ਸੋਸ਼ਲ: 'ਬ੍ਰਿਟੇਨ ਵਿਜੇ ਮਾਲਿਆ ਨੂੰ ਲੈ ਸਕਦਾ ਹੈ, ਵਿਦਿਆਰਥੀਆਂ ਨੂੰ ਨਹੀਂ'

ਬਰਤਾਨੀਆ ਦੀ ਸਰਕਾਰ ਨੇ ਭਾਰਤ ਨੂੰ ਸਟੂਡੈਂਟ ਵੀਜ਼ਾਂ ਨਿਯਮਾਂ ਵਿੱਚ ਢਿੱਲ ਦੇਣ ਵਾਲੇ ਦੇਸਾਂ ਦੀ ਸੂਚੀ ਤੋਂ ਬਾਹਰ ਰੱਖਿਆ ਹੈ। ਸਰਕਾਰ ਦੇ ਇਸ ਕਦਮ ਨੂੰ ਲੈ ਕੇ ਨਾਰਾਜ਼ਗੀ ਜਤਾਈ ਜਾ ਰਹੀ ਹੈ।

ਸੋਸ਼ਲ ਮੀਡੀਆ 'ਤੇ ਲੋਕ ਮੋਦੀ ਸਰਕਾਰ ਦੀਆਂ ਪਾਲਿਸੀਆਂ ਦੀ ਅਤੇ ਯੂਕੇ ਸਰਕਾਰ ਦੀ ਬੇਰੁਖੀ ਦੀ ਨਿੰਦਾ ਕਰ ਰਹੇ ਹਨ।

ਇਲਜ਼ਾਮ ਲਗਾਏ ਜਾ ਰਹੇ ਹਨ ਕਿ ਭਾਰਤ ਨੂੰ ਸੂਚੀ ਵਿੱਚੋਂ ਬਾਹਰ ਰੱਖ ਕੇ ਯੂਕੇ ਦੀ ਸਰਕਾਰ ਨੇ ਭਾਰਤ ਦੀ ਬੇਇੱਜ਼ਤੀ ਕੀਤੀ ਹੈ।

ਸੋਸ਼ਲ ਮੀਡੀਆ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਕਦਮ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਤੇ ਅਸਰ ਕਰੇਗਾ।

ਯੂਕੇ ਕਾਉਂਸਲ ਦੇ ਕੌਮਾਂਤਰੀ ਸਟੂਡੈਂਟ ਅਫੇਅਰਜ਼ ਦੇ ਮੁਖੀ ਭਾਰਤੀ ਮੂਲ ਦੇ ਲੌਰਡ ਕਰਨ ਬਿਲਿਮੋਰੀਆ ਨੇ ਟਵੀਟ ਕੀਤਾ, ''ਟੀਅਰ-4 ਵੀਜ਼ਾ ਦੇ ਸੰਦਰਭ ਵਿੱਚ ਯੂਕੇ ਦੀ ਸਰਕਾਰ ਭਾਰਤ ਨੂੰ ਗਲਤ ਸੁਨੇਹਾ ਭੇਜ ਰਹੀ ਹੈ। ਭਾਰਤ ਨਾਲ ਫ੍ਰੀ ਟਰੇਡ ਅਗਰੀਮੈਂਟ ਇਸ ਤਰ੍ਹਾਂ ਨਹੀਂ ਮਿਲੇਗਾ ਬਰਤਾਨੀਆ ਦੀ ਸਰਕਾਰ ਨੂੰ।''

ਟਵਿੱਟਰ ਯੂਜ਼ਰ ਸਤੀਸ਼ ਨੇ ਭਾਰਤ ਤੋਂ ਭੱਜੇ ਹੋਏ ਕਾਰੋਬਾਰੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਲਿਖਿਆ, ''ਸਿਰਫ ਭੱਜੇ ਹੋਏ ਭਾਰਤੀ ਕਾਰੋਬਾਰੀਆਂ ਨੂੰ ਹੀ ਬ੍ਰਿਟੇਨ ਵਿੱਚ ਐਂਟ੍ਰੀ ਹੈ।''

ਇਸ ਤੋਂ ਅੱਗੇ ਜਾਂਦੇ ਹੋਏ ਅਭਿਸ਼ੇਕ ਸ਼ਾਂਸਤ੍ਰੀ ਨੇ ਸਿੱਧਾ ਵਿਜੇ ਮਾਲਿਆ ਦਾ ਨਾਂ ਲੈਂਦੇ ਹੋਏ ਲਿਖਿਆ, ''ਯੂਕੇ ਵਿਜੇ ਮਾਲਿਆ ਨੂੰ ਲੈ ਸਕਦਾ ਹੈ ਪਰ ਵਿਦਿਆਰਥੀਆਂ ਨੂੰ ਨਹੀਂ।''

ਕੁਝ ਯੂਜ਼ਰਸ ਨੇ ਲਿਖਿਆ ਕਿ ਬ੍ਰਿਟੇਨ ਵਿੱਚ ਹੁਣ ਕੋਈ ਖਾਸ ਗੱਲ ਰਹੀ ਵੀ ਨਹੀਂ ਅਤੇ ਭਾਰਤੀਆਂ ਨੂੰ ਆਪਣੇ ਹੀ ਦੇਸ ਵਿੱਚ ਵਧੀਆ ਸੰਸਥਾਵਾਂ ਬਣਾਉਣੀਆਂ ਚਾਹੀਦੀਆਂ ਹਨ।

ਏਬੀਐਸ ਨਾਂ ਦੇ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, ''ਇਨ੍ਹਾਂ ਦੀ ਪਰਵਾਹ ਹੀ ਕੌਣ ਕਰਦਾ ਹੈ, ਬਰਤਾਨੀਆ ਹੁਣ ਪਹਿਲਾਂ ਜਿਹਾ ਰਿਹਾ ਵੀ ਨਹੀਂ। ਲੰਡਨ ਯੁਰਪ ਦੀ ਕ੍ਰਾਈਮ ਰਾਜਧਾਨੀ ਬਣ ਗਿਆ ਹੈ।''

ਟੇਮਿੰਗ ਕੇਔਸ ਨੇ ਟਵੀਟ ਕੀਤਾ, ''ਕਿਸੇ ਹੋਰ ਦੇਸ ਦੇ ਵੀਜ਼ਾ ਲਈ ਕਿਉਂ ਰੋਣਾ? ਸਾਨੂੰ ਭਿਖਾਰੀਆਂ ਵਾਂਗ ਨਹੀਂ ਰਹਿਣਾ ਚਾਹੀਦਾ ਹੈ।''

ਟਰੁ ਟੂ ਪੀਪਲ ਨਾਂ ਦੇ ਹੈਂਡਲ ਤੋਂ ਟਵੀਟ ਹੋਇਆ, ''ਭਾਰਤ ਨੂੰ ਵੀ ਇਨ੍ਹਾਂ ਦੇਸਾਂ ਬਾਰੇ ਨਹੀਂ ਸੋਚਣਾ ਚਾਹੀਦਾ, ਇਨ੍ਹਾਂ ਤੋਂ ਦਰਾਮਦ ਬੰਦ ਕੀਤੀ ਜਾਣੀ ਚਾਹੀਦੀ ਹੈ।''

ਕਈ ਲੋਕਾਂ ਨੇ ਬਰਤਾਨੀਆ ਸਰਕਾਰ ਦੇ ਇਸ ਫੈਸਲੇ ਲਈ ਮੋਦੀ ਸਰਕਾਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ।

ਜੋਮੋਨ ਬਥੇਰੀ ਨੇ ਟਵੀਟ ਕੀਤਾ, ''ਸਾਡੇ ਵਿਦੇਸ਼ ਯਾਤਰੀ ਪੀਐੱਮ ਦੀ ਵੱਡੀ ਕਾਮਯਾਬੀ ਜੋ ਕਹਿੰਦੇ ਹਨ ਕਿ ਭਾਰਤ ਦੀਆਂ ਸਾਰੀ ਫੌਰਨ ਪਾਲਿਸੀਆਂ ਪਿਛਲੇ ਚਾਰ ਸਾਲਾਂ ਵਿੱਚ ਹੀ ਬਣੀਆਂ ਹਨ।''

ਹਾਲਾਂਕਿ ਕੁਝ ਲੋਕਾਂ ਨੇ ਭਾਰਤੀ ਵਿਦਿਆਰਥੀਆਂ ਨੂੰ ਹੀ ਇਸ ਲਈ ਜ਼ਿੰਮੇਵਾਰ ਠਰਾਇਆ।

ਚੰਦਰਾ ਨੇ ਟਵੀਟ ਕਰ ਕੇ ਲਿਖਿਆ, ''ਭਾਰਤੀ ਵਿਦਿਆਰਥੀ ਸਿਸਟਮ ਦਾ ਸੋਸ਼ਣ ਕਰਦੇ ਹਨ। ਇੱਥੇ ਨਕਲੀ ਤਜਰਬਾ ਵਿਖਾ ਕੇ ਨੌਕਰੀਆਂ ਲੈਂਦੇ ਹਨ।''

ਭਾਰਤ ਕਿਉਂ ਨਹੀਂ ਸੂਚੀ ਵਿੱਚ ਸ਼ਾਮਲ?

ਅੰਕੜਿਆਂ ਮੁਤਾਬਕ ਯੂਕੇ ਜਾਣ ਵਾਲੇ ਵਿਦਿਆਰਥੀਆਂ ਵਿੱਚ ਭਾਰਤ ਟੌਪ ਤਿੰਨ ਦੇਸਾਂ 'ਚੋਂ ਹੈ। ਪਿੱਛਲੇ ਸਾਲ 30 ਫੀਸਦ ਵਾਧਾ ਕਰਕੇ ਭਾਰਤੀਅ ਵਿਦਿਆਰਥੀਆਂ ਨੇ 15,171 ਟੀਅਰ 4 ਵੀਜ਼ਾ ਲਏ ਸਨ।

ਇਸ ਦੇ ਬਾਵਜੂਦ ਭਾਰਤ ਨੂੰ 'ਹਾਈ ਰਿਸਕ' ਕੈਟੇਗਰੀ ਵਿੱਚ ਰੱਖਿਆ ਗਿਆ।

ਯੂਕੇ ਦੇ ਗ੍ਰਹਿ ਮੰਤਰਾਲੇ ਨੇ ਇਹ ਤਰਕ ਦਿੱਤਾ ਕਿ ਹੋਰ ਦੇਸਾਂ ਦੇ ਵਿਦਿਆਰੀਆਂ ਲਈ ਯੂਕੇ ਆਕੇ ਪੜ੍ਹਣਾ ਸੌਖਾ ਹੋਵੇ, ਇਸਲਈ ਇਹ ਬਦਲਾਅ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 90 ਫੀਸਦ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਮਿਲਦਾ ਹੈ।

ਬਰਤਾਨੀਆ ਸਰਕਾਰ ਦੀ ਇਹ ਨਵੀਂ ਪਾਲਿਸੀ 6 ਜੁਲਾਈ ਤੋਂ ਲਾਗੂ ਹੋਵੇਗੀ। ਇਸ ਦੇ ਤਹਿਤ ਵਿਦਿਆਰਥੀਆਂ ਨੂੰ ਅਕਾਦਮਿਕ, ਆਰਥਿਕ ਅਤੇ ਅੰਗਰੇਜ਼ੀ ਭਾਸ਼ਾ ਦੇ ਮਾਮਲੇ ਵਿੱਚ ਢਿੱਲ ਮਿਲੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)