ਦੇ ਨਾਲ ਨਾਲ ਇਸ ਦਾ ਖੁਦ ਵੀ ਆਦਿ ਹੈ।
ਕਿਵੇਂ ਕੀਤਾ ਗ੍ਰਿਫ਼ਤਾਰ
ਜਲੰਧਰ ਦਿਹਾਤੀ ਪੁਲਿਸ ਨੇ ਚੰਡੀਗੜ ਪੁਲਿਸ ਨਾਲ ਮਿਲ ਕੇ ਦਿਲਪ੍ਰੀਤ ਨੂੰ ਚੰਡੀਗੜ ਦੇ ਸੈਕਟਰ 43 ਦੇ ਬੱਸ ਸਟੈਂਡ ਨੇੜੇ ਸਵਿੱਫਟ ਡਿਜਾਇਰ ਗੱਡੀ ਵਿੱਚੋਂ ਗ੍ਰਿਫਤਾਰ ਕੀਤਾ ਹੈ।
ਗੱਡੀ ਉਤੇ ਨੰਬਰ ਪਲੇਟ ਨਕਲੀ ਹੈ। ਇਸ ਦੌਰਾਨ ਉਸ ਨੇ ਪੁਲਿਸ ਪਾਰਟੀ ਉਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਵਿਚ ਉਹ ਜ਼ਖਮੀ ਹੋ ਗਿਆ ਅਤੇ ਇਸ ਸਮੇਂ ਪੀਜੀਆਈ ਵਿਚ ਇਲਾਜ ਅਧੀਨ ਹੈ।
ਪੁਲਿਸ ਮੁਤਾਬਕ ਦਿਲਪ੍ਰੀਤ ਆਪਣਾ ਭੇਸ਼ ਬਦਲ ਕੇ ਰਹਿੰਦਾ ਸੀ। ਉਸ ਦੀ ਦਾੜ੍ਹੀ ਕੱਟੀ ਹੋਈ ਹੈ ਅਤੇ ਸਿਰ ਦੇ ਵਾਲ ਵੀ ਛੋਟੇ ਹਨ। ਪੁਲਿਸ ਨੇ ਦਿਲਪ੍ਰੀਤ ਦੀ ਗੱਡੀ ਵਿਚੋਂ ਇਕ ਨਕਲੀ ਦਾੜ੍ਹੀ ਅਤੇ ਮੁੱਛ ਵੀ ਬਰਾਮਦ ਕੀਤੀ ਹੈ।
ਦਿਲਪ੍ਰੀਤ ਖ਼ਿਲਾਫ਼ 25 ਕੇਸ ਦਰਜ ਹਨ
ਪੁਲਿਸ ਨੇ ਬਾਬਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਪਨਾਹ ਦੇਣ ਦੇ ਦੋਸ਼ ਵਿਚ ਦੋ ਮਹਿਲਾਵਾਂ ਹਰਪ੍ਰੀਤ ਕੌਰ ਅਤੇ ਰੁਪਿੰਦਰ ਨਾਮਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਦਿਲਪ੍ਰੀਤ ਇਹਨਾਂ ਮਹਿਲਾਵਾਂ ਕੋਲ ਰਹਿੰਦਾ ਹੈ।
ਪੁਲਿਸ ਮੁਤਾਬਕ ਦਿਲਪ੍ਰੀਤ ਦੇ ਨਵਾਂ ਸ਼ਹਿਰ ਸਥਿਤ ਵਹਿਗੁਰੂ ਨਗਰ ਘਰ ਤੋਂ ਨਸ਼ੀਲੇ ਪਦਾਰਥ, ਨਸ਼ਾ ਤੋਲਣ ਲਈ ਇਲੈਕਟਰਾਨਿਕ ਕੰਡਾ ਅਤੇ ਅਸਲਾ ਬਰਾਮਦ ਹੋਇਆ ਹੈ।
ਪੁਲਿਸ ਮੁਤਾਬਕ ਹਰਪ੍ਰੀਤ ਕੌਰ, ਦਿਲਪ੍ਰੀਤ ਦੀ ਪੁਰਾਣੀ ਜਾਣਕਾਰ ਹੈ ਅਤੇ ਇਸ ਦੇ ਪਤੀ ਦਾ ਦੇਹਾਂਤ ਹੋ ਚੁੱਕਾ ਹੈ।
ਪੰਜਾਬ ਵਿਚ ਦਿਲਪ੍ਰੀਤ ਦੇ ਖਿਲਾਫ਼ 25 ਕੇਸ ਦਰਜ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਅਤੇ ਹੋਰਨਾਂ ਸੂਬਿਆਂ ਵਿਚ ਵੀ ਉਸ ਖਿਲਾਫ ਵੱਖੋਂ ਵੱਖ ਕੇਸ ਦਰਜ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪੰਜਾਬ ਪੁਲਿਸ ਨੂੰ ਇਸ ਆਪਰੇਸ਼ਨ ਲਈ ਵਧਾਈ ਦਿੱਤੀ ਹੈ।
ਕੌਣ ਹੈ ਦਿਲਪ੍ਰੀਤ ਢਾਹਾਂ?
ਦਿਲਪ੍ਰੀਤ ਢਾਹਾਂ ਉਹੀ ਸ਼ਖਸ ਹੈ ਜਿਸ ਉੱਤੇ ਇਲਜ਼ਾਮ ਹਨ ਕਿ ਉਸ ਨੇ ਬੀਤੀ 14 ਅਪ੍ਰੈਲ ਨੂੰ ਪੰਜਾਬੀ ਸਿੰਗਰ ਪਰਮੀਸ਼ ਵਰਮਾ ਉੱਤੇ ਗੋਲੀ ਚਲਾਈ ਸੀ।
ਇਸਦੇ ਨਾਲ ਹੀ ਦਿਲਪ੍ਰੀਤ 'ਤੇ ਗਿੱਪੀ ਗਰੇਵਾਲ ਨੂੰ ਫੋਨ ਉੱਤੇ ਜਬਰਨ ਵਸੂਲੀ ਲਈ ਧਮਕਾਉਣ ਦੇ ਵੀ ਇਲਜ਼ਾਮ ਲੱਗੇ ਸਨ।