'ਬੱਚੇ ਮਾਰਨ ਵਾਲਿਆਂ ਦਾ ਹੱਥ ਕਿਸੇ ਨੇ ਵੀ ਨਹੀਂ ਰੋਕਿਆ, ਖ਼ਲਕਤ ਸ਼ਾਇਦ ਹਰ ਤਰ੍ਹਾਂ ਦੇ ਜ਼ੁਲਮ ਦੀ ਆਦੀ ਹੋ ਜਾਂਦੀ ਹੈ' - ਹਨੀਫ਼ ਦੀ ਟਿੱਪਣੀ

03 ਮਾਰਚ, 2026 ਨੂੰ ਈਰਾਨ ਦੇ ਸਕੂਲ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਸੋਗ ਵਿੱਚ ਡੁੱਬੇ ਲੋਕ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, 03 ਮਾਰਚ, 2026 ਨੂੰ ਈਰਾਨ ਦੇ ਸਕੂਲ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਸੋਗ ਵਿੱਚ ਡੁੱਬੇ ਲੋਕ
    • ਲੇਖਕ, ਮੁਹੰਮਦ ਹਨੀਫ਼
    • ਰੋਲ, ਲੇਖਕ ਅਤੇ ਸੀਨੀਅਰ ਪੱਤਰਕਾਰ
  • ਪੜ੍ਹਨ ਦਾ ਸਮਾਂ: 3 ਮਿੰਟ

ਅੱਜ ਤੋਂ ਕੋਈ 50ਵਰ੍ਹੇ ਪਹਿਲੇ ਵੀਅਤਨਾਮ 'ਚ ਜੰਗ ਹੋਈ ਸੀ। ਉਦੋਂ ਨਾ ਤਾਂ ਇੰਟਰਨੈੱਟ ਸੀ ਅਤੇ ਨਾ ਹੀ ਮੋਬਾਈਲ ਫੋਨ, ਹਫ਼ਤਿਆਂ-ਮਹੀਨਿਆਂ ਬਾਅਦ ਕੋਈ ਜੰਗ ਦੀ ਖ਼ਬਰ ਪਹੁੰਚਦੀ ਸੀ।

ਅਮਰੀਕਾ ਉਦੋਂ ਵੀਅਤਨਾਮ 'ਤੇ ਨੇਪਾਮ ਬੰਬ ਸੁੱਟਦਾ ਸੀ, ਜਿਹੜੇ ਅੱਗ ਲਗਾ ਦਿੰਦੇ ਸਨ। ਫ਼ਸਲਾਂ ਨੂੰ, ਜਾਨਵਰਾਂ ਨੂੰ, ਇਨਸਾਨਾਂ ਨੂੰ ਸਾੜ੍ਹ ਕੇ ਸੁਆਹ ਕਰ ਦਿੰਦੇ ਸਨ।

ਉਦੋਂ ਇੱਕ ਫੋਟੋ ਛਪੀ, ਜਿਸ 'ਚ ਇੱਕ 9 ਸਾਲ ਦੀ ਬੱਚੀ, ਜਿਸ ਨੂੰ ਨੇਪਾਮ ਬੰਬ ਕਾਰਨ ਅੱਗ ਲੱਗੀ ਪਈ ਸੀ, ਉਹ ਬੱਚੀ ਸੜਕ 'ਤੇ ਨੱਸ ਰਹੀ ਸੀ। ਅਖ਼ਬਾਰਾਂ 'ਚ ਫੋਟੋ ਛਪੀ ਅਤੇ ਖ਼ਲਕਤ ਨੂੰ ਪਤਾ ਲੱਗਿਆ ਕਿ ਅਮਰੀਕੀ ਫੌਜ ਵੀਅਤਨਾਮ 'ਚ ਕੀ ਕਰ ਰਹੀ ਹੈ।

ਉਸ ਬੱਚੀ ਦਾ ਨਾਮ 'ਕਿਮ' ਸੀ, ਪਰ ਉਹ 'ਨੇਪਾਮ ਗਰਲ' ਦੇ ਨਾਮ ਨਾਲ ਮਸ਼ਹੂਰ ਹੋਈ। ਲੋਕਾਂ ਨੇ ਰੌਲਾ ਪਾਇਆ, ਜਲੂਸ ਕੱਢੇ, ਪਰ ਜੰਗ ਹੋਰ ਤਿੰਨ ਸਾਲ ਤੱਕ ਚੱਲਦੀ ਰਹੀ।

ਕਿਮ ਦੀ ਫੋਟੋ ਨੇ ਭਾਵੇਂ ਜੰਗ ਨਹੀਂ ਰੁਕਵਾਈ ਪਰ ਖ਼ਲਕਤ ਨੇ ਇਹ ਰੌਲਾ ਜ਼ਰੂਰ ਪਾਇਆ ਕਿ ਸਾਡੇ ਨਾਮ 'ਤੇ ਸਾਡੇ ਟੈਕਸ ਦੇ ਪੈਸਿਆਂ 'ਤੇ ਇੰਨਾ ਜ਼ੁਲਮ ਨਾ ਕਮਾਓ।

ਜਦੋਂ ਢਾਈ ਸਾਲ ਪਹਿਲਾਂ ਗਜ਼ਾ 'ਤੇ ਹਮਲੇ ਸ਼ੁਰੂ ਹੋਏ ਤਾਂ ਇੱਕ ਅਮਰੀਕੀ ਸਿਆਣੇ ਨੇ ਟੀਵੀ 'ਤੇ ਬੈਠ ਕੇ ਕਿਹਾ, "ਜੇਕਰ ਗਜ਼ਾ 'ਚ ਬੱਚੇ ਮਾਰੇ ਗਏ, ਉਨ੍ਹਾਂ ਦੀਆਂ ਫੋਟੋਆਂ ਮੀਡੀਆ 'ਚ ਆ ਗਈਆਂ ਤਾਂ ਦੁਨੀਆ ਨੂੰ ਇਜ਼ਰਾਇਲ ਦਾ ਹੱਥ ਡੱਕਣਾ ਪਵੇਗਾ।"

ਅਗਲੇ ਢਾਈ ਸਾਲਾਂ ਵਿੱਚ ਗਜ਼ਾ 'ਚ ਇੰਨ੍ਹੇ ਕੁ ਬੱਚੇ ਮਾਰੇ ਗਏ ਕਿ ਅਕਵਾਮ-ਏ-ਮੁਤਾਹਿਦਾ (ਸੰਯੁਕਤ ਰਾਸ਼ਟਰ) ਆਪ ਚੀਕ ਉੱਠੀ ਕਿ ਗਜ਼ਾ ਬੱਚਿਆਂ ਦਾ ਕਬਰਿਸਤਾਨ ਬਣਦਾ ਪਿਆ ਹੈ।

ਉਹ ਬੱਚੇ ਮਾਰੇ ਗਏ ਜਿਨ੍ਹਾਂ ਦੀ ਉਮਰ ਅਜੇ 1 ਦਿਨ ਸੀ, 2 ਦਿਨ ਸੀ, ਦੋ ਮਹੀਨਿਆਂ ਵਾਲੇ , ਚਾਰ ਮਹੀਨਿਆਂ ਵਾਲੇ, ਬੰਬਾਂ ਨਾਲ ਸੜ੍ਹ ਕੇ ਮਰੇ, ਆਪਣੇ ਮਕਾਨਾਂ ਦੇ ਮਲਬੇ ਹੇਠ ਦਫ਼ਨ ਹੋ ਗਏ, ਪੂਰੇ ਦੇ ਪੂਰੇ ਟੱਬਰ ਕੋਹ ਦਿੱਤੇ ਗਏ ਅਤੇ ਅਸੀਂ ਆਪਣੇ ਫੋਨ 'ਤੇ ਉਨ੍ਹਾਂ ਦੀਆਂ ਲਾਈਵ ਫੀਡਾਂ ਵੇਖਦੇ ਰਹੇ।

ਇੱਕ ਅਜਿਹੇ ਜ਼ਮਾਨੇ 'ਚ ਜਦੋਂ ਗਰੀਬ ਦੇ ਬੱਚੇ ਨੂੰ ਜੇਕਰ ਤਾਪ ਵੀ ਚੜ੍ਹ ਜਾਵੇ ਤਾਂ ਉਹ ਗੋਦੀ ਚੁੱਕ ਕੇ ਸ਼ਹਿਰ ਦੇ ਵੱਡੇ ਹਸਪਤਾਲ ਵੱਲ ਤੁਰ ਪੈਂਦਾ ਹੈ ਅਤੇ ਤਰੱਕੀਯਾਫ਼ਤਾ ਮੁਲਕਾਂ 'ਚ ਜਿੱਥੇ ਸਕੂਲ ਜਾਂਦਾ ਬੱਚਾ ਗੁਆਚ ਜਾਵੇ ਤਾਂ ਰੈੱਡ ਅਲਰਟ ਜਾਰੀ ਹੋ ਜਾਂਦੇ ਹਨ, ਹੈਲੀਕਾਪਟਰ ਉੱਡ ਪੈਂਦੇ ਹਨ।

ਮੁਹੰਮਦ ਹਨੀਫ਼ ਦੀ ਇਜ਼ਰਾਇਲ-ਅਮਰੀਕਾ ਦੀ ਈਰਾਨ ਨਾਲ ਜੰਗ ਬਾਰੇ ਟਿੱਪਣੀ
ਤਸਵੀਰ ਕੈਪਸ਼ਨ, ਮੁਹੰਮਦ ਹਨੀਫ਼ ਦੀ ਇਜ਼ਰਾਇਲ-ਅਮਰੀਕਾ ਦੀ ਈਰਾਨ ਨਾਲ ਜੰਗ ਬਾਰੇ ਟਿੱਪਣੀ

ਇਸ ਦੌਰ 'ਚ ਬੱਚੇ ਮਾਰਨ ਵਾਲੇ ਮਾਰਦੇ ਰਹੇ। ਉਨ੍ਹਾਂ ਦਾ ਹੱਥ ਕਿਸੇ ਨੇ ਵੀ ਨਹੀਂ ਰੋਕਿਆ। ਅਸੀਂ ਵੀ ਆਪਣੇ ਬੱਚਿਆਂ ਤੋਂ ਲੁਕਾ-ਲੁਕਾ ਕੇ ਇਨ੍ਹਾਂ ਮੋਇਆਂ ਬੱਚਿਆਂ ਦੀਆਂ ਫੀਡਾਂ ਵੇਖਦੇ ਰਹੇ।

ਖ਼ਲਕਤ ਸ਼ਾਇਦ ਹਰ ਤਰ੍ਹਾਂ ਦੇ ਜ਼ੁਲਮ ਦੀ ਆਦੀ ਹੋ ਜਾਂਦੀ ਹੈ। ਪਰ ਇਹ ਕਦੇ ਨਹੀਂ ਸੀ ਸੋਚਿਆ ਕਿ ਹਰ ਘੰਟੇ ਇੱਕ ਬੱਚਾ ਮਾਰਿਆ ਜਾਵੇਗਾ ਅਤੇ ਬਾਕੀ ਦੁਨੀਆਂ ਦਾ ਕਾਰੋਬਾਰ ਇੰਝ ਹੀ ਚੱਲਦਾ ਰਹੇਗਾ।

ਹੁਣ ਈਰਾਨ 'ਤੇ ਹਮਲੇ ਸ਼ੁਰੂ ਹੋਏ ਹਨ ਅਤੇ ਪਹਿਲੇ ਹੀ ਹੱਲੇ 'ਚ ਇੱਕ ਬੱਚੀਆਂ ਦੇ ਸਕੂਲ 'ਤੇ ਬੰਬਾਰੀ ਹੋਈ ਹੈ। 150 ਤੋਂ ਜ਼ਿਆਦਾ ਬੱਚੀਆਂ ਮਾਰੀਆਂ ਗਈਆਂ ਹਨ।

ਸਦਰ ਟਰੰਪ ਦਾ ਕਹਿਣਾ ਹੈ ਕਿ ਇਰਾਨੀਆਂ ਨੇ ਆਪੇ ਹੀ ਮਾਰੇ ਹੋਣਗੇ। ਇੱਕ ਹੋਰ ਅਮਰੀਕੀ ਸਿਆਣਾ ਬੋਲਿਆ ਹੈ ਕਿ ਇਨ੍ਹਾਂ ਬੱਚੀਆਂ ਨੇ ਵੱਡੇ ਹੋ ਕੇ ਬੁਰਕੇ ਹੀ ਪਾਉਣੇ ਸਨ, ਇਸ ਤੋਂ ਤਾਂ ਮੌਤ ਹੀ ਬਿਹਤਰ ਹੈ।

ਕਈ ਵਰ੍ਹੇ ਪਹਿਲੇ ਪਾਕਿਸਤਾਨ ਟੀਵੀ 'ਤੇ ਇੱਕ ਸੁਸਾਈਡ ਬੌਂਬਰ ਦਾ ਇੰਟਰਵਿਊ ਵੇਖਿਆ ਸੀ। ਉਸ ਨੇ ਇੱਕ ਮਸੀਤੇ ਜਾ ਕੇ ਫੱਟਣਾ ਸੀ। ਨਹੀਂ ਫਟਿਆ, ਫੜਿਆ ਗਿਆ।

ਇੰਟਰਵਿਊ ਕਰਨ ਵਾਲੇ ਨੇ ਪੁੱਛਿਆ ਕਿ ਚਲੋ ਤੁਹਾਡਾ ਜੋ ਵੀ ਨਜ਼ਰੀਆ ਹੋਵੇ ਪਰ ਮਸੀਤ ਦੇ ਅੰਦਰ ਮਾਸੂਮ ਬਾਲ ਵੀ ਹੋਣੇ ਸਨ, ਉਹ ਵੀ ਮਾਰੇ ਜਾਣੇ ਸਨ। ਸੁਸਾਈਡ ਬੌਂਬਰ ਨੇ ਅੱਗੋਂ ਜਵਾਬ ਦਿੱਤਾ ਕਿ ਤੁਹਾਨੂੰ ਇਹ ਕਿਸ ਨੇ ਕਿਹਾ ਹੈ ਕਿ ਬੱਚੇ ਮਾਸੂਮ ਹੁੰਦੇ ਹਨ?

ਹੁਣ ਬੰਦਾ ਸੋਚੀ ਪਿਆ ਹੈ ਕਿ ਉਸ ਸੁਸਾਈਡ ਬੌਂਬਰ ਅਤੇ ਵਿਕਸਿਤ ਮੁਲਕਾਂ ਦੇ ਲੀਡਰਾਂ ਦੀ ਸੋਚ 'ਚ ਕਿੰਨ੍ਹਾਂ ਕੁ ਫਰਕ ਹੈ।

ਰੱਬ ਰਾਖਾ!

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)