You’re viewing a text-only version of this website that uses less data. View the main version of the website including all images and videos.
ਇੱਕ ਹੋਣਹਾਰ ਰੈਸਲਰ ਦੇ ਗੈਂਗਸਟਰ ਬਣਨ ਦੀ ਕਹਾਣੀ
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਰਾਕੇਸ਼ ਮਲਿਕ ਜਾਂ ਮੋਖਰੀਆ 17 ਸਾਲ ਦਾ ਸੀ ਜਦੋਂ ਉਸ ਦੇ ਮਾਪਿਆਂ ਨੇ ਉਸ ਨੂੰ ਰੈਸਲਿੰਗ ਦੀ ਸਿਖਲਾਈ ਲਈ ਘਰੋਂ ਦੂਰ ਭੇਜ ਦਿੱਤਾ ਸੀ।
ਗੱਲ 1998 ਦੀ ਹੈ ਜਦੋਂ ਉਹ ਆਪਣੇ ਪਿੰਡ ਮੋਖਰਾ ਤੋਂ ਦੂਰ ਹੋ ਗਿਆ ਜਿੱਥੇ ਅਕਸਰ ਦੋ-ਧੜਿਆਂ ਵਿਚਕਾਰ ਟਕਰਾਅ ਰਹਿੰਦਾ ਸੀ ਅਤੇ ਪਹੁੰਚ ਗਿਆ ਦਿੱਲੀ ਸਥਿਤ ਮਹਿੰਦਰ ਸਿੰਘ ਦੇ ਮਸ਼ਹੂਰ ਅਖਾੜੇ ਵਿੱਚ।
20 ਸਾਲ ਬਾਅਦ ਰਾਕੇਸ਼ ਮਲਿਕ ਜੋ ਕਿ ਮੋਖਰੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੂੰ ਰੋਹਤਕ ਪੁਲਿਸ ਨੇ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਇਲਜ਼ਾਮ ਹੈ 2017 ਵਿੱਚ ਆਸਨ ਪਿੰਡ ਦੇ ਇੱਕ ਸ਼ਰਾਬ ਦੇ ਠੇਕੇਦਾਰ ਬਲਬੀਰ ਸਿੰਘ ਨੂੰ ਪਿਸਤੌਲ ਨਾਲ ਹਲਾਕ ਕਰਨ ਦਾ।
ਰੋਹਤਾਂਸ਼ ਗੈਂਗ ਦਾ ਮੁੱਖ ਮੈਂਬਰ ਰਾਕੇਸ਼ ਬੰਗਲੌਰ ਤੋਂ ਫਰਾਰ ਹੋ ਗਿਆ ਸੀ ਅਤੇ ਫਿਰ ਰਾਜਸਥਾਨ ਵਿੱਚ ਹੁਲੀਆ ਬਦਲ ਕੇ ਰਹਿ ਰਿਹਾ ਸੀ।
2005 ਵਿੱਚ ਉਸ ਨੇ ਝੱਜਰ ਦੇ ਰਹਿਣ ਵਾਲੇ ਆਪਣੇ ਸਾਥੀ ਜੈਕੁੰਵਰ ਨੂੰ ਕਤਲ ਕਰਕੇ ਟੁਕੜੇ-ਟੁਕੜੇ ਕਰ ਦਿੱਤਾ ਸੀ ਕਿਉਂਕਿ ਉਸ ਨੇ ਰਾਕੇਸ਼ ਦੀ ਪ੍ਰੇਮਿਕਾ ਨਾਲ ਸਬੰਧ ਰੱਖਣ ਦੀ ਇੱਛਾ ਜ਼ਾਹਿਰ ਕੀਤੀ ਸੀ।
ਉਸ ਨੂੰ ਝੱਜਰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ 6 ਸਾਲ ਇਹ ਮਾਮਲਾ ਚੱਲਣ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
ਕਿਡਨੀ ਅਪਰੇਸ਼ਨ ਨੇ ਕਰੀਅਰ ਬਦਲ ਦਿੱਤਾ
ਬੀਬੀਸੀ ਨਾਲ ਗੱਲਬਾਤ ਦੌਰਾਨ ਰਾਕੇਸ਼ ਮਲਿਕ ਨੇ ਦੱਸਿਆ ਕਿ ਉਸ ਦੇ ਮਾਪੇ ਉਸ ਨੂੰ ਕੌਮੀ ਪੱਧਰ ਦਾ ਰੈਸਲਰ ਬਣਾਉਣਾ ਚਾਹੁੰਦੇ ਸਨ ਜੋ ਦੇਸ ਲਈ ਮੈਡਲ ਜਿੱਤਦਾ।
ਰਾਕੇਸ਼ ਉਰਫ਼ ਮੋਖਰੀਆ ਨੇ ਦੱਸਿਆ, "ਰੈਸਲਿੰਗ ਮੇਰੇ ਖੂਨ ਵਿੱਚ ਹੈ ਅਤੇ ਸਾਡੇ ਪਰਿਵਾਰ ਵਿੱਚ ਕਈ ਰੈਸਲਰ ਹਨ।"
ਸਾਕਸ਼ੀ ਮਲਿਕ ਦੇ ਪਿੰਡ ਦਾ ਹੈ ਮੋਖਰੀਆ
ਰੈਸਲਿੰਗ ਰਾਕੇਸ਼ ਦੇ ਜ਼ੱਦੀ ਪਿੰਡ ਦਾ ਦੂਜਾ ਨਾਂ ਬਣ ਗਈ ਹੈ ਕਿਉਂਕਿ ਇੱਥੇ ਚਾਰ ਅਖਾੜੇ ਹਨ ਅਤੇ ਇਸ ਪਿੰਡ ਨੇ ਕੌਮਾਂਤਰੀ ਪੱਧਰ 'ਤੇ ਕਈ ਰੈਸਲਰ ਦਿੱਤੇ ਹਨ।
ਭਾਰਤ ਕੇਸਰੀ ਸਤਿੰਦਰ ਮਲਿਕ ਇਸੇ ਪਿੰਡ ਦੇ ਹਨ ਅਤੇ ਓਲੰਪਿਕ ਜੇਤੂ ਸਾਕਸ਼ੀ ਮਲਿਕ ਵੀ ਇਸੇ ਪਿੰਡ ਨਾਲ ਸਬੰਧਤ ਹੈ।
ਉਸ ਨੇ ਕਿਹਾ, "ਮੈਂ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ 6 ਘੰਟੇ ਬਹੁਤ ਮਿਹਨਤ ਕਰਦਾ ਸੀ। ਉਸ ਵੇਲੇ ਦਿੱਲੀ ਵਿੱਚ ਮਹਿੰਦਰ ਅਖਾੜਾ ਕਾਫ਼ੀ ਮਸ਼ਹੂਰ ਸੀ ਅਤੇ ਮੇਰੇ ਮਾਪੇ ਦੁੱਧ ਅਤੇ ਪੂਰੀ ਡਾਇਟ ਦਿੰਦੇ ਸਨ। ਸਭ ਕੁਝ ਚੰਗਾ ਚੱਲ ਰਿਹਾ ਸੀ।"
ਉਨ੍ਹਾਂ ਕਿਹਾ ਤਿੰਨ ਸਾਲਾਂ ਬਾਅਦ 2001 ਵਿੱਚ ਉਸ ਨੂੰ ਦਿੱਲੀ ਲਈ ਖੇਡਣ ਦਾ ਮੌਕਾ ਮਿਲਿਆ ਅਤੇ ਛੱਤਰਸਾਲ ਸਟੇਡੀਅਮ ਵਿੱਚ ਇੰਟਰ-ਸਟੇਟ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ।
"ਪਹਿਲੀ ਜਿੱਤ ਨੇ ਮੈਨੂੰ ਉਤਸ਼ਾਹਿਤ ਕੀਤਾ ਅਤੇ ਮੈਨੂੰ ਅਕਤੂਬਰ ਫਿਰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਕੌਮੀ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਪਰ ਕੋਈ ਮੈਡਲ ਹੱਥ ਨਾ ਲੱਗਿਆ।"
ਉਸ ਨੇ ਕਿਹਾ ਕਿ ਉਹ ਲਗਾਤਾਰ ਸਿਖਲਾਈ ਲੈ ਰਿਹਾ ਸੀ ਪਰ ਪਥਰੀ ਹੋਣ ਕਾਰਨ 2003 ਵਿੱਚ ਉਸ ਦੀ ਖੱਬੀ ਕਿਡਨੀ ਕੱਢਣੀ ਪਈ।
ਫਾਈਨੈਂਸ ਦੇ ਕੰਮ 'ਚ ਅਜ਼ਮਾਈ ਕਿਸਮਤ
ਰਾਕੇਸ਼ ਮਲਿਕ ਨੇ ਕਿਹਾ ਕਿ ਇਸ ਕਾਰਨ ਉਸ ਨੂੰ ਕਾਫ਼ੀ ਨਿਰਾਸ਼ਾ ਹੋਈ ਅਤੇ ਉਹ ਡਿਪਰੈਸ਼ਨ ਵਿੱਚ ਚਲਾ ਗਿਆ ਕਿਉਂਕਿ ਉਸ ਦਾ ਰੈਸਲਿੰਗ ਵਿੱਚ ਕਰੀਅਰ ਕਾਫ਼ੀ ਪਿੱਛੇ ਛੁੱਟ ਗਿਆ ਸੀ। ਫਿਰ ਉਸ ਨੇ ਕਰੀਅਰ ਦੇ ਹੋਰ ਮੌਕੇ ਲੱਭਣੇ ਸ਼ੁਰੂ ਕੀਤੇ।
ਜਲਦੀ ਪੈਸੇ ਕਮਾਉਣ ਲਈ ਉਸ ਨੇ ਫਾਈਨੈਂਸ ਦਾ ਕੰਮ ਸ਼ੁਰੂ ਕੀਤਾ। ਪਰ ਲਗਾਤਾਰ ਕਈ ਵਾਰੀ ਸਮੇਂ ਸਿਰ ਲੋਕਾਂ ਵੱਲੋਂ ਅਦਾਇਗੀ ਨਾ ਕਰਨ ਕਾਰਨ ਵਿਵਾਦ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ।
ਪੈਸਾ ਵਾਪਸ ਲੈਣ ਲਈ ਦਬਾਅ ਪਾਉਣ ਲਈ ਉਸ ਨੇ ਗੈਂਗਸਟਰਾਂ ਨਾਲ ਲਿੰਕ ਬਣਾਏ ਅਤੇ ਗੈਂਗਸਟਰ ਆਸਨੀਆ ਦੇ ਸੰਪਕਰ ਵਿੱਚ ਆਇਆ।
ਉਦੋਂ ਉਸ ਨੇ ਆਪਣੇ ਸਾਥੀ ਜੈਕੁੰਵਰ ਦਾ ਕਤਲ ਕਰ ਦਿੱਤਾ।
20 ਸਾਲ ਦੀ ਸਜ਼ਾ ਹੋਈ ਅਤੇ ਮੋਖਰੀਆ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਰ ਹਾਈ ਕੋਰਟ ਵਿੱਚ ਅਪੀਲ ਤੋਂ ਬਾਅਦ ਉਹ 2011 ਵਿੱਚ ਰਿਹਾਅ ਹੋ ਗਿਆ।
ਜ਼ਿੰਦਗੀ ਬਦਲਣ ਬਾਰੇ ਸੋਚਿਆ...
ਰਾਕੇਸ਼ ਨੇ ਕਿਹਾ ਕਿ ਉਸ ਨੇ ਇਸ ਤੋਂ ਬਾਅਦ ਆਪਣੀ ਜ਼ਿੰਦਗੀ ਬਦਲਣ ਬਾਰੇ ਸੋਚਿਆ ਅਤੇ ਦੋ ਏਕੜ ਜ਼ਮੀਨ 'ਤੇ ਖੇਤੀ ਸ਼ੁਰੂ ਕੀਤੀ ਪਰ ਉਹ ਗੈਂਗਸਟਰਜ਼ ਦੀ ਚਮਕਦਾਰ ਦੁਨੀਆਂ ਨੂੰ ਭੁੱਲ ਨਹੀਂ ਪਾ ਰਿਹਾ ਸੀ।
ਫਿਰ ਉਸ ਨੇ ਗੈਂਸਟਰ ਰੋਹਤਾਸ਼ ਨਾਲ ਹੱਥ ਮਿਲਾ ਲਿਆ ਅਤੇ ਸ਼ਰਾਬ ਦੇ ਠੇਕੇ ਲੈਣੇ ਸ਼ੁਰੂ ਕਰ ਦਿੱਤੇ। 2017 ਵਿੱਚ ਉਸ ਦੀ ਸ਼ਰਾਬ ਵੇਚਣ ਦੇ ਅਧਿਕਾਰ ਸਬੰਧੀ ਠੇਕੇਦਾਰ ਬਲਬੀਰ ਨਾਲ ਲੜਾਈ ਹੋ ਗਈ।
ਠੇਕੇਦਾਰ ਬਲਬੀਰ ਦੇ ਖਾਤਮੇ ਲਈ ਰੋਹਤਾਸ਼ ਗੈਂਗਸਟਰ ਵੱਲੋਂ ਭੇਜੇ ਗਏ ਤਿੰਨ ਸ਼ੂਟਰਾਂ ਵਿੱਚ ਰਾਕੇਸ਼ ਵੀ ਸ਼ਾਮਿਲ ਸੀ।
ਉਦੋਂ ਤੋਂ ਹੀ ਰਾਕੇਸ਼ ਫਰਾਰ ਹੈ। ਰਾਕੇਸ਼ ਸ਼ਰਮਿੰਦਾ ਹੈ ਕਿ ਉਸ ਨੇ ਰੈਸਲਿੰਗ ਅਤੇ ਆਪਣੇ ਮਾਪਿਆਂ ਨੂੰ ਬਦਨਾਮ ਕਰ ਦਿੱਤਾ।
ਆਪਣੀਆ ਅੱਖਾਂ ਪੂੰਝਦੇ ਹੋਏ ਉਸ ਨੇ ਕਿਹਾ, "ਮੈਂਨੂੰ ਗਲਤ ਰਾਹ ਨਹੀਂ ਚੁਣਨਾ ਚਾਹੀਦਾ ਸੀI
'ਐਂਟੀ-ਵਹੀਕਲ ਥੈਫ਼ਟ' ਦੇ ਮੁਖੀ ਇੰਸਪੈਕਟਰ ਮਨੋਜ ਵਰਮਾ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਆਰਮਜ਼ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਹੀ ਹੈੱਡ ਕਾਂਸਟੇਬਲ ਸੰਦੀਪ ਡਾਂਗੀ ਦੀ ਅਗਵਾਈ ਵਾਲੀ ਟੀਮ ਨੇ ਰਾਕੇਸ਼ ਮੋਖਰੀਆ ਨੂੰ ਗ੍ਰਿਫ਼ਤਾਰੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਦੋਸ਼ੀ ਕਤਲ ਤੋਂ ਬਾਅਦ ਰਾਜਸਥਾਨ ਵਿੱਚ ਰਹਿਣ ਲੱਗ ਗਿਆ ਸੀ ਅਤੇ ਮੰਗਲਵਾਰ ਨੂੰ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਸੀ।
"ਸਾਨੂੰ ਉਸ ਦੇ ਰੋਹਤਕ ਵਿੱਚ ਹੋਣ ਦੀ ਜਾਣਕਾਰੀ ਮਿਲੀ ਅਤੇ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਲਿਆ ਅਤੇ ਉਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਈ ਹੈ।"
ਰੋਹਤਕ ਦੇ ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਮੋਖਰੀਆ ਜਿਸ ਦੇ ਸਿਰ ਤੇ 25000 ਰੁਪਏ ਦਾ ਇਨਾਮ ਵੀ ਸੀ, ਉਸ ਨੂੰ ਕਾਬੂ ਕਰਨ ਵਾਲੀ ਟੀਮ ਨੂੰ ਸਰੀਫਿਕੇਟ ਨਾਲ ਨਵਾਜ਼ਿਆ ਗਿਆ ਹੈ।