You’re viewing a text-only version of this website that uses less data. View the main version of the website including all images and videos.
ਲਹਿਰਾਗਾਗਾ ਦੀ ਐਲੀਜ਼ਾ ਨੇ ਬਦਲ ਦਿੱਤੀ ਲੋਕਾਂ ਦੀ ਕੁੜੀਆਂ ਪ੍ਰਤੀ ਸੋਚ
ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦਾ ਕਸਬਾ ਲਹਿਰਾਗਾਗਾ ਇਸ ਸਮੇਂ ਚਰਚਾ ਵਿੱਚ ਹੈ। ਕਾਰਨ ਇੱਥੋਂ ਦੀ ਇੱਕ ਲੜਕੀ ਐਲੀਜ਼ਾ ਬਾਂਸਲ ਵੱਲੋਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੀ ਦਾਖ਼ਲਾ ਪ੍ਰੀਖਿਆ ਵਿੱਚ ਦੇਸ਼ ਭਰ ਵਿਚੋਂ ਪਹਿਲਾਂ ਸਥਾਨ ਹਾਸਲ ਕਰਨਾ।
ਪੰਜਾਬ ਦੇ ਪਛੜੇ ਇਲਾਕਿਆਂ 'ਚ ਗਿਣੇ ਜਾਂਦੇ ਲਹਿਰਾਗਾਗਾ ਦੀ ਮਾਸਟਰ ਕਲੋਨੀ ਵਿੱਚ ਐਲੀਜ਼ਾ ਦੇ ਘਰ ਜਦੋਂ ਬੀਬੀਸੀ ਪੰਜਾਬੀ ਟੀਮ ਪਹੁੰਚੀ ਤਾਂ ਘਰ ਵਿੱਚ ਵਧਾਈਆਂ ਦੇਣ ਲਈ ਆਉਣ ਵਾਲੇ ਲੋਕਾਂ ਦਾ ਸਿਲਸਿਲਾ ਜਾਰੀ ਸੀ।
ਇਸ ਤੋਂ ਪਹਿਲਾਂ ਜਦੋਂ ਅਸੀਂ ਸਥਾਨਕ ਦੁਕਾਨਦਾਰ ਨੂੰ ਐਲੀਜ਼ਾ ਦੇ ਘਰ ਰਾਹ ਪੁੱਛਿਆ ਤਾਂ ਉਸ ਨੇ ਤੁਰੰਤ ਜਵਾਬ ਦਿੱਤਾ "ਉਹੀ ਲੜਕੀ ਜੋ ਫ਼ਸਟ ਆਈ ਹੈ, ਹਾਂ ਵਿੱਚ ਜਵਾਬ ਮਿਲਣ ਉੱਤੇ ਉਸ ਨੇ ਖ਼ੁਸ਼ੀ ਨਾਲ ਦੱਸਿਆ ਅੱਗੇ ਜਾ ਕੇ ਕਿਸੇ ਨੂੰ ਵੀ ਪੁੱਛ ਲਓ ਸਭ ਨੂੰ ਉਸ ਦੇ ਘਰ ਦਾ ਪਤਾ ਹੈ"।
ਐਲੀਜ਼ਾ ਦੇ ਘਰ ਵਧਾਈ ਦੇਣ ਪਹੁੰਚੇ ਸਥਾਨਕ ਲੋਕਾਂ ਨੇ ਦੱਸਿਆ ਕਿ ਲਹਿਰਾਗਾਗਾ ਇੱਕ ਛੋਟਾ ਕਸਬਾ ਹੈ ਅਤੇ ਇੱਕ ਕੁੜੀ ਵੱਲੋਂ ਇਹ ਕਾਮਯਾਬੀ ਹਾਸਲ ਕਰਨਾ ਬਹੁਤ ਵੱਡੀ ਗੱਲ ਹੈ ਕਿਉਂਕਿ ਆਮ ਤੌਰ 'ਤੇ ਮਾਹੌਲ ਦੇ ਹਿਸਾਬ ਨਾਲ ਇੱਥੋਂ ਦੀਆਂ ਕੁੜੀਆਂ ਨੂੰ ਬਹੁਤ ਘੱਟ ਘਰ ਤੋਂ ਬਾਹਰ ਭੇਜਿਆ ਜਾਂਦਾ ਹੈ।
ਪਰ ਐਲੀਜ਼ਾ ਦੀ ਕਾਮਯਾਬੀ ਨੇ ਹੁਣ ਇੱਥੋਂ ਦੇ ਲੋਕਾਂ ਦੀ ਕੁੜੀਆਂ ਪ੍ਰਤੀ ਸੋਚ ਬਦਲ ਦਿੱਤੀ ਹੈ।
ਕਿਵੇਂ ਕੀਤੀ ਐਲੀਜ਼ਾ ਨੇ ਪ੍ਰੀਖਿਆ ਦੀ ਤਿਆਰੀ
ਐਲੀਜ਼ਾ ਬਾਂਸਲ ਦੇ ਪਿਤਾ ਵਿਜੈ ਕੁਮਾਰ ਸਰਕਾਰੀ ਸਕੂਲ 'ਚ ਇਕਨੌਮਿਕਸ ਦੇ ਲੈਕਚਰਾਰ ਹਨ। ਐਲੀਜ਼ਾ ਨੇ ਦੱਸਿਆ ਕਿ ਉਸ ਨੇ ਦਸਵੀਂ ਲਹਿਰਾਗਾਗਾ ਦੇ ਇੱਕ ਸਕੂਲ ਤੋਂ ਹੀ ਪਾਸ ਕੀਤੀ ਅਤੇ ਇਸ ਤੋਂ ਬਾਅਦ ਉਸ ਨੇ ਮੈਡੀਕਲ ਖੇਤਰ ਵਿੱਚ ਜਾਣ ਲਈ ਪ੍ਰੀਖਿਆ ਦੀ ਤਿਆਰੀ ਕਰਨੀ ਸ਼ੁਰੂ ਕੀਤੀ।
ਸਹੂਲਤਾਂ ਦੀ ਘਾਟ ਕਾਰਨ ਉਸ ਨੂੰ ਦਿੱਕਤਾਂ ਤਾਂ ਕਾਫ਼ੀ ਆਈਆਂ ਪਰ ਮਾਪਿਆਂ ਨੇ ਉਸ ਦਾ ਹੌਸਲਾ ਵਧਾਉਣਾ ਜਾਰੀ ਰੱਖਿਆ। ਐਲੀਜ਼ਾ ਮੁਤਾਬਕ ਸਭ ਤੋਂ ਵੱਡੀ ਦਿੱਕਤ ਲਹਿਰਾ ਜਾਂ ਸੰਗਰੂਰ ਵਿੱਚ ਚੰਗਾ ਕੋਚਿੰਗ ਸੈਂਟਰ ਨਾ ਹੋਣ ਕਾਰਨ ਉਸ ਨੂੰ ਪਟਿਆਲਾ ਪੀਜੀ ਵਿੱਚ ਰਹਿ ਕੇ ਤਿਆਰੀ ਕਰਨੀ ਪਈ।
ਐਲੀਜ਼ਾ ਨੇ ਦੱਸਿਆ ਕਿ ਪਹਿਲਾਂ ਉਸ ਨੇ ਨੀਟ ਦੀ ਪ੍ਰੀਖਿਆ ਵੀ ਦਿੱਤੀ ਪਰ ਉਸ ਵਿਚ ਉਸ ਦਾ ਰੈਂਕ ਸਹੀ ਨਹੀਂ ਆਇਆ, ਇਸ ਲਈ ਉਸ ਨੇ ਏਮਜ਼ ਵਿੱਚ ਦਾਖ਼ਲੇ ਸਬੰਧੀ ਟੈਸਟ ਦੀ ਤਿਆਰੀ ਕੀਤੀ।
ਐਲੀਜ਼ਾ ਨੇ ਦੱਸਿਆ ਕਿ ਉਸ ਨੂੰ ਇੰਨੀ ਉਮੀਦ ਨਹੀਂ ਸੀ ਕਿ ਉਹ ਇਸ ਪ੍ਰੀਖਿਆ ਵਿੱਚ ਅੱਵਲ ਰਹੇਗੀ। ਰੋਜ਼ਾਨਾ ਛੇ ਤੋਂ ਸੱਤ ਘੰਟੇ ਰੋਜ਼ਾਨਾ ਪੜ੍ਹਨ ਵਾਲੀ ਐਲੀਜ਼ਾ ਨੂੰ ਸਭ ਤੋਂ ਵੱਧ ਪਸੰਦ ਫਿਜ਼ਿਕਸ ਹੈ। ਐਲੀਜ਼ਾ ਮੁਤਾਬਕ ਉਹ ਆਮ ਤੌਰ 'ਤੇ ਪੜ੍ਹਾਈ ਸਵੇਰ ਸਮੇਂ ਹੀ ਕਰਦੀ ਰਹੀ ਹੈ।
ਸੋਸ਼ਲ ਮੀਡੀਆ ਤੋਂ ਦੂਰ ਰਹੀ ਐਲੀਜ਼ਾ
17 ਸਾਲ ਦੀ ਐਲੀਜ਼ਾ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਸਿਰ ਬੰਨ੍ਹਦੀ ਹੈ। ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਏਮਜ਼ ਦਾ ਇਮਤਿਹਾਨ ਦੇਣ ਤੋਂ ਬਾਅਦ ਉਸ ਨੇ ਫੇਸਬੁਕ ਉੱਤੇ ਆਪਣਾ ਅਕਾਊਂਟ ਬਣਾਇਆ ਤਾਂ ਕਿ ਉਹ ਦੋਸਤਾਂ ਦੇ ਨਾਲ ਸੰਪਰਕ ਵਿਚ ਰਹੇ।
ਐਲੀਜ਼ਾ ਮੁਤਾਬਕ ਉਸ ਨੇ ਇੰਟਰਨੈੱਟ ਸਿਰਫ਼ ਪੜ੍ਹਾਈ ਲਈ ਹੀ ਇਸਤੇਮਾਲ ਕੀਤਾ ਬਾਕੀ ਕੰਮਾਂ ਲਈ ਨਹੀਂ। ਉਂਝ ਐਲੀਜ਼ਾ ਨੂੰ ਮਿਊਜ਼ਿਕ ਅਤੇ ਚੰਗੀਆਂ ਫ਼ਿਲਮਾਂ ਦੇਖਣ ਦਾ ਵੀ ਸ਼ੌਕ ਹੈ।
ਐਲੀਜ਼ਾ ਨੇ ਦੱਸਿਆ ਕਿ ਉਸ ਨੂੰ ਜ਼ਿਆਦਾ ਪ੍ਰੇਰਨਾ ਉਸ ਸਮੇਂ ਮਿਲੀ ਜਦੋਂ ਉਹ ਉਸ ਦੇ ਭਰਾ ਦੀ ਆਈਆਈਟੀ ਦਿੱਲੀ ਵਿੱਚ ਚੋਣ ਹੋਈ।
ਇਸ ਤੋਂ ਬਾਅਦ ਉਸ ਨੇ ਪੂਰੀ ਮਿਹਨਤ ਕੀਤੀ ਅਤੇ ਆਪਣਾ ਮੁਕਾਮ ਹਾਸਲ ਕੀਤਾ। ਐਲੀਜ਼ਾ ਨੇ ਦੱਸਿਆ ਕਿ ਉਸ ਨੇ ਏਮਜ਼ ਨੂੰ ਸਿਰਫ਼ ਬਾਹਰੋਂ ਹੀ ਦੇਖਿਆ ਹੈ ਇਸ ਲਈ ਉਸ ਨੂੰ ਉਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਮੈਡੀਕਲ ਖੇਤਰ ਵਿੱਚ ਐਲੀਜ਼ਾ ਕਾਰਡੀਓਲੌਜੀ ਵਿੱਚ ਜਾਣਾ ਚਾਹੁੰਦੀ ਹੈ।
'ਬੇਟੀਆਂ ਨੂੰ ਮੌਕੇ ਦਿਓ'
ਐਲੀਜ਼ਾ ਦੇ ਪਿਤਾ ਨੇ ਦੱਸਿਆ ਕਿ ਬੇਟੀਆਂ ਨੂੰ ਮੌਕੇ ਦੇਣੇ ਚਾਹੀਦੇ ਤਾਂ ਜੋ ਉਹ ਆਪਣੀ ਪ੍ਰਤਿਭਾ ਦਿਖਾ ਸਕਣ। ਉਨ੍ਹਾਂ ਆਖਿਆ ਕਿ"ਬੇਟੀਆਂ ਬੋਝ ਨਹੀਂ ਸਗੋਂ ਦਸ ਪੁੱਤਰਾਂ ਦੇ ਬਰਾਬਰ ਇੱਕ ਧੀ ਹੈ।"
ਉਨ੍ਹਾਂ ਦੱਸਿਆ ਕਿ ਬੇਟਾ-ਬੇਟੀ ਵਿੱਚ ਕੋਈ ਫ਼ਰਕ ਨਹੀਂ ਰੱਖਣਾ ਚਾਹੀਦਾ ਅੱਜ ਕੁੜੀਆਂ ਕਿਸੇ ਤੋਂ ਘੱਟ ਨਹੀਂ ਹਨ। ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੇ ਰੁਝਾਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਇਹ ਰੁਝਾਨ ਲਗਾਤਾਰ ਵਧ ਰਿਹਾ ਹੈ ਪਰ ਉਨ੍ਹਾਂ ਦੇ ਬੱਚੇ ਆਪਣੇ ਦੇਸ ਵਿੱਚ ਰਹਿਣਾ ਚਾਹੁੰਦੇ ਹਨ।
ਉਨ੍ਹਾਂ ਇਲਾਕੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਿਆਸੀ ਨਜ਼ਰੀਏ ਤੋਂ ਉਨ੍ਹਾਂ ਦਾ ਇਲਾਕਾ ਕਾਫ਼ੀ ਅਹਿਮ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਇਸ ਇਲਾਕੇ ਤੋਂ ਹੀ ਹਨ ਅਤੇ ਮੌਜੂਦਾ ਸਮੇਂ ਵਿੱਚ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਇਸ ਹਲਕੇ ਤੋਂ ਵਿਧਾਇਕ ਹੋਣ ਕਰਕੇ ਇਲਾਕੇ ਦੀ ਨੁਮਾਇੰਦਗੀ ਕਰ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਸਹੂਲਤਾਂ ਪੱਖੋਂ ਅਜੇ ਇਹ ਇਲਾਕਾ ਕਾਫ਼ੀ ਸੱਖਣਾ ਹੈ।