ਸੋਸ਼ਲ: 'ਤੁਹਾਡਾ ਪ੍ਰਮੋਟ ਕੀਤਾ ਹਥਿਆਰ ਕਲਚਰ, ਤੁਸੀਂ ਭੁਗਤ ਰਹੇ ਹੋ'- ਪਰਮੀਸ਼ ਵਰਮਾ ਦੀ ਪੋਸਟ 'ਤੇ ਲੋਕਾਂ ਦੀ ਪ੍ਰਤੀਕਿਰਿਆ

ਡਾਇਰੈਕਟਰ ਅਤੇ ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਤਕਰੀਬਨ ਇੱਕ ਮਹੀਨੇ ਪਹਿਲਾਂ ਆਪਣੇ ਉੱਤੇ ਹੋਏ ਹਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਫ਼ਿਰ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਇਸ ਵਾਰ ਲਿਖਿਆ ਕਿ ਉਨ੍ਹਾਂ 'ਤੇ ਜੋ ਜਾਨਲੇਵਾ ਹਮਲਾ ਹੋਇਆ ਸੀ ਉਹ ਫਿਰੌਤੀ ਦਾ ਮਾਮਲਾ ਸੀ।

ਐਤਵਾਰ ਸ਼ਾਮ ਨੂੰ ਫੇਸਬੁੱਕ 'ਤੇ ਪਾਈ ਇੱਕ ਪੋਸਟ ਵਿੱਚ ਉਨ੍ਹਾਂ ਲਿਖਿਆ, ''ਜੋ ਵੀ ਬੀਤੇ ਦਿਨਾਂ 'ਚ ਦਿਲਪ੍ਰੀਤ ਸਬੰਧਿਤ ਹੋਇਆ ਓਹ ਇੱਕ ਫਿਰੌਤੀ ਦਾ ਮਾਮਲਾ ਸੀ । ਮੇਰਾ ਕਿਸੇ ਨਾਲ ਵੀ ਪੁਰਾਣਾ ਸਰੋਕਾਰ, ਰਿਸ਼ਤਾ ਜਾਂ ਰੰਜਿਸ਼ ਨਹੀਂ ਹੈ।''

ਉਨ੍ਹਾਂ ਅੱਗੇ ਲਿਖਿਆ ਕਿ ਮੈਂ ਜੋ ਉਦਾਸੀ ਆਪਣੀ ਮਾਂ ਦੇ ਚਿਹਰੇ 'ਤੇ ਦੇਖੀ ਮੈਂ ਨਹੀਂ ਚਾਹੁੰਦਾ ਉਹ ਉਦਾਸੀ ਕਿਸੇ ਵੀ ਪੁੱਤ ਦੀ ਮਾਂ ਦੇ ਚਿਹਰੇ 'ਤੇ ਆਵੇ ।

ਪਰਮੀਸ਼ ਨੇ ਪੋਸਟ ਦੇ ਨਾਲ ਆਪਣੀ ਅਤੇ ਇੱਕ ਪਾਲਤੂ ਕੁੱਤੇ ਦੀ ਤਸਵੀਰ ਵੀ ਸਾਂਝੀ ਕੀਤੀ।

ਅਪਰੈਲ ਮਹੀਨੇ ਵਿੱਚ ਪਰਮੀਸ਼ ਵਰਮਾ 'ਤੇ ਮੋਹਾਲੀ ਵਿੱਚ ਦਿਲਪ੍ਰੀਤ ਸਿੰਘ ਢਾਹਾਂ ਵੱਲੋਂ ਫਾਇਰਿੰਗ ਦੇ ਇਲਜ਼ਾਮ ਲੱਗੇ। ਦਿਲਪ੍ਰੀਤ ਨੇ ਸੋਸ਼ਲ ਮੀਡੀਆ 'ਤੇ ਇਸ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਸੀ।

ਪਰਮੀਸ਼ ਵਰਮਾ ਦੀ ਫੇਸਬੁੱਕ 'ਤੇ ਪਾਈ ਪੋਸਟ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਕੁਮੈਂਟ ਕੀਤੇ। ਬਹੁਤੇ ਕੁਮੈਂਟ ਉਨ੍ਹਾਂ ਦੀ ਸਿਹਤਯਾਬੀ ਅਤੇ ਮੁੜ ਕੰਮ 'ਤੇ ਪਰਤਣ ਨੂੰ ਲੈ ਕੇ ਸਨ।

ਮਨਜੀਤ ਕੰਡੋਲਾ ਨੇ ਲਿਖਿਆ, ''ਤੁਸੀਂ ਪਹਿਲਾਂ ਨਾਲੋਂ ਠੀਕ ਹੋ ਇਹ ਦੇਖ ਕੇ ਚੰਗਾ ਲੱਗਿਆ। ਰੱਬ ਤੁਹਾਡੇ 'ਤੇ ਮਿਹਰ ਬਣਾਈ ਰੱਖੇ।''

ਪੂਨਮ ਸ਼ਰਮਾ ਨੇ ਕੁਮੈਂਟ ਕੀਤਾ, ''ਬਹੁਤ ਵਧੀਆ ਲਿਖਿਆ ਪਰਮੀਸ਼ ਤੁਸੀਂ ਪਰਿਵਾਰ ਸਾਰਿਆਂ ਦੇ ਇੱਕ ਜਿਹੇ ਹੁੰਦੇ ਹਨ। ਮਾਵਾਂ ਕਦੇ ਵੀ ਬੱਚਿਆਂ ਦੀ ਅੱਖ ਵਿੱਚ ਹੰਝੂ ਨਹੀਂ ਦੇਖ ਸਕਦੀਆਂ।''

ਮਨੀਸ਼ ਪਾਂਧੀ ਨੇ ਲਿਖਿਆ, ''ਕੁਝ ਨਹੀਂ ਹੋਇਆ ਵੀਰ ਸਲਾਮ ਤੇਰੀ ਸੋਚ ਨੂੰ, ਧੰਨ ਤੇਰੀ ਮਾਂ ਨੂੰ ਜਿੰਨੇ ਇੰਨੇ ਵਡੇ ਸੰਸਕਾਰ ਦਿੱਤੇ, ਧੰਨ ਬਾਪੂ ਜਿੰਨੇ ਹੱਡ ਤੋੜ ਮਿਹਨਤ ਕਰ ਉਸ ਮੁਕਾਮ ਤੇ ਪਹੁੰਚਾਇਆ।''

ਵਿਕਾਸ ਸਿੰਘ ਰਾਜਪੂਤ ਨੇ ਕੁਮੈਂਟ ਕੀਤਾ ਕਿ ਇਸ ਤਸਵੀਰ ਵਿੱਚ ਖੁਸ਼ੀ ਅਤੇ ਉਦਾਸੀ ਦੋਵੇਂ ਹਨ, ਇਸ ਹਾਲਤ 'ਚ ਦੇਖ ਕੇ ਦੁਖ ਹੁੰਦਾ ਹੈ।

ਕੁਮੈਂਟ ਕਰਨ ਵਾਲਿਆਂ ਵਿੱਚ ਕਈ ਉਹ ਲੋਕ ਵੀ ਸਨ ਜਿਨ੍ਹਾਂ ਨੇ ਪਰਮੀਸ਼ ਵਰਮਾ ਵੱਲੋਂ ਫਿਲਮਾਏ ਜਾਂਦੇ ਗਾਣਿਆਂ ਅਤੇ ਉਨ੍ਹਾਂ ਵਿੱਚ ਹਥਿਆਰ ਕਲਚਰ ਨੂੰ ਲੈ ਕੇ ਆਲੋਚਨਾ ਕੀਤੀ।

ਗੁਰੀ ਕੁਸਲਾ ਨੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਲਿਖਿਆ, ''ਜਿਹੜੇ ਗੀਤਾਂ 'ਚ ਹਥਿਆਰ ਚਲਾਉਂਦਾ ਹੁੰਨਾ ਉਹ ਕਿਉ ਨਹੀ ਚੱਲੇ?ਤੁਹਾਡੇ ਵਰਗੇ ਲੋਕਾਂ ਦਾ ਪ੍ਰਮੋਟ ਕੀਤਾ ਹੋਇਆ ਇਹ ਹਥਿਆਰ ਕਲਚਰ, ਤੁਸੀਂ ਭੁਗਤ ਰਹੇ ਹੋ।''

ਮਨਜੀਤ ਸਿੰਘ ਢਿੱਲੋਂ ਲਿਖਿਆ, ''ਜਿਹੜਾ ਹਿੰਦੂ ਸਿੱਖ ਦਾ ਮਸਲਾ ਹੋ ਗਿਆ ਸੀ ਉਸ ਬਾਰੇ ਵੀ ਕੁਝ ਬੋਲਦਾ, ਆਪਣੇ ਪਰਿਵਾਰ ਤਾਂ ਦਿਸਦੇ ਹਨ ਪਰ ਲੋਕਾਂ ਵਿੱਚ ਤਾਂ ਦੁਸ਼ਮਣੀ ਪੈ ਚੱਲੀ ਸੀ।''

ਰਿਸ਼ਵ ਅਰੁਨ ਨੇ ਮਨੋਰੰਜਨ ਦੇ ਢੰਗ ਤਰੀਕੇ ਦੀ ਗੱਲ ਚੁੱਕੀ। ਉਨ੍ਹਾਂ ਲਿਖਿਆ, ''ਮਨੋਰੰਜਨ ਵੀ ਸਹੀ ਢੰਗ ਨਾਲ ਕਰੋ, ਇਹ ਬਹਾਨਾ ਛੱਡ ਦੋ ਜੋ ਲੋਕ ਸੁਣਦੇ ਆ ਓਹੀ ਸੁਣਾਉਂਦੇ ਹਾਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)