ਸਵੱਛਤਾ ਸਰਵੇਖਣ 2018: ਪੰਜਾਬ 'ਚ ਬਠਿੰਡਾ ਅੱਵਲ, ਬਟਾਲਾ ਫਾਡੀ

ਭਾਰਤੀ ਸ਼ਹਿਰਾਂ ਦੀ ਸਾਫ਼-ਸਫ਼ਾਈ ਲਈ ਕੀਤੇ ਸਰਵੇਖਣ ਵਿੱਚ ਬਟਾਲਾ ਪੰਜਾਬ ਦਾ ਸਭ ਤੋਂ ਮਾੜਾ ਸ਼ਹਿਰ ਬਣਿਆ ਹੈ ਜਦਕਿ ਬਠਿੰਡਾ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਹੈ।

ਭਾਰਤੀ ਸ਼ਹਿਰਾਂ ਨੂੰ ਆਪਣੀ ਸਾਫ਼-ਸਫ਼ਾਈ ਵਿੱਚ ਸੁਧਾਰ ਕਰਨ ਲਈ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਸਾਲ 2016 ਤੋਂ ਸਵੱਛ ਸਰਵੇਖਣ ਕਰਦੀ ਆ ਰਹੀ ਹੈ।

ਇਹ ਸਰਵੇਖਣ ਭਾਰਤ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕੀਤਾ ਜਾਂਦਾ ਹੈ।

ਸਾਲ 2016 ਵਿੱਚ ਇਸ ਸਰਵੇਖਣ ਵਿੱਚ 73 ਜ਼ਿਲ੍ਹੇ ਸ਼ਾਮਲ ਕੀਤੇ ਗਏ ਸਨ ਅਤੇ ਸਾਲ 2017 ਵਿੱਚ 434 ਸ਼ਹਿਰ ਇਸ ਸਰਵੇਖਣ ਵਿੱਚ ਸ਼ਾਮਲ ਕੀਤੇ ਗਏ। ਇਸ ਵਾਰ ਸਾਲ 2018 ਦੇ ਸਰਵੇਖਣ ਵਿੱਚ 4203 ਸ਼ਹਿਰ ਸ਼ਾਮਲ ਸਨ।

ਸੂਬਿਆਂ ਦੀ ਦਰਜੇਬੰਦੀ

ਸਾਫ-ਸਫਾਈ ਦੇ ਲਿਹਾਜ਼ ਤੋਂ ਭਾਰਤ ਦੇ ਸੂਬਿਆਂ ਦੀ ਦਰਜੇਬੰਦੀ ਕੀਤੀ ਗਈ। ਇਸ ਵਿੱਚ ਝਾਰਖੰਡ ਪਹਿਲੇ ਅਤੇ ਤ੍ਰਿਪੁਰਾ 31ਵੇਂ ਨੰਬਰ 'ਤੇ ਰਿਹਾ।

ਪੰਜਾਬ ਆਪਣੇ ਗੁਆਂਢੀ ਸੂਬੇ ਹਰਿਆਣਾ ਤੋਂ ਇੱਕ ਦਰਜਾ ਉੱਪਰ 9ਵੇਂ ਨੰਬਰ 'ਤੇ ਰਿਹਾ। ਦੇਸ ਦੀ ਰਾਜਧਾਨੀ ਦਿੱਲੀ 25ਵੇਂ ਨੰਬਰ 'ਤੇ ਰਹੀ।

ਪੰਜਾਬ ਦੇ ਸ਼ਹਿਰਾਂ ਦੀ ਰੈਂਕ

ਪੰਜਾਬ ਦੇ ਸ਼ਹਿਰਾਂ ਵਿੱਚ ਬਠਿੰਡਾ 104 ਰੈਂਕ ਹਾਸਿਲ ਕਰਕੇ ਪੰਜਾਬ ਦਾ ਸਭ ਤੋਂ ਸਾਫ ਸ਼ਹਿਰ ਬਣਿਆ ਹੈ। ਉਸ ਤੋਂ ਬਾਅਦ ਮੁਹਾਲੀ ਦਾ ਨੰਬਰ ਹੈ ਜਿਸਦਾ ਰੈਂਕ 109 ਆਇਆ ਹੈ।

ਪੰਜਾਬ ਦਾ ਸਨਅਤੀ ਸ਼ਹਿਰ ਲੁਧਿਆਣਾ 137ਵੇਂ ਨੰਬਰ ਤੇ ਹੈ ਜਦਕਿ ਬਟਾਲਾ ਸਫਾਈ ਪੱਖੋਂ ਸਭ ਤੋਂ ਪਿਛੜਿਆ ਹੋਇਆ ਹੈ।

ਜ਼ੋਨ ਪੱਧਰ 'ਤੇ ਦਰਜੇਬੰਦੀ

ਇੱਕ ਲੱਖ ਤੋਂ ਘੱਟ ਵਸੋਂ ਵਾਲੇ ਸ਼ਹਿਰਾਂ ਦੀ ਦਰਜੇਬੰਦੀ ਜ਼ੋਨਲ ਪੱਧਰ 'ਤੇ ਕੀਤੀ ਗਈ ਹੈ।ਇਸ ਦਰਜੇਬੰਦੀ ਲਈ ਪੂਰੇ ਦੇਸ ਨੂੰ ਪੰਜ ਉੱਤਰੀ, ਪੂਰਬੀ, ਉੱਤਰੀ-ਪੂਰਬੀ, ਦੱਖਣੀ ਅਤੇ ਪੱਛਮੀ ਜ਼ੋਨਾਂ ਵਿੱਚ ਵੰਡਿਆ ਗਿਆ।

ਉੱਤਰੀ ਜ਼ੋਨ ਵਿੱਚ ਪੰਜਾਬ ਦਾ ਭਾਦਸੋਂ ਕਸਬਾ ਪਹਿਲੇ ਦਰਜੇ 'ਤੇ ਰਿਹਾ। ਪਹਿਲੇ ਦਸ ਵਿੱਚ ਗਿਣੇ ਗਏ ਪੰਜਾਬ ਦੇ ਹੋਰ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਮੂਨਕ ਤੀਜੇ, ਨਵਾਂ ਸ਼ਹਿਰ ਪੰਜਵੇਂ ਅਤੇ ਅਮਰਗੜ੍ਹ ਸੱਤਵੇਂ ਅਤੇ ਦੀਨਾ ਨਗਰ ਦਸਵੇਂ ਨੰਬਰ 'ਤੇ ਰਹੇ।

ਇਸ ਪੱਖ ਤੋਂ ਪੂਰਬੀ ਜ਼ੋਨ ਵਿੱਚ ਝਾਰਖੰਡ ਦਾ ਬੂੰਦੂ ਸ਼ਹਿਰ ਪਹਿਲੇ ਨੰਬਰ 'ਤੇ ਰਿਹਾ। ਜਦਕਿ ਸਭ ਤੋਂ ਅਖ਼ੀਰ ਵਿੱਚ ਛੱਤੀਸਗੜ੍ਹ ਦਾ ਜੰਜਗਰੀਲੀਆ ਸ਼ਹਿਰ 140 ਵੇਂ ਨੰਬਰ 'ਤੇ ਰਿਹਾ।

ਉੱਤਰੀ-ਪੂਰਬੀ ਜ਼ੋਨ ਵਿੱਚ ਮਣੀਪੁਰ ਦਾ ਸ਼ਹਿਰ ਕਕਚਿੰਗ ਪਹਿਲੇ ਅਤੇ ਆਸਾਮ ਦਾ ਨਮਰਪੁਰ ਸਭ ਤੋਂ ਅਖ਼ੀਰਲੇ ਨੰਬਰ 'ਤੇ ਰਿਹਾ।

ਦੱਖਣੀ ਜ਼ੋਨ ਵਿੱਚ ਤੇਲੰਗਾਨਾ ਦਾ ਸਿੱਧੀਪੀਠ ਸ਼ਹਿਰ ਪਹਿਲੇ ਅਤੇ ਆਂਧਰਾ ਪ੍ਰਦੇਸ਼ ਦਾ ਨਾਇਡੂਪੇਟ 140ਵੇਂ ਨੰਬਰ 'ਤੇ ਰਿਹਾ।

ਸ਼ਹਿਰਾਂ ਦੀ ਕੌਮੀ ਪੱਧਰ ਦੀ ਦਰਜੇਬੰਦੀ

ਜਿਨ੍ਹਾਂ ਸ਼ਹਿਰਾਂ ਦੀ ਵਸੋਂ ਇੱਕ ਲੱਖ ਤੋਂ ਵੱਧ ਸੀ ਉਨ੍ਹਾਂ ਦੀ ਦਰਜੇਬੰਦੀ ਕੌਮੀ ਪੱਧਰ 'ਤੇ ਕੀਤੀ ਗਈ।

ਇਸ ਸ਼੍ਰੇਣੀ ਵਿੱਚ ਸਭ ਤੋਂ ਉੱਪਰ ਰਿਹਾ ਮੱਧ ਪ੍ਰਦੇਸ਼ ਦਾ ਸ਼ਹਿਰ ਇੰਦੌਰ ਅਤੇ 140ਵੇਂ ਨੰਬਰ 'ਤੇ ਰਿਹਾ ਮਹਾਰਾਸ਼ਟਰ ਦਾ ਸ਼ਹਿਰ ਨੰਦੁਰਬਾਰ।

ਇਸ ਵਰਗ ਵਿੱਚ ਦੇਸ ਦੀ ਰਾਜਧਾਨੀ ਚੌਥੇ ਜਦਕਿ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਤੀਜੇ ਨੰਬਰ 'ਤੇ ਰਹੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕ ਸਭਾ ਹਲਕਾ ਵਾਰਾਣਸੀ 29ਵੇਂ ਨੰਬਰ 'ਤੇ ਰਿਹਾ। ਇਸ ਸੂਚੀ ਵਿੱਚ ਪੰਜਾਬ ਦਾ ਕੋਈ ਵੀ ਸ਼ਹਿਰ ਆਪਣੀ ਥਾਂ ਨਹੀਂ ਬਣਾ ਸਕਿਆ।

ਕੈਂਟੋਨਮੈਂਟ ਬੋਰਡ ਵਾਲੇ ਸ਼ਹਿਰ

ਇਸ ਸੂਚੀ ਵਿੱਚ ਦਿੱਲੀ ਕੈਂਟ (ਛਾਉਣੀ) ਪਹਿਲੇ ਨੰਬਰ 'ਤੇ ਰਹੀ।

ਪੰਜਾਬ ਦਾ ਜਲੰਧਰ ਕੈਂਟ ਦਸਵੇਂ ਨੰਬਰ 'ਤੇ ਰਿਹਾ। ਜਦਕਿ ਸੂਚੀ ਵਿੱਚ ਪੰਜਾਬ ਦਾ ਫਿਰੋਜ਼ਪੁਰ ਕੈਂਟ ਚੌਥੇ ਨੰਬਰ 'ਤੇ ਆਇਆ।

ਸਵੱਛਤਾ ਪੁਰਸਕਾਰ

ਕੌਮੀ ਪੁਰਸਕਾਰ -ਇਸ ਸ਼੍ਰੇਣੀ ਵਿੱਚ ਦਰਜੇਵਾਰ ਇੰਦੌਰ, ਭੋਪਾਲ ਅਤੇ ਚੰਡੀਗੜ੍ਹ ਸ਼ਹਿਰਾਂ ਨੂੰ ਪਹਿਲਾ, ਦੂਸਰਾ ਅਤੇ ਤੀਸਰਾ ਇਨਾਮ ਮਿਲਿਆ ਹੈ।

ਜ਼ੋਨਲ ਪੱਧਰੀ ਪੁਰਸਕਾਰ- ਇਸ ਵਰਗ ਵਿੱਚ ਪੰਜਾਬ ਦੇ ਪਟਿਆਲੇ ਦੇ ਭਾਦਸੋਂ ਨੂੰ ਪਹਿਲਾ, ਮੂਨਕ ਨੂੰ ਦੂਸਰਾ ਪੁਰਸਕਾਰ ਮਿਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)