You’re viewing a text-only version of this website that uses less data. View the main version of the website including all images and videos.
ਅੱਖਰ ਹੀ ਬੋਲੀ, ਅੱਖਰ ਹੀ ਨਜ਼ਰ ਅਤੇ ਅੱਖਰ ਹੀ ਪੂਰਦੇ ਖੱਪੇ
- ਲੇਖਕ, ਦਲਜੀਤ ਅਮੀ
- ਰੋਲ, ਬੀਬੀਸੀ ਪੱਤਰਕਾਰ
ਤਕਨਾਲੋਜੀ ਇੱਕ ਪਾਸੇ ਬੇਦਖ਼ਲੀ ਦਾ ਸਬੱਬ ਬਣਦੀ ਹੈ ਤਾਂ ਦੂਜੇ ਪਾਸੇ ਜੋੜਮੇਲ ਦਾ ਜ਼ਰੀਆ ਬਣਦੀ ਹੈ। ਇਨ੍ਹਾਂ ਦੋਵਾਂ ਪੱਖਾਂ ਨੂੰ ਗੂੰਗੇ-ਬੋਲ਼ੇ ਤਬਕੇ ਤੋਂ ਜ਼ਿਆਦਾ ਕਿਸੇ ਹੋਰ ਬਰਾਦਰੀ ਨੇ ਆਪਣੇ ਪਿੰਡੇ ਉੱਤੇ ਨਹੀਂ ਹੰਢਾਇਆ।
ਜਦੋਂ ਟੈਲੀਫੋਨ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਤਾਂ ਗੂੰਗਾ-ਬੋਲ਼ਾ ਤਬਕਾ ਇਸ ਦੀਆਂ ਨਿਆਮਤਾਂ ਦੀ ਬਦੌਲਤ ਸਮਾਜਿਕ ਸੰਵਾਦ ਦੀਆਂ ਕੰਨੀਆਂ ਵਿੱਚ ਖਿਸਕ ਗਿਆ।
ਜਦੋਂ ਇਸ ਤਕਨਾਲੋਜੀ ਨੇ ਮੌਜੂਦਾ ਦੌਰ ਵਿੱਚ ਲਿਖਤੀ ਸੁਨੇਹਿਆਂ ਨੂੰ ਸੰਵਾਦ ਦਾ ਨਵਾਂ ਧੁਰਾ ਬਣਾ ਦਿੱਤਾ ਹੈ ਤਾਂ ਤਰੱਕੀ ਦੀਆਂ ਇਨ੍ਹਾਂ ਨਿਆਮਤਾਂ ਦੀ ਬਦੌਲਤ ਗੂੰਗੇ-ਬੋਲ਼ੇ ਤਬਕੇ ਦਾ ਸਮਾਜ ਨਾਲ ਸੰਵਾਦ ਸਹਿਜ ਹੋ ਗਿਆ।
ਬਠਿੰਡਾ ਦਾ ਯਸ਼ਵੀਰ ਗੋਇਲ ਜਮਾਂਦਰੂ ਗੂੰਗਾ-ਬੋਲ਼ਾ ਹੈ। ਇਸ ਤੋਂ ਇਲਾਵਾ ਉਸ ਦੇ ਇੱਕ ਹੱਥ ਦਾ ਅੰਗੂਠਾ ਨਹੀਂ ਹੈ ਅਤੇ ਦੂਜੇ ਹੱਥ ਦਾ ਅੰਗੂਠਾ ਪਕੜ ਨਹੀਂ ਕਰਦਾ।
ਕਈ ਹੁਨਰ ਹਨ ਯਸ਼ ਵਿੱਚ
ਇਸ ਤਰ੍ਹਾਂ ਦੀ ਹੀਣਤਾ ਨਾਲ ਉਹ ਕਿਸੇ ਖ਼ਸੂਸੀ ਸਕੂਲ ਦੀ ਥਾਂ ਆਮ ਸਕੂਲ ਵਿੱਚ ਪੜ੍ਹਿਆ ਹੈ। ਉਹ ਚਿੜੀ-ਛੱਕਾ ਖੇਡਦਾ ਹੈ ਅਤੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਦੋ ਤਮਗ਼ੇ ਜਿੱਤ ਚੁੱਕਿਆ ਹੈ।
ਉਸ ਦੀ ਸੂਚਨਾ ਤਕਨਾਲੋਜੀ ਵਿੱਚ ਦਿਲਚਸਪੀ ਹੈ ਅਤੇ ਉਸ ਨੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ ਹੈ। ਉਹ ਸ਼ਤਰੰਜ ਖੇਡਦਾ ਹੈ। ਉਸ ਦੇ ਸ਼ੌਕਾਂ ਵਿੱਚ ਸਿੱਕੇ-ਮੋਹਰਾਂ ਇਕੱਠੇ ਕਰਨਾ ਸ਼ਾਮਿਲ ਹੈ।
ਨਤੀਜੇ ਵਜੋਂ ਉਸ ਕੋਲ ਨਿਰਾਲੀਆਂ ਮੋਹਰਾਂ ਅਤੇ ਨਿਆਰੇ ਸਿੱਕਿਆਂ ਦੀ ਚੋਖਾ ਭੰਡਾਰ ਹੈ।
ਯਸ਼ਵੀਰ ਗੋਇਲ ਇਸ਼ਾਰਿਆਂ ਅਤੇ ਬੁੱਲ੍ਹ-ਚਾਲ ਰਾਹੀਂ ਗੱਲਬਾਤ ਕਰਦਾ ਹੈ। ਸੁਣਨ-ਬੋਲਣ ਦੀ ਸਮਰੱਥਾ ਤੋਂ ਬਿਨਾਂ ਉਸ ਲਈ ਪਰਿਵਾਰ ਅਤੇ ਸਮਾਜ ਨਾਲ ਸੰਵਾਦ ਬਹੁਤ ਮੁਸ਼ਕਲ ਰਿਹਾ ਹੈ।
ਪਟਾਕਿਆਂ ਨੇ ਹਕੀਕਤ ਦੱਸੀ
ਯਸ਼ਵੀਰ ਦੇ ਪਿਤਾ ਚੰਦਰ ਪ੍ਰਕਾਸ਼ ਨੂੰ ਆਪਣੇ ਬੇਟੇ ਦੀ ਹੀਣਤਾ ਦਾ ਅਹਿਸਾਸ ਦੀਵਾਲੀ ਦੇ ਪਟਾਕਿਆਂ ਦੀ ਆਵਾਜ਼ ਨਾਲ ਹੋਇਆ। ਜਦੋਂ ਬੇਟੇ ਨੂੰ ਪਟਾਕਿਆਂ ਦੀ ਆਵਾਜ਼ ਨਾ ਸੁਣਨ ਦਾ ਅੰਦਾਜ਼ਾ ਹੋਇਆ ਤਾਂ ਚੰਦਰ ਪ੍ਰਕਾਸ਼ ਦੇ ਸਿਰ ਵਿੱਚ ਇਹ ਅਹਿਸਾਸ ਬੰਬ ਵਾਂਗ ਫਟਿਆ।
ਅਗਲੇ ਦਿਨ ਡਾਕਟਰਾਂ ਨੇ ਚੰਦਰ ਪ੍ਰਕਾਸ਼ ਦੇ ਅੰਦਾਜ਼ੇ ਦੀ ਤਸਦੀਕ ਕਰ ਦਿੱਤੀ। ਉਸੇ ਦਿਨ ਤੋਂ ਮਾਪਿਆਂ ਦਾ ਸੰਘਰਸ਼ ਸ਼ੁਰੂ ਹੋਇਆ ਅਤੇ ਉਨ੍ਹਾਂ ਨੂੰ ਸੰਵਾਦ ਦੀ ਨਵੀਂ ਬੋਲੀ ਸਿੱਖਣੀ ਪਈ।
ਉਹ ਇਸ਼ਾਰਿਆਂ ਅਤੇ ਬੁੱਲ-ਚਾਲ ਰਾਹੀਂ ਆਪਣੇ ਬੇਟੇ ਨੂੰ ਸਮਝਣ-ਸਮਝਾਉਣ ਲੱਗੇ ਪਰ ਯਸ਼ਵੀਰ ਲਈ ਇਹ ਸਭ ਕੁਝ ਨਾਕਾਫ਼ੀ ਸੀ।
ਚੰਦਰ ਪ੍ਰਕਾਸ਼ ਆਪ ਪੱਤਰਕਾਰ ਹਨ ਪਰ ਯਸ਼ਵੀਰ ਨਾਲ ਰਹਿ ਕੇ ਉਨ੍ਹਾਂ ਨੇ ਸਿੱਖਿਆ ਕਿ ਬੋਲਣ ਅਤੇ ਸੁਣਨ ਤੋਂ ਬਿਨਾਂ ਸੰਚਾਰ ਦੇ ਕੀ ਮਾਅਨੇ ਹਨ। ਮਸਾਂ ਤੁਰਨਾ ਸਿੱਖ ਰਹੇ ਯਸ਼ਵੀਰ ਲਈ ਉਸ ਵੇਲੇ ਲਿਖਤ ਦੇ ਕੋਈ ਮਾਅਨੇ ਨਹੀਂ ਸਨ।
ਇਸ ਤੋਂ ਅਗਲਾ ਮਸਲਾ ਇਹ ਸੀ ਕਿ ਲਿਖਣ-ਪੜ੍ਹਣ ਦੀ ਸਾਰੀ ਸਿਖਲਾਈ ਬੋਲ-ਸੁਣ ਕੇ ਹੀ ਕੀਤੀ ਜਾਂਦੀ ਹੈ। ਸਾਰੇ ਪਰਿਵਾਰ ਨੇ ਸੁਰਤ ਸੰਭਾਲਦੇ ਯਸ਼ਵੀਰ ਦੇ ਨਾਲ ਸੰਵਾਦ ਦੇ ਨਵੇਂ ਗੁਰ ਸਿੱਖੇ।
ਅਧਿਆਪਕਾਂ ਨੇ ਵੀ ਕੀਤਾ ਸਹਿਯੋਗ
ਇਸ਼ਾਰਿਆਂ ਦੀ ਬੋਲੀ ਅਤੇ ਬੁੱਲ੍ਹ-ਚਾਲ ਦੀ ਪੜ੍ਹਾਈ ਉਨ੍ਹਾਂ ਦੇ ਪਰਿਵਾਰ ਦੇ ਸੁਭਾਅ ਦਾ ਹਿੱਸਾ ਬਣ ਗਈ।
ਜਦੋਂ ਚੰਦਰ ਪ੍ਰਕਾਸ਼ ਨੇ ਆਪਣੇ ਬੇਟੇ ਨੂੰ ਕਿਸੇ ਗੂੰਗੇ-ਬੋਲਿਆਂ ਦੇ ਖ਼ਸੂਸੀ ਸਕੂਲ ਵਿੱਚ ਪੜ੍ਹਾਉਣ ਦੀ ਥਾਂ ਆਮ ਸਕੂਲ ਵਿੱਚ ਦਾਖ਼ਲ ਕਰਵਾਉਣ ਦਾ ਫ਼ੈਸਲਾ ਕੀਤਾ ਤਾਂ ਕਈ ਖ਼ਦਸ਼ੇ ਸੁਭਾਇਕ ਹੀ ਉਨ੍ਹਾਂ ਦੇ ਮਨ ਵਿੱਚ ਸਨ।
ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਨ੍ਹਾਂ ਖ਼ਦਸ਼ਿਆਂ ਨੂੰ ਨਿਰਮੂਲ ਸਾਬਿਤ ਕਰ ਦਿੱਤਾ।
ਇਸੇ ਲਈ ਯਸ਼ਵੀਰ ਟੈਲੀਫੋਨ ਰਾਹੀਂ ਪੁੱਛੇ ਗਏ ਲਿਖਤੀ ਸੁਆਲ ਦੇ ਜੁਆਬ ਵਿੱਚ ਲਿਖਦਾ ਹੈ, "ਮੇਰੇ ਅਧਿਆਪਕਾਂ ਅਤੇ ਸਾਥੀ ਵਿਦਿਆਰਥੀਆਂ ਨੇ ਹਰ ਮਾਮਲੇ ਵਿੱਚ ਬਹੁਤ ਮਦਦ ਕੀਤੀ ਅਤੇ ਮੈਨੂੰ ਕਦੇ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ।"
ਯਸ਼ਵੀਰ ਨੇ ਇੱਕ ਦਿਨ ਚੰਦਰ ਪ੍ਰਕਾਸ਼ ਤੋਂ ਮੋਬਾਈਲ ਫੋਨ ਦੀ ਮੰਗ ਕੀਤੀ ਤਾਂ ਉਨਾਂ ਦਾ ਮੋੜਵਾਂ ਸੁਆਲ ਸੀ ਕਿ ਉਹ ਇਸ ਦੀ ਵਰਤੋਂ ਕਿਵੇਂ ਕਰੇਗਾ?
ਯਸ਼ਵੀਰ ਦਾ ਜੁਆਬ ਸੀ ਕਿ ਉਹ ਲਿਖਤੀ ਸੁਨੇਹੇ ਭੇਜ ਸਕਦਾ ਹੈ। ਇਸ ਤੋਂ ਬਾਅਦ ਯਸ਼ਵੀਰ ਦਾ ਸਮਾਜਿਕ ਘੇਰਾ ਮੋਕਲਾ ਹੁੰਦਾ ਗਿਆ।
ਨਤੀਜੇ ਵਜੋਂ ਉਸ ਦਾ ਸਮਾਜਿਕ ਸੰਵਾਦ ਸੰਘਣਾ ਹੁੰਦਾ ਗਿਆ। ਚੰਦਰ ਪ੍ਰਕਾਸ਼ ਦੱਸਦੇ ਹਨ, "ਉਂਝ ਤਾਂ ਅਸੀਂ ਇੱਕ-ਦੂਜੇ ਦੇ ਅਹਿਸਾਸ ਬਿਨਾਂ ਬੋਲੇ ਸਮਝ ਲੈਂਦੇ ਹਾਂ ਪਰ ਪੇਚੀਦਾ ਅਤੇ ਨਵੇਂ ਵਿਚਾਰਾਂ ਲਈ ਲਿਖਤੀ ਸੁਨੇਹੇ ਵਾਲੀ ਤਕਨਾਲੋਜੀ ਦੀ ਵਰਤੋਂ ਕਰਦੇ ਹਾਂ।"
ਯਸ਼ਵੀਰ ਸ਼ਤਰੰਜ ਖੇਡਦਾ ਹੈ ਅਤੇ ਦੂਜੇ ਖਿਡਾਰੀਆਂ ਨਾਲ ਲਿਖਤੀ ਸੁਨੇਹਿਆਂ ਰਾਹੀਂ ਰਾਬਤਾ ਕਾਇਮ ਕਰਦਾ ਹੈ।
ਰਾਜੀਵ ਗੋਇਲ, ਰਾਜੇਸ਼ ਭਾਰਦਵਾਜ ਅਤੇ ਚੰਦਰਸ਼ੇਖਰ ਨੇ ਅਧਿਆਪਕਾਂ ਵਜੋਂ ਯਸ਼ਵੀਰ ਦੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜੋ ਤਕਨਾਲੋਜੀ ਵਿੱਚ ਲਿਖਤੀ ਸੁਨੇਹੇ ਦੇ ਵਾਧੇ ਕਾਰਨ ਮੁਮਕਿਨ ਹੋਈ ਹੈ।
ਰਾਜੀਵ ਗੋਇਲ ਜਦੋਂ ਕੰਪਿਊਟਰ ਪੜ੍ਹਾਉਂਦੇ ਹਨ ਤਾਂ ਯਸ਼ਵੀਰ ਨੂੰ ਸਮਝਾਉਣ ਲਈ ਨੋਟਪੈਡ ਦੀ ਵਰਤੋਂ ਕਰਦੇ ਹਨ।
ਦੇਖ ਕੇ ਸਭ ਸਿੱਖਦਾ ਹੈ ਯਸ਼
ਰਾਜੇਸ਼ ਭਾਰਦਵਾਜ ਗੂੰਗੇ-ਬੋਲ਼ੇ ਬੱਚਿਆਂ ਨੂੰ ਪੜ੍ਹਾਉਣ ਲਈ ਸਿਖਲਾਈਯਾਫ਼ਤਾ ਅਧਿਆਪਕ ਹਨ ਪਰ ਚੰਦਰਸ਼ੇਖਰ ਵਾਂਗ ਵਟਸਅੱਪ (Whatsapp) ਅਤੇ ਐੱਸ.ਐੱਮ.ਐੱਸ. (SMS) ਨੇ ਯਸ਼ਵੀਰ ਦੇ ਉਨ੍ਹਾਂ ਨਾਲ ਸੰਪਰਕ ਵਿੱਚ ਸਿਫ਼ਤੀ ਵਾਧਾ ਕੀਤਾ ਹੈ।
ਬੀਬੀਸੀ ਪੰਜਾਬੀ ਦੇ ਇਸ ਪੱਤਰਕਾਰ ਨੇ ਯਸ਼ਵੀਰ ਨਾਲ ਬਠਿੰਡਾ ਦੇ ਕਿਲ੍ਹੇ ਦਾ ਦੌਰਾ ਕੀਤਾ। ਯਸ਼ਵੀਰ ਨੇ ਕਿਲ੍ਹੇ ਵਿੱਚ ਕੰਮ ਕਰਦੇ ਉਸਾਰੀ ਕਾਮਿਆਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਗੁਰਦੁਆਰਾ ਸਾਹਿਬ ਵਿੱਚ ਸ਼ਰਧਾਲੂਆਂ ਵਾਲੀਆਂ ਸਾਰੀਆਂ ਰਸਮਾਂ ਨਿਭਾਈਆਂ।
ਯਸ਼ਵੀਰ ਦੇ ਪਿਤਾ ਚੰਦਰ ਪ੍ਰਕਾਸ਼ ਦੱਸਦੇ ਹਨ, "ਅਸੀਂ ਇਸ ਨੂੰ ਹਰ ਥਾਂ ਨਾਲ ਲੈ ਕੇ ਜਾਂਦੇ ਹਾਂ ਜਿਸ ਕਾਰਨ ਇਹ ਸਿਰਫ਼ ਅੱਖਾਂ ਨਾਲ ਰਸਮੀ ਵਿਹਾਰ ਸਿੱਖ ਜਾਂਦਾ ਹੈ।"
ਸਮਾਜੀਕਰਨ ਅਤੇ ਗੂੰਗੇ-ਬੋਲ਼ੇ ਤਬਕੇ ਦੇ ਮਸਲਿਆਂ ਦਾ ਆਪਸੀ ਰਿਸ਼ਤਾ ਚੰਦਰ ਪ੍ਰਕਾਸ਼ ਦੇ ਇਸ ਤਜਰਬੇ ਵਿੱਚੋਂ ਸਮਝ ਆਉਂਦਾ ਹੈ ਜਿਸ ਦੀ ਤਸਦੀਕ ਕੌਮਾਂਤਰੀ ਪੱਧਰ ਉੱਤੇ ਹੋ ਰਹੀ ਖੋਜ ਨਾਲ ਹੁੰਦੀ ਹੈ।
ਔਕਸਫੋਰਡ ਐਕਡੈਮਿਕ (Oxford Academic) ਦੇ ਰਸਾਲੇ 'ਦ ਜਰਨਲ ਆਫ ਡੀਫ ਸਟਡੀਜ਼ ਐਂਡ ਡੱਫ ਐਜੈਕੇਸ਼ਨ' (The Journal of Deaf Studies and Deaf Education) ਵਿੱਚ 'ਟੈਕਸਟ ਕਮਿਉਨੀਕੇਸ਼ਨ ਪਰੈੱਫਰੈਂਸ ਆਫ ਡੀਫ ਪੀਪਲ ਇਨ ਦ ਯੂਨਾਈਟਿਡ ਕਿੰਗਡਮ' (Text Communication Preferences of Deaf People in the United Kingdom) ਨਾਮ ਦਾ ਖੋਜ ਪਰਚਾ ਛਪਿਆ ਹੈ।
ਇਸ ਪਰਚੇ ਵਿੱਚ ਉਮਰ ਦੇ ਵੱਖ-ਵੱਖ ਪੜਾਅ ਉੱਤੇ ਬੋਲ਼ੇ ਹੋ ਜਾਣ ਵਾਲੇ ਅਤੇ ਵੱਖ-ਵੱਖ ਉਮਰ ਦੇ ਬੋਲ਼ੇ ਤਬਕੇ ਦਾ ਅਧਿਐਨ ਕੀਤਾ ਗਿਆ ਹੈ।
ਇਸ ਪਰਚੇ ਵਿੱਚ ਦਰਜ ਹੈ ਕਿ ਟੈਲੀਫੋਨ ਬਣਾਉਣ ਵਾਲਾ ਅਲੈਜੈਂਡਰ ਗਰਾਹਮ ਬੈੱਲ ਬੋਲ਼ੇ ਤਬਕੇ ਲਈ ਸੰਚਾਰ ਸਮਰੱਥਾ ਵਧਾਉਣਾ ਚਾਹੁੰਦਾ ਸੀ ਪਰ ਉਸ ਦੀ ਖੋਜ ਨੇ ਇਸੇ ਤਬਕੇ ਨੂੰ ਹੀਣ ਕੀਤਾ।
ਲਿਖਤੀ ਸੁਨੇਹੇ ਦੀ ਤਕਨੀਕੀ ਸਹੂਲਤ ਨੇ ਇਹ ਘਾਟ ਪੂਰੀ ਕਰ ਦਿੱਤੀ ਹੈ ਅਤੇ ਸੰਚਾਰ ਦੇ ਮਾਮਲੇ ਵਿੱਚ ਸਭ ਤੋਂ ਹੀਣੇ ਤਬਕੇ ਨੂੰ ਸਮਰੱਥ ਕਰ ਦਿੱਤਾ ਹੈ।
ਇਸ ਪਰਚੇ ਵਿੱਚ ਟੈਲੀਗ੍ਰਾਮ, ਫੈਕਸ, ਈਮੇਲ, ਐੱਸ.ਐੱਮ.ਐੱਸ. ਅਤੇ ਵਟਸਅੱਪ ਰਾਹੀਂ ਲਿਖਤੀ ਸੁਨੇਹੇ ਦੇ ਇਤਿਹਾਸ ਦਾ ਨਕਸ਼ਾ ਖਿੱਚਿਆ ਗਿਆ ਹੈ।
ਇਸ ਪਰਚੇ ਦਾ ਨਿਚੋੜ ਹੈ ਕਿ ਨਵੀਂ ਪੀੜੀ ਇਸ ਤਕਨਾਲੋਜੀ ਦੇ ਦੌਰ ਵਿੱਚ ਆਪਣੇ ਤੋਂ ਜ਼ਿਆਦਾ ਉਮਰ ਦੇ ਬੋਲ਼ੇ ਤਬਕੇ ਨਾਲੋਂ ਬਿਹਤਰ ਹੈ। ਇਸ ਪੱਖੋਂ ਯਸ਼ਵੀਰ ਤਕਨਾਲੋਜੀ ਨਾਲ ਜੁੜੀ ਪੀੜੀ ਦੇ ਰਾਬਤੇ ਦੀ ਨੁਮਾਇੰਦਗੀ ਕਰਦਾ ਹੈ।