ਪਾਕਿਸਤਾਨੀ ਦੇ ਕਤਲ ਕੇਸ ਤੋਂ ਬਲੱਡ ਮਨੀ ਬਦਲੇ ਜਾਨ ਬਚਾ ਕੇ ਪੰਜਾਬ ਪਰਤੇ ਸਤਮਿੰਦਰ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

"ਜ਼ਿੰਦਗੀ ਜਿਉਣ ਦੀ ਆਸ ਦੀ ਤਾਂ ਗੱਲ ਛੱਡੋ ਸਾਨੂੰ ਤਾਂ ਤਿੰਨ ਸਾਲ ਸੂਰਜ ਦੇ ਦਰਸ਼ਨ ਨਹੀਂ ਹੋਏ। ਹੁਣ ਆਪਣੇ ਘਰ ਆ ਕੇ ਇਉਂ ਮਹਿਸੂਸ ਹੁੰਦਾ ਜਿਵੇਂ ਨਵੀਂ ਜ਼ਿੰਦਗੀ ਮਿਲ ਗਈ ਹੋਵੇ।"

ਇਹ ਅਹਿਸਾਸ ਦੋ ਲੱਖ ਦਰਾਮ ਦੀ 'ਬਲੱਡ ਮਨੀ' ਦੀ ਅਦਾਇਗੀ ਹੋਣ ਤੋਂ ਬਾਅਦ ਘਰ ਪਰਤੇ ਬਰਨਾਲਾ ਦੇ ਪਿੰਡ ਠੀਕਰੀਵਾਲ ਦੇ ਰਹਿਣ ਵਾਲੇ ਸਤਮਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਸਾਂਝੇ ਕੀਤੇ।

ਦਰਅਸਲ ਯੂਏਈ ਵਿੱਚ ਇੱਕ ਪਾਕਿਸਤਾਨੀ ਦੇ ਕਤਲ ਕੇਸ ਵਿੱਚ ਫੜੇ ਗਏ ਨੌਜਵਾਨਾਂ ਨੂੰ ਸਮਾਜ ਸੇਵੀ ਐੱਸ.ਪੀ. ਸਿੰਘ ਓਬਰਾਏ ਵੱਲੋਂ ਦੋ ਲੱਖ ਦਰਾਮ ਬਲੱਡ ਮਨੀ ਦੇ ਕੇ ਮ੍ਰਿਤਕ ਦੇ ਵਾਰਸਾਂ ਨਾਲ ਸਮਝੌਤਾ ਕਰਵਾਇਆ ਗਿਆ ਸੀ।

ਯੂਏਈ ਦੇ ਕਾਨੂੰਨ ਮੁਤਾਬਕ ਕਤਲ ਦੇ ਮਾਮਲੇ ਵਿੱਚ ਮ੍ਰਿਤਕ ਦੇ ਵਾਰਸਾਂ ਨੂੰ ਬਲੱਡ ਮਨੀ ਦੇ ਕੇ ਫਾਂਸੀ ਦੀ ਸਜ਼ਾ ਤੋਂ ਮੁਆਫ਼ੀ ਹਾਸਿਲ ਕੀਤੀ ਜਾ ਸਕਦੀ ਹੈ।

13 ਜੁਲਾਈ 2015 ਨੂੰ ਯੂਨਾਈਟਿਡ ਅਰਬ ਅਮੀਰਾਤ (ਯੂ.ਏ.ਈ.) ਦੇ ਅਲ-ਏਨ ਸ਼ਹਿਰ ਵਿੱਚ ਪਾਕਿਸਤਾਨੀ ਨਾਗਰਿਕ ਮੁਹੰਮਦ ਫਰਹਾਨ ਦੇ ਕਤਲ ਦੇ ਮਾਮਲੇ ਵਿੱਚ ਸਤਮਿੰਦਰ ਸਮੇਤ ਗਿਆਰਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਵਿੱਚੋਂ ਦਸ ਨੂੰ ਇਸ ਕਤਲ ਕੇਸ ਵਿੱਚ ਦੋਸ਼ੀ ਠਹਿਰਾਉਂਦਿਆਂ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ।

ਮ੍ਰਿਤਕ ਦੇ ਵਾਰਸਾਂ ਨੂੰ 'ਬਲੱਡ ਮਨੀ' ਦੇ ਕੇ ਹੋਏ ਸਮਝੌਤੇ ਕਾਰਨ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਘਟਾ ਕੇ ਤਿੰਨ ਸਾਲ ਕਰ ਦਿੱਤੀ ਗਈ ਸੀ।

ਤਿੰਨ ਸਾਲ ਅਲ-ਏਨ ਸੈਂਟਰਲ ਜੇਲ੍ਹ ਵਿੱਚ ਕੈਦ ਕੱਟਣ ਤੋਂ ਬਾਅਦ ਸਤਮਿੰਦਰ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਲਾਂਗ ਦੇ ਬਲਵਿੰਦਰ ਸਿੰਘ ਅਤੇ ਨਵਾਂ ਸ਼ਹਿਰ ਦੇ ਚੰਦਰ ਸ਼ੇਖਰ ਸਣੇ ਰਿਹਾਅ ਹੋ ਕੇ ਮੁੜ ਭਾਰਤ ਆਇਆ ਜਦਕਿ ਹਾਲੇ ਬਾਕੀ ਸੱਤ ਨੌਜਵਾਨਾਂ ਦੀ ਰਿਹਾਈ ਹੋਣੀ ਬਾਕੀ ਹੈ।

'3-4 ਹਫ਼ਤਿਆਂ ਬਾਅਦ ਦੇਖਦੇ ਸੀ ਸੂਰਜ'

ਆਪਣੀ ਹੱਡਬੀਤੀ ਬਿਆਨ ਕਰਦਿਆਂ ਸਤਮਿੰਦਰ ਨੇ ਦੱਸਿਆ, "ਉਸ ਦਿਨ ਅਸੀਂ ਖਾ ਪੀ ਕੇ ਆਪਣੇ ਕੁਆਰਟਰਾਂ ਵਿੱਚ ਚਲੇ ਗਏ ਅਤੇ ਬਾਅਦ ਵਿੱਚ ਉਸੇ ਜਗ੍ਹਾ 'ਤੇ ਕਤਲ ਹੋ ਗਿਆ। ਪੁਲਿਸ ਨੇ 35-40 ਮੁੰਡੇ ਫੜ੍ਹ ਲਏ।"

"ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਨ੍ਹਾਂ ਸਾਰਿਆਂ ਨੂੰ ਉਸ ਕਤਲ ਕੇਸ ਵਿੱਚ ਨਾਮਜ਼ਦ ਕਰ ਲਿਆ ਤੇ ਬਾਕੀ ਛੱਡ ਦਿੱਤੇ। ਸਾਡੇ ਵਿੱਚੋਂ ਇਕ ਵਾਅਦਾ ਮੁਆਫ਼ ਗਵਾਹ ਬਣ ਗਿਆ ਬਾਕੀ ਦਸਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ।"

ਜੇਲ੍ਹ ਦੇ ਤਜ਼ਰਬੇ ਬਾਰੇ ਸਤਮਿੰਦਰ ਨੇ ਦੱਸਿਆ, "ਇੱਕ ਬੈਰਕ ਵਿੱਚ ਬਾਰਾਂ-ਤੇਰਾਂ ਕਮਰੇ ਹੁੰਦੇ ਹਨ ਅਤੇ ਇੱਕ ਕਮਰੇ ਵਿੱਚ 6 ਜਣੇ ਰਹਿੰਦੇ ਹਨ। ਹਫ਼ਤੇ ਵਿੱਚ ਪੰਜ ਦਿਨ ਰੋਜ਼ਾਨਾ ਚਾਰ-ਪੰਜ ਘੰਟੇ ਕੰਮ ਕਰਨਾ ਪੈਂਦਾ ਸੀ। ਸਾਰੀ ਜ਼ੇਲ੍ਹ ਛੱਤੀ ਹੋਈ ਹੈ।"

"ਤਿੰਨ ਚਾਰ ਹਫ਼ਤਿਆਂ ਬਾਅਦ ਜਦੋਂ ਗਰਾਊਂਡ ਲਿਜਾਂਦੇ ਸੀ ਤਾਂ ਸੂਰਜ ਦੇਖਣ ਨੂੰ ਮਿਲਦਾ ਸੀ। ਜੇ ਕੋਈ ਗ਼ਲਤੀ ਕਰੇ ਤਾਂ ਬਿਨਾਂ ਕਿਸੇ ਸਹੂਲਤ ਤੋਂ ਹਨੇਰੀ ਬੈਠਕ ਵਿੱਚ ਕਈ ਦਿਨ ਬੰਦ ਰੱਖਿਆ ਜਾਂਦਾ ਸੀ। ਜਿਉਂਦੇ ਬਾਹਰ ਆਉਣ ਦੀ ਉੇਮੀਦ ਕੋਈ ਨਹੀਂ ਸੀ।"

ਇਸ ਕੇਸ ਵਿੱਚ ਅਲ-ਏਨ ਜੇਲ੍ਹ ਵਿੱਚ ਬੰਦ ਸੱਤ ਨੌਜਵਾਨਾਂ ਵਿੱਚੋਂ ਸਮਰਾਲਾ ਦੇ ਧਰਮਵੀਰ ਸਿੰਘ ਵੀ ਹਨ।

7 ਮਿੰਟ ਗੱਲ ਕਰਨ ਦੀ ਇਜਾਜ਼ਤ

ਧਰਮਵੀਰ ਦੇ ਪਿਤਾ ਦਿਹਾੜੀ ਕਰਦੇ ਹਨ। ਮਾਤਾ ਪਿਤਾ ਸਮੇਤ ਛੋਟੇ ਦੋ ਭਰਾਵਾਂ ਦੀ ਜ਼ਿੰਦਗੀ ਸੌਖੀ ਕਰਨ ਲਈ ਧਰਮਵੀਰ ਯੂ.ਏ.ਈ. ਗਏ ਸਨ। ਧਰਮਵੀਰ ਨੇ ਜੇਲ੍ਹ ਵਿੱਚੋਂ ਫੋਨ ਉੱਤੇ ਗੱਲਬਾਤ ਕਰਦਿਆਂ ਦੱਸਿਆ, "ਸਾਡੇ ਕੋਲ ਤਾਂ ਜੇਲ੍ਹ ਵਿੱਚ ਕੁਝ ਨਹੀਂ ਪਰ ਪੰਜਾਬੀ ਭਰਾ ਮਦਦ ਕਰ ਦਿੰਦੇ ਹਨ।"

ਯੂਏਈ ਦੀ ਜੇਲ੍ਹ ਵਿੱਚ ਇੱਕ ਘੰਟੇ ਬਾਅਦ ਫੋਨ ਉੱਤੇ ਸੱਤ ਮਿੰਟ ਗੱਲਬਾਤ ਕਰਨ ਦੀ ਇਜਾਜ਼ਤ ਹੈ। ਧਰਮਵੀਰ ਵੀ ਹੁਣ ਵਾਪਸ ਆ ਕੇ ਪੰਜਾਬ ਹੀ ਕੰਮ ਕਰਨਾ ਚਾਹੁੰਦਾ ਹੈ।

ਉਸ ਨੂੰ ਲੱਗਦਾ ਹੈ ਕਿ ਅਰਬ ਮੁਲਕਾਂ ਵਿੱਚ ਧੱਕੇ ਖਾਣ ਨਾਲੋਂ ਇੱਥੇ ਮਿਹਨਤ ਕਰਨਾ ਜ਼ਿਆਦਾ ਸੌਖਾ ਹੈ।

ਸਤਮਿੰਦਰ ਸਿੰਘ ਦੇ ਪਿਤਾ ਜਗਤਾਰ ਸਿੰਘ ਪਿੰਡ ਵਿੱਚ ਆਟਾ ਚੱਕੀ ਚਲਾਉਂਦੇ ਹਨ ਜੋ ਪਰਿਵਾਰ ਦਾ ਇੱਕੋ ਇੱਕ ਆਮਦਨ ਦਾ ਸਾਧਨ ਹੈ।

ਜਗਤਾਰ ਸਿੰਘ ਨੇ ਦੱਸਿਆ , "ਜਦੋਂ ਸਤਮਿੰਦਰ ਨੇ ਫੋਨ ਉੱਤੇ ਸਜ਼ਾ ਬਾਰੇ ਦੱਸਿਆ ਸੀ ਤਾਂ ਸਾਡੇ ਦੋਹਾਂ ਦੀ ਧਾਹ ਨਿਕਲ ਗਈ ਸੀ। ਸਾਥੋਂ ਗੱਲ ਹੀ ਨਹੀਂ ਹੋਈ। ਫਿਰ ਹੌਸਲਾ ਕਰ ਕੇ ਸਾਰੇ ਮੁੰਡਿਆਂ ਦੇ ਮਾਪਿਆਂ ਨੂੰ ਇਕੱਠੇ ਕੀਤਾ। ਐੱਸ.ਪੀ. ਸਿੰਘ ਓਬਰਾਏ ਨਾਲ ਸੰਪਰਕ ਹੋਇਆ ਤਾਂ ਇਨ੍ਹਾਂ ਦੀ ਸਜ਼ਾ ਮੁਆਫ਼ ਹੋਈ ਹੈ।"

ਉਹ ਅੱਗੇ ਦੱਸਦੇ ਹਨ, "ਚਾਰ ਪੈਸੇ ਕਮਾਉਣ ਲਈ ਬਾਹਰ ਭੇਜਿਆ ਸੀ ਪਰ ਮੈਂ ਤਾਂ ਆਪਣਾ ਪੁੱਤ ਹੀ ਗੁਆ ਲਿਆ ਸੀ। ਹੁਣ ਕੁੜੀ ਲਈ ਬਾਹਰਲਾ ਰਿਸ਼ਤਾ ਆਇਆ ਸੀ ਪਰ ਮਨ ਵਿੱਚ ਡਰ ਏਨਾ ਬੈਠ ਗਿਆ ਹੈ ਕਿ 'ਹਾਂ' ਹੀ ਨਹੀਂ ਹੋਈ।"

ਬਾਕੀਆਂ ਦੀ ਵੀ ਹੋਵੇਗੀ ਜਲਦ ਘਰ ਵਾਪਸੀ

ਭਾਰਤ ਦੇ ਦੌਰੇ ਉੱਤੇ ਆਏ ਯੂਏਈ ਵਾਸੀ ਐੱਸ.ਪੀ. ਸਿੰਘ ਓਬਰਾਏ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਜਦੋਂ ਮੈਨੂੰ ਇਨ੍ਹਾਂ ਮੁੰਡਿਆਂ ਬਾਰੇ ਪਤਾ ਲੱਗਿਆ ਤਾਂ ਮੈਂ ਅਲ-ਏਨ ਅਦਾਲਤ ਤੋਂ ਸਮਾਂ ਲੈ ਕੇ ਮ੍ਰਿਤਕ ਦੇ ਪਿਤਾ ਮੁਹੰਮਦ ਰਿਆਜ਼ ਨਾਲ ਸੰਪਰਕ ਕੀਤਾ। ਉਨ੍ਹਾਂ ਵੱਲੋਂ ਅਦਾਲਤ ਵਿੱਚ ਆ ਕੇ ਬਿਆਨ ਦੇਣ ਤੋਂ ਬਾਅਦ ਅਦਾਲਤ ਨੇ ਇਨ੍ਹਾਂ ਦੀ ਸਜ਼ਾ ਘਟਾ ਕੇ ਤਿੰਨ ਸਾਲ ਕਰ ਦਿੱਤੀ।"

ਉਨ੍ਹਾਂ ਨੇ ਦੱਸਿਆ, "ਸਰਕਾਰ ਵੱਲੋਂ ਰਮਜ਼ਾਨ ਦੇ ਮੌਕੇ ਇਨ੍ਹਾਂ ਸਾਰੇ ਮੁੰਡਿਆਂ ਦੀ ਬਾਕੀ ਦੀ ਸਜ਼ਾ ਵੀ ਮੁਆਫ਼ ਕਰ ਦਿੱਤੀ ਗਈ। ਦਸਾਂ ਵਿੱਚੋਂ ਬਾਕੀ ਸੱਤ ਵੀ ਕਾਗਜ਼ੀ ਕਾਰਵਾਈ ਪੂਰੀ ਹੁੰਦਿਆਂ ਸਾਰ ਹੀ ਅਗਲੇ ਦੋ-ਤਿੰਨ ਦਿਨਾਂ ਵਿੱਚ ਆਪਣੇ ਘਰ ਮੁੜ ਆਉਣਗੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)