ਕੌਣ ਹੈ ਹਾਈਕੋਰਟ ਤੋਂ ਬਰੀ ਹੋਈ ਮਾਇਆ ਕੋਡਨਾਨੀ ?

ਮਾਇਆ ਕੋਡਨਾਨੀ ਅਤੇ ਬਾਬੂ ਬਜਰੰਗੀ

ਤਸਵੀਰ ਸਰੋਤ, AFP

ਗੁਜਰਾਤ ਹਾਈ ਕੋਰਟ ਨੇ ਨਰੋਦਾ ਪਾਟੀਆ ਮਾਮਲੇ ਵਿੱਚ ਗੁਜਰਾਤ ਦੀ ਸਾਬਕਾ ਮੰਤਰੀ ਮਾਇਆ ਕੋਡਨਾਨੀ ਨੂੰ ਬਰੀ ਕਰ ਦਿੱਤਾ ਹੈ।

ਅਦਾਲਤ ਅਨੁਸਾਰ ਪੁਲਿਸ ਨੇ ਕੋਈ ਅਜਿਹਾ ਗਵਾਹ ਪੇਸ਼ ਨਹੀਂ ਕੀਤਾ ਜਿਸਨੇ ਮਾਇਆ ਕੋਡਨਾਨੀ ਨੂੰ ਕਾਰ ਤੋਂ ਬਾਹਰ ਨਿਕਲ ਕੇ ਭੀੜ ਨੂੰ ਭੜਕਾਉਂਦੇ ਹੋਏ ਵੇਖਿਆ ਸੀ।

ਮਾਇਆ ਕੋਡਨਾਨੀ ਦੇ ਖਿਲਾਫ਼ ਦੇਰ ਨਾਲ ਸ਼ੁਰੂ ਹੋਈ ਕਾਰਵਾਈ ਨੂੰ ਵੀ ਉਨ੍ਹਾਂ ਦੇ ਬਰੀ ਹੋਣ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਦਾ ਨਾਂ ਉਸ ਵੇਲੇ ਸਾਹਮਣੇ ਆਇਆ ਜਦੋਂ ਐਸਆਈਟੀ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਬਜਰੰਗ ਦਲ ਦੇ ਆਗੂ ਰਹੇ ਬਾਬੂ ਬਜਰੰਗੀ ਨੂੰ ਅਦਾਲਤ ਵੱਲੋਂ ਕੋਈ ਰਾਹਤ ਨਹੀਂ ਮਿਲੀ ਹੈ। ਉਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਹੈ।

ਸਮਾਚਾਰ ਏਜੰਸੀ ਪੀਟੀਆਈ ਦੇ ਮੁਤਾਬਕ ਇਸ ਮਾਮਲੇ ਦੀ ਸੁਣਵਾਈ ਬੀਤੇ ਸਾਲ ਅਗਸਤ ਵਿੱਚ ਪੂਰੀ ਹੋ ਗਈ ਸੀ ਪਰ ਹਾਈਕੋਰਟ ਨੇ ਫੈਸਲੇ ਨੂੰ ਸੁਰੱਖਿਅਤ ਰੱਖ ਲਿਆ ਸੀ।

ਮਾਇਆ ਕੋਡਨਾਨੀ

ਤਸਵੀਰ ਸਰੋਤ, Getty Images

2012 ਵਿੱਚ ਵਿਸ਼ੇਸ਼ ਅਦਾਲਤ ਨੇ ਮਾਇਆ ਕੋਡਨਾਨੀ ਨੂੰ 28 ਸਾਲ ਦੀ ਸਜ਼ਾ ਅਤੇ ਬਾਬੂ ਬਜਰੰਗੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। 29 ਲੋਕਾਂ ਨੂੰ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤਾ ਗਿਆ ਸੀ।

ਕੀ ਹੈ ਮਾਮਲਾ?

ਅਹਿਮਦਾਬਾਦ ਦੇ ਨਰੋਦਾ ਪਾਟੀਆ ਇਲਾਕੇ ਵਿੱਚ ਫਿਰਕੂ ਹਿੰਸਾ ਦੌਰਾਨ ਮੁਸਲਮਾਨ ਭਾਈਚਾਰੇ ਦੇ 97 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 33 ਲੋਕ ਜ਼ਖਮੀ ਹੋਏ ਸੀ।

ਫਰਵਰੀ 2002 ਵਿੱਚ ਗੁਜਰਾਤ ਦੇ ਗੋਧਰਾ ਵਿੱਚ ਟਰੇਨ ਸਾੜੇ ਜਾਣ ਤੋਂ ਬਾਅਦ ਭੜਕੇ ਦੰਗਿਆਂ ਵਿੱਚ ਨਰੋਦਾ ਪਾਟੀਆ ਵਿੱਚ ਹਿੰਸਾ ਹੋਈ ਸੀ।

ਕੌਣ ਹੈ ਮਾਇਆ ਕੋਡਨਾਨੀ?

  • ਮਾਇਆ ਕੋਡਨਾਨੀ ਫਿਲਹਾਲ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਹਨ। ਨਿਚਲੀ ਅਦਾਲਤ ਨੇ ਉਨ੍ਹਾਂ ਨੂੰ ਹਿੰਸਾ ਦਾ ਮਾਸਟਰ ਮਾਈਂਡ ਦੱਸਿਆ ਸੀ।
  • ਮਾਇਆ ਗੁਜਰਾਤ ਸਰਕਾਰ ਵਿੱਚ ਮੰਤਰੀ ਸੀ। ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਉਸ ਵੇਲੇ ਮਾਇਆ ਉਨ੍ਹਾਂ ਦੀ ਕਰੀਬੀ ਮੰਨੀ ਜਾਂਦੀ ਸੀ।
ਮਾਇਆ ਕੋਡਨਾਨੀ

ਤਸਵੀਰ ਸਰੋਤ, AFP/GETTY IMAGES

  • ਪੇਸ਼ੇ ਤੋਂ ਮਾਇਆ ਕੋਡਨਾਨੀ ਡਾਕਟਰ ਸਨ ਅਤੇ ਉਹ ਆਰਐਸਐਸ ਨਾਲ ਵੀ ਜੁੜੀ ਰਹੀ ਹਨ।
  • ਨਰੋਦਾ ਵਿੱਚ ਉਨ੍ਹਾਂ ਦਾ ਆਪਣਾ ਹਸਪਤਾਲ ਸੀ ਅਤੇ ਉਹ ਬਾਅਦ ਵਿੱਚ ਸਥਾਨਕ ਸਿਆਸਤ ਵਿੱਚ ਸਰਗਰਮ ਹੋ ਗਈ। 1998 ਵਿੱਚ ਉਹ ਨਰੋਦਾ ਤੋਂ ਵਿਧਾਇਕ ਬਣੀ।
  • ਸਾਲ 2002 ਤੋਂ ਬਾਅਦ ਉਹ 2007 ਵਿੱਚ ਵੀ ਵਿਧਾਇਕ ਬਣੀ ਅਤੇ ਗੁਜਰਾਤ ਸਰਕਾਰ ਵਿੱਚ ਮੰਤਰੀ ਵੀ ਰਹੀ।
  • 2009 ਵਿੱਚ ਸੁਪਰੀਮ ਕੋਰਟ ਦੀ ਵਿਸ਼ੇਸ਼ ਦੀ ਟੀਮ ਨੇ ਉਨ੍ਹਾਂ ਨੂੰ ਪੁੱਛਗਿੱਛ ਦੇ ਲਈ ਸੰਮਨ ਕੀਤਾ।
  • ਬਾਅਦ ਵਿੱਚ ਮਾਇਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)