You’re viewing a text-only version of this website that uses less data. View the main version of the website including all images and videos.
ਇਨ੍ਹਾਂ ਮੁੰਡਿਆਂ ਪਿੱਛੇ ਕਿਉਂ ਪਿਆ ਪੰਜਾਬ ਦਾ ਖੇਤੀਬਾੜੀ ਵਿਭਾਗ?
ਬਰਨਾਲਾ ਦੇ ਪਿੰਡ ਕੋਟਦੁਨਾ ਦਾ ਰਹਿਣ ਵਾਲਾ ਨੌਜਵਾਨ ਹਰਿੰਦਰ ਸਿੰਘ ਇੱਕ ਵੀਡੀਓ ਬਣਾਉਣ ਕਰਕੇ ਪ੍ਰੇਸ਼ਾਨੀ ਵਿੱਚ ਫਸ ਗਿਆ ਹੈ। ਦੋਸਤਾਂ ਨਾਲ ਮਿਲ ਕੇ ਪੰਜਾਬ ਖੇਤੀਬਾੜੀ ਮਹਿਕਮੇ ਦੇ ਅਫ਼ਸਰਾਂ ਦੀ ਨਕਲ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ। ਹੁਣ ਮਹਿਕਮੇ ਨੇ ਉਸ ਖ਼ਿਲਾਫ ਪੁਲਿਸ ਵਿੱਚ ਸਿਕਾਇਤ ਕੀਤੀ ਹੈ।
ਸੋਸ਼ਲ ਮੀਡੀਆ ਖ਼ਾਸ ਤੌਰ 'ਤੇ ਫੇਸਬੁੱਕ ਅਤੇ ਯੂ-ਟਿਊੂਬ ਉੱਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ।
ਦਰਅਸਲ ਪੰਜਾਬ ਵਿੱਚ ਝੋਨਾ ਲੁਆਈ ਦੀ ਤਾਰੀਖ਼ ਸਰਕਾਰ ਨੇ 20 ਜੂਨ ਤੈਅ ਕੀਤੀ ਹੈ। ਉਸਤੋਂ ਪਹਿਲਾਂ ਜਿਹੜੇ ਕਿਸਾਨ ਝੋਨਾ ਲਾਉਂਦੇ ਹੋਏ ਪਾਏ ਗਏ ਉਨ੍ਹਾਂ ਦਾ ਖੇਤੀਬਾੜੀ ਮਹਿਕਮੇ ਵੱਲੋਂ ਚਲਾਨ ਕੀਤੇ ਗਏ ਅਤੇ ਝੋਨਾ ਵਾਹ ਦਿੱਤਾ ਗਿਆ।
ਇਹ ਵੀ ਪੜ੍ਹੋ:
ਪਿੰਡ ਕੋਟਦੁਨਾ ਦੇ ਕੁਝ ਮੁੰਡਿਆਂ ਵੱਲੋਂ ਇਸੇ ਮੁੱਦੇ ਨੂੰ ਲੈ ਕੇ ਇੱਕ ਕਾਮੇਡੀ ਵੀਡੀਓ ਬਣਾਈ ਗਈ। ਵੀਡੀਓ ਵਿੱਚ ਖੇਤੀਬਾੜੀ ਮਹਿਕਮੇ ਦੇ ਅਫ਼ਸਰਾਂ ਦੇ ਰੋਲ ਨਿਭਾਏ ਗਏ ਜੋ ਤੈਅ ਸਮੇਂ ਤੋਂ ਪਹਿਲਾਂ ਬੀਜੀ ਜਾ ਰਹੀ ਫਸਲ ਨੂੰ ਵਾਹੁਣ ਆਏ ਸਨ।
ਵੀਡੀਓ ਵਿੱਚ ਅਫ਼ਸਰਾਂ ਦਾ ਰੋਲ ਅਦਾ ਕਰ ਰਹੇ ਲੋਕਾਂ ਨੂੰ ਕਿਸਾਨਾਂ ਦਾ ਕਿਰਦਾਰ ਨਿਭਾ ਰਹੇ ਲੋਕਾਂ ਨੇ ਪਹਿਲਾਂ ਕੁੱਟਿਆ ਫਿਰ ਟਰੈਕਟਰ ਪਿੱਛੇ ਬੰਨ੍ਹ ਕੇ ਖੇਤ ਵਿੱਚ ਘੜੀਸਿਆ।
ਇਹ ਵੀਡੀਓ ਵਾਇਰਲ ਹੁੰਦਿਆਂ ਹੀ ਖੇਤੀਬਾੜੀ ਮਹਿਕਮੇ ਨੇ ਕੋਟਦੁਨਾ ਦੇ ਰਹਿਣ ਵਾਲੇ ਹਰਿੰਦਰ ਸਿੰਘ ਖ਼ਿਲਾਫ਼ ਧਨੌਲਾ ਥਾਣੇ ਵਿੱਚ ਸ਼ਿਕਾਇਤ ਕਰ ਦਿੱਤੀ।
ਫੇਸਬੁੱਕ 'ਤੇ ਇਹ ਵੀਡੀਓ 13 ਜੂਨ ਨੂੰ ਤੇ ਯੂਟਿਊਬ ਉੱਤੇ 12 ਜੂਨ ਨੂੰ ਅਪਲੋਡ ਕੀਤੀ ਗਈ। ਵੀਡੀਓ ਦਾ ਹੈੱਡਲਾਈਨ ਹੈ ''ਝੋਨਾ, ਅਫ਼ਸਰ ਕੁਟਾਪਾ''
ਹੁਣ ਤੱਕ ਸੋਸ਼ਲ ਮੀਡੀਆ ਉੱਪਰ ਇਹ ਵੀਡੀਓ ਦੇ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਹਜ਼ਾਰਾਂ ਬਾਰ ਸੇਅਰ ਹੋ ਚੁੱਕਾ ਹੈ। ਇਸ ਵੀਡੀਓ ਵਿੱਚ ਇਤਰਾਜ਼ਯੋਗ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ:
ਪੁਲਿਸ ਨੂੰ ਸ਼ਿਕਾਇਤ
ਬਰਨਾਲਾ ਦੇ ਸਹਾਇਕ ਖੇਤੀਬਾੜੀ ਅਫ਼ਸਰ ਸਰਬਜੀਤ ਸਿੰਘ ਵੱਲੋਂ ਧਨੌਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ।
ਸ਼ਿਕਾਇਤ ਵਿੱਚ ਕਿਹਾ ਗਿਆ, ''ਹਰਿੰਦਰ ਸਿੰਘ ਨੇ ਖੇਤੀਬਾੜੀ ਅਧਿਕਾਰੀਆਂ ਦੀ ਨਕਲ ਕਰਕੇ ਉਨ੍ਹਾਂ ਦੀ ਬਣਦੀ ਡਿਊਟੀ ਦਾ ਮਜ਼ਾਕ ਉਡਾਉਂਦੀ ਇੱਕ ਵੀਡੀਓ ਤਿਆਰ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ, ਜਿਸ ਨਾਲ ਪੰਜਾਬ ਸਰਕਾਰ, ਪ੍ਰਸ਼ਾਸਨ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਮਾਣਹਾਨੀ ਦਾ ਕੇਸ ਬਣਦਾ ਹੈ।''
''ਇਸ ਲਈ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਕਤ ਵਿਅਕਤੀ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।''
ਹਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਇਸ ਸ਼ਿਕਾਇਤ ਦੀ ਕਾਪੀ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਵੀ ਕੀਤੀ ਗਈ।
ਪੱਤਰਕਾਰ ਸੁਖਚਰਨ ਪ੍ਰੀਤ ਨਾਲ ਗੱਲ ਕਰਦਿਆਂ ਧਨੌਲਾ ਦੇ ਐਸ.ਐਚ.ਓ ਨਾਇਬ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
'ਮੈਨੂੰ ਕੋਈ ਪਰਵਾਹ ਨਹੀਂ'
ਵੀਡੀਓ ਬਣਾਉਣ ਵਾਲੇ ਹਰਿੰਦਰ ਸਿੰਘ ਨੇ ਇਸ ਸ਼ਿਕਾਇਤ ਦੀ ਕਾਪੀ ਆਪਣੇ ਫੇਸਬੁੱਕ ਪੇਜ 'ਤੇ ਸਾਂਝੀ ਕਰਦਿਆਂ ਲਿਖਿਆ, ''ਮੈਨੂੰ ਤਾਂ ਸਮਝ ਨਹੀਂ ਆਉਂਦੀ ਫ਼ਿਲਮਾਂ 'ਚ ਪੁਲਿਸ, ਜੱਜਾਂ ਤੇ ਮੰਤਰੀਆ ਉੱਤੇ ਫ਼ਿਲਮਾਂ ਬਣਦੀਆਂ ਹਨ, ਉਨ੍ਹਾਂ ਨੂੰ ਤਾਂ ਕਿਸੇ ਨੇ ਰੋਕਿਆ ਨਹੀਂ। ਅਸੀਂ ਆਪਣੇ ਹੱਕ ਲਈ ਇੱਕ ਛੋਟੀ ਜਿਹੀ ਵੀਡੀਓ ਬਣਾਈ ਤਾਂ ਸਾਡੇ ਖ਼ਿਲਾਫ਼ ਪਰਚੇ ਦਰਜ ਕਰਵਾਏ ਜਾ ਰਹੇ ਹਨ।''
''ਮੈਨੂੰ ਕੋਈ ਪ੍ਰਵਾਹ ਨਹੀਂ...ਅਸੀਂ ਆਪਣੇ ਹੱਕ ਲਈ ਅਤੇ ਆਪਣੇ ਵਿਚਾਰ ਪੇਸ਼ ਕਰਨ ਲਈ ਵੀਡੀਓ ਬਣਾਈ ਸੀ ਤਾਂ ਕਿ ਸਾਡਾ ਝੋਨਾ ਨਾ ਵਾਹ ਦੇਣ। ਬਾਕੀ ਸਾਰੇ ਕਿਸਾਨਾਂ ਨੇ ਵੀ ਵੀਡੀਓ ਨੂੰ ਭਰਵਾਂ ਹੁੰਗਾਰਾ ਦਿੱਤਾ ਜੋ ਖੇਤੀ ਕਰਦੇ ਹਨ। ਜੈ ਜਵਾਨ ਜੈ ਕਿਸਾਨ।''
ਇਹ ਵੀ ਪੜ੍ਹੋ:
16 ਜੂਨ ਨੂੰ ਹਰਿੰਦਰ ਸਿੰਘ ਆਪਣੇ ਫੇਸਬੁੱਕ ਪੇਜ ਉੱਤੇ ਆਪਣੇ ਦੋਸਤਾਂ ਨਾਲ ਲਾਈਵ ਹੋਏ।
ਉਨ੍ਹਾਂ ਕਿਹਾ, ''ਸਾਡੇ 'ਤੇ ਪਰਚਾ ਹੋ ਗਿਆ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਵੀਡੀਓ ਬਣਾਉਣੀ ਬੰਦ ਕਰ ਦੇਵਾਂਗੇ। ਸ਼ਿਕਾਇਤ ਤੋਂ ਨਹੀਂ ਘਬਰਾਉਂਦੇ ਅਤੇ ਅਸੀਂ ਤਾਂ ਵੀਡੀਓਜ਼ ਬਣਾਵਾਂਗੇ।''
ਸੋਸ਼ਲ ਮੀਡੀਆ 'ਤੇ ਟਿੱਪਣੀਆਂ
ਹਰਿੰਦਰ ਸਿੰਘ ਵੱਲੋਂ 13 ਜੂਨ ਨੂੰ ਅਪਲੋਡ ਕੀਤੀ ਵੀਡੀਓ ਹੇਠਾਂ ਫੇਸਬੁੱਕ 'ਤੇ ਲੋਕਾਂ ਨੇ ਆਪਣੀ ਗੱਲ ਰੱਖੀ।
ਇਸ ਦੌਰਾਨ ਕਈ ਉਨ੍ਹਾਂ ਦੇ ਹੱਕ 'ਚ ਨਜ਼ਰ ਆਏ ਤੇ ਕਈਆਂ ਨੇ ਵੀਡੀਓ ਬਣਾਉਣ ਦੀ ਨਿਖੇਧੀ ਕੀਤੀ।
ਰਮਨਦੀਪ ਸਿੰਘ ਉੱਪਲ ਨੇ ਲਿਖਿਆ, ''ਬਾਈ ਜੀ ਆਪਣਾ ਪਾਣੀ 30 ਫੀਸਦੀ ਰਹਿ ਗਿਆ, ਜੇ ਏਹੀ ਹਾਲ ਰਿਹਾਂ ਬੱਚੇ ਕੀ ਕਰਨਗੇ...''
ਕੰਵਲ ਸੇਨਾ ਨੇ ਲਿਖਿਆ, ''ਜੇ 4-5 ਦਿਨ ਝੋਨਾ ਲੇਟ ਲਾ ਲਓਗੇ ਤਾਂ ਕਿਹੜਾ ਪਹਾੜ ਟੁੱਟ ਪੈਣਾ। ਜਦੋਂ ਕੁਦਰਤ ਦੀ ਮਾਰ ਫ਼ਸਲ 'ਤੇ ਪੈਂਦੀ ਹੈ ਉਦੋਂ ਚੀਕਾਂ ਮਾਰਦੇ ਆ ਜਦੋਂ ਖ਼ੁਦ ਕੁਦਰਤ ਨਾਲ ਖਿਲਵਾੜ ਕਰਦੇ ਉਦੋਂ ਬੜੀਆਂ ਦੰਦੀਆਂ ਨਿਕਲਦੀਆਂ ਕਿ ਜੱਟ ਨੇ ਆ ਕਰਤਾ ਜੱਟ ਨੇ ਓਹ ਕਰਤਾ। ਵੇਖੀ ਜਾ ਜੱਟਾ ਫਿਰ। ਮੰਜਿਓ ਭੌਂ ਨੇੜੇ ਈ ਆ ਹੁਣ। ਜਿਆਦਾ ਟੈਮ ਨੀ ਰਹਿ ਗਿਆ''
ਇਹ ਵੀ ਪੜ੍ਹੋ:
ਰਾਜਵੀਰ ਅਰਮਾਨ ਨੇ ਲਿਖਿਆ, ''ਸੱਚੀਂ ਬਹੁਤ ਵਧੀਆ, ਇਹੀ ਹਾਲ ਹੈ ਹੁਣ ਤਾਂ ਇਨ੍ਹਾਂ ਦਾ।''
ਜੱਸੀ ਅੜੈਚ ਲਿਖਦੇ ਹਨ, ''ਇਹ ਹਾਸੇ ਮਜ਼ਾਕ ਵਾਸਤੇ ਤਾਂ ਠੀਕ ਹੈ ਪਰ ਹਕੀਕਤ 'ਚ ਨਹੀਂ, ਜੇ ਸੱਚ ਵਿੱਚ ਕਿਤੇ ਇਹੋ ਜਿਹਾ ਸਮਾਂ ਰੱਬ ਨਾ ਕਰੇ ਕਿਸੇ ਜ਼ਿਮੀਂਦਾਰ 'ਤੇ ਆ ਜਾਵੇ ਤਾਂ ਜੇਕਰ ਕਿਸੇ ਅਫਸਰ ਨੇ ਮਿੰਨਤ ਤਰਲਾ ਕਰਕੇ ਮੰਨਣਾ ਤਾਂ ਇਹ ਵੀਡਿਓ ਦੇਖ ਕੇ ਤਾਂ ਬਿਲਕੁਲ ਨੀ ਮੰਨਣਾ। ਉਹ ਤਾਂ ਵਾਹ ਕੇ ਹੀ ਜਾਊ। ਸੋ ਹਾਸਾ ਮਜ਼ਾਕ ਠੀਕ ਆ ਪਰ ਹਕੀਕਤ 'ਚ ਕਾਨੂੰਨ ਹੱਥ 'ਚ ਨਾ ਲਓ।''