ਨਰੋਦਾ ਪਾਟੀਆ ਮਾਮਲੇ 'ਚ ਤਿੰਨ ਦੋਸ਼ੀ 10-10 ਸਾਲ ਲਈ ਸਲਾਖਾਂ ਪਿੱਛੇ

ਨਰੋਦਾ ਪਾਟੀਆ

ਤਸਵੀਰ ਸਰੋਤ, Dilip Thakar/BBC

ਤਸਵੀਰ ਕੈਪਸ਼ਨ, ਅਬਦੁਲ ਮਜੀਦ ਸ਼ੇਖ ਦੋਸ਼ੀਆਂ ਨੂੰ ਸਜ਼ਾ ਹੋਵੇ ਇਸ ਲਈ ਮਸਜਿਦ ਅਤੇ ਮੰਦਿਰ ਜਾ ਕੇ ਦੁਆ ਮੰਗਦੇ ਸੀ
    • ਲੇਖਕ, ਭਾਰਗਵ ਪਾਰਿਖ
    • ਰੋਲ, ਬੀਬੀਸੀ ਲਈ

ਗੁਜਰਾਤ ਹਾਈ ਕੋਰਟ ਨੇ ਸੋਮਵਾਰ ਨੂੰ ਸਾਲ 2002 ਦੇ ਨਰੋਦਾ ਪਾਟੀਆ ਫਿਰਕੂ ਦੰਗੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਉਮੇਸ਼ ਭਰਵਾੜ, ਪਦਮਿੰਦਰ ਸਿੰਘ ਰਾਜਪੂਤ ਅਤੇ ਰਾਜਕੁਮਾਰ ਚੌਮਲ ਨੂੰ 10-10 ਸਾਲ ਦੀ ਕਰੜੀ ਸਜ਼ਾ ਸੁਣਾਈ ਹੈ।

ਹੇਠਲੀ ਅਦਾਲਤ ਨੇ ਸਾਲ 2012 ਵਿੱਚ ਇਨ੍ਹਾਂ ਤਿੰਨਾਂ ਨੂੰ ਬਰੀ ਕਰ ਦਿੱਤਾ ਸੀ।

ਅਪਰੈਲ ਵਿੱਚ ਅਦਾਲਤ ਨੇ ਹੇਠਲੀ ਅਦਾਲਤ ਦੇ ਬਜਰੰਗ ਦਲ ਦੇ ਨੇਤਾ ਬਾਬੂ ਬਜਰੰਗੀ ਨੂੰ ਦੋਸ਼ੀ ਠਹਿਰਾਉਣ ਦੇ ਫੈਸਲੇ ਨੂੰ ਕਾਇਮ ਰੱਖਿਆ ਸੀ, ਪਰ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਮਾਇਆ ਕੋਡਨਾਨੀ ਨੂੰ ਬਰੀ ਕਰ ਦਿੱਤਾ ਸੀ।

28 ਫਰਵਰੀ 2002 ਨੂੰ ਅਹਿਮਦਾਬਾਦ ਦੇ ਨਰੋਦਾ ਪਾਈਆ ਇਲਾਕੇ ਵਿੱਚ ਹੋਏ ਫਿਰਕੂ ਦੰਗੇ ਵਿੱਚ ਘੱਟੋ ਘੱਟ 97 ਮੁਸਲਮਾਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ।

ਸਰਕਾਰੀ ਅੰਕੜਿਆਂ ਮੁਤਾਬਕ 2002 ਗੁਜਰਾਤ ਦੰਗਿਆਂ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।

ਗੁਜਰਾਤ ਦੰਗੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਜਰਾਤ ਦੰਗਿਆਂ ਦੀ ਇੱਕ ਤਸਵੀਰ

16 ਸਾਲਾਂ ਤੋਂ ਮਸਜਿਦ-ਮੰਦਿਰ ਵਿੱਚ ਫਰਿਆਦ

ਦਿਨ ਵਿੱਚ ਪੰਜ ਵਾਰੀ ਨਮਾਜ ਪੜ੍ਹਨ ਵਾਲੇ ਅਤੇ ਪੰਜ ਵਾਰ ਮੰਦਿਰ ਜਾਣ ਵਾਲੇ 56 ਸਾਲਾ ਅਬਦੁਲ ਮਜੀਦ ਸ਼ੇਖ ਈਸ਼ਵਰ-ਅੱਲ੍ਹਾ ਕੋਲੋਂ ਇੱਕ ਹੀ ਦੁਆ ਮੰਗਦੇ ਸਨ ਕਿ ਨਰੋਦਾ ਪਾਟੀਆ ਕਾਂਡ ਦੇ ਸਾਰੇ ਮੁਲਜ਼ਮਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

ਉਹ ਕਾਲਿਕਾ ਮਾਤਾ ਦੇ ਮੰਦਿਰ ਵਿੱਚ ਜਾ ਕੇ ਵੀ ਇਹੀ ਅਰਦਾਸ ਕਰਦੇ ਸਨ। ਉਹ ਬਾਕੀ ਸਮਾਂ ਆਪਣੀ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ।

2002 ਵਿੱਚ ਅਹਿਮਦਾਬਾਦ ਦੇ ਨਰੋਦਾ ਪਾਟੀਆ ਫਿਰਕੂ ਦੰਗਿਆਂ ਵਿੱਚ ਉਨ੍ਹਾਂ ਦੀ ਗਰਭਵਤੀ ਪਤਨੀ ਸਣੇ ਉਨ੍ਹਾਂ ਦੇ ਘਰ ਦੇ ਅੱਠ ਲੋਕ ਮਾਰੇ ਗਏ ਸਨ।

ਉਨ੍ਹਾਂ ਦੇ ਪੁੱਤਰ ਨੂੰ ਸਾੜ ਦਿੱਤਾ ਗਿਆ ਸੀ। ਹਾਲਾਂਕਿ ਉਨ੍ਹਾਂ ਦੇ ਪੁੱਤਰ ਦੀ ਜਾਨ ਬਚ ਗਈ ਸੀ। ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਨੇ ਜੋ ਅਨੁਭਵ ਕੀਤਾ ਹੈ ਉਸ ਨੂੰ ਉਹ ਭੁੱਲ ਨਹੀਂ ਸਕਦੇ।

'ਕਿਸੇ ਨੇ ਮੇਰੇ ਸਿਰ 'ਤੇ ਤਲਵਾਰ ਮਾਰੀ'

ਉਹ 2002 ਦੇ ਫਰਵਰੀ ਮਹੀਨੇ ਨੂੰ ਕਿਆਮਤ ਮੰਨਦੇ ਹਨ। ਅਬਦੁਲ ਕਹਿੰਦੇ ਹਨ, "ਉਸ ਦਿਨ ਗੁਜਰਾਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਮੈਂ ਨਰੋਦਾ ਪਾਟੀਆ ਕੋਲ ਆਪਣੀ ਕਰਿਆਨੇ ਦੀ ਦੁਕਾਨ ਵਿੱਚ ਸੀ। ਆਪਣੀ ਛੋਟੀ ਜਿਹੀ ਦੁਕਾਨ ਬੰਦ ਕਰਕੇ ਮੈਂ ਬੈਠਾ ਹੀ ਸੀ ਕਿ ਭੜਕੀ ਹੋਈ ਭੀੜ ਦੇਖੀ। ਉਦੋਂ ਹੀ ਪਤਾ ਲੱਗਿਆ ਕਿ ਮੁਹੰਮਦ ਹੁਸੈਨ ਦੀ ਚਾਲ ਦੇ ਕੋਲ ਦੰਗਾ ਹੋਇਆ ਹੈ।"

ਨਰੋਦਾ ਪਾਟੀਆ

ਤਸਵੀਰ ਸਰੋਤ, Dilip Thakar/BBC

ਤਸਵੀਰ ਕੈਪਸ਼ਨ, ਅਬਦੁਲ ਮਜੀਦ ਕਹਿੰਦੇ ਹਨ ਉਸ ਦਿਨ ਗੁਜਰਾਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਉਹ ਨਰੋਦਾ ਪਾਟੀਆ ਕੋਲ ਆਪਣੀ ਕਰਿਆਨੇ ਦੀ ਦੁਕਾਨ ਵਿੱਚ ਸਨ।

"ਇੱਕ ਹਿੰਸਕ ਭੀੜ ਆਈ ਅਤੇ ਮੈਂ ਕੁਝ ਸਮਝ ਸਕਦਾ ਇਸ ਤੋਂ ਪਹਿਲਾਂ ਹੀ ਕਿਸੇ ਨੇ ਮੇਰੇ ਸਿਰ 'ਤੇ ਤਲਵਾਰ ਮਾਰੀ। ਮੇਰੇ ਸਿਰ ਤੋਂ ਖੂਨ ਨਿਕਲਣ ਲੱਗਾ ਅਤੇ ਥੋੜ੍ਹੀ ਹੀ ਦੇਰ ਵਿੱਚ ਮੇਰੇ ਕਪੜੇ ਖੂਨ ਨਾਲ ਭਿੱਜ ਗਏ।"

ਅਬਦੁਲ ਕਰੀਮ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਏ। ਉਸ ਵੇਲੇ ਉਨ੍ਹਾਂ ਦੇ ਹੱਥ ਵਿੱਚ ਕੁਰਾਨ ਸੀ। ਅੱਲ੍ਹਾ ਨੂੰ ਯਾਦ ਕਰਦੇ ਕਰਦੇ ਉਨ੍ਹਾਂ ਨੂੰ ਇੱਕ ਗੱਲ ਦੀ ਤਸੱਲੀ ਸੀ ਕਿ ਉਹ ਆਪਣੇ ਪਰਿਵਾਰ ਨੂੰ ਸੁਰੱਖਿਅਤ ਥਾਂ 'ਤੇ ਭੇਜ ਕੇ ਆਏ ਸੀ।

ਉਨ੍ਹਾਂ ਨੂੰ ਜਦੋਂ ਹੋਸ਼ ਆਇਆ ਤਾਂ ਉਹ ਇੱਕ ਹਸਪਤਾਲ ਵਿੱਚ ਸਨ। ਉਨ੍ਹਾਂ ਕੋਲ ਇੱਕ ਬਿਸਤਰ 'ਤੇ ਅੱਧ ਜਲੀ ਹਾਲਤ ਵਿੱਚ ਉਨ੍ਹਾਂ ਦੀ ਧੀ ਸੋਫ਼ੀਆ ਸੀ। ਉਨ੍ਹਾਂ ਦਾ ਛੇ ਸਾਲ ਦਾ ਪੁੱਤਰ ਯਾਸੀਨ ਵੀ ਸੜੀ ਹੋਈ ਹਾਲਤ ਵਿੱਚ ਸੀ। ਸੋਫ਼ੀਆ ਕੁਝ ਬੋਲਣ ਦੀ ਹਾਲਤ ਵਿੱਚ ਨਹੀਂ ਸੀ। ਯਾਸਿਨ ਡਰਿਆ ਹੋਇਆ ਸੀ। ਉਸ ਦੇ ਸਰੀਰ 'ਤੇ ਕਪੜਾ ਵੀ ਨਹੀਂ ਸੀ।

'ਧੀ ਨੂੰ ਅੱਖਾਂ ਸਾਹਮਣੇ ਮਰਦੇ ਦੇਖਿਆ'

ਅਬਦੁਲ ਕਹਿੰਦੇ ਹਨ, "ਮੈਂ ਆਪਣੀ ਧੀ ਨੂੰ ਮੇਰੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ ਹੈ। ਪਰਿਵਾਰ ਦੇ ਦੂਜੇ ਮੈਂਬਰਾਂ ਬਾਰੇ ਪਤਾ ਲੱਗਿਆ ਕਿ ਮੇਰੀ ਗਰਭਵਤੀ ਪਤਨੀ ਅਤੇ ਸੱਤ ਬੱਚਿਆਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਹੈ। ਉਸ ਤੋਂ ਬਾਅਦ ਮੈਂ ਯਾਸਿਨ ਨੂੰ ਗਲੇ ਲਾਇਆ। ਮੈਂ ਪੁਲਿਸ ਨੂੰ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਸੀ। ਮੈਂ ਅੱਧਾ ਪਾਗਲ ਹੋ ਗਿਆ ਸੀ। ਮੇਰੇ ਤਿੰਨ ਪੁੱਤਰ, ਤਿੰਨ ਧੀਆਂ, ਗਰਭਵਤੀ ਪਤਨੀ ਅਤੇ ਉਸ ਦੇ ਗਰਭ ਵਿੱਚ ਪਲ ਰਿਹਾ ਬੱਚਾ ਅੱਲ੍ਹਾ ਨੂੰ ਪਿਆਰੇ ਹੋ ਗਏ ਸੀ।"

ਨਰੋਦਾ ਪਾਟੀਆ

ਤਸਵੀਰ ਸਰੋਤ, Dilip Thakar/BBC

ਤਸਵੀਰ ਕੈਪਸ਼ਨ, ਅਬਦੁਲ ਮਜੀਦ ਸ਼ੇਖ ਦਾ ਕਹਿਣਾ ਹੈ ਕਿ ਛੋਟੇ ਪੁੱਤਰ ਯਾਸਿਨ ਅਤੇ ਦੂਜੀ ਧੀ ਨੂੰ ਇਕੱਲਾ ਛੱਡ ਕੇ ਮੈਨੂੰ ਜਾਣਾ ਪੈਂਦਾ ਸੀ।

ਅਬਦੁਲ ਕਹਿੰਦੇ ਹਨ, "ਮੇਰੇ ਪਰਿਵਾਰ ਵਾਲਿਆਂ ਦੇ ਅੰਤਿਮ ਸਸਕਾਰ ਮੇਰੇ ਰਿਸ਼ਤੇਦਾਰਾਂ ਨੇ ਕੀਤੇ। ਮੈਂ ਸਰਕਾਰੀ ਅਧਿਕਾਰੀਆਂ ਦੇ ਚੱਕਰ ਕੱਟਦਾ ਰਿਹਾ। ਛੋਟੇ ਪੁੱਤਰ ਯਾਸਿਨ ਅਤੇ ਦੂਜੀ ਧੀ ਨੂੰ ਇਕੱਲੀ ਛੱਡ ਕੇ ਮੈਨੂੰ ਜਾਣਾ ਪੈਂਦਾ ਸੀ।ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਕੇ ਮੈਂ ਆਪਣੇ ਪਰਿਵਾਰ ਦੇ ਮੌਤ ਦੇ ਪਰਮਾਣ ਪੱਤਰ ਲਏ ਉਸ ਤੋਂ ਬਾਅਦ ਕਦੇ ਨਰੋਦਾ ਪਾਟੀਆ ਨਹੀਂ ਗਿਆ।"

ਉਹ ਕਹਿੰਦੇ ਹਨ, "ਇੱਕ ਵਾਰੀ ਮੈਂ ਆਪਣੇ ਜਨਮ ਸਥਾਨ ਕਰਨਾਟਕ ਗਿਆ ਉਦੋਂ ਮੈਂ ਦੇਖਿਆ ਕਿ ਉੱਥੇ ਮਸਜਿਦ ਦੇ ਬਾਹਰ ਇੱਕ ਭਿਖਾਰੀ ਮੇਰੀ ਫੋਟੋ ਦਿਖਾ ਕੇ ਭੀਖ ਮੰਗ ਰਿਹਾ ਸੀ। ਉਹ ਕਹਿੰਦਾ ਸੀ ਕਿ ਇਹ ਮੇਰਾ ਭਰਾ ਹੈ। ਉਸ ਦੇ ਪਰਿਵਾਰ ਦੇ ਅੱਠ ਲੋਕ ਮਰ ਗਏ ਹਨ। ਮਸਜਿਦ ਵਿੱਚੋਂ ਨਿਕਲਦੇ ਲੋਕ ਉਸ ਨੂੰ ਪੈਸੇ ਦਿੰਦੇ ਸਨ। ਮੈਂ ਉਸ ਭਿਖਾਰੀ ਨੂੰ ਉਠਾਇਆ ਅਤੇ ਕਿਹਾ ਕਿ ਮੈਂ ਹਾਲੇ ਜ਼ਿੰਦਾ ਹਾਂ ਮੇਰੇ ਨਾਮ 'ਤੇ ਪੈਸੇ ਨਾ ਮੰਗੋ। ਉਦੋਂ ਤੋਂ ਪੈਸਿਆਂ ਤੋਂ ਮੇਰਾ ਮਨ ਉੱਠ ਗਿਆ ਹੈ। ਉਂਝ ਵੀ ਮੈਂ ਆਪਣੇ ਘਰ ਦੇ ਲੋਕਾਂ ਨੂੰ ਗਵਾ ਚੁੱਕਿਆ ਹਾਂ। ਮਜ਼ਹਬ ਅਤੇ ਮੇਰੀ ਮੌਤ ਦੇ ਨਾਮ 'ਤੇ ਲੋਕ ਪੈਸੇ ਇਕੱਠੇ ਕਰਦੇ ਸਨ।"

'ਮਜ਼ਹਬ ਨੂੰ ਜਦੋਂ ਕੋਈ ਝਰੀਟ ਵੀ ਆਵੇ ਤਾਂ ਤੂਫ਼ਾਨ ਆ ਜਾਂਦਾ ਹੈ'

ਅਬਦੁਲ ਕਹਿੰਦੇ ਹਨ, "ਉਸ ਤੋਂ ਬਾਅਦ ਮੈਂ ਅਜਮੇਰ ਸ਼ਰੀਫ਼ ਗਿਆ। ਉੱਥੇ ਮੁਸਲਿਮ ਹੀ ਨਹੀਂ ਹਿੰਦੂ ਵੀ ਦੁਆਵਾਂ ਮੰਗਣ ਆਉਂਦੇ ਹਨ। ਉਸ ਤੋਂ ਬਾਅਦ ਮੈਂ ਉਰਸ ਵਿੱਚ ਗਿਆ ਜਿੱਥੇ ਮੈਂ ਕੱਵਾਲੀ ਸੁਣੀ, ਉਸ ਦੀਆਂ ਦੋ ਲਾਈਨਾਂ ਮੇਰੇ ਜ਼ਹਿਨ ਵਿੱਚ ਉਤਰ ਗਈਆਂ।"

ਅਬਦੁਲ ਮਜੀਦ ਸ਼ੇਖ

ਤਸਵੀਰ ਸਰੋਤ, Dilip Thakar/BBC

ਤਸਵੀਰ ਕੈਪਸ਼ਨ, ਸਥਾਨਕ ਕਾਲਿਕਾ ਮੰਦਿਰ ਵਿੱਚ ਮੱਥਾ ਟੇਕਦੇ ਅਬਦੁਲ ਮਜੀਦ ਸ਼ੇਖ

"ਇਨਸਾਨੀਅਤ ਜਾਨ ਤੋਂ ਵੀ ਜਾਵੇ ਤਾਂ ਚਰਚਾ ਨਹੀਂ ਹੁੰਦੀ ਮੇਰੇ ਮੁਲਕ ਵਿੱਚ, ਧਰਮ ਨੂੰ ਝਰੀਟ ਵੀ ਆਵੇ ਤਾਂ ਤੂਫ਼ਾਨ ਆ ਜਾਂਦੇ ਹਨ।"

"ਕੱਵਾਲੀ ਦੀਆਂ ਇਨ੍ਹਾਂ ਲਾਈਨਾਂ ਨੇ ਮੇਰਾ ਜੁਨੂੰਨ ਤੋੜ ਦਿੱਤਾ। ਧਰਮ ਲਈ ਮੇਰਾ ਨਜ਼ਰੀਆ ਬਦਲ ਗਿਆ। ਧਰਮ ਦੇ ਨਾਮ 'ਤੇ ਬੇਕਸੂਰ ਲੋਕਾਂ ਦਾ ਕਤਲ ਕਰਨ ਵਾਲਿਆਂ ਨੂੰ ਸਜ਼ਾ ਹੋਣੀ ਹੀ ਚਾਹੀਦੀ ਹੈ। ਇਸ ਲਈ ਪੰਜ ਵਾਰੀ ਨਮਾਜ ਪੜ੍ਹਣ ਦੇ ਨਾਲ ਹੀ ਮੈਂ ਮੰਦਿਰ ਜਾਣਾ ਸ਼ੁਰੂ ਕਰ ਦਿੱਤਾ।"

"ਮੈਂ ਜਿੱਥੇ ਰਹਿੰਦਾ ਹਾਂ ਉੱਥੋਂ ਕੁਝ ਦੂਰੀ 'ਤੇ ਕਾਲਿਕਾ ਮਾਤਾ ਦਾ ਮੰਦਿਰ ਹੈ। ਨਮਾਜ਼ ਪੜ੍ਹਣ ਤੋਂ ਬਾਅਦ ਮੈਂ ਉੱਥੇ ਜਾਂਦਾ ਸੀ ਅਤੇ ਨਰੋਦਾ ਪਾਟੀਆ ਦੇ ਗੁਨਾਹਗਾਰਾਂ ਨੂੰ ਸਜ਼ਾ ਮਿਲੇ ਅਜਿਹੀ ਦੁਆ ਦੋਹਾਂ ਥਾਵਾਂ 'ਤੇ ਕਰਦਾ ਸੀ।"

"ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਕਿਉਂਕਿ ਉਹ ਧਰਮ ਦੇ ਨਹੀਂ ਇਨਸਾਨੀਅਤ ਦੇ ਗੁਨਾਹਗਾਰ ਸਨ।"

ਥੋੜ੍ਹੀ ਦੇਰ ਰੁਕ ਕੇ ਅਬਦੁਲ ਕਹਿੰਦੇ ਹਨ, "ਮੈਂ ਆਪਣੇ ਪੁੱਤਰ ਨੂੰ ਵੀ ਇਹੀ ਸਿਖਾਉਂਦਾ ਹਾਂ ਕਿ ਧਰਮ ਤੋਂ ਉੱਤੇ ਇਨਸਾਨੀਅਤ ਹੁੰਦੀ ਹੈ। ਤੂੰ ਭਲੇ ਹੀ ਆਪਣੀ ਮਾਂ, ਭੈਣ-ਭਰਾ ਨੂੰ ਧਰਮ ਦੇ ਨਾਮ 'ਤੇ ਗਵਾਇਆ ਹੈ ਪਰ ਇਨਸਾਨੀਅਤ ਨੂੰ ਹਮੇਸ਼ਾਂ ਜ਼ਿੰਦਾ ਰਖੀਂ।"

'ਮਾਰੋ-ਕੱਟੋ ਦੀਆਂ ਚੀਕਾਂ ਸੁਣਨ ਨੂੰ ਮਿਲਦੀਆਂ ਸਨ'

ਅਬਦੁਲ ਵਰਗਾ ਬਦਲਾਅ ਆਏਸ਼ਾ ਬਾਨੋ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾ ਹੈ।

ਜਦੋਂ ਹਿੰਸਾ ਦੀ ਸ਼ੁਰੂਆਤ ਹੋਈ ਤਾਂ ਨਰੋਦਾ ਪਾਟੀਆ ਇਲਾਕੇ ਵਿੱਚ ਰਹਿਣ ਵਾਲੀ ਆਏਸ਼ਾ ਬਾਨੋ ਆਪਣੇ ਚਾਰ ਬੱਚਿਆਂ ਨੂੰ ਲੈ ਕੇ ਐੱਸਆਰਪੀ (ਸਟੇਟ ਰਿਜ਼ਰਵ ਪੁਲਿਸ) ਕੈਂਪ ਵਿੱਚ ਭੱਜ ਕੇ ਪਹੁੰਚੀ ਸੀ।

ਉਸ ਦੇ ਪਤੀ ਆਬਿਦ ਅਲੀ ਪਠਾਨ ਰਿਕਸ਼ਾ ਚਲਾਉਂਦੇ ਸਨ। ਉਸ ਵੇਲੇ ਮੋਬਾਈਲ ਫੋਨ ਮਹਿੰਗਾ ਸੀ। ਕਿਸੇ ਨੂੰ ਫੋਨ ਨਹੀਂ ਕਰ ਸਕਦੀ ਸੀ ਇਸ ਲਈ ਉਹ ਐੱਸਆਰਪੀ ਵਿੱਚ ਲੁੱਕ ਗਈ ਸੀ।

ਨਰੋਦਾ ਪਾਟੀਆ, ਆਏਸਾ ਬਾਨੋ

ਤਸਵੀਰ ਸਰੋਤ, Dilip Thakar/BBC

ਤਸਵੀਰ ਕੈਪਸ਼ਨ, ਹਿੰਸਾ ਦੀ ਸ਼ੁਰੂਆਤ ਹੋਈ ਤਾਂ ਨਰੋਦਾ ਪਾਟੀਆ ਇਲਾਕੇ ਵਿੱਚ ਰਹਿਣ ਵਾਲੀ ਆਏਸ਼ਾ ਬਾਨੋ ਆਪਣੇ ਚਾਰ ਬੱਚਿਆਂ ਨੂੰ ਲੈ ਕੇ ਪੁਲਿਸ ਕੈਂਪ ਪਹੁੰਚੀ

ਆਏਸ਼ਾ ਬਾਨੋ ਕਹਿੰਦੀ ਹੈ, "ਮਾਰੋ-ਕੱਟੋ ਦੀਆਂ ਚੀਕਾਂ ਸੁਣਨ ਨੂੰ ਮਿਲਦੀਆਂ ਸਨ ਪਰ ਬਾਹਰ ਕੀ ਚੱਲ ਰਿਹਾ ਹੈ ਪਤਾ ਨਹੀਂ ਚਲਦਾ ਸੀ। ਦੋ ਦਿਨ ਐੱਸਆਰਪੀ ਕੈਂਪ ਰਹਿਣ ਤੋਂ ਬਾਅਦ ਸ਼ਾਹ ਆਲਮ ਕੈਂਪ ਵਿੱਚ ਆਪਣੇ ਬੱਚਿਆਂ ਨਾਲ ਪਹੁੰਚੀ ਸੀ।"

ਆਏਸ਼ਾ ਬਾਨੋ ਮੁਤਾਬਕ ਸ਼ਾਹ ਆਲਮ ਕੈਂਪ ਵਿੱਚ ਉਨ੍ਹਾਂ ਵਰਗੇ ਕਈ ਮੁਸਲਮਾਨ ਪਰਵਿਰ ਰਹਿੰਦੇ ਸਨ। ਉਹ ਉਨ੍ਹਾਂ ਦੇ ਪਤੀ ਨੂੰ ਲੱਭਣਾ ਚਾਹੁੰਦੀ ਸੀ ਪਰ ਬੱਚਿਆਂ ਨੂੰ ਛੱਡ ਕੇ ਜਾ ਨਹੀਂ ਸਕਦੀ ਸੀ।

ਆਏਸ਼ਾ ਬਾਨੋ ਕਹਿੰਦੀ ਹੈ, "ਅਖੀਰ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਦੀ ਦੰਗਿਆਂ ਵਿੱਚ ਮੌਤ ਹੋ ਗਈ ਹੈ। ਇਹ ਸੁਣ ਕੇ ਮੇਰੇ ਸਿਰ 'ਤੇ ਅਸਮਾਨ ਟੁੱਟ ਪਿਆ ਸੀ। ਮੈਂ ਕੁਝ ਸਮਝ ਨਹੀਂ ਪਾ ਰਹੀ ਸੀ ਕਿ ਕੀ ਕਰਾਂਗੀ। ਆਪਣੇ ਚਾਰ ਬੱਚਿਆਂ ਨੂੰ ਵੱਡਾ ਕਿਵੇਂ ਕਰਾਂਗੀ।"

'ਪਤੀ ਦੀ ਮੌਤ ਦਾ ਗਮ ਕਾਫ਼ੀ ਵੱਡਾ ਸੀ'

ਉਹ ਕਹਿੰਦੀ ਹੈ, "ਮੇਰੇ ਪਤੀ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੇ ਰਿਕਸ਼ੇ ਨੂੰ ਸਾੜ ਦਿੱਤਾ ਗਿਆ ਸੀ। ਘਰ ਚਲਾਉਣਾ ਬੜਾ ਮੁਸ਼ਕਿਲ ਸੀ। ਮੇਰੀ ਜ਼ਿੰਦਗੀ ਵਿੱਚ ਕਾਫ਼ੀ ਭੂਚਾਲ ਆ ਗਿਆ ਸੀ। ਰਾਹਤ ਕੈਂਪ ਵਿੱਚ ਦੂਜਿਆਂ ਦੀ ਤਕਲੀਫ਼ ਦੇਖ ਕੇ ਮੇਰਾ ਦਰਦ ਘੱਟ ਗਿਆ ਸੀ ਪਰ ਪਤੀ ਦੀ ਮੌਤ ਦਾ ਗਮ ਕਾਫ਼ੀ ਵੱਡਾ ਸੀ।"

ਆਬਿਦ ਅਲੀ ਪਠਾਨ, ਆਏਸ਼ਾ ਦੇ ਪਤੀ

ਤਸਵੀਰ ਸਰੋਤ, Dilip Thakar/BBC

ਤਸਵੀਰ ਕੈਪਸ਼ਨ, ਇੱਕ ਦਿਨ ਆਏਸ਼ਾ ਬਾਨੋ ਨੂੰ ਪਤਾ ਲੱਗਿਆ ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ।

"ਕੁਝ ਸਮੇਂ ਬਾਅਦ ਸਾਨੂੰ ਮਕਾਨ ਮਿਲਿਆ। 6 ਮਹੀਨੇ ਦਾ ਰਾਸ਼ਨ ਅਤੇ ਭਾਂਡੇ ਮਿਲੇ। ਮੈਂ ਪੜ੍ਹੀ-ਲਿਖੀ ਨਹੀਂ ਹਾਂ। ਕੁਝ ਕੰਮ ਕਰਨਾ ਨਹੀਂ ਜਾਣਦੀ ਸੀ। ਅਖੀਰ ਵਿੱਚ ਮੈਂ ਸਿਲਾਈ ਦਾ ਕੰਮ ਸਿੱਖ ਲਿਆ। ਰਾਤ-ਦਿਨ ਸਿਲਾਈ ਕਰਦੀ ਸੀ। ਥੋੜ੍ਹੇ-ਬਹੁਤ ਪੈਸੇ ਕਮਾਉਂਦੀ ਸੀ ਅਤੇ ਬੱਚਿਆਂ ਨੂੰ ਖਾਣਾ ਖਵਾਉਂਦੀ ਸੀ।"

"2003 ਤੋਂ 2007 ਤੱਕ ਅਸੀਂ ਈਦ ਦੀਆਂ ਖੁਸ਼ੀਆਂ ਨਹੀਂ ਮਨਾਈਆਂ ਸਨ। ਈਦ ਦੇ ਦਿਨ ਵੀ ਅਸੀਂ ਖਿਚੜੀ ਖਾ ਕੇ ਗੁਜ਼ਾਰਾ ਕਰ ਲੈਂਦੇ ਸੀ।"

ਆਂਢ-ਗੁਆਂਢ ਤੋਂ ਈਦ ਦੇ ਦਿਨਾਂ ਵਿੱਚ ਜੋ ਸਮਾਗਮ ਹੁੰਦਾ ਸੀ ਉਸ ਨੂੰ ਦੇਖ ਕੇ ਬੱਚੇ ਜ਼ਿੱਦ ਕਰਦੇ ਸੀ ਪਰ ਮੇਰੇ ਕੋਲ ਇੰਨਾ ਪੈਸਾ ਨਹੀਂ ਸੀ ਉਨ੍ਹਾਂ ਲਈ ਨਵੇਂ ਕਪੜੇ ਵੀ ਲਿਆ ਸਕਾਂ।

ਆਏਸ਼ਾ ਕਹਿੰਦੀ ਹੈ, "ਮੈਂ ਪੁੱਤਰ 'ਤੇ ਪਹਿਲੀ ਵਾਰੀ ਹੱਥ ਚੁੱਕਿਆ ਸੀ। ਈਦ ਆਉਣ ਵਾਲੀ ਸੀ, ਪੁੱਤਰ ਸਾਈਕਲ ਖਰੀਦਣ ਦੀ ਜ਼ਿੱਦ ਕਰ ਰਿਹਾ ਸੀ। ਮੇਰੇ ਕੋਲ ਪੈਸੇ ਨਹੀਂ ਸਨ। ਮੈਂ ਗੁੱਸੇ ਵਿੱਚ ਉਸ 'ਤੇ ਪਹਿਲੀ ਵਾਰੀ ਹੱਥ ਚੁੱਕਿਆ। ਉਸ ਰਾਤ ਮੈਂ ਬਹੁਤ ਰੋਈ। ਮੇਰੇ ਪਿਆਰੇ ਬੱਚੇ 'ਤੇ ਹੱਥ ਚੁੱਕਣ ਦਾ ਮੈਨੂੰ ਕਾਫ਼ੀ ਅਫ਼ਸੋਸ ਸੀ।"

ਹੌਲੀ-ਹੌਲੀ ਮੇਰੀ ਕਮਾਈ ਵਧੀ। ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਫਿਰ ਸਰਕਾਰ ਵੱਲੋਂ ਕੁਝ ਪੈਸੇ ਮਿਲੇ। ਨਰੋਦਾ ਪਾਟੀਆ ਦਾ ਘਰ ਠੀਕ ਕਰਵਾਇਆ ਅਤੇ ਉਸ ਨੂੰ ਕਿਰਾਏ 'ਤੇ ਦਿੱਤਾ। ਉਸ ਤੋਂ ਮੇਰੀ ਕਮਾਈ ਸ਼ੁਰੂ ਹੋਈ।

ਨਰੋਦਾ ਪਾਟੀਆ, ਆਏਸਾ ਬਾਨੋ

ਤਸਵੀਰ ਸਰੋਤ, Dilip Thakar/BBC

'ਮੇਰੀ ਜ਼ਿੰਦਗੀ ਦੇ ਉਹ 16 ਸਾਲ ਨਰਕ ਵਰਗੇ ਸਨ'

ਉਹ ਕਹਿੰਦੀ ਹੈ, "ਕੁਝ ਸਮੇਂ ਬਾਅਦ ਮੇਰੀਆਂ ਦੋਵੇਂ ਧੀਆਂ ਵੀ ਕੰਮ ਕਰਨ ਲੱਗੀਆਂ। ਘਰ ਕਮਾਈ ਵਧੀ। ਕੁੜੀਆਂ ਦਾ ਵਿਆਹ ਹੋਇਆ, ਮੁੰਡਿਆਂ ਨੂੰ ਵੀ ਪੜ੍ਹਾਇਆ ਅਤੇ ਉਨ੍ਹਾਂ ਦਾ ਵਿਆਹ ਕੀਤਾ।"

"ਮੇਰੀ ਜ਼ਿੰਦਗੀ ਦੇ ਉਹ 16 ਸਾਲ ਨਰਕ ਵਰਗੇ ਸਨ। ਮੈਂ ਅਤੇ ਮੇਰੀਆਂ ਧੀਆਂ ਨੇ ਅੱਧੀ ਰੋਟੀ ਖਾ ਕੇ ਗੁਜ਼ਾਰਾ ਕੀਤਾ। ਅੱਲ੍ਹਾ ਦੀ ਮੇਹਰਬਾਨੀ ਨਾਲ ਚਾਰੋਂ ਬੱਚਿਆਂ ਦਾ ਵਿਆਹ ਹੋ ਚੁੱਕਿਆ ਹੈ। ਹਾਲਾਂਕਿ ਅੱਜ ਵੀ ਘਰ ਚਲਾਉਣ ਲਈ ਸਿਲਾਈ ਦਾ ਕੰਮ ਕਰਦੀ ਹਾਂ ਕਿਉਂਕਿ ਮੇਰੇ ਕੋਲ ਕੋਈ ਸਹਾਰਾ ਨਹੀਂ ਹੈ। 2002 ਦੀ ਹਿੰਸਾ ਵਿੱਚ ਮੇਰੇ ਭਰਾ ਦੀ ਮੌਤ ਹੋਈ ਸੀ। ਇੱਕ ਭਰਾ ਨੂੰ ਗੋਲੀ ਲੱਗੀ ਸੀ ਅਤੇ ਉਹ ਅਪਾਹਿਜ ਹੋ ਗਿਆ ਸੀ।"

ਨਰਦਾ ਪਾਟੀਆ

ਤਸਵੀਰ ਸਰੋਤ, Dilip Thakar/BBC

ਆਏਸ਼ਾ ਬਾਨੋ ਹਰ ਰੋਜ਼ ਇੱਕ ਹੀ ਦੁਆ ਮੰਗਦੀ ਰਹੀ ਕਿ ਨਰੋਦਾ ਪਾਟੀਆ ਵਿੱਚ ਬੇਕਸੂਰਾਂ ਦਾ ਕਤਲ ਕਰਨ ਵਾਲਿਆਂ ਨੂੰ ਸਜ਼ਾ ਮਿਲੇ।

ਉਹ ਕਹਿੰਦੀ ਹੈ, "ਅੱਲ੍ਹਾ ਤੋਂ ਮੈਂ ਹਮੇਸ਼ਾਂ ਪੁੱਛਦੀ ਹਾਂ ਕਿ ਮੇਰਾ ਕੀ ਕਸੂਰ ਸੀ ਕਿ ਤੁਸੀਂ ਮੇਰੇ ਪਤੀ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਮੇਰੇ ਬੱਚੇ ਨੂੰ ਭਟਕਣ ਲਈ ਛੱਡ ਦਿੱਤਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)