ਦੋਆਬੇ ਦਾ ਮੀਂਹ ਵੀ ਨਾ ਰੋਕ ਸਕਿਆ ਦਲਿਤਾਂ ਦਾ ਜਬਰ ਵਿਰੋਧੀ ਜਲਸਾ

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

"ਦੇਸ ਵਿੱਚ ਸੋਚੀ ਸਮਝੀ ਸ਼ਾਜਿਸ਼ ਤਹਿਤ ਜਾਤ-ਪਾਤ ਨੂੰ ਉਭਾਰਿਆ ਜਾ ਰਿਹਾ ਹੈ। ਭਾਜਪਾ ਦਾ ਹੁਣ 2019 ਦੀਆਂ ਵੋਟਾਂ ਵਿੱਚ ਹਿੰਦੂ ਕਾਰਡ ਨਹੀਂ ਚੱਲਣਾ। ਇਸ ਲਈ ਦਲਿਤਾਂ 'ਤੇ ਗਿਣੀ ਮਿੱਥੀ ਚਾਲ ਰਾਹੀਂ ਹਮਲੇ ਹੋ ਰਹੇ ਹਨ ਤੇ ਇੰਨ੍ਹਾਂ ਹਮਲਿਆਂ ਨੂੰ ਭਾਜਪਾ ਦਾ ਆਈ.ਟੀ ਸੈੱਲ ਸ਼ੋਸ਼ਲ ਮੀਡੀਆ ਰਾਹੀਂ ਤੇਜ਼ੀ ਨਾਲ ਫੈਲਾ ਰਿਹਾ ਹੈ।"

ਇਹ ਦਾਅਵਾ ਕੀਤਾ ਹੈ ਦਲਿਤਾਂ 'ਤੇ ਜ਼ਬਰ ਵਿਰੋਧੀ ਮੁਹਿੰਮ ਕਮੇਟੀ ਪੰਜਾਬ ਦੇ ਸੂਬਾਈ ਕਨਵੀਨਰ ਲਛਮਣ ਸਿੰਘ ਸੇਵੇਵਾਲ ਨੇ। ਇਹ ਕਾਨਫਰੰਸ ਜਲੰਧਰ ਦੇ ਮਲਸੀਆ ਵਿੱਚ ਹੋਈ । ਬਠਿੰਡਾ ਤੋਂ ਬਾਅਦ ਇਹ ਦੂਜਾ ਵੱਡਾ ਇਕੱਠ ਕੀਤਾ ਗਿਆ ਸੀ।

ਲਛਮਣ ਸਿੰਘ ਦਾ ਇਹ ਦਾਅਵਾ ਹੈ ਕਿ ਰਾਖਵੇਂਕਰਨ ਦੀ ਨੀਤੀ ਵਿਰੁੱਧ ਵੀ ਪੂਰੇ ਦੇਸ ਵਿੱਚ ਇੱਕ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਉੱਚ ਜਾਤੀਆਂ ਦੇ ਮਨਾਂ ਵਿੱਚ ਇਹ ਗੱਲ ਬੈਠਾਈ ਜਾ ਰਹੀ ਹੈ ਕਿ ਦਲਿਤਾਂ ਨੂੰ ਤਾਂ ਯੋਗਤਾ ਪੂਰੀ ਨਾ ਹੋਣ ਦੇ ਬਾਵਜੂਦ ਵੀ ਦੇਣਾ ਪੈਂਦਾ ਹੈ ਕਿਉਂਕਿ ਕਾਨੂੰਨ ਹੀ ਅਜਿਹਾ ਬਣਿਆ ਹੋਇਆ ਹੈ।

ਇਸ ਲਈ ਐੱਸਸੀ/ਐੱਸਟੀ ਐਕਟ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਦਲਿਤਾਂ 'ਤੇ ਹੋ ਰਹੇ ਹਮਲਿਆਂ ਵਿਰੁੱਧ ਇੱਕਲੇ ਦਲਿਤ ਹੀ ਅਵਾਜ਼ ਨਾ ਉਠਾਉਣ ਸਗੋਂ ਇਸ ਬੁਰਛਾਗਰਦੀ ਵਿਰੁੱਧ ਸਾਰਿਆਂ ਨੂੰ ਬੋਲਣਾ ਚਾਹੀਦਾ ਹੈ।

ਦਲਿਤਾਂ ਦੇ ਹੱਕ ਦੀ ਜ਼ਮੀਨ ਮਿਲੇ

ਕਮੇਟੀ ਦੇ ਮੈਂਬਰ ਹਰਮੇਸ਼ ਮਾਲੜੀ ਦਾ ਕਹਿਣਾ ਹੈ, "ਜਾਤ-ਪਾਤ ਨੂੰ ਖ਼ਤਮ ਕਰਨਾ ਹੈ ਤਾਂ ਦਲਿਤਾਂ ਦੇ ਹਿੱਸੇ ਆਉਂਦੀਆਂ ਜ਼ਮੀਨਾਂ ਦਿੱਤੀਆਂ ਜਾਣ। 1972 ਦਾ ਲੈਂਡ ਸੀਲਿੰਗ ਐਕਟ ਲਾਗੂ ਕੀਤਾ ਜਾਵੇ ਜਿਸ ਅਨੁਸਾਰ ਕੋਈ ਵੀ ਸਾਢੇ 17 ਏਕੜ ਤੋਂ ਵੱਧ ਜ਼ਮੀਨ ਦਾ ਮਾਲਕ ਨਹੀਂ ਬਣ ਸਕਦਾ। ਇਸ ਐਕਟ ਨੂੰ ਲਾਗੂ ਕਰਨ ਨਾਲ ਹੀ ਸਾਲ 2011 ਵਿੱਚ ਕੀਤੀ ਗਈ ਜਨਗਣਨਾ ਅਨੁਸਾਰ ਪੰਜਾਬ ਵਿੱਚ 16 ਲੱਖ 66 ਹਜ਼ਾਰ ਏਕੜ ਜ਼ਮੀਨ ਵਾਧੂ ਨਿਕਲ ਆਵੇਗੀ।"

ਉਘੇ ਨਾਟਕਕਾਰ ਮਰਹੂਮ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦੀ ਧੀ ਡਾ. ਨਵਸ਼ਰਨ ਕੌਰ ਨੇ ਦਲਿਤਾਂ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਨੂੰ ਮੁਸਬੀਤਾਂ ਵਿੱਚੋਂ ਕੱਢਣ ਲਈ ਕੋਈ ਹੋਰ ਨਹੀਂ ਆਵੇਗਾ । ਉਨ੍ਹਾਂ ਨੂੰ ਖੁਦ ਨੂੰ ਇੱਕਠਿਆ ਹੋਣਾ ਪੈਣਾ ਹੈ। ਕਿਸੇ ਨੇ ਵੀ ਥਾਲੀ ਵਿੱਚ ਪਰੋਸ ਕੇ ਮੰਗਾਂ ਨਹੀਂ ਦੇਣੀਆਂ।

ਗਰੀਬਾਂ 'ਤੇ ਆਰਥਿਕ ਹਮਲਾ

ਕਾਮਰੇਡ ਅਮੋਲਕ ਸਿੰਘ ਦਾ ਕਹਿਣਾ ਹੈ, "ਗਰੀਬ ਲੋਕਾਂ 'ਤੇ ਆਰਥਿਕ ਹਮਲਾ ਬੋਲਿਆ ਜਾ ਰਿਹਾ ਹੈ। ਉੱਚ ਜਾਤੀ ਤੇ ਨੀਵੀ ਜਾਤੀ ਦੇ ਲੋਕਾਂ ਵਿਚਲੀ ਲੀਕ ਨੂੰ ਹੋਰ ਗੂੜ੍ਹਾ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਉਹ ਵਾਅਦਾ ਤਾਂ ਪੂਰਾ ਨਹੀਂ ਹੋਇਆ ਹੁਣ ਦਲਿਤਾਂ ਨੂੰ ਘੋੜੀ ਚੜ੍ਹਨ ਦੇ ਹੱਕ ਤੋਂ ਵੀ ਰੋਕਿਆ ਜਾ ਰਿਹਾ ਹੈ।

ਰਾਖਵੇਂਕਰਨ ਵਿਰੋਧੀ ਮਾਹੌਲ ਤਾਂ ਹੀ ਰੁੱਕ ਸਕਦਾ ਹੈ ਜੇ ਨਿੱਜੀਕਰਨ 'ਤੇ ਵਪਾਰੀਕਰਨ ਦੀਆਂ ਨੀਤੀਆਂ 'ਤੇ ਲਗਾਮਾਂ ਕੱਸੀਆਂ ਜਾਣ। ਪੇਂਡੂ ਕਿਰਤੀਆਂ ਨੂੰ ਚੰਗੀਆਂ ਸਿੱਖਿਆ ਦਿੱਤੀ ਜਾਵੇ।

ਦੋਹਰੇ ਦਲਿਤ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ

ਕਾਨਫਰੰਸ 'ਚ ਉਸ ਸਮੇਂ ਮਾਹੌਲ ਗੰਮਗੀਨ ਬਣ ਗਿਆ ਜਦੋਂ ਪਿੰਡ ਤਲਵੰਡੀ ਸਲੇਮ ਵਿੱਚ ਕੁਝ ਦਿਨ ਪਹਿਲਾਂ ਕਤਲ ਕੀਤੇ ਗਏ ਮਜ਼ਦੂਰ ਪਿਓ-ਪੁੱਤਰ ਦੇ ਪਰਿਵਾਰਿਕ ਮੈਂਬਰਾਂ ਨੇ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ।

ਕਾਨਫਰੰਸ ਨੇ ਦਲਿਤਾਂ ਦੇ ਹੋਏ ਇਸ ਦੋਹਰੇ ਕਤਲ ਨੂੰ ਗੰਭੀਰਤਾ ਨਾਲ ਲੈਦਿਆਂ ਕਾਤਲਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਕਾਨਫਰੰਸ 'ਚ ਮੰਗ ਕੀਤੀ ਗਈ ਕਿ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।

2 ਅਪ੍ਰੈਲ ਨੂੰ ਭਾਰਤ ਬੰਦ ਦੌਰਾਨ ਦਲਿਤਾਂ 'ਤੇ ਦਰਜ ਕੀਤੇ ਮੁਕੱਦਮੇ ਰੱਦ ਕੀਤੇ ਜਾਣ, ਜ਼ਮੀਨ ਦੀ ਮੁੜ ਵੰਡ ਕਰਕੇ ਦਲਿਤਾਂ ਨੂੰ ਜ਼ਮੀਨਾਂ ਦੇ ਮਾਲਿਕ ਬਣਾਇਆ ਜਾਵੇ ਅਤੇ ਸਭ ਲਈ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)