ਸਮਰਥਨ ਮੁੱਲ ਵਾਧਾ : 'ਸਭ 2019 ਲਈ ਲੌਲੀਪੌਪ ਹੈ'- Social Media

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਸਾਉਣੀ ਦੀਆਂ ਫਸਲਾਂ ਦੇ ਐੱਮਐੱਸਪੀ ਵਧਾਉਣ ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐੱਮਐੱਸਪੀ ਵਧਾਉਣ ਨਾਲ ਕਿਸਾਨਾਂ ਨੂੰ ਰਾਹਤ ਨਹੀਂ ਦਿੱਤੀ ਜਾ ਸਕਦੀ ਅਤੇ ਕੇਂਦਰ ਸਰਕਾਰ ਵੱਲੋਂ ਸਵਾਮੀਨਾਥਨ ਰਿਪੋਰਟ ਨੂੰ ਪੂਰੇ ਤਰੀਕੇ ਨਾਲ ਲਾਗੂ ਕਰਨਾ ਚਾਹੀਦਾ ਹੈ।

ਭਾਰਤ ਦੀ ਕੇਂਦਰੀ ਕੈਬਨਿਟ ਨੇ ਸਾਉਣੀ ਦੀਆਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ 200 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਨ ਦਾ ਐਲਾਨ ਕੀਤਾ ਹੈ। ਹੁਣ ਇੱਕ ਕੁਇੰਟਲ ਝੋਨੇ ਦੀ ਘੱਟੋ ਘੱਟ ਕੀਮਤ 1750 ਰੁਪਏ ਹੋ ਜਾਵੇਗੀ।

ਬਜਟ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਦਾ ਵਾਅਦਾ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ''ਮੈਨੂੰ ਬੇਹੱਦ ਖੁਸ਼ੀ ਹੈ ਕਿ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਸਰਕਾਰ ਨੇ ਲਾਗਤ ਦਾ ਡੇਢ ਗੁਣਾ ਐਮਐਸਪੀ ਦੇਣ ਦੇ ਵਾਅਦੇ ਨੂੰ ਪੂਰਾ ਕੀਤਾ ਹੈ।''

''ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਇਸ ਵਾਰ ਇਤਿਹਾਸਕ ਵਾਧਾ ਕੀਤਾ ਗਿਆ ਹੈ, ਸਾਰਿਆਂ ਨੂੰ ਵਧਾਈ।''

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕੀਤਾ। ਉਨ੍ਹਾਂ ਲਿਖਿਆ, ''ਕਾਂਗਰਸ ਨੇ ਹਮੇਸ਼ਾ ਕਿਸਾਨਾਂ ਦੇ ਹਿੱਤ ਵਿੱਚ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਪਰ ਕਦੇ ਕੀਤਾ ਕੁਝ ਨਹੀਂ। ਪਰ ਮੋਦੀ ਜੀ ਨੇ ਖੇਤੀ ਅਰਥਚਾਰੇ ਲਈ ਵੱਡਾ ਕਦਮ ਚੁੱਕਿਆ ਹੈ।''

ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਵੀ ਟਵੀਟ ਕੀਤਾ, ''ਮੋਦੀ ਸਰਕਾਰ ਵੱਲੋਂ ਝੋਨੇ ਦੇ ਉਤਪਾਦਕਾਂ ਲਈ ਖੁਸ਼ੀ ਦੀ ਖ਼ਬਰ ਹੈ ਪਰ ਪੰਜਾਬ ਵਿੱਚ ਇਹ ਇੱਕ ਨਵੀਂ ਚੁਣੌਤੀ ਪੈਦਾ ਕਰੇਗਾ।''

ਸਿਆਸੀ ਆਗੂਆਂ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਜਿੱਥੇ ਵਧੇਰੇ ਲੋਕ ਵਧਾਈਆਂ ਦਿੰਦੇ ਨਜ਼ਰ ਆਏ ਤਾਂ ਕੁਝ ਲੋਕਾਂ ਨੇ ਇਸ ਫੈਸਲੇ ਨੂੰ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਇੱਕ ਸਟੰਟ ਦੱਸਿਆ।

ਮਾਰਟਿਨ ਵੀ ਨੇ ਲਿਖਿਆ, '' ਇਸ ਫੈਸਲੇ ਦਾ ਕੋਈ ਫਾਇਦਾ ਨਹੀਂ, ਕਿਸਾਨਾਂ ਨੂੰ ਐਮਐਸਪੀ ਮਿਲਦੀ ਹੀ ਨਹੀਂ ਹੈ।''

ਉਰਵਸ਼ੀ ਰੌਟੇਲਾ ਨਾਂ ਦੇ ਟਵਿੱਟਰ ਹੈਂਡਲ ਨੇ ਲਿਖਿਆ, ''ਘੱਟੋ ਘੱਟ ਮੁੱਲ 2200 ਰੁਪਏ ਹੋਣਾ ਚਾਹੀਦਾ ਹੈ, 1750 ਰੁਪਏ ਘੱਟ ਹੈ। ਪਤਾ ਨਹੀਂ ਇੱਥੇ ਹਿਸਾਬ ਕੌਣ ਲਾਉਂਦਾ ਹੈ?''

ਆਕਾਸ਼ ਮਿਸ਼ਰ ਨੇ ਲਿਖਿਆ, ''ਕਿਸੇ ਨਾ ਕਿਸੇ ਨੂੰ ਤਾਂ ਪ੍ਰੇਸ਼ਾਨ ਹੋਣਾ ਹੀ ਪੈਣਾ ਹੈ, ਕਿਸਾਨ ਖੁਸ਼ ਤਾਂ ਜਨਤਾ ਪ੍ਰੇਸ਼ਾਨ, ਜਨਤਾ ਖੁਸ਼ ਤਾਂ ਕਿਸਾਨ ਪ੍ਰੇਸ਼ਾਨ।''

ਜਗਦੀਪ ਸਿੰਘ ਨੇ ਕਿਹਾ, ''ਇਸ ਫੈਸਲੇ ਨੂੰ 2019 ਦੇ ਚੋਣਾਂ ਤੋਂ ਪਹਿਲਾਂ ਮਨ ਲੁਭਾਉਣ ਵਾਲੇ ਫੈਸਲੇ ਵਾਂਗ ਵੇਖਿਆ ਜਾ ਰਿਹਾ ਹੈ। ਸਭ 2019 ਲਈ ਲੌਲੀਪੌਪ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)